ਛੋਟਾ ਘੱਲੂਘਾਰਾ – ਜਰੂਰ ਪੜ੍ਹਿਓ

ਗੁਰੂ ਨਾਨਕ ਨਾਮ ਲੇਵਾ ਸਿੱਖ, ਬੀਬੀਆਂ, ਬੱਚੇ, ਇਹ ਪੋਸਟ ਇਕ ਵਾਰ ਜਰੂਰ ਸਾਰੇ ਪੜਿਓ।
ਸੂਬੇਦਾਰ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ। ਲਖਪਤ ਰਾਏ ਇਸ ਦਾ ਦੀਵਾਨ ਸੀ। ਦੀਵਾਨ ਲਖਪਤ ਰਾਏ ਅਤੇ ਇਸ ਦੇ ਭਰਾ ਜਸਪਤ ਰਾਏ ਨੇ ਸਿੱਖਾਂ ਨੂੰ ਮੂਲੋਂ ਹੀ ਖਤਮ ਕਰਨ ਦੀ ਠਾਣ ਲਈ ਹੋਈ ਸੀ।
ਇਕ ਝੜਪ ਵਿਚ ਜਸਪਤ ਰਾਏ ਸਿੱਖਾਂ ਹੱਥੋਂ ਮਾਰਿਆ ਗਿਆ। ਦੀਵਾਨ ਲਖਪਤ ਰਾਏ ਨੇ ਬਦਲਾ ਲੈਣ ਲਈ 10 ਮਾਰਚ, 1746 ਈ: ਨੂੰ ਲਾਹੌਰ ਵਿੱਚ ਵੱਸਦੇ ਸਿੱਖਾਂ ਨੂੰ ਕਤਲ ਕਰਨ ਦਾ ਮਨ ਬਣਾ ਲਿਆ।
ਕੌੜਾ ਮੱਲ ਨੇ ਪਤਵੰਤੇ ਸ਼ਹਿਰੀਆਂ ਨੂੰ ਨਾਲ ਲੈ ਕੇ ਲਖਪਤ ਰਾਏ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਇਸ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਵਾ ਦਿੱਤਾ। ਉਸ ਪਿਛੋਂ, 16 ਮਈ 1746 ਈ: ਨੂੰ, ਫੌਜ ਇਕੱਠੀ ਕਰ ਕੇ ਇਹ ਜੰਗਲਾਂ ਵਿਚ ਲੁਕੇ ਸਿੰਘਾਂ ਦੀ ਭਾਲ ਵਿੱਚ ਨਿਕਲ ਪਿਆ। ਕਾਹਨੂੰਵਾਨ ਦੇ ਛੰਭ ਵਿਚ ਸੱਤ ਹਜ਼ਾਰ ਦੇ ਕਰੀਬ ਸਿੰਘਾਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਤਿੰਨ ਹਜ਼ਾਰ ਦੇ ਲੱਗਭਗ ਸਿੰਘ ਗ੍ਰਿਫ਼ਤਾਰ ਕਰ ਕੇ ਕਤਲ ਕਰ ਦਿੱਤੇ ਗਏ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ, ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਵਨਾਸ਼। ਸਿੱਖ ਕੌਮ ਹਮੇਸ਼ਾ ਤੋਂ ਜ਼ੁਲਮ ਖਿਲਾਫ ਲੜਦੀ ਰਹੀ ਹੈ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ ਸਵੀਕਾਰ ਕਰਨ ਕਰਕੇ ਸਮੇਂ-ਸਮੇਂ ਸਿਰ ਸਿੱਖਾਂ ਨੂੰ ਭਿਆਨਕ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ।
ਲਖਪਤ ਰਾਏ ਦੇ ਇਸ ਸ਼ਰਮਨਾਕ ਕਾਰੇ ਤੋਂ ਨਿਰਾਸ਼ ਹੋ ਕੇ ਕੌੜਾ ਮੱਲ ਮੁਲਤਾਨ ਚਲਾ ਗਿਆ।
ਲਖਪਤ ਰਾਏ ਦੀ ਇਸ ਦਰਿੰਦਗੀ ਦੀ ਖ਼ਬਰ ਜਦ ਨਵਾਬ ਕਪੂਰ ਸਿੰਘ ਨੂੰ ਲੱਗੀ ਤਾਂ ਉਸ ਨੇ ਸਿਰਕੱਢ ਸਿੱਖ ਆਗੂਆਂ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸੁਨੇਹੇ ਭੇਜ ਕੇ ਗੁਰਦਾਸ ਪੁਰ ਜ਼ਿਲ੍ਹੇ ਦੀ ਕਾਹਨੂੰਵਾਨ ਛੰਭ ਜੋ ਮੁਕੇਰੀਆਂ ਨੂੰ ਜਾਂਦੀ ਸੜਕ ’ਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤੋਂ ਸੱਜੇ ਪਾਸੇ 4 ਕਿਲੋਮੀਟਰ ’ਤੇ ਸਥਿੱਤ ਹੈ, ਵਿਖੇ ਇਕੱਠੇ ਹੋਣ ਦੇ ਸੰਦੇਸ਼ੇ ਭੇਜੇ। ਸ. ਜੱਸਾ ਸਿੰਘ ਆਹਲੂਵਾਲੀਆ ਵੀ ਇਸ ਇਕੱਠ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਆਉਣ ਵਾਲ਼ੇ ਸਮੇਂ ਵਿੱਚ ਮਹਾਨ ਜਰਨੈਲ ਦੇ ਰੂਪ ਵਿੱਚ ਸਿੱਖ ਕੌਮ ਦੀ ਸੇਵਾ ਕੀਤੀ। ਇਸ ਗੱਲ ਦੇ ਪ੍ਰਮਾਣ ਰਤਨ ਸਿੰਘ ਭੰਗੂ ਰਚਿਤ ‘ਪੰਥ ਪ੍ਰਕਾਸ਼’ ਵਿੱਚ ਮਿਲਦੇ ਹਨ। ਇਸ ਛੰਭ ਵਿੱਚ ਕੋਈ 15000 ਸਿੱਖ ਇਕੱਠੇ ਹੋ ਗਏ। ਕਈ ਇਤਿਹਾਸਕਾਰਾਂ ਨੇ ਇਹ ਗਿਣਤੀ 25000 ਹਜ਼ਾਰ ਵੀ ਲਿਖੀ ਹੈ।
ਸੂਹ ਮਿਲਣ ’ਤੇ ਜ਼ਕਰੀਆ ਖਾਂ ਦਾ ਪੁੱਤਰ ਯਹੀਆ ਖਾਂ ਤੇ ਲਖਪਤ ਰਾਏ ਗੋਲ਼ੇ ਬਾਰੂਦ ਨਾਲ ਲੈਸ ਆਪਣੀ ਭਾਰੀ ਫੌਜ ਲੈ ਕੇ ਹਮਲਾ ਕਰਨ ਲਈ ਆਣ ਪਹੁੰਚੇ। ਤੋਪਾਂ ਬੀੜ ਕੇ ਅੱਗ ਦੇ ਗੋਲ਼ੇ ਸਿੱਖਾਂ ਉੱਪਰ ਬਰਸਾਏ ਗਏ। ਸਿੰਘ ਰਾਤ ਸਮੇਂ ਹਨ੍ਹੇਰੇ ਦਾ ਫ਼ਾਇਦਾ ਉੱਠਾ ਕੇ ਲਖਪਤ ਰਾਏ ਦੀਆਂ ਫ਼ੌਜਾਂ ਦਾ ਰਾਸ਼ਨ ਪਾਣੀ ਚੁੱਕ ਕੇ ਫਿਰ ਛੰਭ ਵਿੱਚ ਵੜ ਜਾਂਦੇ ਤੇ ਅਗਲੇ ਦਿਨ ਦੇ ਹਮਲੇ ਲਈ ਤਿਆਰ ਹੋ ਜਾਂਦੇ। ਭੁੱਖਣ ਭਾਣੇ ਸਿੰਘ ਕਾਫ਼ੀ ਸਮੇਂ ਤੱਕ ਇਸੇ ਤਰ੍ਹਾਂ ਲੜਦੇ ਰਹੇ। ਜਦੋਂ ਇਸ ਗੱਲ ਦਾ ਪਤਾ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗਿਆ ਤਾਂ ਉਸ ਨੇ ਘੋੜਿਆਂ, ਖੱਚਰਾਂ ’ਤੇ ਰਾਸ਼ਨ ਲੱਦ ਕੇ ਜੰਮੂ ਕਸ਼ਮੀਰ ਭੇਜਣ ਦੇ ਬਹਾਨੇ ਨਾਲ ਉਸੇ ਰਸਤੇ ਭੇਜ ਦਿੱਤਾ ਤੇ ਉਧਰ ਆਪਣੇ ਗੁਪਤ ਚਰ ਰਾਹੀਂ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਇਸ ਰਸਤਿਓਂ ਲੰਘੇ ਤਾਂ ਲੁੱਟ ਲਿਆ ਜਾਵੇ। ਸਿੰਘਾਂ ਨੇ ਇਸੇ ਤਰ੍ਹਾਂ ਕੀਤਾ। ਕੌੜਾ ਮੱਲ ਦੀ ਇਸ ਹਮਦਰਦੀ ਕਰਕੇ ਇਤਿਹਾਸ ਕੌੜਾ ਮੱਲ ਨੂੰ ਮਿੱਠਾ ਮੱਲ ਕਹਿ ਕੇ ਯਾਦ ਕਰਦਾ ਹੈ। ਇਹ ਲੜਾਈ ਕਾਫ਼ੀ ਲੰਮੀ (ਲਗਭਗ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ) ਚੱਲੀ। ਇੰਨੀ ਲੰਬੀ ਲੜਾਈ ਚੱਲਣ ਕਰਕੇ ਸਿੰਘਾਂ ਦਾ ਕੌੜਾ ਮੱਲ ਵੱਲੋਂ ਭੇਜਿਆ ਹੋਇਆ ਰਾਸ਼ਨ ਪਾਣੀ ਵੀ ਖਤਮ ਹੋ ਗਿਆ। ਗੋਲ਼ੀ ਸਿੱਕਾ ਖ਼ਤਮ ਹੋ ਗਿਆ, ਲੜਦੇ-ਲੜਦੇ ਹਥਿਆਰ ਵੀ ਖੁੰਡੇ ਹੋ ਗਏ।
ਲਖਪਤ ਰਾਏ ਦਾ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ। ਲਖਪਤ ਰਾਏ ਆਪਣੀ ਹਾਰ ਨੂੰ ਵੇਖ ਕੇ ਘਟੀਆ ਤੌਰ-ਤਰੀਕਿਆਂ ’ਤੇ ਉਤਰ ਆਇਆ। ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ। ਇਕ ਜੇਠ-ਹਾੜ੍ਹ ਦੀ ਅੱਤ ਦੀ ਗਰਮੀ, ਦੂਜਾ ਜੰਗਲ ਦੀ ਅੱਗ, ਤੀਜਾ ਉੱਚੇ ਪਹਾੜ ’ਤੇ ਵਿਰੋਧੀ ਪਹਾੜੀ ਰਾਜੇ ਅਤੇ ਚੌਥਾ ਚੜ੍ਹਦੇ ਪਾਸੇ ਸ਼ੂਕਦਾ ਬਿਆਸ ਦਰਿਆ। ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰਕੇ ਮੈਦਾਨੇ-ਜੰਗ ’ਚ ਦੁਸ਼ਮਣ ਨਾਲ ਜੂਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕਰ ਲਿਆ ਤੇ ਸਿੰਘ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ ਜੂਝ ਪਏ। ਲੜਾਈ ਸ਼ੁਰੂ ਹੋ ਗਈ ਕਈ ਸਿੱਖ ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ। ਇਹਨਾਂ ਵਿੱਚੋਂ ਇੱਕ ਜੱਥੇ ਦੇ ਮੋਢੀ ਸੁੱਖਾ ਸਿੰਘ ਨੇ ਮੁਗਲ ਫ਼ੌਜ ਦੇ ਚੰਗੇ ਆਹੂ ਲਾਹੇ ਤੇ ਆਪ ਵੀ ਜ਼ਖਮੀ ਹੋ ਗਿਆ। ਜੱਦੋ ਜਹਿਦ ਕਰਦਿਆਂ ਸਿੱਖ ਦਰਿਆ ਵਿੱਚ ਠਿੱਲ ਪਏ। ਕਈ ਰੁੜ੍ਹ ਗਏ, ਕਈ ਬਚ ਕੇ ਪਹਾੜਾਂ ਵੱਲ ਚਲੇ ਗਏ ਤੇ ਕਈ ਕੀਰਤਪੁਰ ਸਾਹਿਬ ਵੱਲ ਚਲੇ ਗਏ। ਕਈ ਮੁਗਲਾਂ ਨੇ ਕੈਦ ਕਰ ਲਏ।
ਯਹੀਆ ਖ਼ਾਨ ਦਾ ਛੋਟਾ ਭਰਾ ਸ਼ਾਹ ਨਿਵਾਜ਼ ਖਾਂ ਸੀ। ਦੋਵੇਂ ਸੂਬੇਦਾਰ ਭਰਾਵਾਂ ਵਿਚ ਅੰਦਰੋ-ਅੰਦਰੀ ਸੰਘਰਸ਼ ਚੱਲਿਆ ਆ ਰਿਹਾ ਸੀ।
11 ਜਨਵਰੀ 1748 ਈ: ਨੂੰ ਅਹਿਮਦ ਸ਼ਾਹ ਦੁਰਾਨੀ ਨੇ ਲਾਹੌਰ ਉੱਪਰ ਕਬਜ਼ਾ ਕਰ ਲਿਆ, ਪਰ ਜਲਦੀ ਹੀ ਸਰਹਿੰਦ ਨੇੜੇ ਹਾਰ ਖਾ ਕੇ ਵਾਪਸ ਆਪਣੇ ਮੁਲਕ ਚਲਾ ਗਿਆ।
ਦਿੱਲੀ ਦੀ ਮੁਗ਼ਲ ਸਰਕਾਰ ਨੇ ਇਸ ਸਮੇਂ ਮੀਰ ਮਨੂੰ ਨੂੰ ਲਾਹੌਰ ਦਾ ਸੂਬੇਦਾਰ ਬਣਾਉਣ ਦੀ ਸੋਚੀ।ਮੀਰ ਮਨੂੰ ਮੁਗ਼ਲ ਸ਼ਹਿਨਸ਼ਾਹ ਦੇ ਵਜ਼ੀਰ ਕਮਰ-ਉ-ਦੀਨ ਦਾ ਪੁੱਤਰ ਸੀ। 11 ਅਪ੍ਰੈਲ 1748 ਈ: ਨੂੰ ਮੀਰ ਮਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਗਿਆ ਅਤੇ ਲਖਪਤ ਰਾਏ ਇਸ ਦਾ ਦੀਵਾਨ ਬਣਿਆ।
ਦੀਵਾਨ ਲਖਪਤ ਰਾਏ ਵੀ ਲਾਹੌਰ ਦਾ ਸੂਬੇਦਾਰ ਬਣਨਾ ਚਾਹੁੰਦਾ ਸੀ। ਉਸ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਅੰਦਰ ਖਾਤੇ ਗੱਠਜੋੜ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਗੱਲ ਦਾ ਪਤਾ ਮੀਰ ਮਨੂੰ ਨੂੰ ਲੱਗਾ ਤਾਂ ਉਸ ਨੇ ਲਖਪਤ ਰਾਏ ਨੂੰ ਹਟਾ ਕੇ ਕੌੜਾ ਮੱਲ ਨੂੰ ਆਪਣਾ ਦੀਵਾਨ ਨਿਯੁਕਤ ਕਰ ਲਿਆ।
ਦੀਵਾਨ ਕੌੜਾ ਮੱਲ ਸਿੱਖਾਂ ਦਾ ਵੀ ਹਿਤੈਸ਼ੀ ਸੀ ਅਤੇ ਗੁਰੂ-ਘਰ ਪ੍ਰਤੀ ਸ਼ਰਧਾ ਵੀ ਰੱਖਦਾ ਸੀ। ਇਸ ਨੇ ਪਹਿਲਾਂ ਵੀ ਕਈ ਵਾਰ ਅੰਦਰ ਖਾਤੇ ਸਿੱਖਾਂ ਦੀ ਮਦਦ ਕੀਤੀ ਸੀ।
ਅਕਤੂਬਰ 1748 ਈ: ਨੂੰ ਸਿੰਘਾਂ ਦੇ ਜਥੇ ਸ੍ਰੀ ਅੰਮ੍ਰਿਤਸਰ ਵਿਖੇ ਦੀਵਾਲੀ ’ਤੇ ਇਕੱਠੇ ਹੋਏ। ਮੀਰ ਮਨੂੰ ਨੇ ਸਿੱਖਾਂ ਨੂੰ ਖਤਮ ਕਰਨ ਦਾ ਇਹ ਸੁਨਹਿਰੀ ਮੌਕਾ ਜਾਣ ਕੇ ਭਾਰੀ ਫੌਜਾਂ ਲੈ ਕੇ ਸ੍ਰੀ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ। ਪੰਜ ਸੌ ਦੇ ਲੱਗਭਗ ਸਿੰਘ ਸ੍ਰੀ ਦਰਬਾਰ ਸਾਹਿਬ ਨੇੜੇ ਰਾਮਰੌਣੀ ਦੀ ਕੱਚੀ ਗੜ੍ਹੀ ਵਿਚ ਜਾ ਕੇ ਦੁਸ਼ਮਣ ਦੇ ਮੁਕਾਬਲੇ ਲਈ ਡਟ ਗਏ। ਮੀਰ ਮਨੂੰ ਨੇ ਰਾਮਰੋਣੀ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ। ਦੋ ਮਹੀਨੇ ਦੇ ਲੱਗਭਗ ਘੇਰਾ ਰਿਹਾ ਤਾਂ ਗੜ੍ਹੀ ਅੰਦਰੋਂ ਦਾਣਾ ਪੱਠਾ ਖਤਮ ਹੋਣਾ ਸ਼ੁਰੂ ਹੋ ਗਿਆ। ਸਿੰਘ ਅਤੇ ਘੋੜੇ ਭੁੱਖ ਅਤੇ ਫੌਜਾਂ ਦਾ ਮੁਕਾਬਲਾ ਕਰਦੇ ਸ਼ਹੀਦ ਹੋਣ ਲੱਗੇ। ਦੋ ਮਹੀਨੇ ਦੀ ਲੜਾਈ ਵਿਚ ਦੋ ਸੌ ਦੇ ਲੱਗਭਗ ਸਿੰਘ ਸ਼ਹੀਦ ਹੋ ਗਏ। ਬਾਕੀ ਦੇ ਤਿੰਨ ਸੌ ਦੇ ਸਿੰਘਾਂ ਨੇ ਵੈਰੀ ਨਾਲ ਮੁਕਾਬਲਾ ਕਰ ਕੇ ਸ਼ਹੀਦ ਹੋਣ ਦਾ ਮਤਾ ਪਕਾ ਲਿਆ।
ਦੀਵਾਨ ਕੌੜਾ ਮੱਲ ਚਾਹੁੰਦਾ ਸੀ ਕਿ ਗੜ੍ਹੀ ਵਿਚ ਘਿਰੇ ਸਿੰਘ ਕਿਸੇ ਨਾ ਕਿਸੇ ਤਰ੍ਹਾਂ ਬਚ ਜਾਣ। ਇਸੇ ਵੇਲੇ ਖ਼ਬਰ ਆਈ ਕਿ ਅਹਿਮਦ ਸ਼ਾਹ ਅਬਦਾਲੀ ਫਿਰ ਤੋਂ ਭਾਰਤ ’ਤੇ ਹਮਲਾ ਕਰਨ ਲਈ ਮਾਰੋ-ਮਾਰ ਕਰਦਾ ਆ ਰਿਹਾ ਹੈ।
ਇਸ ਦੇ ਨਾਲ ਹੀ ਦਿੱਲੀ ਤੋਂ ਖ਼ਬਰ ਆ ਗਈ ਕਿ ਵਜ਼ੀਰ ਸਫ਼ਦਰ ਜੰਗ, ਸ਼ਾਹ ਨਿਵਾਜ਼ ਨੂੰ ਮੁਲਤਾਨ ਦਾ ਗਵਰਨਰ ਬਣਾ ਕੇ ਭੇਜਿਆ ਜਾ ਰਿਹਾ ਹੈ। ਦੀਵਾਨ ਕੌੜਾ ਮੱਲ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਮੀਰ ਮਨੂੰ ਨੂੰ ਸਲਾਹ ਦਿੱਤੀ ਕਿ ਸਿੰਘਾਂ ਨਾਲ ਸੁਲਹਾ ਕਰ ਲਈ ਜਾਵੇ ਤਾਂ ਜੋ ਆਉਣ ਵਾਲੀਆਂ ਔਕੜਾਂ ਵਿੱਚ ਇਨ੍ਹਾਂ ਦੀ ਮਦਦ ਲਈ ਜਾ ਸਕੇ।
ਮੀਰ ਮਨੂੰ ਨੇ ਸਲਾਹ ਮੰਨ ਕੇ ਰਾਮਰੌਣੀ ਦਾ ਘੇਰਾ ਉਠਾ ਲਿਆ ਅਤੇ ਸਿੰਘਾਂ ਨੂੰ ਪਰਗਣਾ ਪੱਟੀ ਦੇ ਮਾਮਲੇ ਵਿੱਚੋਂ ਅੱਧਾ ਜਾਗੀਰ ਵਜੋਂ ਦੇਣਾ ਮੰਨ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਪੁਰਾਣੇ ਬਾਰ੍ਹਾਂ ਪਿੰਡਾਂ ਦਾ ਜ਼ਬਤ ਹੋਇਆ ਮਾਮਲਾ ਵੀ ਬਹਾਲ ਕਰ ਦਿੱਤਾ। ਸਿੰਘਾਂ ਨੇ ਛੋਟੇ ਘੱਲੂਘਾਰੇ ਦੇ ਦੋਸ਼ੀ ਦੀਵਾਨ ਲਖਪਤ ਰਾਏ ਦੀ ਮੰਗ ਕੀਤੀ ਤਾਂ ਦੀਵਾਨ ਕੌੜਾ ਮੱਲ ਨੇ ਲਖਪਤ ਰਾਏ ਨੂੰ ਸਿੰਘਾਂ ਦੇ ਹਵਾਲੇ ਕਰ ਦਿੱਤਾ। ਸਿੰਘਾਂ ਨੇ ਲਖਪਤ ਰਾਏ ਨੂੰ ਕੁੰਭੀ ਨਰਕ* ਦੀ ਸਜ਼ਾ ਦਿੱਤੀ। ਇਸ ਤਰ੍ਹਾਂ ਦਾ ਨਰਕ ਭੋਗਦਾ ਹੋਇਆ ਦੀਵਾਨ ਲਖਪਤ ਰਾਏ ਨਰਕਾਂ ਨੂੰ ਰਵਾਨਾ ਹੋ ਗਿਆ। ਇਸ ਘਟਨਾ ਦਾ ਜ਼ਿਕਰ ਕਰਦਿਆਂ ਸ. ਰਤਨ ਸਿੰਘ ਭੰਗੂ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ:
ਚੌਪਈ:-
ਤੂੰ ਨਹਿਂ ਟਲਿਓਂ ਉਸ ਦਿਨ ਮਾਰੇ, ਤੈਂ ਯੌਂ ਕੀਨੇ ਬਹੁਤ ਅਖਾਰੇ।
ਐਸੀ ਐਸੀ ਔਰ ਸੁਨਾਈ, ਉਨ ਸਿੰਘਨ ਸਯੋਂ ਜੈਸੀ ਕਮਾਈ।
ਘੱਲੂਘਾਰੋ ਜੈਸ ਕਰਾਯੋ, ਬੈਠੇ ਗਰੀਬ ਸਿਖ ਘਰੋਂ ਮ੍ਰਵਾਯੋ।
ਗੁਰ ਕੋ ਨਾਮ ਤੈ ਕਹਣ ਹਟਾਯੋ, ਪੋਥੀ ਗ੍ਰੰਥ ਤੈਂ ਖੂਹ ਡੁਬਾਯੋ।
ਕੁੰਭੀ ਨਰਕ ਦੀ ਸਜ਼ਾ ਅਨੁਸਾਰ ਦੋਸ਼ੀ ਨੂੰ ਇਕ ਛੋਟੇ ਜਿਹੇ ਕਮਰੇ ਵਿਚ ਬੰਦ ਕਰ ਦਿੱਤਾ ਜਾਂਦਾ ਸੀ ਅਤੇ ਛੱਤ ਵਿਚ ਛੋਟਾ ਜਿਹਾ ਸੁਰਾਖ ਕਰ ਕੇ ਲੋਕਾਂ ਨੂੰ ਹੁਕਮ ਦੇ ਦਿੱਤਾ ਜਾਂਦਾ ਸੀ ਕਿ ਉਹ ਜੰਗਲ-ਪਾਣੀ ਉਸ ਸੁਰਾਖ ’ਚ ਹੀ ਕਰਨ।
ਯੌ ਕਹਿ ਦੀਨੀ ਮੁਸ਼ਕਨ ਚੜ੍ਹਾਇ, ਸਿਹਤ ਖਾਨੇ ਮੈਂ ਦਯੋ ਗਿਰਾਇ।
ਸਿੱਖਨ ਤੇ ਤਿਸ ਸੀਸ ਹਗਾਯੋ, ਔਰ ਲੋਕਨ ਤੇ ਸੀਸ ਮੁਤਾਯੋ।
ਮਈ 1749 ਈ: ਵਿਚ ਸ਼ਾਹ ਨਿਵਾਜ਼ ਨੇ ਮੁਲਤਾਨ ’ਤੇ ਕਬਜ਼ਾ ਕਰ ਲਿਆ। ਮੀਰ ਮਨੂੰ ਨੇ ਦੀਵਾਨ ਕੌੜਾ ਮੱਲ ਰਾਹੀਂ ਸਿੰਘਾਂ ਦੀ ਮਦਦ ਹਾਸਲ ਕਰ ਕੇ ਮੁਲਤਾਨ ’ਤੇ ਹਮਲਾ ਬੋਲ ਦਿੱਤਾ। 10 ਹਜ਼ਾਰ ਸਿੰਘਾਂ ਨਾਲ ਦੀਵਾਨ ਕੌੜਾ ਮੱਲ ਮੁਲਤਾਨ ਫਤਿਹ ਕਰਨ ਲਈ ਗਿਆ। ਇਸ ਲੜਾਈ ਵਿੱਚ ਸਿੰਘਾਂ ਹੱਥੋਂ ਸ਼ਾਹ ਨਿਵਾਜ਼ ਮਾਰਿਆ ਗਿਆ। ਜਿਤਨੀ ਦੇਰ ਦੀਵਾਨ ਕੌੜਾ ਮੱਲ ਜ਼ਿੰਦਾ ਰਿਹਾ ਉਤਨੀ ਦੇਰ ਸਿੰਘ ਮੁਗ਼ਲਾਂ ਦੀ ਕਰੋਪੀ ਤੋਂ ਬਚੇ ਰਹੇ।
ਇਕ ਦਿਨ ਇਕ ਜਨੂੰਨੀ ਮੁਗ਼ਲ ਕਸੂਰ ਦੇ ਵਜੀਦ ਖ਼ਾਨ ਨੇ ਦੀਵਾਨ ਕੌੜਾ ਮੱਲ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਤੋਂ ਬਾਅਦ ਸਿੱਖਾਂ ’ਤੇ ਮੀਰ ਮਨੂੰ ਦਾ ਕਹਿਰ ਫਿਰ ਤੋਂ ਸ਼ੁਰੂ ਹੋ ਗਿਆ। ਮਾਝੇ, ਮਾਲਵੇ ਅਤੇ ਪਹਾੜੀ ਇਲਾਕਿਆਂ ਵਿਚ ਫਿਰ ਤੋਂ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ। ਜੇਕਰ ਕੋਈ ਸਿੰਘ ਫੜ੍ਹਿਆ ਜਾਂਦਾ ਤਾਂ ਇਕ ਹੀ ਸ਼ਰਤ ਹੁੰਦੀ ਸੀ ਇਸਲਾਮ ਧਾਰਨ ਜਾਂ ਮੌਤ।
ਸਮਕਾਲੀ ਇਤਿਹਾਸਕਾਰਾਂ ਅਨੁਸਾਰ ਸਿੰਘਾਂ ਨੇ ਤਰ੍ਹਾਂ-ਤਰ੍ਹਾਂ ਦੇ ਤਸੀਹੇ ਝੱਲਦਿਆਂ ਆਪਣੇ ਧਰਮ ਨੂੰ ਕਾਇਮ ਰੱਖਿਆ। ਜਿਉਂ-ਜਿਉਂ ਮੀਰ ਮਨੂੰ ਦੀ ਸਖਤੀ ਵਧਦੀ ਜਾਂਦੀ ਸੀ, ਉਸ ਨਾਲ ਸਿੰਘਾਂ ਦਾ ਜੋਸ਼ ਹੋਰ ਵੀ ਵਧਦਾ ਜਾਂਦਾ ਸੀ। ਉਸ ਸਮੇਂ ਸਿੱਖਾਂ ਵਿਚ ਇਹ ਕਹਾਵਤ ਸ਼ੁਰੂ ਹੋ ਗਈ ਕਿ:-
ਮਨੂੰ ਆਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ।
ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਣੇ ਚੌਣੇ ਹੋਏ।
ਸਿੱਖਾਂ ਦੇ ਸਿਰਾਂ ਦੇ ਮੁੱਲ ਗਸ਼ਤੀ ਫੌਜਾਂ ਵੱਲੋਂ ਮਾਰ-ਧਾੜ ਇਹ ਨਿੱਤ ਦਾ ਕਰਮ ਹੋ ਗਿਆ ਸੀ। ਜਦੋਂ ਮੀਰ ਮਨੂੰ ਨੇ ਦੇਖਿਆ ਕਿ ਸਿੱਖਾਂ ਦਾ ਮੁਕਾਬਲਾ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਤਾਂ ਉਸ ਨੇ ਮਨ ਵਿਚ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਸੋਚੀ। ਇਸ ਕਾਰਜ ਲਈ ਉਸ ਨੇ ਸਿੱਖਾਂ ਦੀ ਪਨੀਰੀ ਤਕ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਈਆਂ। ਜਦੋਂ ਇਸ ਨੂੰ ਮਾਲੂਮ ਹੋਇਆ ਕਿ ਸਿੱਖ ਬੀਬੀਆਂ ਤਾਂ ਜਨਮ ਤੋਂ ਹੀ ਬੱਚਿਆਂ ਨੂੰ ਧਰਮ ’ਤੇ ਕੁਰਬਾਨ ਹੋਣ ਦੀ ਸਿੱਖਿਆ ਲੋਰੀਆਂ ਦੇ ਰੂਪ ਵਿਚ ਹੀ ਦੇਣੀ ਸ਼ੁਰੂ ਕਰ ਦਿੰਦੀਆਂ ਹਨ ਤਾਂ ਉਹ ਬਹੁਤ ਪ੍ਰੇਸ਼ਾਨ ਹੋਇਆ। ਮੀਰ ਮਨੂੰ ਨੇ ਪਿੰਡ-ਪਿੰਡ ਹੁਕਮ ਭੇਜ ਦਿੱਤੇ ਕਿ ਜਿਸ ਇਸਤਰੀ ਉੱਪਰ ਵੀ ਸਿੱਖ ਹੋਣ ਦਾ ਸ਼ੱਕ ਹੋਵੇ ਉਸ ਨੂੰ ਫੜ੍ਹ ਕੇ ਲਾਹੌਰ ਭੇਜ ਦਿੱਤਾ ਜਾਵੇ ਅਤੇ ਸਿੱਖ ਬੱਚਿਆਂ ਨੂੰ ਭਾਵੇਂ ਉਹ ਦੁੱਧ ਪੀਂਦੇ ਹੀ ਕਿਉਂ ਨਾ ਹੋਣ ਕਤਲ ਕਰਨ ਤੋਂ ਸੰਕੋਚ ਨਾ ਕੀਤਾ ਜਾਵੇ।
ਮੀਰ ਮਨੂੰ ਦਾ ਹੁਕਮ ਪਹੁੰਚਦਿਆਂ ਹੀ ਪੰਜਾਬ ਦੇ ਪਿੰਡਾਂ ਵਿੱਚ ਸਿੱਖਾਂ ਦਾ ਸ਼ਰ-ਏ-ਆਮ ਕਤਲ-ਏ-ਆਮ ਸ਼ੁਰੂ ਹੋ ਗਿਆ। ਇਸ ਨੇ ਆਪਣੇ ਨਾਇਬ ਮੋਮਨ ਖਾਂ ਨੂੰ ਆਦੇਸ਼ ਜਾਰੀ ਕੀਤੇ ਕਿ ਸਿੱਖਾਂ ਦੇ ਬੱਚੇ ਅਤੇ ਇਸਤਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਲਿਆਂਦਾ ਜਾਵੇ ਤਾਂ ਕਿ ਇਨ੍ਹਾਂ ਦੇ ਘਰ ਬੱਚਾ ਹੀ ਪੈਦਾ ਨਾ ਹੋ ਸਕੇ। ਗਸ਼ਤੀ ਫੌਜਾਂ ਪਿੰਡ-ਪਿੰਡ ਗਸ਼ਤ ਕਰਨ ਲੱਗੀਆਂ ਅਤੇ ਸਰਕਾਰ ਦੇ ਮੁਖ਼ਬਰ ਸਿੱਖ ਬੀਬੀਆਂ ਨੂੰ ਫੜਾ ਕੇ ਇਨਾਮ ਪ੍ਰਾਪਤ ਕਰਨ ਲੱਗ ਪਏ। ਨਾਇਬ ਮੋਮਨ ਖਾਂ ਨੇ ਥਾਂ-ਥਾਂ ਤੋਂ ਸਿੱਖ ਬੀਬੀਆਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਭੇਜਣਾ ਸ਼ੁਰੂ ਕਰ ਦਿੱਤਾ। ਮਾਝਾ, ਦੁਆਬਾ ਤੇ ਰਿਆੜਕੀ ਦੇ ਇਲਾਕੇ ਵਿੱਚੋਂ ਫੌਜਾਂ ਨੇ ਸਿੱਖ ਬੀਬੀਆਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ।
ਜਦੋਂ ਮੀਰ ਮਨੂੰ ਨੂੰ ਆਪਣੇ ਮੁਖ਼ਬਰਾਂ ਤੋਂ ਇਹ ਸੂਚਨਾ ਮਿਲੀ ਕਿ ਸਿੱਖੀ ਦਾ ਅਸਲੀ ਗੜ੍ਹ ਤਾਂ ਸਤਲੁਜ ਪਾਰ ਮਾਲਵੇ ਦਾ ਇਲਾਕਾ ਹੈ ਜਿੱਥੇ ਬਹੁਤ ਸਾਰੇ ਸਿੱਖ ਆਪਣੇ ਪਰਵਾਰਾਂ ਨਾਲ ਰਹਿ ਰਹੇ ਹਨ। ਜਦੋਂ ਤਕ ਇਸ ਇਲਾਕੇ ਵਿੱਚੋਂ ਸਿੱਖਾਂ ਦਾ ਖਾਤਮਾ ਨਹੀਂ ਕੀਤਾ ਜਾਂਦਾ ਉਦੋਂ ਤਕ ਸਿੱਖ ਕੌਮ ਦਾ ਖਾਤਮਾ ਵੀ ਨਹੀਂ ਹੋ ਸਕਦਾ। ਮੀਰ ਮਨੂੰ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਸਮ ਖਾਧੀ ਹੋਈ ਸੀ ਇਸ ਲਈ ਉਹ ਆਪਣੀਆਂ ਫੌਜਾਂ ਲੈ ਕੇ ਮਾਲਵੇ ਵੱਲ ਨੂੰ ਰਵਾਨਾ ਹੋ ਪਿਆ।
ਸਤਲੁਜ ਦਰਿਆ ਪਾਰ ਕਰ ਕੇ ਉਸ ਨੇ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਨਗਰ ਵਿਚ ਆਪਣਾ ਬਹੁਤ ਵੱਡਾ ਪੜਾਅ ਲਾ ਲਿਆ। ਉਸ ਨੇ ਆਪਣੇ ਸਿਪਾਹੀਆਂ ਨੂੰ ਪਿੰਡਾਂ ਵਿਚ ਭੇਜ ਕੇ ਸਿੱਖ ਬੀਬੀਆਂ ਅਤੇ ਬੱਚਿਆਂ ਨੂੰ ਫੜ੍ਹ ਕੇ ਇੱਥੇ ਪੜਾਅ ਵਿਚ ਲਿਆਉਣ ਦਾ ਹੁਕਮ ਦਿੱਤਾ। ਸਿਪਾਹੀ ਦੂਰ-ਨੇੜੇ ਦੇ ਪਿੰਡਾਂ ਵਿੱਚ ਜਾ ਕੇ ਸਿੱਖ ਬੀਬੀਆਂ ਅਤੇ ਬੱਚਿਆਂ ਨੂੰ ਫੜ੍ਹ-ਫੜ੍ਹ ਕੇ ਮੁੱਲਾਂਪੁਰ ਵਾਲੇ ਪੜਾਉ ’ਤੇ ਇਕੱਠੀਆਂ ਕਰਨ ਲੱਗ ਪਏ। ਇਨ੍ਹਾਂ ਦਿਨਾਂ ਵਿੱਚ ਸਿੱਖ ਛੋਟੇ ਘੱਲੂਘਾਰੇ ਤੋਂ ਬਾਅਦ ਪਹਾੜਾਂ ਅਤੇ ਰਾਜਸਥਾਨ ਦੇ ਇਲਾਕੇ ਵਿਚ ਰਹਿ ਰਹੇ ਸਨ। ਘਰਾਂ ਵਿਚ ਸਿਰਫ ਬੀਬੀਆਂ ਤੇ ਬੱਚੇ ਹੀ ਸਨ। ਮੁੱਲਾਂਪੁਰ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚੋਂ ਬਹੁਤ ਸਾਰੀਆਂ ਸਿੱਖ ਬੀਬੀਆਂ ਤੇ ਬੱਚੇ ਗ੍ਰਿਫ਼ਤਾਰ ਕਰ ਲਏ ਗਏ।
ਰਿਆਸਤ ਕੁਠਾਲਾ, ਰਿਆਸਤ ਮਲੇਰਕੋਟਲਾ, ਸ੍ਰੀ ਚਮਕੌਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸਿੱਧਸਰ, ਬੇਰ, ਗੋਸਲਾਂ, ਝਾਮਟ, ਕਲਾੜ, ਮਹੇਰਨਾ, ਸੰਤ ਪੁਰਾ, ਕਲਸੀਆਂ, ਰਾਏਕੋਟ, ਹਠੂਰ, ਬਧਨੀ, ਗਾਲਿਬ ਕਲਾਂ, ਕਰਾੜੀ ਦਾ ਥੇਹ ਆਦਿ ਦੇ ਇਲਾਕਿਆਂ ਵਿੱਚੋਂ ਬੀਬੀਆਂ ਨੂੰ ਗ੍ਰਿਫ਼ਤਾਰ ਕਰ ਕੇ ਇੱਥੇ ਲਿਆਂਦਾ ਗਿਆ। ਕਰਾੜੀ ਦੀ ਥੇਹ ਬਾਰੇ ਇਹ ਗੱਲ ਵੀ ਮਸ਼ਹੂਰ ਹੈ ਕਿ ਦੋ ਸੁੰਦਰ ਤੇ ਜਵਾਨ ਬੀਬੀਆਂ ਨੇ ਜਦੋਂ ਜ਼ਾਲਮ ਮੁਗ਼ਲ ਸਿਪਾਹੀਆਂ ਨੂੰ ਦੇਖਿਆਂ ਤਾਂ ਉਹ ਦੌੜ ਗਈਆਂ। ਜਦੋਂ ਘੋੜ-ਸਵਾਰ ਸਿਪਾਹੀ ਉਨ੍ਹਾਂ ਦੇ ਨੇੜੇ ਆ ਗਏ ਤਾਂ ਉਨ੍ਹਾਂ ਨੇ ਨਾਲ ਦੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਇਨ੍ਹਾਂ ਗ੍ਰਿਫ਼ਤਾਰ ਕੀਤੀਆਂ ਬੀਬੀਆਂ ਵਿੱਚ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਪਤਨੀ ਬੀਬੀ ਬਸੰਤ ਕੌਰ ਜੀ ਵੀ ਸ਼ਾਮਿਲ ਸੀ। ਬੀਬੀ ਬਸੰਤ ਕੌਰ ਜੀ ਨੂੰ ਸਾਰੀਆਂ ਬੀਬੀਆਂ ਨੇ ਆਪਣੀ ਜਥੇਦਾਰ ਮੰਨ ਲਿਆ ਅਤੇ ਉਸ ਦੀ ਹਰ ਗੱਲ ’ਤੇ ਫੁੱਲ ਚੜ੍ਹਾਉਣ ਦਾ ਵਾਅਦਾ ਕੀਤਾ। ਜਿਸ ਸਥਾਨ ’ਤੇ ਮੀਰ ਮਨੂੰ ਨੇ ਇਨ੍ਹਾਂ ਬੀਬੀਆਂ ਨੂੰ ਕੈਂਪ ਵਿੱਚ ਕੈਦ ਕਰ ਕੇ ਰੱਖਿਆ ਸੀ ਉਸ ਥਾਂ ’ਤੇ ਮੁੱਲਾਂਪੁਰ ਵਿਖੇ ਬੀਬੀਆਂ ਦੀ ਯਾਦ ਵਿੱਚ ਅੱਜਕਲ੍ਹ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਸ਼ੁਸੋਭਿਤ ਹੈ।
ਇਨ੍ਹਾਂ ਬੀਬੀਆਂ ਨੂੰ ਇਕੱਠੀਆਂ ਕਰ ਕੇ ਤਿਹਾੜਾ, ਧਰਮ ਕੋਟ ਤੇ ਕੋਟ ਈਸੇ ਖਾਂ ਦੇ ਰਸਤੇ ਗੱਡਿਆਂ ਉੱਪਰ ਪੁੱਠੀਆਂ ਮੁਸ਼ਕਾਂ ਬੰਨ ਕੇ ਨੂੜ ਕੇ ਲਾਹੌਰ ਲਿਜਾਇਆ ਗਿਆ। ਇੱਥੇ ਇਨ੍ਹਾਂ ਨੂੰ ਨਖਾਸ ਚੌਂਕ ਵਾਲੀ ਜੇਲ੍ਹ ਵਿਚ ਬੰਦ ਕਰ ਕੇ ਹਰ ਰੋਜ਼ ਅਕਿਹ ਤਸੀਹੇ ਦਿੱਤੇ ਜਾਂਦੇ। ਇਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਧਾਰਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ। ਜਦੋਂ ਇਨ੍ਹਾਂ ਵੱਲੋਂ ਕੋਈ ਹਾਂ ਭਰਿਆ ਹੁੰਗਾਰਾ ਨਾ ਮਿਲਦਾ ਤਾਂ ਇਨ੍ਹਾਂ ’ਤੇ ਤਸੀਹਿਆਂ ਦਾ ਦੌਰ ਸ਼ੁਰੂ ਹੋ ਜਾਂਦਾ। ਇਨ੍ਹਾਂ ਨੂੰ ਹਰ ਰੋਜ਼ ਇਕ ਪਿਆਲਾ ਪਾਣੀ ਅਤੇ ਸਵਾ ਛਟਾਂਕ ਆਟਾ ਜਿਸ ਵਿਚ ਅੱਧਾ ਨਮਕ ਹੁੰਦਾ ਸੀ ਦਿੱਤਾ ਜਾਂਦਾ ਸੀ। ਹਰ ਇਕ ਨੂੰ ਸਵਾ-ਸਵਾ ਮਣ ਪੀਸਣਾ ਹੱਥ ਚੱਕੀ ’ਤੇ ਪੀਸਾਇਆ ਜਾਂਦਾ ਸੀ। ਜੇਕਰ ਕਿਸੇ ਬੀਬੀ ਤੋਂ ਪੀਸਣਾ ਨਾ ਪੀਸਿਆ ਜਾਂਦਾ ਤਾਂ ਉਸ ਦੀ ਛਾਤੀ ’ਤੇ ਸਵਾ ਮਣ ਪੱਕੇ ਦਾ ਪੱਥਰ ਦਾ ਗੋਲਾ ਰੱਖਿਆ ਜਾਂਦਾ ਸੀ। ਇਨ੍ਹਾਂ ਦੀਆਂ ਗੋਦੀਆਂ ਵਿਚ ਨਿੱਕੇ-ਨਿੱਕੇ ਬਾਲ ਭੁੱਖ ਨਾਲ ਵਿਲ੍ਹਕਦੇ ਪਰ ਇਨ੍ਹਾਂ ਨੇ ਹਰ ਹਾਲਤ ਵਿਚ ਆਪਣੇ ਧਰਮ ’ਤੇ ਡਟ ਕੇ ਪਹਿਰਾ ਦਿੱਤਾ ਅਤੇ ਹਰ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ। ਜਦੋਂ ਇਨ੍ਹਾਂ ਦੀ ਪੇਸ਼ੀ ਮੀਰ ਮਨੂੰ ਅੱਗੇ ਪੈਂਦੀ ਤਾਂ ਇਹ ਆਪਣੇ ਧਰਮ ’ਤੇ ਡਟੇ ਰਹਿਣ ਦਾ ਸਬੂਤ ਦਿੰਦੀਆਂ ਤਾਂ ਮੀਰ ਮਨੂੰ ਦੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ।
ਬੀਬੀਆਂ ਨੂੰ ਧਰਮ ਤੋਂ ਡੁਲਾਉਣ ਲਈ ਉਸ ਨੇ ਛੋਟੇ ਬੱਚਿਆਂ ਨੂੰ ਉਨ੍ਹਾਂ ਅੱਗੇ ਤਸੀਹੇ ਦੇਣ ਦੀ ਸੋਚੀ। ਇਸ ਨੇ ਜਲਾਦਾਂ ਨੂੰ ਹੁਕਮ ਕਰ ਦਿੱਤਾ ਕਿ ਬੀਬੀਆਂ ਤੋਂ ਨਿੱਕੇ ਬੱਚੇ ਖੋਹ ਕੇ ਉਨ੍ਹਾਂ ਦੇ ਸਾਹਮਣੇ ਨੇਜ਼ਿਆਂ ’ਤੇ ਟੰਗ ਕੇ ਸ਼ਹੀਦ ਕਰ ਦਿੱਤੇ ਜਾਣ। ਬੱਚਿਆਂ ਦੇ ਟੋਟੇ-ਟੋਟੇ ਕਰਕੇ ਮਾਂਵਾਂ ਦੀਆਂ ਝੋਲੀਆਂ ਵਿੱਚ ਪਾ ਦਿੱਤੇ ਜਾਣ। ਬੱਚਿਆਂ ਦੀਆਂ ਆਂਦਰਾਂ ਦੇ ਹਾਰ ਬਣਾ ਕੇ ਸਿਦਕੀ ਬੀਬੀਆਂ ਦੇ ਗਲਾਂ ਵਿਚ ਪਾ ਦਿੱਤੇ ਜਾਣ। ਬਾਲਾਂ ਦੇ ਕਲੇਜੇ ਕੱਢ ਕੇ ਮਾਵਾਂ ਦੇ ਮੂੰਹਾਂ ਵਿੱਚ ਤੁੰਨ ਦਿੱਤੇ ਜਾਣ। ਇਨ੍ਹਾਂ ਸਾਰੀਆਂ ਸਖਤੀਆਂ ਦੇ ਬਾਵਜੂਦ ਵੀ ਮੀਰ ਮਨੂੰ ਇਨ੍ਹਾਂ ਸਿੱਖ ਬੀਬੀਆਂ ਨੂੰ ਧਰਮ ਤੋਂ ਨਹੀਂ ਡੁਲਾ ਸਕਿਆ। ਬੀਬੀਆਂ ਨੇ ਹੱਸ-ਹੱਸ ਕੇ ਸ਼ਹੀਦੀਆਂ ਪਾਈਆਂ। ਗਿਆਨੀ ਗਿਆਨ ਸਿੰਘ ਜੀ ਇਸ ਘਟਨਾ ਦਾ ਜਿਕਰ ਪੰਥ ਪ੍ਰਕਾਸ਼ ਵਿਚ ਕਰਦੇ ਹਨ:-
ਇਹ ਸੁਨ ਮਨੂੰ ਕੋਪ ਬਿਸਾਲੇ। ਕੀਨੇ ਜੁਲਮ ਅਭੁਲ ਮਕਰਾਲੇ।
ਸਿੱਖਣੀਆਂ ਕੇ ਬੱਚੇ ਲੈਕੇ। ਉਨ ਕੇ ਸਨਮੁਖ ਉਨੈ ਦਿਖੈਕੇ।
ਊਪਰ ਕੋ ਉਛਾਲ ਕਟ ਸੁਟ ਹੈਂ। ਕਰ ਅਤਿ ਜੁਲਮ ਜੜਾ ਨਿਜ ਪੁਟਹੈਂ।
ਬਰਛਿਆਂ ਮਾਂਹਿ ਅਨੇਕ ਪਰੋਏ। ਸ਼ੀਰਖੋਰ ਤੜਫਾ ਇਮ ਕੋਹੇ।
ਸਿਖਣੀਆਂ ਮੰਨ ਗੁਰੂਕਾ ਭਾਂਣਾ। ਦੇਖ ਸਬਰ ਕਰ ਰਹੀ ਅਮਾਣਾ।
ਪੁਨ ਉਨ ਚੋਕਾਂ ਸੋਲਨ ਕੇਰੀ। ਸਿੱਖਣੀਆਂ ਕੋ ਦਈ ਬਧੇਰੀ।
ਹਾਥ ਪੈਰ ਘੁਟ ਘੁਟ ਬੰਧਵਾਏ। ਚਾਬਕ ਤਨ ਪਰ ਬਹੁ ਲਗਵਾਏ।
ਮਨੂੰ ਦੁਸ਼ਟ ਪੁਨਾ ਧੁਨਾ ਕੈਹੈ। ਮੰਨੋ ਦੀਨ ਨਤੁ ਜਾਂਨਾ ਲੈਹੈਂ।
ਇਕ ਸਿਖਣੀ ਤਬ ਐਸ ਅਲਾਵਾ। ਤੈ ਨਹਿ ਮਸਲਾ ਯਹਿ ਸਨ ਪਾਵਾ।
ਘੀਸ ਨ੍ਰਿਪ ਬਾਲਕ ਸਠ ਤੀਆ। ਗਹੁ ਹਠ ਇਨੈ ਨ ਛੁਟਤ ਕਦੀਆ।
ਤ੍ਰੀਮਤ ਜੀਵਤ ਅਗਨਿ ਸੜੈਹੈ। ਪਰ ਨਹਿ ਟਰਤ ਅੰਗ ਹਲੈ ਹੈ।
ਬੇਸ਼ਕ ਜਰੀ ਜਰੀ ਕਟ ਡਾਰੋ। ਪਰ ਨਹਿ ਮਾਂਨੈ ਮਜਬ ਤੁਮਾਰੋ।
ਇਨ੍ਹਾਂ ਦਿਨਾਂ ਵਿਚ ਸਿੰਘਾਂ ਦਾ ਇਕ ਜਥਾ ਕਾਹਨੂੰਵਾਨ ਦੇ ਛੰਭ ਵਿੱਚ ਉਤਰਿਆ ਹੋਇਆ ਸੀ। ਜਦੋਂ ਇਨ੍ਹਾਂ ਦੇ ਸੂਹੀਆਂ ਨੇ ਇਨ੍ਹਾਂ ਨੂੰ ਲਾਹੌਰ ਦੀ ਸਾਰੀ ਘਟਨਾ ਦੱਸੀ ਤਾਂ ਇਨ੍ਹਾਂ ਦਾ ਖ਼ੂਨ ਖੋਲ ਪਿਆ। ਸਿੰਘਾਂ ਨੇ ਕਾਹਨੂੰਵਾਨ ਦੇ ਛੰਭ ’ਚੋਂ ਨਿਕਲ ਆਪਣੀ ਗੁਰੀਲਾ ਲੜਾਈ ਦੀ ਨੀਤੀ ਅਨੁਸਾਰ ਜ਼ਾਲਮਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਮੀਰ ਮਨੂੰ ਸਿੰਘਾਂ ਨੂੰ ਫੜ੍ਹਨ ਲਈ ਆਪਣੀ ਫੌਜ ਲੈ ਕੇ ਚੜ੍ਹ ਪਿਆ।
ਉਸ ਨੇ ਮੁੱਲਾਂਪੁਰ ਪਾਸ ਆ ਕੇ ਡੇਰੇ ਲਾ ਲਏ ਸਿੰਘਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਨੇ ਸਿੰਘਾਂ ਦੇ ਇਕ ਜਥੇ ਨੂੰ ਕਮਾਦ ਵਿਚ ਘੇਰ ਲਿਆ। ਗੋਲੀਬਾਰੀ ਦੇ ਸ਼ੋਰ ਨਾਲ ਮੀਰ ਮਨੂੰ ਦਾ ਘੋੜਾ ਤ੍ਰਭਕ ਗਿਆ ਅਤੇ ਸਰਪਟ ਦੌੜ ਪਿਆ। ਡਰ ਕੇ ਭੱਜਿਆ ਜਾਂਦਾ ਘੋੜਾ ਉਸ ਤੋਂ ਸੰਭਾਲਿਆ ਨਾ ਗਿਆ। ਇਸ ਜਦੋ-ਜਹਿਦ ਵਿੱਚ ਮੀਰ ਮਨੂੰ ਦਾ ਪੈਰ ਘੋੜੇ ਦੀ ਰਕਾਬ ਵਿੱਚ ਫਸ ਗਿਆ ਅਤੇ ਉਹ ਘੋੜੇ ਦੀ ਕਾਠੀ ਤੋਂ ਡਿੱਗ ਗਿਆ। ਘੋੜੇ ਨੇ ਉਸ ਨੂੰ ਧੂਹ-ਧੂਹ ਕੇ ਮਾਰ ਦਿੱਤਾ।
ਸਿੰਘਾਂ ਲਈ ਚੰਗਾ ਮੌਕਾ ਸੀ, ਉਨ੍ਹਾਂ ਨੇ ਲਾਹੌਰ ਦੀ ਜੇਲ੍ਹ ’ਤੇ ਛਾਪਾ ਮਾਰ ਕੇ ਬਾਕੀ ਬਚੀਆਂ ਬੀਬੀਆਂ ਨੂੰ ਛੁਡਾ ਲਿਆ। ਮੀਰ ਮਨੂੰ ਨੇ ਆਪਣੇ ਸਿਪਾਹੀਆਂ ਦੀ ਕਈ ਮਹੀਨਿਆਂ ਦੀ ਤਨਖਾਹ ਬਕਾਇਆ ਦੇਣੀ ਸੀ। ਜਦੋਂ ਉਸ ਦੀ ਲਾਸ਼ ਲਾਹੌਰ ਪਹੁੰਚੀ ਤਾਂ ਸਿਪਾਹੀਆਂ ਨੇ ਉਸ ਦੀ ਲਾਸ਼ ’ਤੇ ਕਬਜ਼ਾ ਕਰ ਲਿਆ ਅਤੇ ਸ਼ਰਤ ਲਗਾ ਦਿੱਤੀ ਕਿ ਪਹਿਲਾਂ ਬੇਗਮ ਤਨਖਾਹਾਂ ਦੇਵੇ ਫਿਰ ਹੀ ਲਾਸ਼ ਨੂੰ ਦਫ਼ਨਾਉਣ ਦਿੱਤਾ ਜਾਵੇਗਾ। ਮੀਰ ਮਨੂੰ ਦੀ ਲਾਸ਼ ਕਈ ਦਿਨ ਰੁਲਦੀ ਰਹੀ। ਬੜੀ ਮੁਸ਼ਕਲ ਨਾਲ ਬੇਗ਼ਮ ਨੇ ਪੈਸੇ ਇਕੱਠੇ ਕਰ ਕੇ ਸਿਪਾਹੀਆਂ ਨੂੰ ਦਿੱਤੇ ਅਤੇ ਮੀਰ ਮਨੂੰ ਨੂੰ ਦਫ਼ਨਾਇਆ।
ਲਾਹੌਰ ਵਿੱਚ ਜਿਸ ਥਾਂ ’ਤੇ ਮੀਰ ਮਨੂੰ ਵੱਲੋਂ ਮਾਸੂਮ ਬੱਚਿਆਂ ਨੂੰ ਅਤੇ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ ’ਤੇ ਮੀਰ ਮਨੂੰ ਵੱਲੋਂ ਸਿੰਘਾਂ ਨੂੰ ਫਤਵੇ ਲਗਾਉਣ ਲਈ ਮਸਜਿਦ ਨੁਮਾ ਇਮਾਰਤ ਦੀ ਉਸਾਰੀ ਕਰਵਾਈ ਹੋਈ ਸੀ। ਇੱਥੇ ਬੈਠ ਕੇ ਹੀ ਮੀਰ ਮਨੂੰ ਕਾਜ਼ੀਆਂ ਨਾਲ ਸਲਾਹ ਕਰ ਕੇ ਸਿੰਘਾਂ ਲਈ ਸਜ਼ਾਵਾਂ ਤਜਵੀਜ਼ ਕਰਿਆ ਕਰਦਾ ਹੁੰਦਾ ਸੀ। ਇਸ ਦੀਆਂ ਨੀਹਾਂ ਵਿੱਚ ਉਸ ਨੇ ਸਿੰਘਾਂ ਦੀ ਹੱਡੀਆਂ ਅਤੇ ਬੱਚਿਆ ਦੇ ਪਿੰਜਰ ਚਿਣਵਾਏ ਸਨ। ਇੱਟਾਂ ਥੋੜੀਆਂ ਸਨ ਪਿੰਜਰ ਜ਼ਿਆਦਾ। ਬਾਹਰੋਂ ਇਹ ਇਮਾਰਤ ਚੂਨੇ ਗੱਚ ਸੀ।
ਸੰਨ 1935 ਈ: ਵਿੱਚ ਸਿੰਘਾਂ ਨੇ ਇਸ ਪੁਰਾਣੀ ਇਮਾਰਤ ਨੂੰ ਢਾਹ ਕੇ ਸ਼ਹੀਦ ਸਿੰਘਣੀਆਂ ਦੀ ਯਾਦਗਾਰ ਕਾਇਮ ਕਰਨੀ ਚਾਹੀ ਤਾਂ ਢਾਹੀ ਗਈ ਪੁਰਾਣੀ ਇਮਾਰਤ ਵਿੱਚੋਂ ਅਨੇਕਾਂ ਪਿੰਜਰ, ਖੋਪੜੀਆਂ ਨਿਕਲੀਆਂ। ਇਸ ਦੇ ਪਾਸ ਹੀ ਇਕ ਖੂਹ ਵਿੱਚੋਂ ਅਨੇਕਾਂ ਪਿੰਜਰ, ਹੱਡੀਆਂ ਅਤੇ ਉਹ ਗੋਲਾ ਵੀ ਨਿਕਲਿਆ ਜੋ ਬੀਬੀਆਂ ਦੀ ਛਾਤੀ ’ਤੇ ਰੱਖ ਕੇ ਉਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਸਨ। ਇਹ ਸਾਰੀਆਂ ਨਿਸ਼ਾਨੀਆਂ ਸਿੰਘਾਂ ਨੇ ਸੰਭਾਲ ਕੇ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ ਲਾਹੌਰ ਵਿੱਚ ਰੱਖੀਆਂ ਹੋਈਆਂ ਸਨ ਪਰ 1947 ਈ: ਦੀ ਦੇਸ਼ ਵੰਡ ਤੋਂ ਬਾਅਦ ਇਹ ਕਿੱਥੇ ਗਈਆਂ ਕੁਝ ਪਤਾ ਨਹੀਂ। ਇਹ ਸਥਾਨ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਨਖਾਸ ਚੌਂਕ ਦੇ ਨੇੜੇ ਹੈ। ਇਨ੍ਹਾਂ ਸ਼ਹੀਦ ਬੀਬੀਆਂ ਬੱਚਿਆਂ ਦੀ ਯਾਦ ਸਿੱਖਾਂ ਦੇ ਮਨਾਂ ਵਿੱਚ ਹਰ ਵੇਲੇ ਕਾਇਮ ਰਹਿੰਦੀ ਹੈ। ਹਰ ਸਿੱਖ ਹਰ ਰੋਜ਼ ਆਪਣੀ ਅਰਦਾਸ ਵਿਚ ਇਨ੍ਹਾਂ ਨੂੰ ਯਾਦ ਕਰਨਾ ਨਹੀਂ ਭੁਲਦਾ:-
“ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ!
ਬੋਲੋ ਜੀ ਵਾਹਿਗੁਰੂ!
(ਜ਼ੋਰਾਵਰ ਸਿੰਘ ਤਰਸਿੱਕਾ)


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top