ਭਰੋਸਾ ਦਾਨ
ਮੈਂ ਸਮਝਦਾ ਹਾਂ ਕਿ ਸਾਡੇ ਪੁਰਖਿਆਂ ਨੂੰ ਪਤਾ ਸੀ ਕਿ ਨੇੜਲੇ ਭਵਿੱਖ ਵਿਚ ਸਿੱਖਾਂ ਨੂੰ ਜਿਸ ਕਦਰ ਸਾਜ਼ਿਸ਼ਾਂ, ਵਿਰੋਧਾਂ, ਮੱਤਭੇਦਾਂ, ਲੜਾਈਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਸਿੱਖਾਂ ਅੰਦਰ ਆਪਸੀ ਵਖਰੇਵਿਆਂ ਦੀ ਵੀ ਓਨੀ ਹੀ ਭਰਮਾਰ ਹੋਏਗੀ. ਇਸ ਲਈ ਉਨ੍ਹਾਂ ਹਰ ਰੋਜ ਘੱਟੋ-ਘੱਟ ਦੋ ਵਕਤ ਸਿੱਖ ਅਰਦਾਸ ਅੰਦਰ ਭਰੋਸਾ ਦਾਨ ਸ਼ਬਦ ਦੀ ਵਰਤੋਂ ਕੀਤੀ. ਇਸ ਲਈ ਅੱਜ ਹਰ ਸਿੱਖ ਬਾਕੀ ਕੁਝ ਦਾਨਾਂ ਦੇ ਨਾਲ ਨਾਲ ਗੁਰੂ ਤੋਂ ਭਰੋਸਾ ਦਾਨ ਵੀ ਮੰਗਦਾ ਹੈ.
ਭਰੋਸੇ ਦਾ ਦਾਨ ਸਿੱਖਾਂ ਦੀ ਵਿਹਾਰਕ ਰਸਾਤਲ ਦਾ ਪ੍ਰਤੀਕ ਹੈ. ਇਹ ਦਾਨ ਕਿਸੇ ਹੋਰ ਕੌਮ, ਧਰਮ ਜਾਂ ਧਾਰਾ ਵਿਚ ਨਹੀਂ ਮੰਗਿਆ ਜਾਂਦਾ. ਇਸ ਇਕ ਦਾਨ ਦੀ ਦਾਤ ਮੰਗਣਾ ਹੀ ਸਪਸ਼ਟ ਕਰਦਾ ਹੈ ਕਿ ਸਿੱਖਾਂ ਅੰਦਰ ਸਿੱਖਾਂ ਨੂੰ ਲੈ ਕੇ ਹੀ ਕਿੰਨੀ ਵੱਡੀ ਬੇਭਰੋਸਗੀ ਦਾ ਜਨਮ ਹੋ ਚੁੱਕਾ ਹੈ ਤੇ ਦਿਨੋਂ ਦਿਨ ਹੀ ਬੇਭਰੋਸਗੀ ਵਧਦੀ ਹੀ ਜਾ ਰਹੀ ਹੈ.
ਹਾਲਾਂਕਿ ਇਸ ਬੇਭਰੋਸਗੀ ਦਾ ਕੋਈ ਸਿਧਾਂਤਕ ਅਧਾਰ ਨਹੀਂ ਹੈ, ਕਿਉਂਕਿ ਸਿਧਾਂਤ ਸਭ ਸਿੱਖਾਂ ਕੋਲ ਇਕ ਹੀ ਹੈ. ਦਰਅਸਲ ਇਹ ਮਸਲਾ ਸਿਧਾਂਤ ਦੀ ਆਪਹੁਦਰੀ ਵਿਆਖਿਆ ਦਾ ਹੈ. ਅੱਜ ਹਰ ਉਹ ਸਿੱਖ ਜੋ ਖ਼ੁਦ ਨੂੰ ਸੁਚੇਤ ਸਮਝਦਾ ਹੈ, ਜਾਂ ਸੁਚੇਤ ਹੋਣ ਦਾ ਜਿਸ ਨੇ ਭ੍ਰਮ ਸਿਰਜ ਲਿਆ ਹੈ, ਗੁਰੂ ਸਿਧਾਂਤ ਦੀ ਮਨਮਰਜੀ ਭਰੀ ਵਿਆਖਿਆ ਕਰਕੇ ਇਹ ਉਮੀਦ ਹੀ ਨਹੀਂ ਪ੍ਰਗਟਾ ਰਿਹਾ ਕਿ ਇਸ ਨੂੰ ਸਾਰੇ ਸਿੱਖ ਸਵੀਕਾਰ ਕਰਨ, ਬਲਕਿ ਸਾਰੇ ਲੋਕ ਇਸ ਨੂੰ ਹੀ ਸਵੀਕਾਰ ਕਰਨ, ਇਸ ਲਈ ਉਹ ਹਰ ਜਾਇਜ਼/ਨਜਾਇਜ਼ ਤਰੀਕੇ ਵੀ ਆਪਣਾ ਰਿਹਾ ਹੈ, ਤੇ ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਤਰੀਕਿਆਂ ਨੂੰ ਉਹ ਨਾਮ ਗੁਰ ਸਿਧਾਂਤ ਦਾ ਹੀ ਦਿੰਦਾ ਹੈ.
ਬਹੁਤ ਸਾਰੇ ਲੋਕ ਆਖਦੇ ਹਨ ਕਿ ਸਿੱਖਾਂ ਅੰਦਰ ਪੈਦਾ ਹੋਈ ਇਹ ਬੇਭਰੋਸਗੀ ਨੇਸ਼ਨ/ਸਟੇਟ ਦੀਆਂ ਨੀਤੀਆਂ ਦੀ ਬਦੌਲਤ ਸਾਹਮਣੇ ਆਈ ਹੈ, ਪਰ ਮੈਂ ਇਸ ਨੂੰ ਨਾਕਾਫ਼ੀ ਸਮਝਦਾ ਹਾਂ. ਇਸ ਮਸਲੇ ਤੇ ਮੈਂ ਬਿਲਕੁਲ ਸਪਸ਼ਟ ਹਾਂ ਕਿ ਇਹ ਕੁਲਹਿਣਾਪਣ ਸਾਡੀ ਨੈਤਿਕ ਨਿਮਨਤਾ ਦਾ ਪ੍ਰਤੀਕ ਹੈ. ਨੇਸ਼ਨ/ਸਟੇਟ ਤਾਂ ਬੱਸ ਇਸ ਨਿਮਨਤਾ ਨੂੰ ਆਪਣੇ ਹਿਤ ਲਈ ਇਸਤੇਮਾਲ ਕਰ ਰਹੀ ਹੈ. ਕੋਈ ਵੀ ਵਿਰੋਧੀ ਅਜਿਹਾ ਕਰਨ ਦਾ ਨੈਤਿਕ ਹੱਕ ਰੱਖਦਾ ਹੈ. ਅਸੀਂ ਉਸ ਨੂੰ ਹੀ ਕਿਉਂ ਦੋਸ਼ ਦੇਈਏ?
ਸਾਡੀ ਸਮੱਸਿਆ ਦਾ ਹੱਲ ਇਹ ਨਹੀਂ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਵਿਰੋਧੀ ਦੇ ਗਲ਼ ਪਾ ਕੇ ਆਪ ਸੁਰਖ਼ਰੂ ਹੋ ਜਾਈਏ, ਸਗੋਂ ਸਾਡਾ ਫ਼ਰਜ਼ ਇਹ ਹੈ ਕਿ ਜੋ ਸਾਨੂੰ ਕਮਜ਼ੋਰੀ ਨਜ਼ਰ ਆਉਂਦੀ ਹੈ, ਉਸ ਦਾ ਆਪਣੇ ਤਰੀਕੇ ਹੱਲ ਕਰੀਏ. ਗੁਰਬਾਣੀ ਸਾਨੂੰ ਇਸ ਦੀ ਹੀ ਗਵਾਹੀ ਦਿੰਦੀ ਹੈ. ਗੁਰੂ ਸਾਹਿਬ ਆਖਦੇ ਹਨ:
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਪਰ ਹੁਣ ਦੁੱਖ ਦੀ ਗੱਲ ਇਹ ਵੀ ਹੈ ਕਿ ਜਿਉਂ ਹੀ ਅਸੀਂ ਇਕੱਤਰ ਹੋਣ ਦੀ ਗੱਲ ਕਰਦੇ ਹਾਂ, ਬੇਭਰੋਸਗੀ ਦਾ ਸ਼ਿਕਾਰ ਮਨੁੱਖ ਤੁਰੰਤ ਇਸ ਕਾਰਜ ਦਾ ਵੀ ਵਿਰੋਧ ਕਰਨ ਲੱਗ ਜਾਂਦਾ ਹੈ. ਅਜਿਹੇ ਘ੍ਰਿਣਤ ਮਨੁੱਖਾਂ ਲਈ ਹੀ ਅਰਦਾਸ ਦੇ ਰਚਨਹਾਰਿਆਂ ਨੇ ਸ਼ਬਦ ਭਰੋਸਾ ਦਾਨ ਮੰਗਿਆ ਸੀ. ਗੁਰੂ ਸਾਹਿਬ ਬਖਸ਼ਿਸ਼ ਕਰਨ ਅਜਿਹੇ ਗੁਰੂ ਟੁੱਟਿਆਂ ਨੂੰ ਭਰੋਸੇ ਦਾ ਦਾਨ ਮਿਲੇ ਜਾਂ ਉਹ ਵੱਸਦੇ ਰਹਿਣ. ਵੱਸਣ ਦਿੱਤੇ ਜਾਣ.
ਉੱਜੜ ਜਾਣ ਵਾਲਿਆਂ ਅੰਦਰ ਇਹ ਬੇਭਰੋਸਗੀ ਨਾ ਕਦੀ ਆਏ, ਅਜਿਹੀ ਮੇਰੀ ਅਰਦਾਸ ਹੈ.
~ਪਰਮਿੰਦਰ ਸਿੰਘ ਸ਼ੌਂਕੀ.
🙏🙏ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏