ਇਤਿਹਾਸ – ਗੁਰਦੁਆਰਾ ਡੇਰਾ ਚਾਹਲ (ਪਾਕਿਸਤਾਨ)
ਬੇਬੇ ਨਾਨਕੀ ਜੀ ਦਾ ਜਨਮ ਪਿੰਡ ਡੇਰਾ ਚਾਹਲ (ਪਾਕਿਸਤਾਨ) ਆਪਣੇ ਨਾਨਾ ਬਾਈ ਰਾਮਾ ਜੀ ਦੇ ਘਰ ਸੰਨ 1464 ਵਿੱਚ ਹੋਇਆ। ਨਾਨਕੇ ਪਰਿਵਾਰ ਵਿੱਚ ਜਨਮ ਲੈਣ ਵਾਲ਼ੀ ਬੱਚੀ ਦਾ ਨਾਮ ਨਾਨਕੇ ਪਰਿਵਾਰ ਨੇ ਪਿਆਰ ਕਰਕੇ ਨਾਨਕੀ ਰੱਖ ਦਿੱਤਾ , ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 5 ਸਾਲ ਵੱਡੇ ਸਨ। ਪਰ ਸਾਰੀ ਜ਼ਿੰਦਗੀ ਬੇਬੇ ਨਾਨਕੀ ਨੇ ਆਪਣੇ ਵੀਰ ਨੂੰ ਨਾ ਸਿਰਫ ਵੀਰ ਕਰਕੇ ਬਲਕਿ ਪੀਰ ਕਰਕੇ ਵੀ ਪਿਆਰ ਕੀਤਾ , ਬੇਬੇ ਨਾਨਕੀ ਜੀ ਉਹ ਪਹਿਲੇ ਸ਼ਖਸ਼ੀਅਤ ਸਨ ਜਿਹਨਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਜੀ ਰੱਬ ਦਾ ਹੀ ਰੂਪ ਹਨ , ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਭਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਵਿਚ ਹੋਇਆ , ਬਾਬਾ ਨਾਨਕ ਜੀ ਆਪਣੀ ਭੈਣ ਨਾਲ ਪਿਆਰ ਕਰਕੇ ਹੀ ਕਾਫੀ ਸਮਾਂ ਸੁਲਤਾਨਪੁਰ ਵਿੱਚ ਕਿਰਤ ਕਰਦੇ ਰਹੇ , ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਲਈ ਇੱਕ ਖੂਬਸੂਰਤ ਰਬਾਬ ਵੀ ਬਣਵਾਈ ਜਿਸ ਨਾਲ ਬਾਬਾ ਜੀ ਗੁਰਬਾਣੀ ਗਾਇਨ ਕਰਦੇ ਸਨ , ਬੇਬੇ ਨਾਨਕੀ ਜੀ 1518 ਵਿੱਚ ਸੁਲਤਾਨਪੁਰ ਵਿਚ ਹੀ ਜੋਤਿ ਜੋਤ ਸਮਾ ਗਏ। ਡੇਰਾ ਚਾਹਲ ਪਿੰਡ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਕਿਉਂਕਿ ਇਹ ਗੁਰੂ ਜੀ ਦਾ ਨਾਨਕਾ ਪਿੰਡ ਸੀ ਜਿਥੇ ਉਹ ਅਕਸਰ ਆਇਆ ਕਰਦੇ ਸਨ।