28 ਮਾਰਚ ਦਾ ਇਤਿਹਾਸ – ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ

28 ਮਾਰਚ 1613 ਈਸ਼ਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਨਾਨਕੀ ਜੀ ਨਾਲ ਬਕਾਲੇ ਨਗਰ ਵਿੱਚ ਹੋਇਆ । ਆਉ ਮਾਤਾ ਨਾਨਕੀ ਜੀ ਦੇ ਇਤਿਹਾਸ ਤੇ ਇਕ ਸੰਖੇਪ ਝਾਤ ਮਾਰੀਏ ਜੀ ।
ਮਾਤਾ ਨਾਨਕੀ ਜੀ ( ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਮਾਤਾ ਜੀ )
ਮਾਤਾ ਨਾਨਕੀ ਜੀ ਦਾ ਜਨਮ ਖੱਤਰੀ ਹਰੀ ਚੰਦ ਦੇ ਘਰ ਮਾਤਾ ਹਰਦਈ ਦੀ ਕੁੱਖੋਂ ਬਕਾਲੇ ਪਿੰਡ ( ਅੰਮ੍ਰਿਤਸਰ ਜ਼ਿਲੇ ਵਿਚ ੧੫੯੭ ਦੇ ਲਗਭਗ ਹੋਇਆ । ਆਪ ਦੇ ਚੰਗਾ ਕਾਰੋਬਾਰ ਹੋਣ ਕਰਕੇ ਇਰਦ – ਗਿਰਦ ਚੰਗਾ ਪ੍ਰਭਾਵ ਸੀ ਤੇ ਚੰਗੇ ਪੂਰਨ ਸਿੱਖ ਸਨ । ਘਰ ਵਿੱਚ ਧਾਰਮਿਕ ਵਾਤਾਵਰਨ ਹੋਣ ਕਰਕੇ ਬਾਲੜੀ ਦੇ ਵਿਚਾਰ ਧਾਰਮਿਕ ਹੋ ਗਏ ਤੇ ਉਹ ਸਾਰੇ ਗੁਣ ਜਿਹੜੇ ਇਕ ਸੁਚੱਜੀ ਤਰੀਮਤ ਵਿਚ ਹੋਣੀ ਚਾਹੀਦੇ ਹਨ , ਗ੍ਰਹਿਣ ਕਰ ਲਏ । ਜਦੋਂ ਘਰ ਵਿਚ ਸਿੱਖ ਪਿਤਾ ਜੀ ਨੂੰ ਮਿਲਣ ਆਉਂਦੇ ਭੱਜ – ਭੱਜ ਕੇ ਉਨ੍ਹਾਂ ਦੀ ਹਰ ਕਿਸਮ ਦੀ ਸੇਵਾ ਕਰਦੇ।ਲੰਗਰ ਤਿਆਰ ਕਰਨਾ , ਭਾਂਡੇ ਮਾਂਜਣੇ , ਪਾਣੀ ਲਿਆਉਣਾ ਆਦਿ ਵਰਗੀ ਸੇਵਾ ਕਰ ਕੇ ਖੁਸ਼ ਹੁੰਦੇ । ਅੰਮ੍ਰਿਤ ਵੇਲੇ ਉਠ ਮਾਪਿਆਂ ਵਾਂਗ ਨਾਮ ਅਭਿਆਸ ਵਿਚ ਜੁੱਟ ਜਾਂਦੇ । ਸੁਭਾਅ ਬੜਾ ਨਿੱਘਾ ਮਿਲਾਪੜਾ ਤੇ ਸੀਤਲ ਸੀ । ਉਪਰੋਂ ਪ੍ਰਮਾਤਮਾ ਨੇ ਲੰਮਾ ਕੱਦ ਸੁੰਦਰ ਤੇ ਖੂਬਸੂਰਤ ਭਰਵਾਂ ਜੁੱਸਾ ਬਖ਼ਸ਼ਿਆ ਸੀ । ਭਗਤੀ ਭਾਵ ਸੁਭਾਅ ਹੋਣ ਕਰਕੇ ਪਿਤਾ ਹਰੀ ਚੰਦ ਨੇ ਇਨ੍ਹਾਂ ਦਾ ਰਿਸ਼ਤਾ ਉਸ ਸਮੇਂ ਦੇ ਚੋਟੀ ਦੇ ਖੂਬਸੂਰਤ ਉਚੇ ਲੰਮੇ ਕੱਦ ਕਾਠ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰ ੧੬੧੩ ਈ : ਨੂੰ ਬੜੀ ਧੂਮ – ਧਾਮ ਨਾਲ ਵਿਆਹ ਕਰ ਦਿੱਤਾ ।
ਮਾਤਾ ਨਾਨਕੀ ਜੀ ਸੌਹਰੇ ਘਰ ਜਾਂਦਿਆਂ ਹੀ ਆਪਣੇ ਗੁਣਾਂ ਕਾਰਨ ਸੱਸ ਮਾਤਾ ਗੰਗਾ ਜੀ ਦਾ ਦਿਲ ਮੋਹ ਲਿਆ । ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਾਉਂਦੀ ਫਿਰ ਗੁਰੂ ਜੀ ਲਈ ਪਾਣੀ ਆਦਿ ਲਿਆ ਕੇ ਦੇਂਦੇ । ਫਿਰ ਨਾਮ ਅਭਿਆਸ ਵਿਚ ਜੁੱਟ ਜਾਂਦੇ।ਮਾਤਾ ਦਮੋਦਰੀ ਜੀ ਨਾਲ ਵੀ ਬਹੁਤ ਪਿਆਰ ਕਰਦੇ ਤੇ ਉਸ ਨੂੰ ਕੰਮ ਨਾ ਕਰਨ ਦੇਂਦੇ ਹਰ ਕੰਮ ਹੰਸੂ – ਹੰਸੂ ਕਰ ਖੁਦ ਕਰੀ ਜਾਂਦੇ । ਇਨ੍ਹਾਂ ਦੇ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ । ਬਾਲੜੀ ਵੀਰੋ ਜੀ ਨਾਲ ਬਹੁਤ ਪਿਆਰ ਕਰਦੇ | ਸਾਰੇ ਲੰਗਰ ਤੇ ਆਇ ਗਏ ਦੀ ਵੀ ਵੇਖ ਭਾਲ ਕਰਦੇ।ਰਾਤ ਮਾਤਾ ਗੰਗਾ ਜੀ ਦੀ ਮੁੱਠੀ ਚਾਪੀ ਵੀ ਕਰਦੇ । ਆਪ ਦੀ ਕੁੱਖੋਂ ੧੬੧੯ ਵਿਚ ਬਾਬਾ ਅਟੱਲ ਰਾਇ ਜੀ ਦਾ ਜਨਮ ਹੋਇਆ । ਬੜੇ ਚਾਂਵਾਂ ਸੱਧਰਾਂ ਨਾਲ ਪਾਲਦੇ । ਗੁਰੂ ਜੀ ਦੀ ਸੁਚੱਜੀ ਸਿੱਖਿਆ ਸਦਕਾ ਨਿੱਕੇ ਹੁੰਦੇ ਹੀ ਨਾਮ ਅਭਿਆਸ ਵਿਚ ਲੀਣ ਰਹਿੰਦੇ ।੧੬੨੧ ਵਿੱਚ ਪਹਿਲੀ ਅਪੈਲ ਵਾਲੇ ਦਿਨ ਮਾਤਾ ਨਾਨਕੀ ਜੀ ਦੀ ਸਫਲ ਕੁੱਖੋਂ ਬਾਬਾ ਤਿਆਗ ਮਲ { ਗੁਰੂ ਤੇਗ ਬਹਾਦਰ ਜੀ } ਦਾ ਜਨਮ ਹੋਇਆ ਤਾਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਗੁਰੂ ਜੀ ਨੇ ਬਾਲਕ ਨੂੰ ਹੱਥਾਂ ਵਿਚ ਲੈ ਕੇ ਚਰਨ ਬੰਧਨਾਂ ਕਰਨ ਉਪ੍ਰੰਤ ਵਰ ਦਿੱਤਾ , “ ਇਹ ਇੰਦਰੀ ਜਿੱਤ , ਤਿਆਗ ਦਾ ਸਿੱਖਰ , ਕੁਰਬਾਨੀ ਦਾ ਪੁੰਜ , ਦੀਨ , ਸੰਕਟ ਹਰੇ , ਬ੍ਰਹਮ ਗਿਆਨੀ , ਤੇਗ ਦਾ ਧਨੀ , ਬਚਨ ਦਾ ਪੂਰਾ , ਤੇ ਧਰਮ ਤੇ ਦੀਨ ਦਾ ਰਖਿਅਕ ਹੋਵੇਗਾ । ਮਾਤਾ ਜੀ ਇਹ ਵਰ ਸੁਣ ਗੱਦ – ਗੱਦ ਹੋਈ ਝੂਮੀ ਜਾਵੇ । ਬਾਲਕ ਬੜੇ ਚਾਵਾਂ ਤੇ ਸੱਧਰਾਂ ਨਾਲ ਪਾਲਿਆ ਦਾਦੀ ਮਾਤਾ ਗੰਗਾ ਜੀ ਕੁਛੜੋ ਨਾ ਉਤਾਰਦੇ ਬੜੇ ਪਿਆਰ ਤੇ ਲਾਡ ਲਡਾਂਦੇ । ਬਾਬਾ ਅਟੱਲ ਜੀ ਭੈਣ ਵੀਰੋ ਜੀ ਬਾਲਕ ਨਾਲ ਬਹੁਤ ਪਿਆਰ ਕਰਦੇ ਤੇ ਉਂਗਲੀ ਲਾਈ ਫਿਰਦੇ ।
ਬਕਾਲੇ ਫੇਰੀ : ਭਾਈ ਮਿਹਰਾਜੀ ਬਕਾਲੇ ਦੇ ਵਸਨੀਕ ਗੁਰੂ ਘਰ ਦੇ ਅਨਿਨ ਸ਼ਰਧਾਲੂ ਹੋਏ ਹਨ । ਇਸ ਨੇ ਇਕ ਨਵੀਂ ਹਵੇਲੀ ਤਿਆਰ ਕਰਾਈ ਪਰ ਉਸ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦੇ ਚਰਨ ਪਵਾਏ ਬਿਨਾਂ ਵਿਚ ਵਾਸਾ ਨਹੀਂ ਸੀ ਕਰਨਾ ਚਾਹੁੰਦਾ । ਇਕ ਕਮਰੇ ਵਿੱਚ ਨਵਾਂ ਪਲੰਘ , ਨਵਾਂ ਬਿਸਤਰਾਂ , ਵਿਛਾ ਮਕਾਨ ਵਿਚ ਸਵੇਰੇ ਧੂਫ ਬੱਤੀ ਕਰ ਗੁਰੂ ਜੀ ਨੂੰ ਯਾਦ ਕਰਦਾ ਕਿ ਉਹ ਏਥੇ ਆਪਣੇ ਪਵਿੱਤਰ ਚਰਨ ਪਾਉਣ ।ਉਧਰ ਅੰਮ੍ਰਿਤਸਰ ਬੈਠੇ ਗੁਰੂ ਜੀ ਦੇ ਦਿਲਦੀਆਂ ਤਾਰਾਂ ਖੜਕੀਆਂ । ਭਾਈ ਬਿਧੀ ਚੰਦ , ਭਾਈ ਜੇਠੇ , ਭਾਈ ਪਿਰਾਣੇ ਆਦਿ ਨੂੰ ਨਾਲ ਤਿਆਰ ਕਰ ਮਾਤਾਵਾਂ ਨੂੰ ਗੜਬੈਹਲਾ ’ ਚ ਬਿਠਾਲ ਸਵੇਰੇ ਏਥੋਂ ਤੁਰ ਸ਼ਾਮ ਨੂੰ ਬਕਾਲੇ ਜਾ ਪੁੱਜੇ । ਮਿਹਰੇ ਦੇ ਭਾਗ ਜਾਗ ਪਏ । ਗੁਰੂ ਜੀ ਦਾ ਉਤਾਰਾ ਹਵੇਲੀ ਵਿਚ ਕਰਾਉਣ , ਪਲੰਘ ਤੇ ਬਿਠਾ ਚਰਨਾ ਤੇ ਸੀਸ ਰੱਖ ਧੰਨਵਾਦ ਕਰਦਾ ਨਾ ਥੱਕੇ । ਅਗਲੇ ਸਵਖਤੇ ਹਰੀ ਚੰਦ ਦੇ ਪ੍ਰਵਾਰ ਨੂੰ ਪਤਾ ਲੱਗਾ ਤਾਂ ਆ ਦਰਸ਼ਨ ਕੀਤੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ , ਮਾਤਾ ਨਾਨਕੀ ਜੀ ਆਪਣੇ ਸਹਿਬਜ਼ਾਦਿਆਂ ਨੂੰ ਨਾਨਕੇ ਪਿੰਡ ਲਿਆ ਫੁਲੇ ਨਹੀਂ ਸਮਾਂਦੇ।ਬੱਚੇ ਨਾਨੇ – ਨਾਨੀ ਨੂੰ ਮਿਲ ਬੜੇ ਖੁਸ਼ ਹੋਏ । ਗੁਰੂ ਜੀ ਦਾ ਏਥੇ ਆਉਣਾ ਸੁਣ ਦੁਆਬੇ ਤੇ ਰਿਆੜਕੀ ਤੋਂ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਉਮਡ ਪਏ । ਘਿਓ , ਦੁੱਧ , ਆਟਾ ਗੁੜ ਸ਼ੱਕਰ ਲਈ ਆਉਣ ਲੰਗਰ ਲਗ ਗਏ ਰਾਤ ਦਿਨ ਲੰਗਰ ਚਲਦਾ ਸੰਗਤ ਜੁੜਦੀ , ਕੀਰਤਨ ਤੇ ਢਾਡੀ ਵਾਰਾਂ ਸੁਣ ਸੰਗਤ ਨਿਹਾਲ ਹੁੰਦੀ । ਅੰਤ ਵਿਚ ਗੁਰੂ ਜੀ ਗੁਰ ਉਪਦੇਸ਼ ਦੇਂਦੇ , ਮਾਨੋ ਬਕਾਲੇ ਵਿਚ ਸਚਖੰਡ ਬਣ ਗਿਆ ।
ਏਥੇ ਹੀ ਬਿਰਧ ਮਾਤਾ ਗੰਗਾ ਨੇ ਕੁਝ ਬੀਮਾਰ ਰਹਿ ਚੇਤ ਵਧੀ ੧੪ ਸੰਮਤ ੧੬੮੫ ਨੂੰ ਦੇਹ ਤਿਆਗ ਦਿੱਤੀ । ਗੁਰੂ ਜੀ ਆਪਣੇ ਹੱਥੀ ਮਾਤਾ ਦਾ ਬਿਬਾਨ ਸਜਾਇਆ । ਮਾਤਾ ਜੀ ਦੀ ਵਸੀਅਤ ਅਨੁਸਾਰ ਬਿਆਸਾ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤਾ । ਜਿਥੇ ਅੱਜ ਕਲ ਰਾਧਾ ਸੁਆਮੀਆਂ ਸਤਿਸੰਗ ਘਰ ਬਣਿਆ ਹੋਇਆ ਹੈ । ਜਿਥੇ ਇਨ੍ਹਾਂ ਦਾ ਬਿਬਾਨ ਸੰਗਤਾਂ ਦੇ ਦਰਸ਼ਨ ਲਈ ਰਖਿਆ ਗਿਆ ਹੈ । ਓਥੇ ਮਾਤਾ ਗੰਗਾ ਜੀ ਦੇ ਦੇਹਰੇ ਨਾਂ ਦਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜੋ ਬਾਬਾ ਬਕਾਲਾ ਸਾਹਿਬ ਵਿਖੇ ਸਥਿੱਤ ਹੈ ਜੋ ਮਹਿਤਾ ਰੋਡ ਉਪਰ ਸਥਿੱਤ ਹੈ । ਜਿਹੜਾ ਨਿਹੰਗ ਸਿੰਘਾਂ ਦੇ ਕਬਜ਼ੇ ਵਿਚ ਹੈ । ਏਥੇ ਹਰ ਸਾਲ ਫਰਵਰੀ ਵਿਚ ਭਾਰੀ ਰੈਣ ਸਬਾਈ ਕੀਰਤਨ ਹੁੰਦਾ ਹੈ । ਇਥੇ ਕੁਝ ਹਫਤੇ ਰਹਿ ਗੁਰੂ ਜੀ ਸੰਗਤਾਂ ਨੂੰ ਤਾਰਦੇ ਫਿਰ ਅੰਮ੍ਰਿਤਸਰ ਵਾਪਸ ਆ ਗਏ ।
ਬਾਬਾ ਅਟੱਲ ਰਾਇ ਜੀ ਦਾ ਅਕਾਲ ਚਲਾਣਾ
ਮਾਤਾ ਨਾਨਕੀ ਦੀ ਯੋਗ ਸਿਖਿਆ ਤੇ ਨਾਮ ਅਭਿਆਸ ਦੁਆਰਾ ਬਾਬਾ ਅਟੱਲ ਰਾਇ ਜੀ ਨੌਂ ਸਾਲ ਦੀ ਆਯੂ ਦੇ ਵਿਚ ਹੀ ਬ੍ਰਹਮ ਅਵਸਥਾ ਨੂੰ ਪੁਜ ਆਤਮਿਕ ਸ਼ਕਤੀਆਂ ਆਪ ਮੁਹਾਰੇ ਫੁਰਨ ਲੱਗੀਆ । ਏਥੇ ਇਕ ਮੋਹਨ ਨਾਮੀ ਲੜਕੇ ਉੱਪਰ ਰਾਤ ਇਨ੍ਹਾਂ ਦੇ ਖਿਦੋ – ਖੂੰਡੀ ਖੇਡਦਿਆਂ ਮੀਟੀ ਰਹਿ ਗਈ । ਜਿਹੜੀ ਉਸ ਨੇ ਸਵੇਰੇ ਦੇਣੀ ਕਰ ਘਰ ਨੂੰ ਆ ਗਿਆ । ਰਾਤ ਉਹ ਸੱਪ ਲੜ ਕੇ ਮਰ ਗਿਆ । ਘਰ ਵਿਚ ਰੋਣ ਪਿਟਣ ਹੋ ਰਿਹਾ ਹੈ । ਬਾਲਕ ਬਾਬਾ ਅਟੱਲ ਰਾਇ ਜੀ ਆਪਦੇ ਸਾਥੀਆਂ ਸਮੇਤ ਉਸ ਦੇ ਘਰ ਜਾ ਉਸ ਦੀ ਧੌਣ ਨੂੰ ਖੁੱਡੀ ਪਾ ਖਿੱਚਦਿਆਂ ਕਿਹਾ , “ ਉਠ ਕੇ ਸਾਡੀ ਰਾਤ ਵਾਲੀ ਮੀਟੀ ਦੇਹ ਮੁਕਰ ਕਰ ਲੰਮਾ ਪੈ ਰਿਹਾ ਹੈ । ਉਹ ਉਠ ਕੇ ਆਪਣੀ ਖੂੰਡੀ ਫੜ ਬਚਿਆਂ ਨਾਲ ਖੇਡਣ ਤੁਰ ਪਿਆ । ਇਸ ਅਨੌਖੀ ਘਟਨਾ ਦੀ ਸਾਰੇ ਨਗਰ ਵਿਚ ਚਰਚਾ ਚਲ ਪਈ । ਜਦੋਂ ਗੁਰੂ ਜੀ ਨੇ ਇਹ ਸੁਣੀ ਤਾਂ ਕਹਿਣ ਲੱਗੇ “ ਸਾਡੇ ਘਰ ਵਿਚ ਕੌਣ ਰਬ ਦਾ ਸ਼ਰੀਕ ਜੰਮ ਪਿਆ ਹੈ । ਇਹ ਗੁੱਸੇ ਵਾਲੇ ਸ਼ਬਦ ਸੁਣ ਬਾਬਾ ਜੀ ਘਰੋਂ ਇਕ ਚਾਦਰ ਲੈ ਕੌਲਸਰ ਦੀ ਦੱਖਣੀ ਬਾਹੀ ਉਪਰ ਚਾਦਰ ਲੈ ਸਮਾਧ ਗਤਿ ਹੋ ਪ੍ਰਾਣ ਤਿਆਗ ਗਏ । ਏਥੇ ਹੀ ਇਨ੍ਹਾਂ ਨੂੰ ਇਸ਼ਨਾਨ ਕਰਾ ਸੰਸਕਾਰ ਕਰ ਦਿੱਤਾ । ਇਸ ਥਾਂ ਤੇ ਅਜ – ਕਲ ਇਕ ਨੌਂ ਮੰਜ਼ਿਲਾ ਮੁਨਾਰਾ ਬਾਬਾ ਅਟੱਲ ਰਾਇ ਜੀ ਦੀ ਯਾਦ ਤਾਜਾ ਕਰਾਉਂਦਾ ਦਿਸ ਰਿਹਾ ਹੈ । ਇਸ ਘਟਨਾ ਦਾ ਮਾਤਾ ਨਾਨਕੀ ਜੀ ਦੇ ਅਸਰ ਹੋਣਾ ਜਰੂਰੀ ਸੀ । ਪਰ ਮਾਤਾ ਜੀ ਇਹ ਸਦਮਾ ਬੜੀ ਦਲੇਰੀ ਨਾਲ ਜਰਿਆ ਤੇ ਅੱਖਾਂ ਵਿਚੋਂ ਹੰਝੂ ਤਕ ਨਾ ਕੇਰਿਆ ਸਗੋਂ ਪ੍ਰਚਾਉਣੀ ਕਰਨ ਆਈ ਸੰਗਤ ਨੂੰ ਸਮਝਾਉਂਦੇ ਤੇ ਹੌਸਲਾ ਤੇ ਦਿਲਾਸਾ ਦੇਂਦੇ ਕਹਿੰਦੇ “ ਇਹ ਧੀਆਂ ਪੁੱਤ ਅਕਾਲ ਪੁਰਖ ਦੀ ਦਿੱਤੀ ਮਾਇਆ ਹੈ ਭਾਵੇਂ ਖੋਹ ਲਵੇ ਸਾਨੂੰ ਕੋਈ ਰੋਸ ਨਹੀਂ ਕਰਨਾ ਚਾਹੀਦਾ । ਸਗੋਂ ਉਸ ਦੀ ਰਜ਼ਾ ਵਿਚ ਰਹਿ ਕੇ ਭਾਣਾ ਮੰਨਣਾ ਚਾਹੀਦਾ ਹੈ । ਬੀਬੀ ਵੀਰੋ ਜੀ ਤੇ ਨਿਕੇ ਵੀਰ ਜੀ ਬਾਬਾ ਤਿਆਗ ਮਲ ਤੇ ਇਸ ਘਟਣਾ ਦਾ ਬਹੁਤ ਪ੍ਰਭਾਵ ਪਿਆ । ਭੈਣ ਵੀਰੋ ਜੀ ਵੀਰ ਦੇ ਵਿਯੋਗ ਵਿੱਚ ਕਈ ਵਾਰ ਰੁਦਨ ਕਰਨ ਲੱਗਦੇ ਤਾਂ ਮਾਤਾ ਗਲ ਨਾਲ ਲਾ ਉਹਨਾਂ ਨੂੰ ਧਰਵਾਸ ਦੇਂਦੇ । ਮਾਤਾ ਜੀ ਦਾ ਬੀਬੀ ਵੀਰੋ ਜੀ ਨਾਲ ਅਥਾਹ ਪਿਆਰ ਤੇ ਸੁਨੇਹ ਸੀ । ਇਨ੍ਹਾਂ ਦੇ ਵਿਆਹ ਦੀ ਸਾਰੀ ਕਾਰ ਮੁਖਤਾਰੀ ਮਾਤਾ ਨਾਨਕੀ ਜੀ ਨੇ ਸੰਭਾਲੀ ਤੇ ਵਿਆਹ ਭਾਵੇ ਝਬਾਲ ਕੀਤਾ ਪਰ ਵਿਆਹ ਤੇ ਆਏ ਅੰਗ – ਸਾਕਾਂ ਨੂੰ ਸੰਭਾਲਣ ਤੇ ਲੈਣ ਦੇਣ ਦੀ ਜ਼ਿਮੇ ਵਾਰੀ ਆਪ ਨੇ ਬੜੇ ਸੁਚੱਜੇ ਢੰਗ ਨਾਲ ਖਿੜੇ ਮੱਥੇ ਨਿਭਾਈ ।
ਹੁਣ ਯੁੱਧਾਂ ਤੋਂ ਵਿਹਲੇ ਤੋਂ ਗੁਰੂ ਜੀ ਕੀਰਤਪੁਰ ਜਾ ਟਿੱਕੇ । ਏਥੇ ਰਹਿੰਦਿਆਂ ਸ੍ਰੀ ਤੇਗ ਬਹਾਦਰ ਜੀ ਦੀ ਸ਼ਾਦੀ ਦੀ ਤਾਰੀਖ ਮਿਥ ਕੇ ਕਰਤਾਰਪੁਰ ਚਲ ਪਏ ੧ ਮਾਰਚ ੧੬੩੨ ਵਿਚ ਤੇਗ ਬਹਾਦਰ ਦਾ ਵਿਆਹ ਲਾਲ ਚੰਦ ਜੀ ਕਰਤਾਰਪੁਰ ਵਾਸੀ ਦੀ ਪੁੱਤਰੀ ਗੁਜਰੀ ਨਾਲ ਪੂਰਨ ਗੁਰ ਮਰਿਆਦਾ ਨਾਲ ਕੀਤਾ ਗਿਆ । ਲਾਲ ਚੰਦ ਜੀ ਨੇ ਬੜੀ ਅਧੀਨਗੀ ਨਾਲ ਕਿਹਾ ਕਿ ਉਸ ਪਾਸ ਗੁਰੂ ਜੀ ਨੇ ਦੇਣ ਯੋਗ ਕੁਝ ਨਹੀਂ ਹੈ , ਜੋ ਉਹ ਦੇ ਸਕਦੇ । ਸਚੇ ਪਾਤਸ਼ਾਹ ਨੇ ਅਗੋ ਫੁਰਮਾਇਆ : ਲਾਲ ਚੰਦ ! ਤੁਮ ਦੀਨੋ ਸਕਲ ਬਿਸਾਲਾ , ਜਿਨ ਤੁਣਜਾ ਅਰਪਨ ਕੀਨੇ । ਤੈ ਪਾਛੈ ਕਿਆ ਰੱਖ ਲੀਨੇ । ਭਾਈ ਲਾਲ ਚੰਦ ਜੀ ਜਦੋਂ ਤੁਸੀਂ ਬੇਟੀ ਦੇ ਦਿੱਤੀ ਤਾਂ ਪਿਛੇ ਕੀ ਰਖ ਲਿਆ ਹੈ ?
ਮਾਤਾ ਨਾਨਕੀ ਜੀ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੂਰਨ ਅਧਿਆਤਮਿਕ ਤੇ ਆਦਰਸ਼ਿਕ ਗੁਣ ਪ੍ਰਾਪਤ ਹੋਏ । ਜਿਨਾਂ ਕਰਕੇ ਆਪ ਏਨੀ ਮਹਾਨ ਘਾਲਣਾ ਘਾਲਣ ਵਿਚ ਸਫਲ ਰਹੇ । ਏਥੋ ਫਿਰ ਸਾਰਾ ਪ੍ਰਵਾਰ ਕੀਰਤਪੁਰ ਚਲਾ ਗਿਆ । ਏਥੇ ਕੀਰਤਪੁਰ ਤਕਰੀਬਨ ਮਾਤਾ ਨਾਨਕੀ ਜੀ ਤੇਗ ਬਹਾਦਰ ਸਮੇਤ ਦਸ ਸਾਲ ਗੁਰੂ ਜੀ ਦੇ ਨਾਲ ਰਹੇ । ਏਥੇ ਵੀ ਮਾਤਾ ਜੀ ਨੇ ਗੁਰੂ ਜੀ ਦੀ ਬਹੁਤ ਧਿਆਨ ਰੱਖਣਾ ਤੇ ਹਰ ਸਹੂਲਤ ਮੁਹਈਆਂ ਕਰਨੀ । ਏਥੇ ਗੁਰੂ ਜੀ ਨੇ ਗੁਰਗੱਦੀ ਦੀ ਪੁੱਤਰਾਂ ਨੂੰ ਛੱਡ ਪੋਤਰੇ ਨੂੰ ਦੇ ਨਵੀਂ ਪਿਰਤ ਪਾਈ । ਮਾਤਾ ਨਾਨਕੀ ਜੀ ਨੇ ਇਹ ਗਲ ਸਵੀਕਾਰ ਕਰ ਲਈ ਸੂਰਜ ਮਲ ਦੀ ਮਾਤਾ ਨੇ ਜਿੱਦ ਕੀਤੀ । ਮਾਤਾ ਨਾਨਕੀ ਜੀ ਬੜੇ ਵਿਸ਼ਾਲ ਦਿਲ ਤੇ ਦੂਰ ਦਰਸ਼ੀ ਸਨ । ਆਪ ਨੇ ਗੁਰੂ ਦਾ ਹੁਕਮ ਸਿਰ ਮੱਥੇ ਰੱਖ , ਗੁਰੂ ਜੀ ਦੀ ਆਗਿਆ ਵਿੱਚ ਜੀਵਨ ਬਤੀਤ ਕਰਨ ਵਾਲੀ ਤੇ ਗੁਰਗੱਦੀ ਦੇ ਲੋਭ ਲਾਲਚ ਤੋਂ ਉਪਰ ਉਠ ਸ੍ਰੀ ਹਰਿਰਾਇ ਜੀ ਨੂੰ ਗੁਰਗੱਦੀ ਤੇ ਬਾਜਮਾਨ ਹੋਏ ਨੂੰ ਸਤਿਕਾਰਿਆ ਤੇ ਆਪਣੇ ਪੁੱਤਰ ਲਈ ਕੋਈ ਪਕੜ ਜਾਂ ਲੋਭ ਨੂੰ ਛਡ ਹਰਿਰਾਇ ਜੀ ਨੂੰ ਸਵੀਕਾਰਿਆ | ਸੋ ਮਾਤਾ ਨਾਨਕੀ ਜੀ ਦਾ ਗੁਰ ਗੱਦੀ ਪ੍ਰਤੀ ਵਤੀਰਾ , ਚੇਤਨਾ ਤੇ ਕਰਤੱਵ ਸਦਾ ਗੁਰੂ ਜੀ ਦੇ ਦੱਸੇ ਆਦੇਸ਼ਾ ਪ੍ਰਤੀ ਠੀਕ ਤੇ ਸਿਰਜਨਾਤਮਿਕ ਪੱਖੀ ਰਿਹਾ ਹੈ । ਮਾਤਾ ਜੀ ਢਹਿੰਦੀਆਂ ਕਲਾਂ ਨਿਰਾਸ਼ਤਾ , ਕ੍ਰੋਧ , ਨਿੰਦਾ ਚੁਗਲੀ ਤੇ ਕਿਸੇ ਦਾ ਮਾੜਾ ਸੋਚਣਾ ਜਿਹੇ ਮਾੜੇ ਕੰਮ ਕਦੇ ਲਾਗੇ ਨਹੀਂ ਸੀ ਫਟਕਣ ਦਿੱਤੇ ।
ਗੁਰੂ ਜੀ ਹੋਰਾ ਮਾਤਾ ਨਾਨਕੀ ਜੀ ਨੂੰ ਅੰਤਮ ਬਚਨ ਏਵੇਂ ਕੀਤੇ ਸਨ , “ ਤੁਸੀਂ ਬਕਾਲੇ ਨਿਵਾਸ ਰੱਖੋ , ਹਰਿਗੋਬਿੰਦਪੁਰ ਦਾ ਸਾਰਾ ਇਲਾਕਾ ਤੇਗ਼ ਬਹਾਦਰ ਦੇ ਅਧੀਨ ਰਹੇਗਾ । ਤਿਆਗ ਤੇ ਕੁਰਬਾਨੀ ਦੇ ਪੁਤਲੇ ਤੇਗ ਬਹਾਦਰ ਦੀ ਸਾਧਣਾ ਤੇ ਤਪੱਸਿਆ ਦੀ ਸਾਰੀ ਦੁਨੀਆਂ ਵਿਚ ਚਰਚਾ ਹੋਵੇਗੀ । ਇਨ੍ਹਾਂ ਦੀ ਮਾਨ ਵਡਿਆਈ ਵੀ ਅਪਾਰ ਹੋਵੇਗੀ । ਰਜ਼ਾ ਅੰਦਰ ਰਹੋ । ਜਿਸ ਵਸਤੂ ਦੇ ਚਾਹਵਾਨ ਹੋ ( ਗੁਰਗੱਦੀ ) ਉਸ ਦੇ ਪਿਛੇ ਦੌੜਣ ਦੀ ਲੋੜ ਨਹੀਂ ਹੈ । ਉਸ ਦੀ ਲਾਲਸਾ ਕਰਨ ਦੀ ਲੋੜ ਨਹੀਂ ਹੈ । ਉਹ ਧੁਰ ਦਰਗਾਹ ਦੀ ਦਾਤ ਹੈ । ਜਦੋਂ ਨਿਰੰਕਾਰ ਦਾ ਹੁਕਮ ਹੋਇਆ ਖੁਦ ਤੁਹਾਡੇ ਘਰ ਪੁੱਜੇਗੀ । ਨਾਲ ਹੀ ਮਾਤਾ ਜੀ ਨੂੰ ਹੁਕਮ ਹੋਇਆ ਕਿ “ ਤੁਸੀਂ ਬਕਾਲੇ ਜਾ ਟਿਕਾਣਾ ਭਾ : ਮਿਹਰੇ ਦੇ ਘਰ ਕਰਨਾ ਹੈ । ਉਥੇ ਇਕਾਂਤ ਮਾਣੋ । ਸੱਚੀ ਘਾਲ ਘਾਲੋ ਤੁਹਾਡੀ ਘਾਲਣਾ ਨੂੰ ਤਪੱਸਿਆ ਦੀ ਅਟਲ ਪਦਵੀ ਮਿਲੇਗੀ । ਨਾਲ ਹੀ ਗੁਰੂ ਹਰਿਰਾਇ ਜੀ ਨੂੰ ਗੁਰੂ ਜੀ ਨੇ ਕਿਹਾ ਕਿ ਆਪਣੇ ਚਾਚੇ ਤੇਗ ਬਹਾਦਰ ਦਾ ਮਾਨ ਸਤਿਕਾਰ ਆਪਣੇ ਪਿਤਾ ਵਾਂਗ ਕਰਨਾ ਹੈ । ”ਮਾਤਾ ਜੀ ਦਾ ਬਕਾਲੇ ਆਉਣਾ ਮਾਤਾ ਨਾਨਕੀ ਜੀ ਆਪਣੇ ਗੁਰੂ ਪਤੀ ਦੇ ਹੁਕਮ ਮੁਤਾਬਿਕ ਆਪਣੇ ਲੜਕੇ ਤੇਗ ਬਹਾਦਰ ਤੇ ਨੂੰਹ ਗੁਜਰੀ ਨੂੰ ਨਾਲ ਲੈ ਕੇ ਭਾ : ਮਿਹਰੇ ਦੀ ਹਵੇਲੀ ਆ ਟਿਕੇ । ਮਿਹਰਾ ਜੀ ਨੇ ਬੜਾ ਮਾਨ ਤੇ ਸਤਿਕਾਰ ਕੀਤਾ , ਰਹਿਣ ਲਈ ਇਕ ਵੱਖਰਾ ਮਕਾਨ ਦੇ ਦਿੱਤਾ ਤੇ ਤੇਗ ਬਹਾਦਰ ਜੀ ਦੀ ਤਪੱਸਿਆ ਲਈ ਇਕ ਭੋਰਾ ਪਟਵਾ ਦਿੱਤਾ । ਇਥੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪ੍ਰੰਤ ਆ ਬਿਰਾਜਦੇ ਤੇ ਮਹਾਨ ਤਪ ਕਰਦੇ । ਮਾਤਾ ਨਾਨਕੀ ਦੀ ਛਤਰ ਛਾਇਆ ਹੇਠ ਤੇਗ ਬਹਾਦਰ ਜੀ ਦੀ ਵਿਅਕਤੀਗਤ ਨਿਖਰੀ । ਆਪਾ ਤਿਆਗ , ਗਿਆਨ , ਸਹਿਜ , ਤੇ ਨਿਰਭੈਅਤਾ ਇਨ੍ਹਾਂ ਦੇ ਜੀਵਨ ਦਾ ਅੰਗ ਬਣ ਗਏ । ਮਾਤਾ ਨਾਨਕੀ ਜੀ ਵੀ ਤੇਗ ਬਹਾਦਰ ਜੀ ਸਿਹਤ ਤੇ ਹਰ ਤਰ੍ਹਾਂ ਆਪ ਖਿਆਲ ਰੱਖਦੇ । ਤੇਗ ਬਹਾਦਰ ਤਪਸਿਆ ਕਰਦੇ ਵੀ ਕਈ ਵਾਰ ਬਾਹਰ ਨਿਕਲ ਕਈ – ਕਈ ਦਿਨ ਪ੍ਰਚਾਰ ਦੌਰਿਆ ਤੇ ਜਾਂਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਜਦੋਂ ਸਿੱਖ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਤਾਂ ਉਨ੍ਹਾਂ ਨੂੰ ਨੀਅਤ ਕੀਤੇ ਸਮੇਂ ਅਨੁਸਾਰ ਦਰਸ਼ਨ ਦੇਂਦੇ ਤੇ ਉਪਦੇਸ਼ ਵੀ ਦੇਂਦੇ ਤਾਹੀਓਂ ਤਾਂ ਇਸ ਇਲਾਕੇ ਸਿੱਖੀ ਪ੍ਰਫੁਲ ਰਹੀ ਹੈ । ਗੁਰੂ ਹਰਿ ਰਾਇ ਜੀ ਏਧਰ ਘਟ ਹੀ ਆਏ । ਆਪ ਨੇ ਸਿੱਖੀ ਪ੍ਰਚਾਰ ਨਹੀਂ ਛੱਡਿਆ ਸੰਗਤ ਨੂੰ ਗੁਰੂ ਘਰ ਨਾਲ ਜੋੜੀ ਰਖਿਆ । ਇਹ ਨਹੀਂ ਕਿ ਹਰ ਸਮੇਂ ਭੋਰੇ ਵਿਚ ਹੀ ਬੈਠੇ ਰਹੇ । ਦਿੱਲੀ ਜਦੋਂ ਬਾਲਕ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਲਗੇ ਤਾਂ ਸੰਗਤ ਨੇ ਪੁੱਛਿਆ ਉਹ ਸੰਗਤ ਨੂੰ ਕਿਸ ਦੇ ਲੜ ਲਾ ਚਲੇ ਹਨ , ਭਾਈ ਕੇਸਰ ਸਿੰਘ ਛਿਬਰ ਬੰਸਾਵਾਲੀ ਨਾਮੇ ਵਿਚ ਲਿਖਦਾ ਹੈ : – “ ਵਕਤ ਚਲਾਣੇ ਸਿੱਖਾਂ ਕੀਤੀ ਅਰਦਾਸ।ਗਰੀਬ ਸੰਗਤ ਵਡੀ ਕਿਸ ਪਾਸ । ਉਸ ਵਕਤ ਬਚਨ ਕੀਤਾ | ਬਾਬਾ ਬਕਾਲੇ । ਆਪ ਗਏ ਗੁਰਪੁਰ , ਦਹਿ ਜਾਲਾਏ ਸਨ ਚੰਦਨ ਨਾਲੇ।ਇਹ ਬਚਨ ਜ਼ਾਹਿਰ ਕਰਦੇ ਹਨ ਤੇਗ ਬਹਾਦਰ ਗੁਰੂ ਹਰਿਕ੍ਰਿਸ਼ਨ ਦੇ ਬਾਬੇ ਦੇ ਭਰਾ ਬਾਬੇ ਹੀ ਲੱਗਦੇ ਸਨ ਜਿਹੜੇ ਬਕਾਲੇ ਟਿਕੇ ਹੋਏ ਸਨ । ਮਾਤਾ ਸੁਲੱਖਣੀ ਜੀ ਨੇ ਗੁਰੂ ਗੱਦੀ ਸਾਮਾਨ ਤੇ ਪੋਥੀ ਸਾਹਿਬ ਦੀਵਾਨ ਦਰਗਾਹ ਮਲ , ਭਾਈ ਦਿਆਲਾ ਜੀ ਭਾਈ ਜੇਠਾ ਜੀ ਪਹਿਲਾਂ ਕੀਰਤਪੁਰ ਲੈ ਗਏ।ਉਥੇ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਨੂੰ ਲੈ ਕੇ ਬਕਾਲੇ ਵਲ ਚਲ ਪਏ ।
ਬਾਬਾ ਬਕਾਲੇ ਦੀ ਖਬਰ ਸੁਣ ਧੀਰ ਮਲ ਤੇ ਬਾਬਾ ਪ੍ਰਿਥੀ ਚੰਦ ਦਾ ਪੋਤਾ ਹਰਿ ਜੀ , ਮੀਣਾ ਆਦਿ ੨੨ ਪਾਖੰਡੀ ਨਾਲ ਲੈ ਲੋਕਾਂ ਨੂੰ ਗੁਮਰਾਹ ਕਰਨ ਲਈ ਆ ਗਏ।ਉਧਰੋਂ ਦਰਬਾਰੀ ਸਿੱਖ ਮਾਤਾ ਸੁਲੱਖਣੀ ਜੀ ਗੁਰ ਗੱਦੀ ਦੀਆਂ ਵਸਤੂਆਂ ਲੈ ਮਾਤਾ ਨਾਨਕੀ ਜੀ ਪਾਸ ਆ ਗਏ । ਉਧਰ ਮਾਤਾ ਸੁਲੱਖਣੀ ਜੀ ਨੇ ਸੁਨੇਹਾ ਭੇਜਿਆ ਸੀ ਬਜ਼ੁਰਗ ਦੁਆਰਕਾ ਦਾਸ ਭੱਲਾ ਤੇ ਅੰਮ੍ਰਿਤਸਰ ਤੋਂ ਪ੍ਰਸਿੱਧ ਗੁਰਮੁਖ ਭਾਈ ਗੜੀਆ ਜੀ ਵੀ ਆਣ ਪੁੱਜੇ । ਜਦੋਂ ਗੁਰਿਆਈ ਦੀਆਂ ਵਸਤੂਆਂ ਗੁਰੂ ਤੇਗ ਬਹਾਦਰ ਜੀ ਅੱਗੇ ਰੱਖੀਆਂ ਤਾਂ ਇਹ ਪ੍ਰਵਾਨ ਕਰਦਿਆਂ ਹੁਕਮ ਕੀਤਾ ਕਿ “ ਇਹ ( ਗੁਰ ਗੱਦੀ ) ਅਕਾਲ ਪੁਰਖ ਦੀ ਦਾਤ ਹੈ । ਇਸ ਦਾ ਢੰਡੋਰਾ ਪਿੱਟਣ ਦੀ ਲੋੜ ਨਹੀਂ ਹੈ । ਅਸੀਂ ਉਨ੍ਹਾਂ ੨੨ ਦੁਕਾਨਦਾਰਾਂ ਵਿੱਚ ਅਪਣੀ ਚਰਚਾ ਨਹੀਂ ਕਰਾਉਣੀ ਚਾਹੁੰਦੇ।ਨਾ ਹੀ ਕਿਸੇ ਨਾਲ ਵੈਰ ਵਿਰੋਧ ਲੈਣ ਦੀ ਲੋੜ ਹੈ । ਅਕਾਲ ਪੁਰਖ ਸੰਗਤ ਅੱਗੇ ਆਪਣੇ ਆਪ ਸਚਾਈ ਪ੍ਰਗਟ ਕਰੇਗਾ । ਹੁਣ ਅਕਾਲ ਪੁਰਖ ਨੇ ਭਾਈ ਮੱਖਣ ਸ਼ਾਹ ਨੂੰ ਗੁਰੂ ਜੀ ਨੂੰ ਪ੍ਰਗਟ ਕਰਨ ਲਈ ਭੇਜ ਦਿੱਤਾ । ਗੁਰੂ ਤੇਗ ਬਹਾਦਰ ਪ੍ਰਗਟ ਹੋ ਪਹਿਲਾਂ ਅੰਮ੍ਰਿਤਸਰ ਤਰਨਤਾਰਨ , ਖਡੂਰ ਸਾਹਿਬ ਗੋਇੰਦਵਾਲ ਤੇ ਕਰਤਾਰਪੁਰ ਹੁੰਦੇ ਸਿੱਖ ਜਗਤ ਨੂੰ ਤਾਰਦੇ ਕੀਰਤਪੁਰ ਜਾ ਪੁੱਜੇ । ਮਾਤਾ ਨਾਨਕੀ ਜੀ ਨੇ ਗੁਰੂ ਜੀ ਨੂੰ ਸਲਾਹ ਦਿੱਤੀ ਏਥੇ ਬਾਬੇ ਸੂਰਜ ਮਲ ਦੀ ਉਲਾਦ ਹੈ ਲੜਾਈ ਦਾ ਡਰ ਹੈ , ਕਿਤੇ ਅਗੇ ਚਲੀਏ । ਏਥੋਂ ਚੱਲ ਪੰਜ ਕੋਹ ਤੇ ਪਿੰਡ ਮਾਖੋਵਾਲ ਜਾ ਟਿੱਕੇ । ਏਥੇ ਥਾਂ ਮੁੱਲ ਲੈ ਕੇ ਉਸਾਰੀ ਸ਼ੁਰੂ ਕਰਾ ਦਿੱਤੀ । ਏਥੇ ਨਗਰ ਦੀ ਉਸਾਰੀ ਦੀ ਜ਼ਿਮੇਵਾਰੀ ਕੁਝ ਮੁਖ ਸਿੱਖਾਂ ਨੂੰ ਸੌਂਪ ਕੇ ਆਪ ਸਾਰੇ ਪ੍ਰਵਾਰ ਸਮੇਤ ਕੁਝ ਪ੍ਰਮੁੱਖ ਸਿੱਖਾਂ ਤੇ ਕਿਰਪਾਲ ਚੰਦ ਆਦਿ ਨੂੰ ਨਾਲ ਲੈ ਕੇ ਦੱਖਣ ਵਲ ਪ੍ਰਚਾਰ ਯਾਤਰਾ ਦਾ ਪ੍ਰੋਗਰਾਮ ਬਣਾ ਚਲ ਪਏ । ਰਾਹ ਵਿਚ ਸੰਗਤਾਂ ਨੂੰ ਤਾਰਦੇ ਦਿੱਲੀ , ਯੂ . ਪੀ . ਤੋਂ ਬਿਹਾਰ ਪਟਨਾ ਜਾ ਪੁੱਜੇ ਏਥੇ ਮਾਤਾ ਗੁਜਰੀ ਦੀ ਕੁੱਖ ਹਰੀ ਹੋਣ ਕਰਕੇ ਇਨ੍ਹਾਂ ਨੂੰ ਕਿਰਪਾਲ ਚੰਦ ਤੇ ਕੁਝ ਸਿੱਖਾਂ ਨੂੰ ਪਟਨੇ ਛਡ ਆਪ ਬੰਗਾਲ ਢਾਕਾ ਹੁੰਦੇ ਅਮਨ ਤੇ ਪਿਆਰ ਦਾ ਸੁਨੇਹਾ ਦੇਂਦੇ ਆਸਾਮ ਪੁੱਜ ਗਏ । ਪੋਹ ਸੁਦੀ ਸਤਵੀ ੧੭੨੩ ਬਿ . ਨੂੰ ਏਥੇ ਬਾਲ ਗੋਬਿੰਦ ਜੀ ਦਾ ਪ੍ਰਕਾਸ਼ ਹੋਇਆ । ਗੁਰੂ ਤੇਗ ਬਹਾਦਰ ਪੰਜ ਛੇ ਸਾਲ ਧਰਮ ਪ੍ਰਚਾਰ ਕਰਦੇ ਸੱਚ ਦਾ ਉਪਦੇਸ਼ ਦਿੰਦੇ ਰਹੇ ਇਧਰ ਪਟਨੇ ਵਿਚ ਬਾਲ ਗੋਬਿੰਦ ਰਾਇ ਜੀ ਦੀ ਪਾਲਣਾ ਆਪਦੀ ਦਾਦੀ ਮਾਤਾ ਨਾਨਕੀ ਜੀ ਦੀ ਛਤਰ ਛਾਇਆ ਹੇਠ ਹੁੰਦੀ ਰਹੀ । ਏਥੇ ਚੋਜ ਕਰ ਸੰਗਤਾਂ ਨੂੰ ਨਿਹਾਲ ਕਰਦੇ।ਉਧਰੋਂ ਗੁਰੂ ਜੀ ਹੋਰਾਂ ਨੂੰ ਚੱਕ ਨਾਨਕੀ ਆਉਣ ਲਈ ਸੰਦੇਸ਼ ਭੇਜਿਆ । ਉਧਰ ਆਪ ਆ ਪੁੱਜੇ । ਬਾਲਕ ਗੋਬਿੰਦ ਰਾਇ ਦੇ ਇੱਥੇ ਪੁਜਣ ਤੇ ਬਹੁਤ ਖੁਸ਼ੀਆਂ ਤੇ ਆਨੰਦ ਮਾਣੇ । ਦੀਪ ਮਾਲਾ ਕੀਤੀ ਗਈ । ਮਾਤਾ ਨਾਨਕੀ ਜੀ ਨੂੰ ਵਧਾਈਆਂ ਮਿਲਣ ਲਗੀਆਂ । ਬਾਲਕ ਗੋਬਿੰਦ ਰਾਇ ਦੇ ਨਾਨਕੀ ਚੱਕ ਆਉਣ ਦੀ ਖੁਸ਼ੀ ਵਿਚ ਇਸ ਚੱਕ ਨਾ ਬੱਦਲ ਕੇ ਆਨੰਦਪੁਰ ( ਖੁਸ਼ੀ ਦਾ ਘਰ ਰੱਖ ਦਿੱਤਾ ਗਿਆ |
ਗੁਰੂ ਤੇਗ ਬਹਾਦਰ ਜੀ ਨੇ ਬਚਪਨ ਵਿਚ ਹੀ ‘ ਗੋਬਿੰਦ ਰਾਇ ਜੀ ਨੂੰ ਭਾਂਤ ਭਾਂਤ ਦੇ ਸ਼ਾਸਤਰ ਦੇ ਸ਼ਸ਼ਤਰ ਦੀ ਵਿੱਦਿਆ ਤੇ ਸਿਖਿਆ ਦਾ ਪ੍ਰਬੰਧ ਕੀਤਾ । ਦੂਜੇ ਅਣਖ ਨਾਲ ਜੀਣਾ , ਧਰਮ ਦੀ ਆਜ਼ਾਦੀ ਨੂੰ ਬਚਾਈ ਰੱਖਣ , ਕਿਸੇ ਨੂੰ ਡਰਾਓ , ਨਾ ਕਿਸੇ ਤੋਂ ਡਰੋ ਦਾ ਉਪਦੇਸ਼ ਤੇ ਸਿਧਾਂਤ ਦਿਤਾ । ਮਾਤਾ ਨਾਨਕੀ ਜੀ ਨੇ ਜਿਹੜੇ ਗੁਣ ਨਿਰਭੈਅਤਾ , ਪਰਉਪਕਾਰ , ਦਯਾ ਤੇ ਦ੍ਰਿੜ ਵਿਸ਼ਵਾਸ਼ ਆਪਣੇ ਲਾਡਲੇ ਗੁਰੂ ਤੇਗ਼ ਬਹਾਦਰ ਵਿਚ ਭਰੇ ਸਨ ਉਹ ਸਾਰੇ ਗੁਣ ਬਾਲਕ ਗੋਬਿੰਦ ਰਾਇ ਵਿਚ ਆਪਣੇ ਆਪ ਆ ਗਏ । ਦਯਾ ਤੇ ਪਰਉਪਕਾਰ ਦੀ ਮੂਰਤ ਹੋਣ ਕਰਕੇ ਨੌਂ ਸਾਲ ਦੀ ਆਯੂ ਵਿਚ ਜ਼ਾਰ – ਜ਼ਾਰ ਰੋਦਿਆਂ ਬਾਹਮਣਾ ਨੂੰ ਵੇਖ ਆਪ ਨੇ ਯਤੀਮ ਹੋ ਜਾਣਾ ਕਬੂਲ ਕਰ ਲਿਆ ਤੇ ਇਨ੍ਹਾਂ ਦੇ ਧਰਮੀ ਤਿਲਕ ਤੇ ਜੰਝੂ ਬਦਲੇ ਆਪਣੇ ਪਿਤਾ ਦਾ ਬਲੀਦਾਨ ਦੇ ਦਿੱਤਾ ਤੇ ਮਾਤਾ ਨਾਨਕੀ ਜੀ ਨੇ ਬਿਰਧ ਅਵਸਥਾ ਵਿਚ ਆਪਣੇ ਹੱਥੀ ਆਪਣੀ ਅੱਖ ਦੇ ਤਾਰੇ ਨੂੰ ਧਰਮ ਰੱਖਿਆ ਲਈ ਤੋਰਿਆ । ਕਿੱਡਾ ਵੱਡਾ ਜਿਗਰਾ ਹੋਵੇਗਾ ਮਾਤਾ ਜੀ ਦਾ । ਜਦੋਂ ਗੁਰੂ ਜੀ ਦਾ ਸੀਸ ਦਿੱਲੀ ਤੋਂ ਜੈਤਾ ਜੀ ਕੀਰਤਪੁਰ ਸਾਹਿਬ ਲੈ ਕੇ ਆਏ ਤਾਂ ਓਥੋਂ ਇਹ ਸੀਸ ਦਾ ਮਾਤਮੀ ਜਲੂਸ ਅਨੰਦਪੁਰ ਸਾਹਿਬ ਆਇਆ ਤਾਂ ਮਾਤਾ ਨਾਨਕੀ ਜੀ ਤੇ ਨੌਂ ਸਾਲ ਦਾ ਮਰਦ ਅੰਗਮੜਾ ਇਸ ਜਲੂਸ ਦੀ ਅਗਵਾਈ ਕਰ ਰਹੇ ਸਨ । ਮਾਤਾ ਜੀ ਨੇ ਲੋਕਾਂ ਨੂੰ ਰੁਦਨ ਕਰਨ ਤੋਂ ਵਰਜ ਕੇ ਸ਼ਬਦ ਪੜਣ ਤੇ ਭਾਣੇ ਵਿਚ ਰਹਿਣ ਦਾ ਉਪਦੇਸ਼ ਦੇਂਦੇ ਰਹੇ । ਇਸ ਤਰ੍ਹਾਂ ਆਪਣੇ ਲਾਡਲੇ ਦੀ ਸ਼ਹੀਦੀ ਦੇ ਤਿੰਨ ਸਾਲ ਬਾਅਦ ਪ੍ਰਲੋਕ ਸਿਧਾਰ ਗਏ । ਆਪ ਜੀ ਦੀ ਆਯੂ ਉਸ ਵੇਲੇ ਅੱਸੀ ਸਾਲ ਦੇ ਲਾਗੇ ਸੀ । ਮਾਤਾ ਨਾਨਕੀ ਜੀ ਨੂੰ ਗੁਰੂ ਨੌਹ ਗੁਰੂ ਪਤਨੀ , ਗੁਰੂ ਮਾਤਾ ਤੇ ਗੁਰੂ ਦਾਦੀ ਹੋਣ ਦਾ ਮਾਣ ਮਿਲਿਆ ਫਿਰ ਸਾਰੇ ਹੀ ਚੜ੍ਹਦੇ ਤੋਂ ਚੜ੍ਹਦੇ ਸੂਰਮੇ ਤੇ ਨਿਰਭੈਤਾ ਅਤੇ ਕੁਰਬਾਨੀ ਦੇ ਪੁੰਜ । ਆਪ ਸਿੱਖੀ ਸੰਘਰਸ਼ ਤੇ ਸੰਕਟ ਵਿਚ ਦੀ ਵਿਚਰਦੇ ਵੀ ਪ੍ਰਵਾਰਿਕ ਧੰਦੇ ਬੜੇ ਸੁਚੱਜੇ ਤੇ ਪਿਆਰ ਪੂਰਵਕ ਢੰਗ ਨਾਲ ਨਿਭਾਉਂਦੇ ਰਹੇ । ਸਿੱਖ ਧਰਮ ਨੂੰ ਫੈਲਾਣ , ਸਿੱਖ ਲਹਿਰ ਨੂੰ ਪ੍ਰਚੰਡ ਕਰਨ ਤੇ ਪੁੱਤ – ਪੋਤਰੇ ਦੀ ਪ੍ਰਤਿਭਾ ਨੂੰ ਸਵਾਰਨ ਘੜਣ ਵਿਚ ਕਾਫੀ ਯੋਗ ਦਾਨ ਪਾਇਆ । ਮਾਤਾ ਜੀ ਸਿੱਖ ਧਰਮ ਨੂੰ ਸੰਭਾਲਣ ਤੇ ਨਿਡਰ ਹੋ ਕੇ ਭਾਰਤੀ ਧਰਮ ਦੀ ਆਜਾਦੀ ਦੀ ਰਖਿਆ ਕਰਨ ਹਿਤ ਆਪਣੇ ਪੁੱਤ , ਪੋਤਰੇ ਤੇ ਸਿੱਖਾਂ ਨੂੰ ਪ੍ਰੇਰਦੇ ਰਹੇ । ਮਾਤਾ ਨਾਨਕੀ ਜੀ ਦਾ ਆਦਰਸ਼ਕ ਜੀਵਨ ਸਿੱਖ ਇਤਿਹਾਸ ਨੂੰ ਘੜਣ , ਸੇਵਾ , ਸਿਮਰਨ , ਭਗਤੀ ਸਾਧਣਾ ਭਰਭੂਰ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ ।
☬ ਭੁੱਲ ਚੁੱਕ ਦੀ ਮੁਆਫੀ ☬
ਦਾਸ ਜੋਰਾਵਰ ਸਿੰਘ ਤਰਸਿੱਕਾ ।


Related Posts

2 thoughts on “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਵਾਲਾਤ ਵਿਚ ਬੰਦ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top