7 ਮਾਰਚ ਦਾ ਇਤਿਹਾਸ – ਮੁਗਲਾਂ ਕੋਲੋਂ ਹਿੰਦੂ ਲੜਕੀ ਛੁਡਵਾਈ
7 ਮਾਰਚ 1703 ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਉਦੈ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਮੁਗਲਾ ਕੋਲੋ ਹਿੰਦੂ ਲੜਕੀ ਛੁਡਵਾਂ ਕੇ ਹਿੰਦੂਆਂ ਦੇ ਘਰ ਇੱਜਤ ਨਾਲ ਭੇਜੀ ਸੀ ।
ਲੇਖਕ ਜੋਰਾਵਰ ਸਿੰਘ ਤਰਸਿੱਕਾ ।
ਇਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ ਕਿ ਇੱਕ ਬ੍ਰਾਹਮਨ ਜਿਸ ਦਾ ਨਾਂਅ ਦੇਵਦਾਸ ਜਾ ( ਦੇਵੀਦਾਸ ) ਸੀ, ਰੋਂਦਾ ਕੁਰਲਾਂਦਾ ਦੀਵਾਨ ਵਿੱਚ ਪੁੱਜਿਆ। ਇਹ ਹੁਸ਼ਿਆਰਪੁਰ ਦੇ ਨੇੜੇ ਦੇ ਇੱਕ ਪਿੰਡ ਜੋਜੇ ਦਾ ਰਹਿਣ ਵਾਲਾ ਸੀ। ਗੁਰੂ ਜੀ ਨੇ ਬ੍ਰਾਹਮਣ ਨੂੰ ਚੁੱਪ ਕਰਾ ਕੇ ਰੋਣ ਦਾ ਕਾਰਨ ਪੁੱਛਿਆ। ਬ੍ਰਾਹਮਣ ਕਹਿਣ ਲੱਗਾ ਬੱਸੀਆਂ ਦਾ ਪਠਾਣ ਜਾਬਰ ਖਾਨ ਜੋ ਹਿਂਦੂਆਂ ਤੇ ਬਹੁਤ ਜੁਲਮ ਕਰਦਾ ਹੈ ਹਿੰਦੂ ਕੁੜੀਆ ਨੂੰ ਚੱਕ ਕੇ ਲੈ ਜਾਦਾ ਹੈ ਤੇ ਉਹਨਾ ਦੀ ਇਜਤ ਬੇ ਪਤ ਕਰਦਾ ਹੈ। ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰ ਵਾਲੀ ਬ੍ਰਾਹਮਣੀ , ਪਠਾਣਾਂ ਨੇ ਖੋਹ ਲਈ ਹੈ। ਮੈਂ ਬਹੁਤ ਚੀਕ-ਪੁਕਾਰ ਕੀਤੀ ਪਰ ਮੇਰੀ ਕਿਸੇ ਨੇ ਨਾ ਸੁਣੀ। ਇਨ੍ਹਾਂ ਮੈਨੂੰ ਫੜ ਕੇ ਬਹੁਤ ਮਾਰਿਆ ਤੇ ਮੇਰੀ ਘਰਵਾਲੀ ਖੋਹ ਕੇ ਚਲਦੇ ਬਣੇ। ਮੈ ਸਰਕਾਰੇ ਦਰਬਾਰੇ ਬਹੁਤ ਧੱਕੇ ਖਾਦੇ ਸਾਰੇ ਨਵਾਬਾਂ ਦੇ ਅਗੇ ਹੱਥ ਜੋੜੇ ਪਰ ਮੇਰੀ ਕਿਸੇ ਨੇ ਨਹੀ ਸੁਣੀ ਹੁਣ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਮੇਰੀ ਸਹਾਇਤਾ ਕਰੋ ਤੇ ਮੇਰੀ ਇਸਤਰੀ ਮੈਨੂੰ ਵਾਪਸ ਦਿਵਾਉ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਹੁਕਮ ਦਿੱਤਾ ਕਿ ਬਸੀ ਦੇ ਪਠਾਣ ਜਾਬਰ ਖਾਂ ਨੇ ਇਸ ਬ੍ਰਾਹਮਣ ਦੀ ਘਰਵਾਲੀ ਖੋਹ ਲਈ ਹੈ। ਤੁਸੀਂ ਸਿੰਘਾਂ ਨੂੰ ਲੈ ਕੇ ਜਾਉ ਤੇ ਬਿਜਲੀ ਦੀ ਫੁਰਤੀ ਵਾਂਗੂ ਬ੍ਰਾਹਮਣੀ ਨੂੰ ਛੁਡਾ ਕੇ ਇਸ ਦੇ ਹਵਾਲੇ ਕਰੋ। ਜਾਬਰ ਖਾਂ ਨੂੰ ਉਸ ਦੇ ਕੀਤੇ ਦੀ ਕਰੜੀ ਸਜ਼ਾ ਦਿਉ।
ਸਾਹਿਬਜਾਦਾ ਅਜੀਤ ਸਿੰਘ ਨੇ ਭਾਈ ਉਦੈ ਸਿੰਘ ਤੇ 100 ਸਿੰਘਾਂ ਨੂੰ ਨਾਲ ਲਿਆ ਤੇ ਬ੍ਰਾਹਮਣ ਨੂੰ ਘੋੜੇ ਤੇ ਬਿਠਾ ਲਿਆ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਬਸੀ ਪਠਾਣਾਂ ਤੇ ਸਿੰਘ ਜਾ ਪਏ। ਹਵੇਲੀ ਦਾ ਬੂਹਾ ਤੋੜ ਕੇ ਅੰਦਰ ਲੰਘ ਗਏ। ਪਠਾਣਾਂ ਨੇ ਸਿੱਖਾਂ ਨੂੰ ਅੰਦਰ ਆਉਂਦਿਆਂ ਵੇਖ ਸਿੰਘ ਆ ਗਏ ਸਿੱਖ ਆ ਗਏ। ਦਾ ਰੌਲਾ ਪਾ ਦਿੱਤਾ। ਕਿਸੇ ਪਠਾਣ ਦਾ ਹੌਂਸਲਾ ਨਹੀਂ ਸੀ ਕਿ ਸਿੱਖਾਂ ਨਾਲ ਟਾਕਰਾ ਲੈ ਸਕੇ।
ਪਰ ਜਾਨ ਬਚੌਣ ਲਈ ਪਠਾਣਾਂ ਨੇ ਤਲਵਾਰਾ ਸਿੰਘਾ ਨਾਲ ਖੜਕਾਈਆਂ ਜਿਸ ਵਿੱਚ ਬਹੁਤ ਪਠਾਣ ਮਾਰੇ ਗਏ ਕੁਝ ਸਿੰਘ ਵੀ ਜਖਮੀ ਹੋਏ ।
ਜਾਬਰ ਖਾਂ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ। ਸਿੱਖਾਂ ਨੇ ਘਬਰਾਏ ਹੋਏ ਜਾਬਰ ਖਾਂ ਨੂੰ ਜਾ ਪਕੜਿਆਂ ਬ੍ਰਾਹਮਣ ਨੇ ਦੋਸ਼ੀ ਜਾਬਰ ਖਾਂ ਨੂੰ ਪਛਾਣ ਲਿਆ ਸੀ। ਬ੍ਰਾਹਮਣੀ ਨੂੰ ਵੀ ਅੰਦਰੋਂ ਲੱਭ ਕੇ ਬ੍ਰਾਹਮਣ ਦੇ ਹਵਾਲੇ ਕੀਤੀ। ਹੋਰ ਕਿਸੇ ਚੀਜ ਨੂੰ ਹੱਥ ਨਹੀਂ ਲਾਇਆ।
ਸਾਹਿਬਜਾਦਾ ਅਜੀਤ ਸਿੰਘ ਜੀ ਫਿਰ ਉੱਥੇ ਪਹੁੰਚੇ ਜਿੱਥੇ ਹੁਣ ਗੁਰਦੁਆਰਾ ਸ਼ਹੀਦਾਂ ਲਦੇਵਾਲ ਮਹਿਲਪੁਰ ਸਥਿਤ ਹੈ।ਜਖਮੀ ਸਿੰਘਾਂ ਵਿੱਚੋਂ ਕੁੱਝ ਰਾਤ ਨੂੰ ਸ਼ਹੀਦ ਹੋ ਗਏ। ਉਨ੍ਹਾਂ ਸਿੰਘਾਂ ਦਾ ਸੰਸਕਾਰ ਬਾਬਾ ਅਜੀਤ ਸਿੰਘ ਜੀ ਨੇ ਸਵੇਰੇ ਆਪਣੇ ਹੱਥਾਂ ਨਾਲ ਕੀਤਾ।
ਜਾਬਰ ਖਾਂ ਪਠਾਣ ਨੂੰ ਬੰਨ੍ਹ ਕੇ ਘੋੜੇ ਤੇ ਬਿਠਾ ਕੇ ਬ੍ਰਾਹਮਣੀ ਸਮੇਤ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਾਹਮਣੀ ਪੰਡਤ ਨੂੰ ਦੇ ਕੇ ਉਸਦੇ ਘਰ ਭੇਜ ਦਿੱਤਾ ਤੇ ਕਿਹਾ ਜਿਸ ਦੇ ਲਈ ਸਾਰੇ ਦਰਵਾਜੇ ਬੰਦ ਹੋ ਜਾਣ ਉਸ ਲਈ ਗੁਰੂ ਨਾਨਕ ਸਾਹਿਬ ਜੀ ਦੇ ਦਰਵਾਜੇ ਹਮੇਸ਼ਾ ਲਈ ਖੁਲੇ ਹਨ । ਜਿਸ ਦੀ ਕੋਈ ਮੱਦਦ ਨਹੀ ਕਰਰੇਗਾ ਹਮੇਸ਼ਾ ਮੇਰਾ ਖਾਲਸਾ ਉਸ ਨਾਲ ਹੋਵੇਗਾ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।