13 ਮਾਰਚ ਦਾ ਇਤਿਹਾਸ -ਸਰਦਾਰ ਉਧਮ ਸਿੰਘ

13 ਮਾਰਚ 1940 ਨੂੰ ਸਰਦਾਰ ਉਧਮ ਸਿੰਘ ਨੇ ਜਲਿਆਂਵਾਲੇ ਬਾਗ ਦਾ ਬਦਲਾ ਲੰਡਨ ਜਾ ਕੇ ਓਡਵਾਇਰ ਨੂੰ ਗੋਲੀ ਮਾਰ ਕੇ ਲਇਆ ਸੀ ।
26 ਦਸੰਬਰ 1899 ਨੂੰ ਊਧਮ ਸਿੰਘ ਦਾ ਜਨਮ ਸੁਨਾਮ ਵਿਚ ਹੋਇਆ (ਇਤਿਹਾਸਕਾਰਾਂ ਦਾ ਜਨਮ ਅਤੇ ਜਨਮ ਸਥਾਨ ਬਾਰੇ ਥੋੜ੍ਹਾ-ਬਹੁਤਾ ਮਤਭੇਦ ਹੈ)। ਬਚਪਨ ਵਿਚ ਊਧਮ ਸਿੰਘ ਦਾ ਨਾਮ ਸ਼ੇਰ ਸਿੰਘ ਸੀ ਤੇ ਉਸ ਦੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ। ਅੰਮ੍ਰਿਤਪਾਨ ਕਰਕੇ ਚੂਹੜ ਸਿੰਘ ਕੰਬੋਜ (ਪਿਤਾ) ਟਹਿਲ ਸਿੰਘ ਬਣ ਗਿਆ। ਉਹ ਰੇਲਵੇ ਵਿਭਾਗ ਵਿਚ ਉਪਲੀ ਪਿੰਡ ਲਾਗੇ ਰੇਲਵੇ ਫਾਟਕ ’ਤੇ ਗੇਟਮੈਨ ਦੀ ਨੌਕਰੀ ਕਰਦਾ ਸੀ। ਦੋ ਸਾਲ ਦਾ ਸੀ ਸ਼ੇਰ ਸਿੰਘ ਜਦੋਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ। ਸਾਧੂ ਸਿੰਘ, ਸ਼ੇਰ ਸਿੰਘ ਤੋਂ 5 ਸਾਲ ਵੱਡਾ ਸੀ। ਘਰ ਦੀ ਹਾਲਤ ਚੰਗੀ ਨਹੀਂ ਸੀ। ਟਹਿਲ ਸਿੰਘ ਆਪਣੇ ਦੋਹਾਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਰਹਿੰਦੇ ਆਪਣੇ ਇਕ ਕੀਰਤਨੀਏ ਰਿਸ਼ਤੇਦਾਰ ਚੰਚਲ ਸਿੰਘ ਕੋਲ ਜਾਣ ਦਾ ਫ਼ੈਸਲਾ ਕਰਦਾ ਹੈ। ਰਸਤੇ ਵਿਚ ਬਿਮਾਰ ਹੋ ਜਾਂਦਾ ਹੈ। ਸਬੱਬ ਨਾਲ ਚੰਚਲ ਸਿੰਘ ਨਾਲ ਮੁਲਾਕਾਤ ਹੋ ਜਾਂਦੀ ਹੈ। ਟਹਿਲ ਸਿੰਘ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ। ਉੱਥੇ ਉਸ ਦੀ ਮੌਤ ਹੋ ਜਾਂਦੀ ਹੈ। ਦੋਵੇਂ ਬੱਚੇ ਅਨਾਥ ਹੋ ਜਾਂਦੇ ਹਨ। ਉਨ੍ਹਾਂ ਨੂੰ ਪਾਲਣ-ਪੋਸਣ ਦੀ ਜ਼ਿੰਮੇਵਾਰੀ ਚੰਚਲ ਸਿੰਘ ਉਪਰ ਆ ਜਾਂਦੀ ਹੈ। ਉਹ ਕੀਰਤਨੀਆ ਹੈ, ਦੂਰ ਨੇੜੇ ਵੀ ਜਾਣਾ ਪੈਂਦਾ ਹੈ। ਬੱਚਿਆਂ ਦੀ ਦੇਖ-ਭਾਲ ਕਿਵੇਂ ਹੋਵੇਗੀ? ਇਹ ਸੋਚ ਕੇ ਚੰਚਲ ਸਿੰਘ ਦੋਹਾਂ ਬੱਚਿਆਂ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮਖਾਨੇ ਵਿਚ ਦਾਖ਼ਲ ਕਰਵਾ ਦਿੰਦਾ ਹੈ।
ਯਤੀਮਖਾਨੇ ਦੀ ਇਹ ਰਵਾਇਤ ਸੀ, ਇੱਥੇ ਹਰ ਬੱਚੇ ਨੂੰ ਅੰਮ੍ਰਿਤਪਾਨ ਕਰਨਾ ਜ਼ਰੂਰੀ ਸੀ। ਸ਼ੇਰ ਸਿੰਘ ਤੇ ਸਾਧੂ ਸਿੰਘ ਨੂੰ ਵੀ ਅੰਮ੍ਰਿਤਪਾਨ ਕਰਵਾਇਆ ਗਿਆ। ਸ਼ੇਰ ਸਿੰਘ ਦਾ ਨਾਮ ਊਧਮ ਸਿੰਘ ਰੱਖਿਆ ਗਿਆ, ਸਾਧੂ ਸਿੰਘ ਦਾ ਨਾਮ ਮੋਤਾ ਸਿੰਘ ਰੱਖਿਆ (ਕੁਝ ਇਤਿਹਾਸਕਾਰ ਸਾਧੂ ਸਿੰਘ ਦਾ ਨਾਮ ਮੁਕਤਾ ਸਿੰਘ ਵੀ ਲਿਖਦੇ ਹਨ)। ਦੋਵੇਂ ਭਰਾ ਯਤੀਮਖਾਨੇ ਵਿਚ ਪਲਦੇ ਰਹੇ ਤੇ ਉੱਥੇ ਦਸਤਕਾਰੀ ਵੀ ਸਿੱਖਦੇ ਰਹੇ। ਊਧਮ ਸਿੰਘ ਬਣੇ ਸ਼ੇਰ ਸਿੰਘ ਨੇ ਬੜੇ ਕੰਮ ਬਦਲੇ। ਕਦੇ ਕੁਰਸੀਆਂ ਬਣਾਉਣ ਲੱਗ ਜਾਂਦਾ, ਕਦੇ ਉਸ ਨੂੰ ਸਿਲਾਈ ਦਾ ਕੰਮ ਚੰਗਾ ਲੱਗਦਾ, ਕਦੇ ਉਹ ਤਬਲਾ ਸਿੱਖਣ ਲੱਗਦਾ, ਕਦੇ ਕੀਰਤਨੀਆ ਬਣ ਬਹਿੰਦਾ। ਬਚਪਨ ਵਿਚ ਹੀ ਉਹ ਟਿਕ ਕੇ ਕੰਮ ਕਰਨ ਦੇ ਸੁਭਾਅ ਵਾਲਾ ਨਹੀਂ ਸੀ। ਇਹੀ ਸੁਭਾਅ ਉਸ ਦੇ ਅੰਤ ਤੱਕ ਨਾਲ ਨਿਭਿਆ, ਜਦੋਂ ਹਰ ਯਾਤਰਾ ਵੇਲੇ ਉਹ ਆਪਣਾ ਨਾਮ ਬਦਲ ਲੈਂਦਾ ਸੀ। 1913 ਵਿਚ ਨਮੂਨੀਏ ਦੀ ਬਿਮਾਰੀ ਨਾਲ ਉਸ ਦੇ ਵੱਡੇ ਭਰਾ ਸਾਧੂ ਸਿੰਘ (ਮੋਤਾ ਸਿੰਘ) ਦੀ ਮੌਤ ਹੋ ਗਈ। ਸ਼ੇਰ ਸਿੰਘ ਨੂੰ ਵੱਡੇ ਭਰਾ ਦਾ ਬਾਪ ਜਿੰਨਾ ਆਸਰਾ ਸੀ। ਉਹ ਉਦਾਸ ਰਹਿਣ ਲੱਗਾ। ਰਾਤ ਵੇਲੇ ਰੋਇਆ ਕਰੇ। ਆਸਮਾਨ ਵਿਚ ਦਿਸਦੇ ਤਾਰਿਆਂ ਵਿਚੋਂ ਆਪਣੇ ਮਾਂ-ਬਾਪ ਤੇ ਭਰਾ ਭਾਲਿਆ ਕਰੇ। …ਹੌਲੀ ਹੌਲੀ ਉਹ ਸੰਭਲਿਆ ਤੇ ਉਸ ਨੇ ਦਸਵੀਂ ਜਮਾਤ ਪਾਸ ਕਰ ਲਈ। ਯਤੀਮਖਾਨੇ ਤੋਂ ਸਕੂਲ ਜਾਂਦਿਆਂ ਜਾਂ ਸਕੂਲ ਤੋਂ ਯਤੀਮਖਾਨੇ ਆਉਂਦਿਆਂ, ਕਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦਿਆਂ ਰਸਤੇ ਵਿਚ ਉਹ ਅੰਗਰੇਜ਼ਾਂ ਨੂੰ ਵੇਖਦਾ, ਉਹ ਕਿਸੇ ਨੂੰ ਕੋੜੇ ਮਾਰ ਰਹੇ ਹੁੰਦੇ, ਕਿਸੇ ਕੋਲੋਂ ਬੈਠਕਾਂ ਕਢਵਾ ਰਹੇ ਹੁੰਦੇ, ਉਸਦਾ ਮਨ ਦੁਖੀ ਹੁੰਦਾ। ਜਦੋਂ ਮੌਕਾ ਮਿਲਦਾ ਉਹ ਜਾਨਣ ਦੀ ਕੋਸ਼ਿਸ਼ ਕਰਦਾ, ਉਹ ਅੰਗਰੇਜ਼ ਕਿਉਂ ਸਜ਼ਾ ਦਿੰਦੇ ਹਨ। ਪਤਾ ਲੱਗਦਾ ਇਧਰੋਂ ਅੰਗਰੇਜ਼ ਅਫ਼ਸਰ ਘੋੜੇ ਉੱਪਰ ਲੰਘ ਰਿਹਾ ਸੀ। ਬੇਧਿਆਨੀ ਵਿਚ ਕਿਸੇ ਦੁਕਾਨਦਾਰ ਜਾਂ ਰਾਹਗੀਰ ਨੇ ਅੰਗਰੇਜ਼ ਨੂੰ ਸਲੂਟ ਨਹੀਂ ਮਾਰਿਆ ਤਾਂ ਉਸ ਨੂੰ ਕੋੜੇ ਮਾਰੇ ਜਾਂਦੇ ਹਨ ਜਾਂ ਬੈਠਕਾਂ ਕਢਵਾਈਆਂ ਜਾਂਦੀਆਂ ਹਨ। ਅੰਗਰੇਜ਼ ਅਫ਼ਸਰਾਂ ਦੇ ਇਸ ਵਿਹਾਰ ਨੇ ਊਧਮ ਸਿੰਘ ਦਾ ਮਨ ਅੰਗਰੇਜ਼ਾਂ ਪ੍ਰਤੀ ਨਫ਼ਰਤ ਅਤੇ ਘ੍ਰਿਣਾ ਨਾਲ ਭਰ ਦਿੱਤਾ। ਸਮੇਂ ਦੇ ਨਾਲ ਨਾਲ ਇਸ ਘ੍ਰਿਣਾ ਵਿਚ ਹੋਰ ਵਾਧਾ ਹੁੰਦਾ ਗਿਆ।
13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਨਾਲ ਪੂਰੇ ਭਾਰਤ ਵਿਚ ਰੋਸ ਦੀ ਲਹਿਰ ਫੈਲ ਗਈ। ਦਰਅਸਲ, 1915 ਦੇ ਡਿਫੈਂਸ ਆਫ਼ ਇੰਡੀਆ ਐਕਟ ਤੋਂ ਹੀ ਇਸ ਘਟਨਾ ਦੇ ਬੀਜ ਬੀਜੇ ਗਏ ਸਨ। ਰੌਲਟ ਐਕਟ ਨੇ ਇਸ ਨੂੰ ਸਿੰਜਿਆ। ਭਾਰਤੀਆਂ ਦੀਆਂ ਮੁਸ਼ਕਾਂ ਕਸਣ ਲਈ ਇਹ ਕਾਨੂੰਨ ਲਿਆਂਦਾ ਸੀ। ਸ਼ੱਕ ਦੇ ਆਧਾਰ ’ਤੇ ਕਿਸੇ ਨੂੰ ਵੀ ਫੜ ਲਓ। ਨਾ ਮੁਕੱਦਮਾ, ਨਾ ਸੁਣਵਾਈ, ਨਾ ਫ਼ਰਿਆਦ। ਸਿੱਧੀ ਸਜ਼ਾ ਕਾਲੇਪਾਣੀ ਜਾਂ ਉਮਰ ਕੈਦ। ਨਾ ਕੋਈ ਅਪੀਲ, ਨਾ ਕੋਈ ਦਲੀਲ, ਨਾ ਕੋਈ ਵਕੀਲ।
ਮੁਜ਼ਾਹਰਿਆਂ ਅਤੇ ਜਲਸਿਆਂ-ਜਲੂਸਾਂ ਦੇ ਡਰ ਤੋਂ ਅੰਗਰੇਜ਼ੀ ਹਕੂਮਤ ਨੇ ਜਨਤਾ ਦੇ ਆਗੂ ਡਾ. ਸੈਫ਼ੂਦੀਨ ਕਿਚਲੂ ਅਤੇ ਡਾ. ਸਤਿਆਪਾਲ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਡਲਹੌਜ਼ੀ ਨਜ਼ਰਬੰਦ ਕਰ ਦਿੱਤਾ। ਊਸੇ ਰੋਸ ਵਿਚ ਤੇ ਆਪਣੇ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਜਲ੍ਹਿਆਂਵਾਲਾ ਬਾਗ਼ ਵਿਚ ਪੰਜਾਬੀ, ਜਿਨ੍ਹਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਸਨ, ਇਕੱਠੇ ਹੋਏ। 13 ਅਪਰੈਲ ਵਿਸਾਖੀ ਦਾ ਦਿਹਾੜਾ ਸੀ। ਕੁਝ ਸ਼ਰਧਾਲੂ ਦਰਬਾਰ ਸਾਹਿਬ ਸੀਸ ਨਿਵਾਉਣ ਅਾਏ ਸਨ। ਉਹ ਵੀ ਜਲਸੇ ਵਿਚ ਸ਼ਾਮਲ ਹੋ ਗਏ। ਜਰਨਲ ਡਾਇਰ ਨੇ ਧਾਰਾ 144 ਲਗਾਈ ਹੋਈ ਸੀ ਤੇ ਇਕੱਠ ਕਾਰਨ ਦੀ ਮਨਾਹੀ ਸੀ। ਇਕ ਮੁਖ਼ਬਰ ਦੇ ਦੱਸਣ ’ਤੇ ਡਾਇਰ ਭੜਕ ਉੱਠਿਆ ਤੇ ਉਸ ਨੇ ਜਾ ਕੇ ਨਿਹੱਥੇ ਲੋਕਾਂ ਉੱਪਰ ਬਿਨਾਂ ਚਿਤਾਵਨੀ ਦਿੱਤਿਆਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ 1000 ਤੋਂ ਵੱਧ ਲੋਕ ਮਾਰੇ ਗਏ ਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋਏ। ਅੰਮ੍ਰਿਤਸਰ ਦੇ ਸਿਵਲ ਸਰਜਨ ਅਨੁਸਾਰ 1800 ਮੌਤਾਂ ਹੋਈਆਂ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਊਧਮ ਸਿੰਘ ਆਪਣੇ ਯਤੀਮਖਾਨੇ ਦੇ ਸਾਥੀਆਂ ਨਾਲ ਉੱਥੇ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ ਤੇ ਦਰਿੰਦਗੀ ਦਾ ਇਹ ਕਾਂਡ ਉਸ ਨੇ ਅੱਖੀਂ ਵੇਖਿਆ ਸੀ ਤੇ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਕੇ, ਬਦਲਾ ਲੈਣ ਦਾ ਪ੍ਰਣ ਕੀਤਾ ਸੀ।
ਊਧਮ ਸਿੰਘ ਨੇ ਕਰਤਾਰ ਸਿੰਘ ਸਰਾਭੇ ਦੀ ਜੀਵਨੀ ਪੜ੍ਹੀ ਸੀ। ਮਦਨ ਲਾਲ ਢੀਂਗਰਾ ਬਾਰੇ ਸੁਣਿਆ ਹੋਇਆ ਸੀ। ਜਲ੍ਹਿਆਂਵਾਲਾ ਬਾਗ਼ ਕਾਂਡ ਤੋਂ ਬਾਅਦ ਉਸ ਦੇ ਜਿਉਣ ਦਾ ਮਕਸਦ ਹੀ ਬਦਲ ਗਿਆ। ਉਸ ਦਾ ਕੀਤਾ ਹੋਇਆ ਪ੍ਰਣ 21 ਸਾਲਾਂ ਬਾਅਦ 13 ਮਾਰਚ 1940 ਨੂੰ ਉਦੋਂ ਪੂਰਾ ਹੋਇਆ ਜਦੋਂ ਉਸ ਦਿਨ ਬਾਅਦ ਦੁਪਹਿਰ ਤਿੰਨ ਵਜੇ ਵੈਸਟਮਿੰਸਟਰ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਅਨ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝੀ ਮੀਟਿੰਗ ਸਮੇਂ ਊਧਮ ਸਿੰਘ ਨੇ ਮਾਈਕਲ ਓਡਵਾਇਰ ਤੇ ਉਸ ਦੇ ਸਾਥੀਆਂ ’ਤੇ ਗੋਲੀਆਂ ਦਾਗ਼ ਦਿੱਤੀਆਂ। ਮਾਈਕਲ ਓਡਵਾਇਰ ਤਾਂ ਮੰਚ ਦੀਆਂ ਪੌੜੀਆਂ ਵਿਚ ਹੀ ਡਿੱਗ ਪਿਆ ਤੇ ਮਰ ਗਿਆ। ਲਾਰਡ ਜੈਟਲੈਂਡ ਅਤੇ ਲਾਰਡ ਲੈਮਿੰਗਟਨ ਜ਼ਖ਼ਮੀ ਹੋ ਗਏ। ਖ਼ਬਰ ਫੈਲਣ ਪਿੱਛੋਂ ਸਾਰੇ ਲੰਡਨ ਵਿਚ ਜਿਵੇਂ ਭੂਚਾਲ ਆ ਗਿਆ।
ਜੂਨ 1997 ‘ਚ ਇੰਗਲੈਡ ਸਰਕਾਰ ਵੱਲੋਂ ਰਿਲੀਜ ਕੀਤੀਆਂ ਗਈਆਂ 5 ਫਾਈਲਾਂ (771ਪੰਨੇ) ਤੋਂ ਪਤਾ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਕੈਕਸਟਨ ਹਾਲ ਵਿੱਚ ਇਕੱਲੇ ਮਾਈਕਲ ਓਡਵਾਇਰ ‘ਤੇ ਨਹੀਂ ਬਲਕਿ ਕੁੱਲ ਚਾਰ ਅੰਗਰੇਜ਼ ਅਫਸਰਾਂ ‘ਤੇ ਛੇ ਗੋਲੀਆਂ ਦਾਗੀਆਂ ਜਿਹਨਾਂ ਵਿੱਚ ਮਾਈਕਲ ਓਡਵਾਇਰ ਮੌਕੇ ‘ਤੇ ਹੀ ਮਾਰਿਆ ਗਿਆ ਅਤੇ ਬਾਕੀ ਜ਼ਖਮੀ ਹੋਏ। ਇਹ ਸਾਰੇ ਅਫਸਰ ਭਾਰਤ ਵਿੱਚ ਗਵਰਨਰ ਰਹਿ ਚੁੱਕੇ ਸਨ ਅਤੇ ਭਾਰਤ ਦੀ ਆਜ਼ਾਦੀ ਦੇ ਵਿਰੋਧੀ ਸਨ। ਲੇਖਕ ਜੋਰਾਵਰ ਸਿੰਘ ਤਰਸਿੱਕਾ ।
ਪੂਰੇ ਇੱਕੀ ਸਾਲ, ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ, ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਤੇ ਬੇਕਸੂਰ ਨਿਹੱਥੇ ਪੰਜਾਬੀਆਂ ਦੀਆਂ ਚੀਕਾਂ ਉਸ ਦੇ ਕੰਨਾਂ ਵਿਚ ਗੂੰਜਦੀਆਂ ਰਹੀਆਂ। ਜਨਰਲ ਡਾਇਰ ਤੱਕ ਪੁੱਜਣ ਲਈ ਉਹ ਕਦੇ ਉਦੈ ਸਿੰਘ, ਕਦੇ ਸ਼ੇਰ ਸਿੰਘ, ਕਦੇ ਊਦਨ ਸਿੰਘ, ਕਦੇ ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਆਜ਼ਾਦ ਸਿੰਘ, ਬਾਵਾ, ਫਰੈਂਕ ਬ੍ਰਾਜ਼ੀਲ ਬਣ ਕੇ ਯਤਨ ਕਰਦਾ ਰਿਹਾ। ਸ਼ਾਇਦ ਹੀ ਕੋਈ ਅਜਿਹਾ ਇਨਕਲਾਬੀ ਜਾਂ ਆਜ਼ਾਦੀ ਘੁਲਾਟੀਆ ਹੋਵੇਗਾ ਜਿਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਇੰਨੇ ਨਾਮ ਤਬਦੀਲ ਕੀਤੇ ਹੋਣ।
ਸ਼ਹੀਦ ਊਧਮ ਸਿੰਘ ਨੇ ਸਿਰਫ਼ ਆਪਣੇ ਨਾਮ ਹੀ ਨਹੀਂ ਬਦਲੇ, ਆਪਣੀ ਮੰਜ਼ਿਲ ਸਰ ਕਰਨ ਲਈ ਉਸ ਨੇ ਵੱਖ ਵੱਖ ਦੇਸ਼ਾਂ ਅਤੇ ਮਹਾਂਦੀਪਾਂ ਦੀਆਂ ਯਾਤਰਾਵਾਂ ਵੀ ਕੀਤੀਆਂ। ਕਦੇ ਸੜਕ ਰਾਹੀਂ, ਕਦੇ ਸਮੁੰਦਰਾਂ ਰਾਹੀਂ। ਜਦ ਤੱਕ ਉਸ ਨੇ ਆਪਣਾ ਮਿਸ਼ਨ ਪੂਰਾ ਨਹੀਂ ਕੀਤਾ, ਉਹ ਕਦੇ ਚੈਨ ਨਾਲ ਨਹੀਂ ਬੈਠਾ। ਉਹ ਗ਼ਦਰੀ ਬਾਬਿਆਂ ਨੂੰ ਮਿਲਿਆ, ਕ੍ਰਾਂਤੀਕਾਰੀਆਂ ਕੋਲ ਜਾਂਦਾ ਰਿਹਾ। ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਵੀ ਕਰਦਾ ਰਿਹਾ। ਕਮਾਲ ਦੀ ਗੱਲ ਹੈ: ਆਪਣੇ ਸਾਥੀਆਂ ਨਾਲ ਉਹ ਇਹੋ ਜਿਹਾ ਵਿਵਹਾਰ ਕਰਦਾ, ਸਾਰੇ ਉਸ ਨੂੰ ‘ਫੜ੍ਹਾਂ ਮਾਰਨ ਵਾਲਾ’ ਹੀ ਸਮਝਦੇ ਸਨ। ਉਸ ਦੀਆਂ ਗੱਲਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਸੀ ਲੈਂਦੇ। ਉਲਟਾ ਉਸ ਨੂੰ ਕਹਿੰਦੇ ਸਨ…: ‘‘ਤੂੰ ਕਦੇ ਵੀ ਥੇਮਜ਼ ਦੇ ਪਾਣੀਆਂ ਨੂੰ ਅੱਗ ਨਹੀਂ ਲਾ ਸਕੇਂਗਾ।’’
13 ਮਾਰਚ 1940 ਨੂੰ ਊਧਮ ਸਿੰਘ ਨੇ ਸੱਚਮੁੱਚ ਥੇਮਜ਼ ਦੇ ਪਾਣੀਆਂ ਨੂੰ ਅੱਗ ਲਾ ਦਿੱਤੀ। ਇੰਗਲੈਂਡ ਵਿਚ ਉਸ ਦੇ ਦੋਸਤ ਤਾਂ ਚਕਿੱਤ ਹੀ ਰਹਿ ਗਏ। ਪੂਰਾ ਬਰਤਾਨੀਆ, ਭਾਰਤ ਤੇ ਵਿਸ਼ਵ ਭਰ ਵਿਚ ਇਸ ਸਾਹਸੀ ਕਾਰਨਾਮੇ ਦੇ ਚਰਚੇ ਹੋਣ ਲੱਗੇ। ਮਾਈਕਲ ਉਡਵਾਇਰ ਨੂੰ ਮਾਰ ਕੇ ਤੇ ਉਸ ਦੇ ਸਹਿਯੋਗੀਆਂ ਨੂੰ ਜ਼ਖ਼ਮੀ ਕਰਕੇ ਊਧਮ ਸਿੰਘ ਘਟਨਾ ਵਾਲੇ ਸਥਾਨ ਤੋਂ ਭੱਜਿਆ ਨਹੀਂ। ਉਸ ਮੌਕੇ ਦੀ ਤਸਵੀਰ ਵਿਚ ਊਹ ਮੁਸਕਰਾ ਰਿਹਾ ਦਿਸਦਾ ਹੈ ਤੇ ਮਾਣ ਨਾਲ ਭਰਿਆ ਹੋਇਆ ਹੈ। ਊਧਮ ਸਿੰਘ ਨੂੰ ਗਿਆਨ ਸੀ, ਉਸ ਨੂੰ ਫਾਂਸੀ ਦੀ ਸਜ਼ਾ ਮਿਲੇਗੀ। ਉਹ ਕਹਿੰਦਾ ਹੈ, ‘‘ਮੈਂ ਆਪਣੇ ਸ਼ਹੀਦ ਸਾਥੀਆਂ ਕੋਲ ਜਾ ਰਿਹਾ ਹਾਂ।’’


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top