ਇਤਿਹਾਸ – ਬੀਬੀ ਰੂਪ ਕੌਰ
ਬੀਬੀ ਰੂਪ ਕੌਰ ਦਾ ਸਿੱਖ ਇਤਿਹਾਸ ਵਿਚ ਖਾਸ ਅਸਥਾਨ ਹੈ । ਆਪ ਗੁਰੂ ਹਰਿ ਰਾਇ ਜੀ ਦੀ ਸਪੁੱਤਰੀ ਸਨ । ਬੀਬੀ ਰੂਪ ਕੌਰ ਜੀ ਬਾਬਾ ਰਾਮ ਰਾਏ ਤੋ ਛੋਟੇ ਤੇ ਸ੍ਰੀ ਹਰਿ ਕ੍ਰਿਸ਼ਨ ਜੀ ਤੋ ਵੱਡੇ ਸਨ । ਹਰ ਸਮੇਂ ਗੁਰੂ ਘਰ ਵਿਚ ਲੰਗਰ ਆਦਿ ਤੇ ਆਈ ਸੰਗਤ ਦੀ ਸੇਵਾ ਕਰਨਾ ਬੀਬੀ ਰੂਪ ਕੌਰ ਆਪਣਾ ਪਹਿਲਾਂ ਕਰਤੱਵ ਸਮਝਦੇ । ਅੰਮ੍ਰਿਤ ਵੇਲੇ ਇਸ਼ਨਾਨ ਕਰ ਗੁਰਬਾਣੀ ਪੜਦਿਆਂ ਸੇਵਾ ਕਰਦਿਆਂ ਸਾਰਾ ਦਿਨ ਲੰਘ ਜਾਂਦਾ ਸੀ । ਸਾਰੀ ਬਾਣੀ ਕੰਠ ਕੀਤੀ ਹੋਈ ਸੀ । ਹੋਰਾਂ ਨੂੰ ਗੁਰਬਾਣੀ ਲਿਖਕੇ ਵੰਡਦੇ ਤੇ ਇਸ ਪਾਸੇ ਤੋਰਦੇ । ਹੋਰ ਸਾਰਿਆਂ ਤੋਂ ਵੱਡਾ ਸਾਡੇ ਤੇ ਜਿਹੜਾ ਬੀਬੀ ਪਰਉਪਕਾਰ ਕੀਤਾ ਉਹ ਇਹ ਕਿ ਗੁਰੂ ਜੀ ਜਿਹੜੇ ਉਪਦੇਸ਼ ਸੰਗਤ ਨੂੰ ਦੇਂਦੇ ਜਾਂ ਜਿਹੜਾ ਸਿੱਖ ਇਤਹਾਸ ਦੱਸਦੇ ਆਪ ਨੇ ਉਹ ਸੁਣ ਸੁਣ ਕੇ ਲਿਖਣਾ ਸ਼ੁਰੂ ਕਰ ਦਿੱਤਾ ਇਹ ਸਿੱਖ ਇਤਿਹਾਸ ਨੂੰ ਇਕ ਮਹਾਨ ਦੇਣ ਹੈ ।
ਹੋਰ ਜਿਉਂ ਜਿਉਂ ਵੱਡੀ ਹੁੰਦੀ ਗਈ ਬੀਬੀ ਰੂਪ ਕੌਰ ਗੁਰੂ ਘਰ ਦਾ ਸਾਰੀਆਂ ਰਹੁ ਰੀਤਾਂ ਜਿਵੇਂ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਨਾ , ਨਾਮ ਜਪਣਾ , ਸਿਮਰਨ ਤੇ ਪ੍ਰਭੂ ਭਗਤੀ ਜਿਹੀ ਗੁਣ ਬਚਪਨ ਤੋਂ ਹੀ ਧਾਰਨ ਕਰ ਲਏ ਆਪਣੇ ਮਾਤਾ ਪਿਤਾ ਪਾਸੋਂ । ਹੋਰ ਆਈ ਸੰਗਤ ਦੀ ਸੇਵਾ ਸੰਭਾਲ ਦੀ ਜਿਮੇਵਾਰੀ ਵੀ ਸੰਭਾਲਣ ਲਗ ਪਈ । ਮਾਤਾ ਕ੍ਰਿਸ਼ਨ ਕੌਰ ਦਾ ਹੱਥ ਵਟਾਉਣ ਲੱਗ ਪਈ । ਘਰ ਹੀ ਗੁਰਮੁਖੀ ਸਿੱਖ ਗੁਰਬਾਣੀ ਕੰਠ ਕਰ ਲਈ ਤੇ ਸੁੰਦਰ ਲਿਖਾਈ ਵਿੱਚ ਲਿਖ ਕੇ ਵੰਡਣੀ ਵੀ ਸ਼ੁਰੂ ਕਰ ਦਿੱਤੀ । ਬੀਬੀ ਜੀ ਦਾ ਵਿਆਹ ਕੋਸ਼ਸ਼ ਜੀ ਦੀਆਂ “ ਗੁਰੂ ਕੀ ਸਾਖੀਆਂ ਸੰਪਾਦਿਤ ਪਿਆਰਾ ਸਿੰਘ ਪਦਮ ਪੰਨਾ ੫੯ ,੬੦ ਤੇ ਇਸ ਵਿਆਹ ਬਾਰੇ ਇਉਂ ਲਿਖਦਾ ਹੈ : ਇਸੀ ਸਾਲ ਸੰਮਤ ਸਤਾਰਾ ਉਨੀਸ ( ੧੬੬੨ ਈ ( ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਸਮਾਉਣ ਤੋਂ ਇਕ ਸਾਲ ਬਾਦ ਵੈਸਾਖੀ ਦਾ ਤਿਉਹਾਰ ਆਇਆ । ਸੰਗਤਾਂ ਬਾਲਾ ਗੁਰੂ ਜੀ ਕਾ ਦਰਸ਼ਨ ਪਾਨੇ ਦੂਰ ਨੇੜੇ ਸੇ ਹੁਮ ਹੁਮਾਇ ਕੇ ਆਈਆਂ।ਤੀਨ ਦਿਵਸ ਚਾਰੋਂ ਦਿਸ਼ਾ ਮੈਂ ਕਾਈ ਆ ਰਹਾ ਤੇ ਕਾਈ ਜਾਇ ਰਹਾ ਸੀ । ਬਾਲਾ ਗੁਰੂ ਜੀ ( ਗੁਰੂ ਹਰਿ ਕ੍ਰਿਸ਼ਨ ਜੀ ) ਨੇ ਜੈਸੀ ਜੈਸੀ ਕਿਸੇ ਵੀ ਭਾਵਨਾ ਸੀ , ਵੈਸੀ ਪੂਰਨ ਕੀ । ਬਾਬਾ ਸੂਰਜ ਮੱਲ ਜੀ , ਸ੍ਰੀ ਅਨੀ ਰਾਇ ਜੀ ਮਾਤਾ ਬੱਸੀ ਅਤੇ ਮਾਤਾ ਦਰਗਾਹ ਮੱਲ , ਭਾਈ ਮਨੀ ਰਾਮ ਜੀ ਆਦਿ ਮੁਖੀਏ ਸਿੱਖ ਤੀਨ ਦਿਵਸ ਸਤਿਗੁਰੂ ਕੀ ਹਜੂਰੀ ਮੇ ਸਾਰੇ ਕਾਰੋਬਾਰ ਕੋ ਚਲਾ ਰਹੇ ਥੇ । ਸਲਕੋਟ ਦੇਸ਼ ਕੀ ਸੰਗਤ ਕੀਰਤਪੁਰ ਮੇ ਨਏ ਗੁਰੂ ਜੀ ਕਾ ਦਰਸ਼ਨ ਪਾਨੇ ਆਈ । ਇਸ ਸੰਗਤ ਮੈਂ ਪਸਰੂਰ ਨਿਵਾਸੀ ਭਾਈ ਪੈੜਾ ਮਲ ਖੱਤਰੀ ਸਮੇਤ ਪਰਿਵਾਰ ਸਤਿਗੁਰਾਂ ਕੇ ਦਰਸ਼ਨ ਪਾਨੇ ਆਇਆ । ਇਸ ਦਾ ਬੇਟਾ ਖੇਮਕਰਨ ਇਕ ਹੋਣਹਾਰ ਲੜਕਾ ਸੀ । ਇਸੇ ਦੇਖ ਮਾਤਾ ਬੱਸੀ ਨੇ ਬੀਬੀ ਰੂਪ ਕੋਇਰ ਕੀ ਸਗਾਈ ਏਸ ਕੇ ਗੈਲ ਕਰ ਦਈ । ਬੀਬੀ ਰੂਪ ਕੁਇਰ ਕੀ ਆਯੂ ਤੇਰਾ ਬਰਖਾਂ ਕੀ ਹੋ ਗਈ ਸੀ । ਇਸ ਕੇ ਵਿਆਹ ਕੀ ਤਿਆਰੀ ਹੋਣੇ ਲਾਗੀ । ਸੰਮਤ ਸਤਾਰਾਂ ਸੈ ਉਨੀਸ ਮਗਹਰ ਸੁਦੀ ਤੀਜ ਕੇ ਇਹ ਬੀਬੀ ਰੂਪ ਕੁਇਰ ਕਾ ਵਿਵਾਹੁ ਸ੍ਰੀ ਪ੍ਰੇਮ ਕਰਨ ਹੋਇ ਗਿਆ । ਡੋਲੀ ਵਿਦਿਆ ਕਰਨੇ ਸਮੇਂ ਦਾਦੀ ਬੱਸੀ ਨੇ ਜਿਥੇ ਹੋਰ ਦਾਜ ਦਾਵਨ ਦੀਆ ਉਥੇ ਪਾਂਚ ਪਾਵਨ ਪੂਜਨੀਕ ਵਸਤੂ ਦੇ ਕੇ ਕਹਾ , ਇਨ੍ਹੇ ਸਹਿਤ ਅਦਬ ਤੇ ਸਤਿਕਾਰ ਨਾਲ ਰਖਣਾ । ਇਨ ਪਾਂਚ ਵਸਤੂਆਂ ਦੇ ਨਾਮ ਇਹ ਹਨ- ਪ੍ਰਿਥਮੇ ਸੇਲੀ , ਤੇ ਟੋਪੀ ਗੁਰੂ ਨਾਨਕ ਜੀ ਕੀ । ਏਕ ਕਟਾਰ ਗੁਰੂ ਹਰਿ ਗੋਬਿੰਦ ਕੇ ਗਾਤਰੇ ਕੀ । ਏਕ ਪੋਥੀ ਗੁਰੂ ਜੀ ਕੇ ਮੂਹਿ ਕੀ ਸਾਖੀਆਂ ਪਾਚਮੀ ਰੇਹਲ ਜਿਸ ਪਰ ਪੋਥੀ ਜੀ ਦਾ ਪ੍ਰਕਾਸ਼ ਹੋਤਾ ਸੀ । ਗੁਰੂ ਨਾਨਕ ਜੀ ਨੇ ਬਾਬਾ ਸ੍ਰੀ ਚੰਦ ਜੀ ਕੋ ਦਈ ਸੀ । ਆਗੇ ਇਨ ਬਾਬਾ ਗੁਰਦਿਤਾ ਜੀ ਕੋ ਦੇ ਕੇ ਨਿਵਾਜਿਆ । ਸਵਾ ਪਹਿਰ ਦਿੰਹੁ ਚੜੇ ਮਾਤਾ ਬੱਸੀ ਨੇ ਬੀਬੀ ਰੂਪ ਕੁਇਰ ਕੀ ਡੋਲੀ ਕੀਰਤਪੁਰ ਦੇ ਵਿਦਾ ਕੀ।- ਬੀਬੀ ਰੂਪ ਕੁਇਰ ਤੀਨ ਦਿਨ ਸਹੁਰਾ ਘਰ ਰਹਿ ਕੇ ਚੌਥੇ ਦਿੰਹੁ ਪਸਰੂਰ ਸੇ ਵਿਦਿਆ ਹੋਈ । ਰਸਤੇ ਕਾ ਪੰਧ ਮੁਕਾਇ ਕੀਰਤਪੁਰ ਮੇਂ ਆਇ ਗਈ । ਇਸ ਦੇ ਬਾਦ ਬੀਬੀ ਕੀਰਤਪੁਰ ਲਵੇ ਕੋਟ ਕਲਿਆਨ ਨਗਰੀ ਮੇ ਨਿਵਾਸ ਕਰ ਲਈਆ ॥੫ ।।
ਬੀਬੀ ਰੂਪ ਕੌਰ ਜੀ ਜਿਹੜਾ ਮਹਾਨ ਕਾਰਜ ਕੀਤਾ ਉਹ ਇਹੋ ਸੀ ਆਪ ਨੂੰ ਗੁਰੂ ਜੀ ਨੇ ਜਿਹੜਾ ਕੋਈ ਉਪਦੇਸ਼ ਸਿੱਖ ਸੰਗਤ ਨੂੰ ਦਿੱਤਾ ਜਾ ਕੁਝ ਪਹਿਲੇ ਗੁਰੂ ਸਾਹਿਬਾਨ ਬਾਰੇ ਦੱਸਿਆ ਉਸ ਨੂੰ ਉਸੇ ਵੇਲੇ ਲਿਖ ਕੇ ਸੰਭਾਲ ਲਿਆ ਉਸ ਵਕਤ ਸਮੇਂ ਬੀਬੀ ਜੀ ਨੂੰ ਨਹੀਂ ਪਤਾ ਕਿ ਕਿੱਡਾ ਮਹਾਨ ਉਪਰਾਲਾ ਸਿੱਖ ਇਤਿਹਾਸ ਨੂੰ ਸਾਂਭਣ ਲਈ ਕਰ ਰਹੀ ਹੈ । ਉਸ ਸਮੇਂ ਤਾਂ ਆਪਣੇ ਜੀਵਨ ਨੂੰ ਸੇਧ ਦੇਣ ਲਈ ਇਕ ਸਭ ਕੁਝ ਲਿਖ ਰਹੀ ਸੀ । ਪਰ ਸੈਂਕੜੇ ਸਾਲਾਂ ਬਾਦ ਅਜ ਪਤਾ ਲੱਗਦਾ ਹੈ ਕਿ ਬੀਬੀ ਜੀ ਕਿੱਡੀ ਬੁੱਧੀਮਾਨ ਤੇ ਸੂਝਵਾਨ ਸੀ | ਆਪ ਪਹਿਲੀ ਸਿੱਖ ਲਿਖਾਰੀ ਹੈ ਜਿਸ ਨੇ ਗੁਰੂ ਜੀ ਦੇ ਮੁਖ ਤੋਂ ਉਚਾਰੇ ਸ਼ਬਦ ਹੂ – ਬ – ਹੂ ਉਸੇ ਵੇਲੇ ਲਿਖੇ ॥ ਇਸੇ ਤਰ੍ਹਾਂ ਪੋਥੀ ਸਾਹਿਬ ਨੂੰ ਪੜ ਕੇ ਅਰਥ ਦੱਸਣ ਲੱਗੇ ਗੁਰੂ ਜੀ ਜੋ ਕਿਹਾ ਉਹ ਵੀ ਕਲਮਬੰਦ ਕਰ ਲਿਆ । ਜਿਸ ਨਾਲ ਆਉਣ ਵਾਲੀ ਪੀੜੀ ਆਦਿ ਗ੍ਰੰਥ ਨੂੰ ਸਮਝਣ ਵਿਚ ਸੌਖ ਅਨੁਭਵ ਕਰਨ ਲਗੀ । ਇਸ ਤਰ੍ਹਾਂ ਬੀਬੀ ਜੀ ਨੂੰ ਹੋਰ ਕਿਤੇ ਲਿਖੇ ਪਤਰੇ ਮਿਲ ਜਾਂਦੇ ਤਾਂ ਉਨ੍ਹਾਂ ਦਾ ਵੀ ਉਤਾਰਾ ਕਰਕੇ ਰਖ ਲੈਂਦੀ । ਇਹ ਆਪ ਹੀ ਸਨ ਜਿਨ੍ਹਾਂ ਸੱਭ ਤੋਂ ਪਹਿਲਾਂ ਗੁਰੂ ਜੀ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ ਕਲਮਬੰਦ ਕਰਨ ਦੀ ਸਿਆਣਪ ਵਰਤੀ । ਬੀਬੀ ਜੀ ਨੇ ਗੁਰੂ ਉਪਦੇਸ਼ਾਂ ਨੂੰ ਲਿਖ ਕੇ ਪਰਚਾਰਿਆ ਵੀ ਤੇ ਇਹ ਵੀ ਦੱਸਿਆ ਕਿ ਸਿੱਖ ਕਿਸ ਤਰੀਕੇ ਨਾਲ ਪ੍ਰਾਰਥਨਾ ਜਾਂ ਅਰਦਾਸ ਕਰਦੇ ਹਨ । ਸਿੱਖ ਕਿਹੋ ਜਿਹੇ ਪ੍ਰਸ਼ਨ ਕਰਦੇ ਤੇ ਗੁਰੂ ਜੀ ਕਿਸ ਤਰਾਂ ਦੇ ਉਤਰ ਦੇਂਦੇ । ਆਪ ਦੀ ਲਿਖਤਾਂ ਤੋਂ ਪਤਾ ਲਗਦਾ ਕਿ ਗੁਰੂ ਜੀ ਗੁਰਦੁਆਰਿਆਂ ਦੀ ਯਾਤਰਾ ਵੇਲੇ ਕਿਤਨਾ ਸਤਿਕਾਰ ਤੇ ਅਦਬ ਰਖਦੇ ਗੁਰੂ ਅਸਥਾਨਾਂ ਦਾ ਜਦੋਂ ਗੁਰੂ ਜੀ ਨਨਕਾਣਾ ਸਾਹਿਬ ਗਏ ਤਾਂ ਭੋਇ ਹੀ ਡੇਰੇ ਲਾਏ । ਬੀਬੀ ਜੀ ਨੇ ਗੁਰੂ ਸਾਖੀਆਂ ਲਿਖਣ ਲੱਗਿਆਂ ਪਹਿਲੇ ਗੁਰੂ ਸਾਹਿਬਾਨ ਨਾਲ ਮਹਲਾ ਪਾ ਦਿੱਤਾ ਜਿਹੜੇ ਬਚਨ ਗੁਰੂ ਹਰਿ ਰਾਇ ਸਾਹਿਬ ਪਾਸੋਂ ਸੁਣੇ ਉਸ ਨਾਲ ਕੋਈ ਮਹੱਲਾ ਨਹੀਂ ਪਾਇਆ ਤੇ ਗੁਰੂ ਦੇ ਮੁਖੋਂ ਸਤਿਗੁਰੂ ਬੋਲਿਆ ਲਿਖਿਆ ਹੈ । ਕੀਰਤਪੁਰ ਬੀਬੀ ਜੀ ਨੂੰ ਗੁਰੂ ਹਰਿਰਾਇ ਜੀ ਦਾ ਇਕ ੧੨ ਗਿਰਾਂ ਮੁਰਬਾ ਰੁਮਾਲ ਦਿੱਤਾ ਹੋਇਆ ਹੈ । ਪੋਥੀ ਤੇ ਸਾਖੀਆਂ ਹਨ ਜਿਸ ਵਿਚ ੪੯੨ ਸਾਖੀਆਂ ਹਨ ਇਸ ਦੇ ੫੫੯ ਪੰਨੇ ਹਨ । ਗੁਰੂ ਹਰਿ ਰਾਇ ਜੀ ਦੇ ਦਰਬਾਰ ਵਿਚ ਸਿੱਖ ਸੰਗਤਾਂ ਭਾਂਤ ਭਾਂਤ ਦੇ ਪ੍ਰਸ਼ਨ ਕਰਕੇ ਆਪਣੇ ਮਨ ਦੇ ਸ਼ੰਕੇ ਨਿਵਰਤ ਕਰਦੇ ਸਨ । ਉਨ੍ਹਾਂ ਗੁਰੂ ਉਪਦੇਸ਼ਾਂ ਨੂੰ ਆਪਣਾ ਜੀਵਨ ਲਖਸ਼ ਬਣਾ ਭਵਸਾਗਰ ਪਾਰ ਕਰ ਜਾਂਦੇ।ਇਹ ਸਾਰਾ ਕੁਝ ਬੀਬੀ ਰੂਪ ਕੌਰ ਜੀ ਲਿਖੀ ਜਾਂਦੀ ਹੋਰ ਜਿਹੜੀ ਤੁਕ ਕੋਈ ਗੁਰੂ ਬਾਣੀ ਵਿੱਚ ਦਸਦੇ ਉਹ ਵੀ ਲਿਖ ਲੈਂਦੀ । ਹੁਣ ਤਕ ਸਿੱਖ ਸੰਗਤ ਨੂੰ ਇਹ ਪੱਕਾ ਵਿਸ਼ਵਾਸ਼ ਹੋ ਗਿਆ ਸੀ ਕਿ ਸਤਿਗੁਰ ਜੋ ਬਚਨ ਕਰਨ ਸਿੱਖ ਦਾ ਉਨ੍ਹਾਂ ਨੂੰ ਧਿਆਨ ਤੇ ਗੌਹ ਨਾਲ ਸੁਣ ਕੇ ਉਸ ਤੇ ਅਮਲ ਕਰਨਾ ਪਹਿਲਾ ਫਰਜ਼ ਹੁੰਦਾ ਹੈ । ਸਿੱਖ ਨੂੰ ਗੁਰੂ ਜੀ ਤੇ ਕਿੰਤੂ ਪ੍ਰੰਤੂ ਸੋਭਦਾ ਨਹੀਂ ਹੈ । ਗੁਰ ਕੇ ਬਚਨ ਸਤਿ ਸਤਿ ਕਰ ਮਾਨੇ ।। ਮੇਰੇ ਠਾਕੁਰ ਬਹੁਤ ਪਿਆਰੇ ॥੪ | ਪੰਨਾ ੯੮੨ ॥ ਸਿੱਖ ਗੁਰੂ ਹਰਿ ਰਾਇ ਜੀ ਪਾਸੋਂ ਬਹੁਤ ਪ੍ਰਸ਼ਨ ਪੁਛਦੇ ਤਾਂ ਆਪ ਸਿੱਖਾਂ ਨੂੰ ਪੂਰੀ ਤਸੱਲੀ ਤੇ ਨਿਸ਼ਾ ਕਰ ਦੇਂਦੇ ਉਹ ਉੱਤਰ ਸਾਰਾ ਜੀਵਨ ਕੰਮ ਆਉਂਦੇ ਹੋਰਾਂ ਨੂੰ ਸਿੱਖ ਉਹ ਦੱਸ ਕੇ ਉਨ੍ਹਾਂ ਦਾ ਜੀਵਨ ਪਲਟ ਦੇਂਦੇ ਜਿਵੇਂ ਬੀਬੀ ਰੂਪ ਕੌਰ ਸਾਰੇ ਇਹੋ ਪ੍ਰਸ਼ਨ ਕਲਮਬੰਦ ਕਰੀ ਗਈ ਕਿਸੇ ਸਿੱਖ ਨੂੰ ਗੁਰੂ ਹਰਿ ਰਾਇ ਜੀ ਪਾਸੋਂ ਪੁਛਿਆ ਕਿ “ ਸੱਚੇ ਪਾਤਸ਼ਾਹ ! ਸੁੰਦਰ ਤੇ ਕੁ – ਸੁੰਦਰ ਵਿਚ ਕੀ ਫਰਕ ਹੈ ? ” ਗੁਰੂ ਜੀ ਬਚਨ ਕੀਤਾ “ ਜੋ ਸ਼ਿਵ ਰੂਪ ਹੈ ਸੋ ਸੁੰਦਰ ਹੈ । ਭਾਵ ਜਿਸ ਪਾਸ ਸੀਤਲਤਾ ਹੈ ਹਿਰਦੇ ਸ਼ਹਿਨਸ਼ੀਲਤਾ ਹੈ ਸ਼ਾਹ ਚਿਤ ਹੈ ਉਹ ਹੈ ਸੁੰਦਰ । ਸ਼ਿਵ ਅੱਗੇ ਸ਼ਕਤੀ ਹਾਰਿਆ । ਗੁਰਬਾਣੀ ਵਿੱਚ ਇਉਂ ਲਿਖਿਆ ਹੈ । ਜਿਹੜਾ ਨਿੰਦਾ ਚੁਗਲੀ ਬਖੀਲੀ ਕਰਦਾ , ਕਿਸੇ ਵਿਚ ਨੁਕਸ ਕੱਢਦਾ ਹੈ ਧੋਖਾ ਤੇ ਕਪਟ , ਬਦੀਆਂ ਕਰਦਾ ਹੈ ਉਹ ਕੁਸੁੰਦਰ ਹੈ । ਸੂਰਜ ਵਲ ਕੋਈ ਵੇਖਦਾ ਨਹੀਂ ਚੰਦ ਨੂੰ ਵੇਖਨ ਲਈ ਹਰ ਕੋਈ ਚਾਹੁੰਦਾ ਹੈ । ਕੋਇਲ ਨੂੰ ਹਰ ਕੋਈ ਸੁਣਨਾ ਚਾਹੁੰਦਾ ਹੈ ਕਾਂ ਨੂੰ ਹਰ ਕੋਈ ਨਫਰਤ ਕਰਦਾ ਹੈ । ਸੁੰਦਰ ਕੁਸੁੰਦਰ ਅੰਦਰ ਦੀ ਅਵਸਥਾ ਹੈ । ਗੁਰੂ ਹਰਿ ਰਾਇ ਜੀ ਇਹ ਤੁਕ ਉਚਾਰੀ , ਅਤਿ ਸੁੰਦਰ ਕਲੀਨ ਚਤੁਰ ਮੁਖ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ , ਜਿਹ ਪ੍ਰੀਤ ਨਹੀਂ ਭਗਵੰਤ ਗੁ : ਬ : ਪੰਨਾ ੨੫੩ ਸੁੰਦਰਤਾ ਦੇ ਦੇਣਹਾਰ ਅਕਾਲ ਪੁਰਖ ਦੇ ਲੜ ਲਗੇ ਰਹੀਏ ਤਾਂ ਸੁੰਦਰਤਾ ਕਦੀ ਨਸ਼ਟ ਨਹੀਂ ਹੁੰਦੀ । ਗੁਰੂ ਜੀ ਕਹਿੰਦੇ ਉਹ ਮੁਰਦਾ ਜਾਂ ਭੈੜੇ ਰੂਪ ਵਾਲੇ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਵਾਸਾ ਨਹੀਂ ਹੈ ਉਹ ਕਸੁੰਦਰ ਹਨ । ਇਸੇ ਤਰ੍ਹਾਂ ਕਿਸੇ ਗੁਰੂ ਜੀ ਪਾਸੋਂ ਪੁਛਿਆ ਕਿ “ ਮਹਾਰਾਜ ਪਾਪਾਂ ਦੀ ਜੜ ਕੀ ਹੈ ? ਸਾਰੇ ਕਰਮ ਨੇਮ ਕਰੀਦੇ ਹਨ ਪਾਪ ਖਹਿੜਾ ਨਹੀਂ ਛਡਦੇ । ਮਹਾਰਾਜ ਹਰਿ ਰਾਇ ਜੀ ਬਚਨ ਕੀਤਾ । “ ਪਾਪ ਦੀ ਜੜ ਲੋਭ ਹੈ ਇਸ ਨੂੰ ਤਿਆਗ ਦਿਓ । ਪਾਪ ਖਤਮ ਹੋ ਜਾਣਗੇ । ‘ ‘ ਲੋਭੀ ਕਾ ਵੇਸਾਹੁ ਨ ਕੀਜੈ।ਲੋਭ ਦੀ ਮੂਲ ਜੜ ਕੂੜ । ‘ ‘ ਲੋਕ ਕੂੜ ਬੋਲ ਕੇ ਲੋਭ ਦਾ ਪੱਲਾ ਭਾਰੀ ਕਰੀ ਜਾਂਦੇ ਹਨ ਜੇ ਸਚ ਨੂੰ ਪੱਲੇ ਬੰਨੋ ਤਾਂ ਕੂੜ ਨੇੜੇ ਨਹੀਂ ਢੁਕੇਗਾ । ਕੂੜ ਛਡ ਦਿੱਤਾ ਲੋਭੁ ਆਪੇ ਭੱਜ ਜਾਵੇਗਾ ਲੋਭ ਤੋਂ ਖਹਿੜਾ ਛੁੱਟਾ ਤਾਂ ਪਾਪਾਂ ਤੋਂ ਛੁਟਕਾਰਾ ਮਿਲਿਆ । ਸਿੱਖਾਂ ਨੇ ਗੁਰੂ ਹਰਿ ਰਾਇ ਜੀ ਪਾਸੋਂ ਪੁਛਿਆ ਕਿ ਕਿਹੜੀ ਅਰਦਾਸ ਥਾਇ ਪੈਂਦੀ ਹੈ । ਗੁਰੂ ਜੀ ਬਚਨ ਕੀਤਾ ਕਿ ” ਅਰਦਾਸ ਭਾਵੇਂ ਬੋਲ ਕੇ ਕਰੋ ਭਾਵੇਂ ਚੁੱਪ ਰਹਿ ਕੇ ਕਰੋ ਅਰਦਾਸ ਉਹੋ ਹੀ ਪਰਵਾਨ ਹੁੰਦੀ ਹੈ ਜਿਹੜੀ ਧੁਰ ਹਿਰਦੇ ਤੋਂ ਨਿਕਲੀ ਹੋਵੇ ਹਿਰਦਾ ਵੀ ਸ਼ੁੱਧ ਹੋਵੇ । ਦਿਲ ਵਿਚ ਸਭਨਾ ਦਾ ਭਲਾ ਹੀ ਸੋਚਣਾ ਹੈ । ’ ’ ਬੀਬੀ ਰੂਪ ਕੌਰ ਜੀ ਨੇ ਗੁਰੂ ਜੀ ਦੇ ਸਾਰੇ ਉਪਦੇਸ਼ ਜਿਹੜੇ ਉਸ ਨੇ ਸੁਣੇ ਸਾਡੇ ਤਕ ਲਿਖਤੀ ਰੂਪ ਵਿਚ ਪੁਚਾਏ । ਗੁਰੂ ਜੀ ਨੇ ਸੇਵਾ ਦੀ ਬਹੁਤ ਮਹਾਨਤਾ ਦੱਸੀ ਹੈ । ਉਨ੍ਹਾਂ ਫੁਰਮਾਇਆ ਹੈ ਕਿ “ ਸੇਵਾ ਇਹ ਨਹੀਂ ਹੈ ਕਿਸੇ ਨੂੰ ਲੰਗਰ ਛਕਾ ਦਿੱਤਾ ਅਸਲੀ ਸੇਵਾ ਤਾਂ ਉਹ ਹੋਵੇ ਜੋ ਆਏ ਦਾ ਆਦਰ ਸਤਿਕਾਰ ਕਰੀਏ।ਉਸ ਪਾਸੋਂ ਕੋਈ ਗੁਰ ਸਾਖੀ ਸੁਣੀਏ ਤੇ ਸੁਣਾਈਏ । ਉਸ ਨੂੰ ਹਰ ਸਹੂਲਤ ਸੌਣ ਆਦਿ ਦੀ ਦਈਏ । ਆਪਣੀ ਹੱਥੀਂ ਉਸ ਦਾ ਇਸ਼ਨਾਨ ਕਰਾਈਏ । ਫਿਰ ਜਿਥੋਂ ਤੱਕ ਹੋ ਸਕੇ ਉਸ ਨੂੰ ਪੁੰਚਾ ਕੇ ਆਈਏ । ਸੇਵਾ ਵਿਚ ਇਕ ਖਜ਼ਾਨਾ ਲੁਕਿਆ ਪਿਆ ਹੈ ਜਿਸਦਾ ਤਾਲਾ ਅਗਲੇ ਲੋਕ ਵਿੱਚ ਖੁਲਣਾ ਹੈ । ਏਥੇ ਹੀ ਆਦੇਸ਼ ਕੀਤਾ ਕਿ “ ਜਿਸ ਨੇ ਚੂਕੇ ਸਮੇਂ ਅਤਿਥੀ ਨੂੰ ਪ੍ਰਸ਼ਾਦ ਪ੍ਰੇਮ ਸਹਿਤ ਛਕਾਇਆ ਗੁਰੂ ਦੀ ਖੁਸ਼ੀ ਉਸੇ ਤੇ ਹੈ ।
ਸਿੱਖਾਂ ਇਕ ਵਾਰ ਪੁਛਿਆ “ ਸਚੇ ਪਾਤਸ਼ਾਹ ਕਰਨ ਤੇ ਨਾ ਕਰਨ ਯੋਗ ਜਿਹੜੇ ਕੰਮ ਹਨ ? ” ਗੁਰੂ ਜੀ ਫੁਰਮਾਇਆ ‘ ਪਰਾਈ ਇਸਤਰੀ ਨਾਲ ਪ੍ਰੀਤ ਨਹੀਂ ਕਰਨੀ । ਜਿਥੇ ਸ਼ਬਦ ਨਾ ਹੋਵੇ ਉਥੇ ਨਹੀਂ ਜਾਣਾ । ਜਿਥੇ ਗੁਰੂ ਦਾ ਸ਼ਬਦ ਹੋਵੇ ਤਿਥੇ ਮਿਲਣਾ । ਜਿਥੇ ਗੁਰੂ ਵਿਸਰੇ ਤਿਥੇ ਮਿਲਣਾ ਨਹੀਂ । ਅੰਮ੍ਰਿਤ ਵੇਲੇ ਜਪੁ ਦਾ ਪਾਠ ਨਿਤ ਕਰਨਾ ਪੂਰੀ ਤਰ੍ਹਾਂ ਲੀਨ ਹੋ ਕੇ ਕੈ ਜਪ ਪੜਨ , ਜਪ ਪੜੇ , ਨਿਰੰਚੋ । ‘ ਪੜ੍ਹਦਿਆਂ ਚਿਤ ਟਿਕਿਆ ਰਹੇ । ਆਦਿ ਅੰਤ ਤਕ ਮਨ ਹਾਜਰ ਰਹੇ ਤਾਂ ਸਾਰਾ ਸੰਸਾਰ ਉਸ ਦੀ ਸੇਵਾ ਵਿਚ ਹਾਜ਼ਰ ਰਹੇਗਾ ਤੇ ਪਿਛੇ ਲਗਾ ਫਿਰੇਗਾ । ਕਿਸੇ ਚੀਜ਼ ਦੀ ਤੋਟ ਨਹੀਂ ਆਵੇਗੀ । ਰਾਤ ਨੂੰ ਕੀਰਤਨ ਸੋਹਿਲਾ ਕਰ ਕੇ ਸੋਵੋ ਸੁੱਖ ਦੀ ਨੀਂਦ ਆਵੇਗੀ । ਸੰਗਤ ਨਿਤ ਜਾਏ । ਖਾਲੀ ਹੱਥ ਨਹੀਂ ਜਾਣਾ । ਭਾਵੇਂ ਚੁਟਕੀ ਆਟਾ ਲੈ ਕੇ ਹੀ ਜਾਵੇਂ । ਗੁਰੂ ਘਰ ਜਾ ਕੇ ਕੋਈ ਕਾਰਜ , ਗੱਲ ਜਾਂ ਵਾਕ ਨਹੀਂ ਕਰਨਾ । ਗੁਰੂ ਜੀ ਦੀ ਨਾਰਾਜ਼ਗੀ ਹੁੰਦੀ ਹੈ । ਕੀਰਤਨ ਸੁਣਨਾ । ਕੀਤਰਨ ਬਗੈਰ ਮੁਕਤੀ ਨਹੀਂ ਹੈ । ਮਨੁੱਖ ਪਰਉਪਕਾਰ ਕਰੇ ਤੇ ਕਰਾਵੇ । ਆਪਣੀ ਕੋਈ ਕਿਰਤ ਕਰੇ । ਦੁਖੀਏ , ਨਿਮਾਣੇ ਨੂੰ ਮਾਨ ਦੇਵੇ ਦੁਰਕਾਰੇ ਨਹੀਂ । ਅੰਗ – ਭੰਗ ਨੂੰ ਖਲਾਵਨਾ ਬੜਾ ਨੇਕ ਕੰਮ ਹੈ । “ ਕਿਤਨੇ ਵੀ ਕੰਮ ਹੋਣ ਗੁਰੂ ਦਾ ਦਰ ਨਹੀਂ ਛੱਡਣਾ | ਆਪਣੇ ਸਭ ਕੰਮ ਛਡ ਗੁਰੂ ਦੇ ਕੰਮ ਜਾਵਣਾ ਜਦੋਂ ਗੁਰੂ ਦਾ ਕੰਮ ਸੰਵਰੇ ਤਾਂ ਆਪਣੇ ਕੰਮ ਲੱਗਣਾ । ਗੁਰੂ ਉਸ ਪੁਰਖ ਦਾ ਕੰਮ ਆਪੇ ਕਰਦਾ ਹੈ । ਵੱਡਾ ਕੰਮ ਹੈ ਕਿਸੇ ਬੇਮੁਖ ਵੱਲ ਵੇਖੋ ਉਸ ਦਾ ਮੂੰਹ ਗੁਰੂ ਵਲ ਭਵਾਵੋ । ਆਤਮ ਬ੍ਰਹਮ ਦੀ ਪ੍ਰਛਾਣ ਕਰੇ । ਸਭ ਦਾ ਭਲਾ ਲੋਚਣਾ ਆਤਮ ਬ੍ਰਹਮ ਦੀ ਪਛਾਣ ਹੈ । ਮਹਾਂਪੁਰਖਾਂ ਦੀ ਸੰਗਤ ਲੋਚ ਕਰ ਕਰਨੀ ਹੈ । ਕਿਉਂਕਿ ਪ੍ਰਭੂ ਕੁਦਰਤ ਕਰ ਮਹਾਂਪੁਰਖਾ ਕੇ , ਆਤਮ ਵਸਦਾ ਹੈ । ਪਰ ਯਾਦ ਰੱਖਣਾ ਪਰਗਟ ਗੁਰੂ ਦਾ ਸ਼ਬਦ ਹੈ । ਅਤੇ ਬਿਨਾਂ ਸ਼ਬਦ ਦੇ ਮੁਕਤੀ ਨਹੀਂ । ਆਤਮਾਂ ਪਰਮਾਤਮਾ ਦੋਵੇਂ ਦੇਹੀ ਵਿਚ ਵਸਦੇ ਹਨ | ਆਤਮਾ ਤ੍ਰਿਸ਼ਨਾ ਤੋਂ ਨਿਰਲੇਪ ਹੈ ਪਰ ਆਤਮਾ ਨੂੰ ਛੁਟ ਕੀਰਤਨ ਤੋਂ ਹੋਰ ਕੋਈ ਪਰਮਾਤਮਾ ਨਾਲ ਨਹੀਂ ਮਿਲਾ ਸਕਦਾ । ਗੁਰੂ ਆਖਿਆ ਹੈ ਕਿ ਜਦ ਕੀਰਤਨ ਰਾਹੀਂ ਆਤਮਾ ਪ੍ਰਮਾਤਮਾ ਨੂੰ ਮਿਲਦੀ ਹੈ ਤਾਂ ਮੁਕਤ ਹੁੰਦਾ ਹੈ । ਇਹ ਹਨ ਕੁਝ ਮਨੋਹਰ ਤੇ ਕੀਮਤੀ ਉਪਦੇਸ਼ ਜਿਹੜੇ ਕਿ ਬੀਬੀ ਰੂਪ ਕੌਰ ਜੀ ਸੰਭਾਲ ਕੇ ਰੱਖੇ ਹਨ ਤੇ ਸਿੱਖ ਜਗਤ ਤਾਈਂ ਪੁਚਾਏ ਹਨ । ਇਹ ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਉਪਦੇਸ਼ਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਬਣਾਈਏ ।
ਜੋਰਾਵਰ ਸਿੰਘ ਤਰਸਿੱਕਾ।
Dhan dhan guru Ram das ji