ਰਾਏ ਬੁਲਾਰ ਖਾਂ ਭੱਟੀ ਜੀ ਬਾਰੇ ਜਾਣਕਾਰੀ
ਰਾਏ ਬੁਲਾਰ ਖਾਂ ਭੱਟੀ ਜੀ ਦਾ ਜਨਮ 1447ਈ.ਨੂੰ ਰਾਏ ਭੋਏ ਦੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਵਿਖੇ ਸਰਪੰਚ ਦੇ ਘਰ ਹੋਇਆ। ਤਸਵੀਰਾਂ ਵਿੱਚ ਨਜ਼ਰ ਆ ਰਹੀ ਹਵੇਲੀ 18ਵੀ. ਸਦੀ ਵਿੱਚ ਰਾਏ ਬੁਲਾਰ ਭੱਟੀ ਦੀ 14ਵੀ 15 ਵੀ ਪੀੜੀ ਨੇ ਨਨਕਾਣਾ ਸਾਹਿਬ ਤੋਂ 3 ਕਿਲੋਮੀਟਰ ਦੂਰੀ ਤੇ ਪਿੰਡ ਕੋਟ ਹੂਸੈਨ ਖਾਂ ਵਿਖੇ ਤਿਆਰ ਕਰਵਾਈ। ਇਸ ਦੇ ਬਿਲਕੁਲ ਸਾਹਮਣੇ ਇੱਕ ਹੋਰ ਹਵੇਲੀ ਹੈ ਉਹ ਵੀ ਇਸ ਹੀ ਪਰਿਵਾਰ ਦੀ ਹੈ। ਸ਼ੁਰੂ ਵਿੱਚ ਇਥੇ ਦੋ ਹੀ ਹਵੇਲੀਆਂ ਸਨ। ਹੌਲੀ-ਹੌਲੀ ਹੋਰ ਘਰ ਬਣ ਗਏ।
ਨਨਕਾਣਾ ਸਾਹਿਬ ਦਾ ਪੁਰਾਣਾ ਨਾਮ ਰਾਏ ਭੋਏ ਦੀ ਤਲਵੰਡੀ ਸੀ। ਰਾਏ ਭੋਏ ਜੀ ਕੋਲ ਲਗਭਗ 39 ਹਜਾਰ ਕਿੱਲੇ ਜਮੀਨ ਸੀ। ਇਸ ਜਮੀਨ ਦੀ ਰਾਖੀ ਲਈ ਭਾਈ ਮਹਿਤਾ ਕਾਲੂ ਜੀ ਨੂੰ ਮੁਨਸ਼ੀ ਰੱਖਿਆ ਹੋਇਆ ਸੀ। ਰਾਏ ਬੁਲਾਰ ਖਾਂ ਭੱਟੀ ਜਦੋਂ 8 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਰਾਏ ਭੋਏ ਜੀ ਦੀ ਮੌਤ ਤੋਂ ਬਾਅਦ ਸਾਰੀ ਜਿੰਮੇਵਾਰੀ ਮਹਿਤਾ ਕਾਲੂ ਜੀ ਤੇ ਆ ਗਈ। ਜੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਸਨ। ਮਹਿਤਾ ਕਾਲੂ ਜੀ ਨੇ ਆਪਣੇ ਫਰਜ਼ਾਂ ਨੂੰ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਇਆ। ਮਹਿਤਾ ਕਾਲੂ ਜੀ ਦੀ ਇਮਾਨਦਾਰੀ ਕਰਕੇ ਅਤੇ ਰਾਏ ਬੁਲਾਰ ਖਾਂ ਭੱਟੀ ਜੀ ਦੇ ਪਰਿਵਾਰ ਇੱਕ ਦੂਜੇ ਦੇ ਬਹੁਤ ਕਰੀਬ ਆ ਗਏ।
ਇਸ ਕਰਕੇ ਰਾਏ ਬੁਲਾਰ ਖਾਂ ਭੱਟੀ ਜੀ ਗੁਰੂ ਨਾਨਕ ਦੇਵ ਜੀ ਦੇ ਵਾਕਿਫ ਸਨ। ਗੁਰੂ ਨਾਨਕ ਦੇਵ ਜੀ ਦੀਆਂ ਕੁੱਝ ਗੱਲਾਂ ਨੇ ਰਾਏ ਬੁਲਾਰ ਖਾਂ ਭੱਟੀ ਜੀ ਦੇ ਦਿਲ ਉਪਰ ਗਹਿਰੀ ਛਾਪ ਛੱਡੀ।
*ਬਚਪਨ ਵਿੱਚ ਪਾਂਧੇ ਨੂੰ ਉਪਦੇਸ਼ ਦੇਣਾ।
*ਜਨੇਊ ਨਾ ਪਾਉਣਾ।
*ਕਿਆਰਾ ਸਾਹਿਬ ਵਿੱਖੇ ਮੱਝਾਂ ਚਰਾਉੰਦਿਆ ਜਦੋਂ ਗੁਰੂ ਜੀ ਸੌਂ ਗਏ ਤਾਂ ਮੱਝਾਂ ਨੇ ਦੂਸਰੇ ਕਿਸਾਨ ਦੀ ਫਸਲ ਨੂੰ ਖਰਾਬ ਕਰ ਦਿੱਤਾ ਅਤੇ ਸ਼ਿਕਾਇਤ ਮਿਲਣ ਤੇ ਰਾਏ ਬੁਲਾਰ ਜੀ ਨੇ ਜਦੋਂ ਉੱਥੇ ਪਹੁੰਚ ਕੇ ਵੇਖਿਆ ਕੇ ਫਸਲ ਪਹਿਲਾਂ ਨਾਲੋਂ ਵੀ ਜਿਆਦਾ ਹਰੀ ਭਰੀ ਹੈ।
*ਗੁਰਦੁਆਰਾ ਮੱਲ ਸਾਹਿਬ ਵਿਖੇ ਇੱਕ ਫਨੀਅਰ ਸੱਪ ਵੱਲੋਂ ਗੁਰੂ ਜੀ ਦੇ ਸੌਣ ਸਮੇਂ ਚਿਹਰੇ ਤੇ ਛਾਂ ਕਰਨੀ।
*ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਵੱਲੋਂ ਦਿੱਤੇ 20 ਰੁਪਏ ਦਾ ਗਰੀਬਾਂ ਨੂੰ ਭੋਜਨ ਛਕਾਉਣਾ। ਅਤੇ ਕਹਿਣਾ ਕੇ ਇਹ ਮੈਂ ਰੱਬ ਨਾਲ ਸੱਚਾ ਸੌਦਾ ਕੀਤਾ।
ਇਹ ਸਭ ਕੁੱਝ ਰਾਏ ਬੁਲਾਰ ਖਾਂ ਭੱਟੀ ਜੀ ਨੇ ਆਪਣੇ ਅੱਖੀਂ ਦੇਖਿਆ। ਇਹ ਸਭ ਗੱਲਾਂ ਕਰਕੇ ਰਾਏ ਬੁਲਾਰ ਖਾਂ ਭੱਟੀ ਜੀ ਨੂੰ ਯਕੀਨ ਹੋ ਗਿਆ। ਇਹ ਕੋਈ ਆਮ ਬੰਦਾ ਨਹੀਂ। ਇਹ ਰੱਬੀ ਰੂਹ ਹੈ। ਇਸ ਕਰਕੇ ਉਹਨਾਂ ਨੇ ਆਪਣੇ ਜਮੀਨ ਦੇ ਅੱਧਾ ਹਿੱਸਾ 750 ਮਰੱਬਾ ਬਾਬਾ ਜੀ ਦੇ ਨਾਮ ਲਵਾ ਦਿੱਤਾ। ਅੱਜ ਵੀ ਮਾਲ ਰਿਕਾਰਡ ਵਿੱਚ 750 ਮੁਰੱਬਿਆਂ ਦੀ ਖੇਤੀ ਗੁਰੂ ਨਾਨਕ ਦੇਵ ਜੀ ਆਪ ਹੀ ਕਰਦੇ ਹਨ। ਰਾਏ ਬੁਲਾਰ ਖਾਂ ਭੱਟੀ ਜੀ ਹੁਰਾਂ ਦੀ ਹੁਣ 18ਵੀ ਪੀੜੀ ਚੱਲ ਰਹੀ ਹੈ। ਇਹ ਜਾਣਕਾਰੀ ਰਾਏ ਅਕਰਮ ਭੱਟੀ ਜੀ ਨੇ ਦਿੱਤੀ।
ਕੁਲਵਿੰਦਰ ਸੰਧੂ