ਸਿੱਖ ਧਰਮ ਵਿੱਚ ਔਰਤ ਦਾ ਸਥਾਨ – (ਭਾਗ- 1)

*ਸਿੱਖ ਧਰਮ ਵਿੱਚ ਔਰਤ ਦਾ ਸਥਾਨ*
*(ਭਾਗ- 1)*
ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਭਾਰਤ ਵਰਸ਼ ਵਿੱਚ ਪ੍ਰਚਲਿਤ ਪ੍ਰਮੁੱਖ ਦੋ ਧਰਮਾਂ ਵਿੱਚ ਕਾਫੀ ਗਿਰਾਵਟ ਆ ਚੁੱਕੀ ਸੀ। ਜੇ ਆਪਾਂ ਉਸ ਸਮੇਂ ਦੀ ਔਰਤ ਦੀ ਹਾਲਤ ਤੇ ਨਜ਼ਰ ਮਾਰੀਏ ਤਾ ਪਤਾ ਲਗਦਾ ਹੈ ਕਿ- ਹਰੇਕ ਮੱਤ ਵਿੱਚ ਔਰਤ ਨੂੰ ਇੱਕ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ। ਹਿੰਦੂ ਧਰਮ ਦੇ ਰਾਮਾਇਣ ਵਰਗੇ ਪਵਿੱਤਰ ਗ੍ਰੰਥ ਵਿੱਚ ਤੁਲਸੀਦਾਸ ਨੇ ਤਾਂ ਔਰਤ ਦੀ ਤੁਲਨਾ ਪਸ਼ੂਆਂ ਨਾਲ ਕੀਤੀ ਹੋਈ ਹੈ। ਇਸ ਤੋਂ ਬਿਨਾ ਔਰਤਾਂ ਨੂੰ, ਪੂਜਾ ਪਾਠ ਕਰਨ ਜਾਂ ਮੰਦਰਾਂ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ। ਬਿਨਾ ਸ਼ੱਕ- ਹਿੰਦੁਸਤਾਨ ਦੇ ਕਈ ਵੱਡੇ ਮੰਦਰਾਂ ਵਿੱਚ ਤਾਂ ਅੱਜ ਤੱਕ ਵੀ ਔਰਤਾਂ ਦੇ ਜਾਣ ਦੀ ਮਨਾਹੀ, ਉਸੇ ਤਰ੍ਹਾਂ ਕਾਇਮ ਹੈ। ਔਰਤ ਨੂੰ ਪਰਦੇ ਵਿੱਚ ਰੱਖਣ ਖਾਤਿਰ, ਮਰਦਾਂ ਤੋਂ ਘੁੰਡ ਕੱਢਣ ਦਾ ਰਿਵਾਜ ਪੈਦਾ ਹੋਇਆ।
ਇਸਲਾਮ ਮੱਤ ਵਿੱਚ ਵੀ, ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕੀਤਾ ਜਾਂਦਾ। ਅਜੇ ਤੱਕ ਵੀ ਕਿਸੇ ਮਸਜਿਦ ਵਿੱਚ ਔਰਤਾਂ, ਆਦਮੀਆਂ ਦੇ ਸਾਹਮਣੇ ਬੈਠ ਕੇ, ਕੋਈ ਧਾਰਮਿਕ ਪ੍ਰਵਚਨ ਨਹੀਂ ਸੁਣ ਸਕਦੀਆਂ- ਸਗੋਂ ਉਹਨਾਂ ਨੂੰ ਕਮਰੇ ਅੰਦਰ ਪਰਦਾ ਕਰਕੇ, ਓਹਲੇ ਬਿਠਾਇਆ ਜਾਂਦਾ ਹੈ। ਦੋਹਾਂ ਧਰਮਾਂ ਦੇ ਲੋਕ, ਔਰਤ ਦੀ ਪੜ੍ਹਾਈ ਲਿਖਾਈ ਦੇ ਵਿਰੁੱਧ ਸਨ। ਦੋਹਾਂ ਧਰਮਾਂ ਵਿੱਚ ਔਰਤ ਸਦੀਆਂ ਤੱਕ ਗੁਲਾਮੀ ਵਾਲਾ ਜੀਵਨ ਬਸਰ ਕਰਦੀ ਰਹੀ। ਕਿਸੇ ਮਰਦ ਦਾ ਇੱਕ ਔਰਤ ਤੋਂ ਮਨ ਭਰ ਜਾਂਦਾ, ਤਾਂ ਉਹ ਦੂਸਰੀ ਨਾਲ ਵਿਆਹ ਕਰ ਲੈਂਦਾ। ਪਰ ਇਸ ਦੇ ਉਲਟ ਕਿਸੇ ਔਰਤ ਨੂੰ, ਪਤੀ ਦੀ ਮੌਤ ਤੋਂ ਬਾਅਦ ਵੀ ਦੂਜੇ ਵਿਆਹ ਦੀ ਆਗਿਆ ਨਹੀਂ ਸੀ- ਸਗੋਂ ਉਸ ਨੂੰ ਜਿਉਂਦੇ ਜੀਅ ਪਤੀ ਦੇ ਨਾਲ ਸਤੀ ਕਰ ਦਿੱਤਾ ਜਾਂਦਾ। ਔਰਤ ਨੂੰ ਮਰਦ ਦੀ ਦਾਸੀ ਜਾਂ ਇੱਕ ਭੋਗ-ਵਿਲਾਸ ਦੀ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ | ਭਗਤ ਛੱਜੂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ- ‘ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਤਾਂ ਉਸ ਤੋਂ ਦੂਰ ਹੀ ਰਹੋ’। ਪਤੀ ਕਿੰਨਾ ਵੀ ਦੁਰਾਚਾਰੀ ਹੋਵੇ, ਨਸ਼ਈ ਹੋਵੇ- ਉਹ ਉਸ ਦਾ ਮਾਲਕ ਹੈ ਤੇ ਪਤਨੀ ਨੇ ਉਸ ਦੀ ਸੇਵਾ ਹੀ ਕਰਨੀ ਹੈ। ਔਰਤ ਦੇ ਦੈਵੀ ਗੁਣਾਂ- ਸੰਜਮ, ਸੇਵਾ, ਪਿਆਰ, ਪਰਉਪਕਾਰ, ਸਹਿਨਸ਼ੀਲਤਾ, ਮਮਤਾ, ਮਿਹਨਤੀ ਸੁਭਾਅ ਆਦਿ ਵੱਲ ਕਿਸੇ ਦਾ ਕਦੇ ਧਿਆਨ ਹੀ ਨਹੀਂ ਸੀ ਗਿਆ।
ਅਜੇਹੇ ਭਿਆਨਕ ਸਮੇਂ, ਪੰਦਰਵੀਂ ਸਦੀ ਦੇ ਅੱਧ ਤੋਂ ਬਾਅਦ, ਮਨੁੱਖਤਾ ਦੇ ਰਹਿਬਰ, ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਦਾ ਆਗਮਨ ਹੋਇਆ- ਤਾਂ ਉਹ ਔਰਤ ਜ਼ਾਤ ਲਈ ਇੱਕ ਮਸੀਹਾ ਬਣ ਕੇ ਆਏ। ਉਹਨਾਂ ਔਰਤ ਮਰਦ ਦੀ ਬਰਾਬਰਤਾ ਤੇ, ਸਿੱਖ ਧਰਮ ਦੀ ਨੀਂਹ ਰੱਖੀ। ਔਰਤ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਹੋਇਆਂ, ਉਹਨਾਂ ਰਾਜਿਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਨਗਾਰੇ ਦੀ ਚੋਟ ਤੇ ਸੁਆਲ ਕੀਤਾ ਕਿ- ਜਿਸ ਔਰਤ ਨੂੰ ਭੰਡਦੇ ਹੋ.. ਉਸੇ ਤੋਂ ਜਨਮ ਲੈਂਦੇ ਹੋ.. ਉਸੇ ਨਾਲ ਮੰਗਣੀ ਵਿਆਹ ਹੁੰਦਾ ਹੈ.. ਉਸੇ ਕਾਰਨ ਸ੍ਰਿਸ਼ਟੀ ਚਲਦੀ ਹੈ.. ਜੋ ਰਾਜਿਆਂ ਦੀ ਭੀ ਜਨਮ ਦਾਤੀ ਹੈ। ਸੋ ਉਸ ਦੀ ਨਿਰਾਦਰੀ ਕਰਨਾ ਜਾਂ ਭੰਡਣਾ- ਕਿਥੋਂ ਦੀ ਸਿਆਣਪ ਹੈ?-
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥ (ਅੰਗ 473)
ਉਹ ਆਪਣੇ ਮਾਤਾ ਤ੍ਰਿਪਤਾ ਜੀ ਦਾ ਵੀ ਪੂਰਾ ਆਦਰ ਸਨਮਾਨ ਕਰਦੇ। ਜਦ ਅੱਠ ਕੁ ਸਾਲ ਦੀ ਉਮਰ ਵਿੱਚ, ਹਿੰਦੂ ਮੱਤ ਅਨੁਸਾਰ ਉਹਨਾਂ ਦੇ ਜਨੇਊ ਪਾਉਣ ਦੀ ਰਸਮ ਲਈ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ ਤਾਂ ਉਹਨਾਂ ਸੁਆਲ ਕੀਤਾ ਕਿ- ‘ਮੇਰੀ ਵੱਡੀ ਭੈਣ ਬੇਬੇ ਨਾਨਕੀ ਦੇ ਪਹਿਲਾਂ ਜਨੇਊ ਕਿਉਂ ਨਹੀਂ ਪਾਇਆ?’ ਉਹਨਾਂ ਦਾ ਇਹ ਪ੍ਰਸ਼ਨ ਅਸਲ ਵਿੱਚ ਔਰਤ ਦੀ ਬਰਾਬਰਤਾ ਲਈ ਚੁੱਕਿਆ ਪਹਿਲਾ ਕਦਮ ਸੀ। ਬੇਬੇ ਨਾਨਕੀ ਦਾ ਸਤਿਕਾਰ ਆਪਣੇ ਪੇਕੇ ਘਰ ਹੀ ਨਹੀਂ ਸਗੋਂ ਸਹੁਰੇ ਪਰਿਵਾਰ ਵਿੱਚ ਵੀ ਪੂਰਾ ਸੀ। ਉਹਨਾਂ ਦੇ ਪਤੀ ਜੈ ਰਾਮ ਜੀ ਵੀ ਉਸ ਤੋਂ ਪੁੱਛੇ ਬਿਨਾ ਕੋਈ ਕੰਮ ਨਾ ਕਰਦੇ। ਬਾਬਾ ਨਾਨਕ ਵੀ ਭੈਣ ਦੀ ਕਹੀ ਗੱਲ ਮੋੜ ਨਾ ਸਕਦੇ। ਜਦ ਬੇਬੇ ਨਾਨਕੀ ਨੇ ਸੁਲਤਾਨਪੁਰ ਜਾਣ ਣਈ ਕਿਹਾ- ਤਾਂ ਉਹ ਨਾਂਹ ਨਹੀਂ ਕਰ ਸਕੇ। ਭੈਣ ਦੇ ਕਹਿਣ ਤੇ ਮੋਦੀਖਾਨੇ ਵਿੱਚ ਨੌਕਰੀ ਵੀ ਕੀਤੀ। ਉਸ ਤੋਂ ਪਿੱਛੋਂ ਜਦੋਂ ਗੁਰੂੁ ਸਾਹਿਬ ਉਦਾਸੀਆਂ ਤੇ ਜਾਂਦੇ, ਤਾਂ ਆਪਣੀ ਭੈਣ ਨਾਨਕੀ ਨੂੰ ਮਾਤਾ ਸੁਲੱਖਣੀ ਅਤੇ ਆਪਣੇ ਬੱਚਿਆਂ ਦੀ ਸੇਵਾ ਸੰਭਾਲ ਵੀ ਜ਼ਿੰਮੇਵਾਰੀ ਵੀ ਸੌਂਪ ਕੇ ਜਾਂਦੇ। ਇਹ ਸਭ ਗੁਰੂ ਘਰ ਵਿੱਚ ਔਰਤ ਦੇ ਸਤਿਕਾਰ ਦੀਆਂ ਹੀ ਮਿਸਾਲਾਂ ਹਨ।
ਦਸ ਜਾਮਿਆਂ ਵਿੱਚ, ਉਹਨਾਂ ਦੁਆਰਾ ਉਚਾਰੀ ਗਈ ਬਾਣੀ ਵਿੱਚ ਵੀ, ਮਰਦ ਤੇ ਔਰਤ ਨੂੰ ਇੱਕ ਸਮਾਨ ਸਮਝ ਕੇ, ਕੇਵਲ ਦੋਹਾਂ ਦੀ ਆਤਮਾ ਨੂੰ ਜੀਵ-ਆਤਮਾ ਨਾਲ ਸੰਬੋਧਨ ਕੀਤਾ ਗਿਆ ਹੈ, ਜੋ ਪ੍ਰਭੂ ਪਤੀ ਦੇ ਮਿਲਾਪ ਲਈ ਤੜਪਦੀ ਹੈ- ਤੇ ਜਿਸ ਨੇ ਉਸੇ ਵਿੱਚ ਸਮਾ ਜਾਣਾ ਹੈ। ਗੁਰਬਾਣੀ ਅਨੁਸਾਰ- ਸਾਰੇ ਜਗਤ ਦਾ ਪਤੀ ਪ੍ਰਮੇਸ਼ਰ ਹੈ ਤੇ ਸਾਰੇ ਮਰਦ ਔਰਤਾਂ, ਉਸੇ ਦੀਆਂ ਇਸਤਰੀਆਂ ਹਨ। ਇਸ ਤਰ੍ਹਾਂ, ਗੁਰੂੁ ਸਾਹਿਬਾਂ ਨੇ ਬਾਣੀ ਵਿੱਚ ਸ਼ਿੰਗਾਰ ਰਸ ਭਰ ਕੇ, ਅਧਿਆਤਮਕ ਪ੍ਰੇਮ ਨੂੰ, ਲੋਕਾਂ ਦੇ ਦਿਲਾਂ ਤੱਕ ਸਰਲਤਾ ਨਾਲ ਪੁਚਾ ਦਿੱਤਾ। ਨਾਲ ਹੀ ਗੁਰੂ ਸਾਹਿਬਾਂ ਨੇ, ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਸ਼ੁਰੂ ਕਰਕੇ ਵੀ, ਹਰ ਮਾਈ ਭਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਇਆ। ਉਹਨਾਂ ਉਸ ਸਮੇਂ ਦੇ- ਮੁੱਲਾਂ, ਮੁਲਾਣਿਆਂ, ਕਾਜੀਆਂ ਹਾਜੀਆਂ, ਪੰਡਤਾਂ, ਵਿਦਵਾਨਾਂ, ਨਾਥਾਂ, ਜੋਗੀਆਂ ਤੇ ਧਾਰਮਿਕ ਜਾਂ ਰਾਜਸੀ ਆਗੂਆਂ ਦੀ, ਔਰਤ ਪ੍ਰਤੀ ਨੀਵੀਂ ਸੋਚ ਦੀ ਖੁਲ੍ਹ ਕੇ ਨਿੰਦਾ ਕੀਤੀ ਤੇ ਇਨਸਾਨੀਅਤ ਦਾ ਸੱਚਾ- ਸੁੱਚਾ ਮਾਰਗ ਦਰਸਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ, ਉਥੇ ਮਰਦ ਤੇ ਔਰਤਾਂ ਨੂੰ ਇੱਕੱਠੇ ਬਿਠਾ, ਇੱਕੋ ਜਿਹਾ ਉਪਦੇਸ਼ ਦਿੰਦੇ। ਵੈਸੇ ਵੀ ਸਿੱਖ ਧਰਮ ਦਾ ਸਿਧਾਂਤ, ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਇੰਨਾ ਸਰਲ ਸੀ ਕਿ ਹਰੇਕ ਮੱਤ ਦੇ ਲਿਤਾੜੇ ਹੋਏ, ਮਰਦ ਔਰਤਾਂ ਵੱਡੀ ਗਿਣਤੀ ਵਿੱਚ, ਇਸ ਮੱਤ ਨੂੰ ਧਾਰਨੀ ਹੋ ਗਏ।
ਦੂਸਰੇ ਪਾਤਸ਼ਾਹ ਸ੍ਰੀ ਗੁਰੂੁ ਅੰਗਦ ਦੇਵ ਜੀ ਨੇ ਤਾਂ, ਆਪਣੇ ਮਹਿਲ ਮਾਤਾ ਖੀਵੀ ਜੀ ਨੂੰ, ਖਡੂਰ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਦੇ ਇੰਚਾਰਜ ਥਾਪ ਦਿੱਤਾ। ਜਿਸ ਕਾਰਨ ਉਹ, ਸੰਗਤ ਵਿੱਚ ਜਿਸ ਮਾਣ ਸਤਿਕਾਰ ਦੇ ਪਾਤਰ ਬਣੇ- ਇਹ ਆਪਣੇ ਆਪ ਵਿੱਚ ਔਰਤ ਦੇ ਸਨਮਾਨ ਦੀ ਅਦੁੱਤੀ ਮਿਸਾਲ ਹੈ। ਮਾਤਾ ਖੀਵੀ ਜੀ, ਨਾਮ ਸਿਮਰਨ ਵਿੱਚ ਰੰਗੀ ਹੋਈ ਐਸੀ ਰੱਬੀ ਰੂਹ ਸਨ, ਕਿ ਉਹ ਦੂਰੋਂ ਨੇੜਿਉਂ ਆਈ ਸੰਗਤ ਦੀ ਆਓ ਭਗਤ ਵਿੱਚ ਕੋਈ ਕਸਰ ਨਾ ਛੱਡਦੇ। ਉਹਨਾਂ ਦੀ ਆਪਣੇ ਹੱਥੀਂ ਬਣਾਈ ਖੀਰ ਦੀ ਮਿਠਾਸ ਤਾਂ ਦੂਰ ਦੂਰ ਤੱਕ ਪਹੁੰਚ ਜਾਂਦੀ-
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਅੰਗ 966)
ਆਪ ਜੀ ਦੀ ਜਾਣਕਾਰੀ ਹਿੱਤ ਇਹ ਵੀ ਦੱਸ ਦਿਆਂ, ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਜੋ ਕਰਨਾਟਕਾ ਤੋਂ ਹਨ- ਨੇ ਮਾਤਾ ਖੀਵੀ ਦੇ ਜੀਵਨ ਤੋਂ ਪ੍ਰਭਾਵਤ ਹੋ ਕੇ, ਆਪਣੀ ਬੇਟੀ ਦਾ ਨਾਮ ਵੀ ‘ਖੀਵੀ’ ਰੱਖਿਆ ਹੈ, ਅਤੇ ਉਹ ਉਸਦੇ ਜਨਮ ਦਿਨ ਤੇ ਖੀਰ ਦਾ ਲੰਗਰ ਵੀ ਲਾਉਂਦੇ ਹਨ। ਕਾਸ਼! ਅਸੀਂ ਵੀ ਇਹਨਾਂ ਸਨਮਾਨਯੋਗ ਸਿੱਖ ਔਰਤਾਂ ਨੂੰ ਆਪਣੀਆਂ ਬੱਚੀਆਂ ਦੇ ਰੋਲ ਮਾਡਲ ਬਣਾ ਸਕੀਏ!
(ਚਲਦਾ )
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਵਟਸਐਪ: +91 98728 60488


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top