ਭਾਈ ਮੱਖਣ ਸ਼ਾਹ ਲੁਬਾਣਾ ਦਾ ਪੁਰਾਤਨ ਇਤਿਹਾਸ ਪੜੋ ਜੀ

ਲੁਬਾਣੇ ਕੌਣ ਸਨ ਇਹ ਨਾਮ ਕਿਵੇ ਮਸਹੂਰ ਹੋਇਆ ਜਿਹੜੇ ਵਪਾਰੀ ਲਵਣ ( ਲੂਣ ) ਦਾ ਵਪਾਰ ਕਰਦੇ ਸਨ ਇਹਨਾ ਨੂੰ ਹੌਲੀ ਹੌਲੀ ਲੋਕ ਲੁਬਾਣੇ ਆਖਣ ਲੱਗ ਪਏ । ਇਹ ਲੁਬਾਣੇ ਤੋਮਰ ਰਾਜਪੂਤ ਸਨ ਇਹਨਾ ਤੋਮਰ ਰਾਜਪੂਤਾ ਨੇ 734 ਵਿੱਚ ਦਿੱਲੀ ਦਾ ਮੁੱਢ ਬੰਨਿਆ ਸੀ । ਗਵਾਲੀਅਰ ਦਾ ਮਜਬੂਤ ਕਿਲਾ ਵੀ ਤੋਮਰ ਰਾਜੇ ਨੇ ਬਣਵਾਇਆ ਸੀ ਬਾਅਦ ਵਿੱਚ ਤੋਮਰ ਰਾਜੇ ਮਾਨ ਸਿੰਘ ਨੇ ਗਵਾਲੀਅਰ ਦੇ ਕਿਲੇ ਵਿੱਚ ਆਪਣਾ ਮਹਿਲ ਬਣਵਾਇਆ ਸੀ । ਸਾਡੇ ਛੇਂਵੇ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਉਸੇ ਕਿਲੇ ਵਿੱਚ ਰੱਖਿਆ ਸੀ । ਤੋਮਰ ਰਾਜਪੂਤਾਂ ਦਾ ਘੱਗਰ ਦਰਿਆ ਤੋ ਚੰਬਲ ਦਰਿਆ ਦੇ ਵਿਚਕਾਰਲੇ ਇਲਾਕੇ ਵਿੱਚ ਰਾਜ ਸੀ ।
ਭਾਈ ਮੱਖਣ ਸ਼ਾਹ ਦਾ ਪਰਿਵਾਰ ਕਸ਼ਮੀਰ ਵਿਚ ਬਾਬਾ ਸਾਉਣ ਤੋਂ ਚਲਦਾ ਹੈ । ਉਸ ਦਾ ਪੁੱਤਰ ਸੀ ਬਹੋੜੂ ਤੇ ਬਹੋੜ ਦਾ ਬੰਨਾ ਜੀ , ਜਦੋ ਗੁਰੂ ਨਾਨਕ ਸਾਹਿਬ ਵੇਲੇ ਸਿੱਖੀ ਵਿਚ ਸ਼ਾਮਿਲ ਹੋਇਆ ਸੀ । ਬੰਨਾ ਦਾ ਪੁੱਤਰ ਅਰਥਾਂ ਤੇ ਅਰਥਾਂ ਦਾ ਪੁੱਤਰ ਦਾਸਾ ਸੀ । ਦਾਸਾ ਦਾ ਪੁੱਤਰ ਮੱਖਣ ਸ਼ਾਹ ਸੀ । ਉਸ ਅਗੋਂ ਤਿੰਨ ਪੁੱਤਰ ਸਨ : ਚੰਦੂ ਲਾਲ , ਲਾਲ ਚੰਦ ਤੇ ਕੁਸ਼ਾਲ ਚੰਦ । ਭਾਈ ਮੱਖਣ ਸ਼ਾਹ ਤੋਂ ਚੰਦੂ ਲਾਲ ਦਸਮ ਪਾਤਸ਼ਾਹ ਵੱਲੋਂ ਖੰਡੇ ਦਾ ਪਾਹੁਲ ਸ਼ੁਰੂ ਕਰਨ ( 1698 ) ਤੋਂ ਪਹਿਲਾਂ ਹੀ ਚੜਾਈ ਕਰ ਚੁਕੇ ਸਨ ਪਰ ਲਾਲ ਚੰਦ ਤੇ ਕੁਸ਼ਾਲ ਚੰਦ ਨੇ ਗੁਰੂ ਸਾਹਿਬ ਤੋਂ ਪਾਹੁਲ ਲਈ ਅਤੇ ਲਾਲ ਸਿੰਘ ਤੇ ਕੁਸ਼ਾਲ ਸਿੰਘ ਬਣ ਗਏ । ਇਨ੍ਹਾਂ ਵਿਚੋਂ ਲਾਲ ਸਿੰਘ ਦਾ ਖ਼ਾਨਦਾਨ ਅਜ ਵੀ ਚਲਦਾ ਹੈ । ਇਨ੍ਹਾਂ ਦਾ ਰਿਕਾਰਡ ਪਹੋਵਾ ਵਿਚ ਪੰਡਤ ਪੂਰਨ ਨੰਦ ( ਪੱਤਰ ਪੰਡਤ ਸ਼ਰਧਾ ਰਾਮ ) ਅਤੇ ਉਸ ਦੇ ਵਾਰਿਸਾਂ ਦੀਆਂ ਵਹੀਆਂ ਵਿਚ ਅਜ ਵੀ ਮੌਜੂਦ ਹੈ ।
ਪਹਿਲਾ ਆਪਾ ਭਾਈ ਮੱਖਣ ਸ਼ਾਹ ਦੇ ਪਰਿਵਾਰ ਦੀਆਂ ਪੀੜੀਆ ਤੇ ਇਕ ਝਾਤ ਮਾਰਦੇ ਹਾ ਜੀ ।
ਮੱਖਣ ਸ਼ਾਹ ਜੀ ਦੇ ਵੱਡੇ ਬਜ਼ੁਰਗ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣੇ ਸਨ ਉਹਨਾ ਦਾ ਨਾਮ ਸੀ ਭਾਈ ਸਾਉਣ ਪੇਲੀਆ ਜੀ ਸਾਉਣ ਪੇਲੀਆ ਦੇ ਪੁੱਤਰ ਦਾ ਨਾਮ ਬਹੋੜੂ ਜੀ ਭਾਈ ਬਹੋੜੂ ਜੀ ਦੇ ਪੁੱਤਰ ਦਾ ਨਾਮ ਬੱਣਾ ਜੀ ਭਾਈ ਬੱਣਾ ਜੀ ਦੇ ਪੁੱਤਰ ਦਾ ਨਾਮ ਅਰਥਾ ਜੀ ਭਾਈ ਅਰਥਾ ਜੀ ਦੇ ਪੁੱਤਰ ਦਾ ਨਾਮ ਭਾਈ ਦਾਸਾ ਜੀ ਭਾਈ ਦਾਸਾ ਜੀ ਦੇ ਪੁੱਤਰ ਦਾ ਨਾਮ ਭਾਈ ਮੱਖਣ ਸ਼ਾਹ ਜੀ ਭਾਈ ਮੱਖਣ ਸ਼ਾਹ ਜੀ ਦੇ ਤਿੰਨ ਪੁੱਤਰ ਸਨ ਭਾਈ ਚੰਦੂ ਲਾਲ ਭਾਈ ਲਾਲ ਸਿੰਘ ਤੇ ਭਾਈ ਕੁਸ਼ਾਲ ਸਿੰਘ। ਭਾਈ ਲਾਲ ਸਿੰਘ ਜੀ ਦੇ ਫੇਰ ਤਿੰਨ ਪੁੱਤਰ ਹੋਏ ਕਿਸ਼ਨ ਸਿੰਘ , ਜੀਤ ਸਿੰਘ ਤੇ ਜੱਟ ਮੱਲ ਫੇਰ ਕਿਸ਼ਨ ਸਿੰਘ ਦੇ ਦੋ ਪੁੱਤਰ ਹੋਏ ਭਗਵਾਨ ਸਿੰਘ ਤੇ ਬਿਸ਼ਨ ਸਿੰਘ ਅਗੋ ਭਗਵਾਨ ਸਿੰਘ ਦੇ ਪੰਜ ਪੁੱਤਰ ਹੋਏ ਭਾਈ ਹਰਿਜਸ ਸਿੰਘ , ਨੌਧ ਸਿੰਘ , ਪਿਆਰ ਸਿੰਘ , ਕਪੂਰ ਸਿੰਘ ਤੇ ਭਗਤ ਸਿੰਘ। ਹਰਿਜਸ ਸਿੰਘ ਦੇ ਇਕ ਪੁੱਤਰ ਹੋਇਆ ਧਰਮ ਸਿੰਘ ਨੌਧ ਸਿੰਘ ਦੇ ਦੋ ਪੁੱਤਰ ਹੋਏ ਦੀਦਾਰ ਸਿੰਘ ਤੇ ਦਿਆਲ ਸਿੰਘ । ਪਿਆਰ ਸਿੰਘ ਦੇ ਇਕ ਪੁੱਤਰ ਹੋਇਆ ਜਿਸ ਦਾ ਨਾਮ ਭਾਗ ਸਿੰਘ ਰੱਖਿਆ ਕਪੂਰ ਸਿੰਘ ਦੇ ਦੋ ਪੁੱਤਰ ਹੋਏ ਦੇਵਾ ਸਿੰਘ ਤੇ ਚੰਦਾ ਸਿੰਘ ਅਗੋ ਦਿਆਲ ਸਿੰਘ ਦਾ ਇਕ ਪੁੱਤਰ ਹੋਇਆ ਜਿਸ ਦਾ ਨਾਮ ਵੀ ਦੇਵਾ ਸਿੰਘ ਰੱਖਿਆ ਗਿਆ। ਭਾਗ ਸਿੰਘ ਦੇ ਦੋ ਪੁੱਤਰ ਹੋਏ ਜੈ ਸਿੰਘ ਅਤਰ ਸਿੰਘ। ਪਹਿਲੇ ਦੇਵਾ ਸਿੰਘ ਦੇ ਪੰਜ ਪੁੱਤਰ ਹੋਏ ਬੀੜਾ ਸਿੰਘ, ਵਜੀਰ ਸਿੰਘ, ਅਮਰ ਸਿੰਘ, ਸ਼ਮੀਰ ਸਿੰਘ ਤੇ ਹਰਿਨਾਮ ਸਿੰਘ।
ਖਾਂਡਾ ਨਗਰ ਵਿਚ ਭਾਈ ਮੱਖਣ ਸ਼ਾਹ ਦੀ ਕੁਲ ਵਿਚੋਂ 400 ਘਰ ਰਹਿੰਦੇ ਸਨ ਜੋ 1947 ਵਿਚ ਉਥੋਂ ਉਜੜ ਕੇ ਕਠੂਆ ਜ਼ਿਲ੍ਹੇ ਦੇ ਪਿੰਡ ਬਰਨੌਟੀ ਵਿਚ ਆ ਵਸੇ ਸਨ । ਖਾਂਡਾਂ ਦੇ ਆਲੇ ਦੁਆਲੇ ਦੇ ਕਈ ਹੋਰ ਪਿੰਡਾਂ ਵਿਚ ਵੀ ‘ ਪੇਲੀਆ ‘ ਗੋਤ ਦੇ ਲੁਬਾਣੇ ਰਿਹਾ ਕਰਦੇ ਸਨ । ਮੱਖਣ ਸ਼ਾਹ ਪਰਿਵਾਰ ਵਿਚੋਂ ਇਕ ਘਰ ਮੁਜਫ਼ਰਾਬਾਦ ਤੋਂ ਉੱਤਰ ਵਲ , 16-17 ਕਿਲੋਮੀਟਰ ਦੂਰ , ਪਹਾੜੀ ਵਿਚ ਮੇਰੀ ਦੌਰਾ ਪਿੰਡ ਵਿਚ ਵੀ ਵਸਦਾ ਸੀ । ਇਹ ਸਾਰੇ ਪਰਿਵਾਰ ਕਿਤੇ ਵੀ ਹੋਣ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦਿਨ ਤੇ ਹਰ ਸਾਲ 19 ਜੂਨ ਨੂੰ ਖਾਂਡਾ ਪਿੰਡ ਵਿਚ ਇਕੱਠੇ ਹੋਇਆ ਕਰਦੇ ਸਨ । ਖਾਡਾਂ ਲਬਾਣਾ ਵਿਚ ਭਾਈ ਮੱਖਣ ਸ਼ਾਹ ( ਪੋਲੀਆ ਗੋਤ ) ਤੋਂ ਇਲਾਵਾ ਕਈ ਹੋਰ ਗੋਤਾਂ ਦੇ ਲੁਬਾਣੇ ਵੀ ਰਿਹਾ ਕਰਦੇ ਸਨ , ਇਨ੍ਹਾਂ ਵਿਚੋਂ ਮੁਖ ਇਹ ਸਨ : ਮਠਾਣੇ , ਪਟਵਾਲ , ਅਜਰੰਤ , ਗੁਜਰ , ਦਾਤਲੇ , ਬਾਮਣ , ਮਨੌਲੀ , ਉਜਲ ਵਗੈਰਾ । ਭਾਈ ਮੱਖਣ ਸ਼ਾਹ ਦੇ ਪਰਿਵਾਰ ਨੂੰ ਗੁਰੂ ਸਾਹਿਬਾਨ ਵਲੋਂ ਬੜੀਆਂ ਬਖ਼ਸ਼ਿਸ਼ਾਂ ਸਨ । ਇਸ ਕਰ ਕੇ ਇਨ੍ਹਾਂ ਨੂੰ ” ਬਾਵੇ ‘ ਤੇ ‘ ਬਾਵੇਂ ਰਾਮਦਾਸ ‘ ਵੀ ਆਖਿਆ ਜਾਂਦਾ ਸੀ । ਭਾਈ ਮੱਖਣ ਸ਼ਾਹ ਨੂੰ ‘ ਨਾਇਕ ‘ ਵੀ ਕਿਹਾ ਜਾਂਦਾ ਹੈ , ਜਿਸ ਦਾ ਮਤਲਬ ਮੁਖੀ ਆਗੂ ਹੁੰਦਾ ਹੈ । ਮੱਖਣ ਸ਼ਾਹ , ਉਸ ਦਾ ਪਿਤਾ ਦਾਸਾ , ਉਸ ਦਾ ਪਿਤਾ ਅਰਥਾ , ਉਸ ਦਾ ਪਿਤਾ ਬੰਨਾ ਸਾਰੇ ਹੀ ਨਾਇਕ ਸਨ ਯਾਨਿ ਉਹ ਪੇਲੀਆ ਗੋਤ ਦੇ ਮੁਖੀ ਸਨ । ਲੁਬਾਣਾ ਬਹਾਦਰੀ ਦਾ ਅੱਜ ਬੜਾ ਵੱਡਾ ਫੈਲਾਅ ਹੈ । ਇਹ ਦੁਨੀਆਂ ਦੇ ਹਰ ਪਾਸੇ ਵਿਚ ਫੈਲੇ ਹੋਏ ਹਨ । ਲੁਬਾਣਾ ਬਰਾਦਰੀ ਦੀਆਂ ਮੁੱਖ 11 ਗੋਤਾਂ ਹਨ ” ਕੁੰਡਲਾ ਤੇ ਸੰਦਲਾ , ਮੁਖ ਗੋਤਾਂ ਹਨ । ਇਹ ਗੋਤਾਂ ਅਗੋਂ ਫਿਰ ਮੂੰਹੀਆਂ ਵਿਚ ਵੰਡੀਆਂ ਹੋਈਆਂ ਹਨ ; ਕੁੰਡਲਾ – ਡਾਲਟਾ , ਬਰਿਆਣਾ , ਮੁਲਤਾਨ , ਮਥੁਨ , ਕਰਨੀਏ , ਲਲੀਏ , ਕੁਲਸਾਨੇ ਕਵਾਨੇ , ਹਿਸਬਮਾਨੇ , ਨਿਮਤੀਆਨੇ ।
ਨਜਰਾਨੇ , ਗੜੇ , ਮੂਸਲੇ , ਕੂਲੀਆ , ਦਰਦਲੀਆ , ਮੂਈਏ , ਸੰਸੀਆਨਾ , ਜੋਗੀਏ , ਦਾਰੀਵ , ਉਦਮਾਲੀਆ , ਖਬਰੀਹੇ , ਨਾਲੇ , ਜਾਲੇ ਝੰਡੇ , ਲੰਮੇ , ਕਰਮਾਨੀ , ਨੰਗਸੰਘੀਏ , ਬਰਵਾਲ , ਮਾਨੇਮੀ , ਬਾਲਾ । ਸੰਦਲਾ ਗੋਤ : ਅਜਰਾਵਤ , ਘੋਤਰਾ , ਮੜੀਆਨਾ , ਲਖਮਣ , ਲਿਖਤਿਆਨ , ਮੁੰਦਰ , ਬਹਾਦੁਰੀਏ , ਡੋਡੀਏ , ਫੱਟੇ ਖਾਨੀ , ਭਰੇ , ਲਮਧਾਰੀਏ , ਮੁਛੀਏ , ਮਾਨਾਂ , ਡੇਡ , ਉਹਜਾਰੇ , ਬਟਾਮਲੇ , ਕਗੜਕੇ , ਧੋਤਲ , ਸਾਦੀਆਨੀ , ਕਉਲੀਏ , ਬਾਸੋਨੀਏ , ਨਾਨੰਤ , ਮੱਖਣ ਕੇ , ਸੁੰਦਰਨੀ , ਤੀਤਾਰੀਏ , ਦੋਕੇ , ਚਿਤੜੇ , ਲਾਕਨ , ਜਾਗਲੀਏ ਤੇ ਰਾਈ ਕੇ । ਕੁੜੋਤ ਗੋਤ : ਪਾਂਡੋ , ਪੰਡਵਾਲੀਏ , ਧਰੀਮੀਏ , ਮਨੀਹਾਨੀ , ਖਾਂਡੀਏ , ਯੂਤਾਨੀ , ਗਾਡਰੀਏ , ਚਿੰਗਾਰੀਏ । ਬਾਸਕ ਗੋਤ : ਕਾਸ਼ਮੀ , ਖਸਰੀਏ , ਖੂਨ – ਖਸਰੀਏ , ਭਰਾਵੀਏ , ਹਰਦਾਸੀਏ , ਮਲਕੇ , ਮਖਣਵਾਲ , ਕਰਮੂਕੇ । ਕੌਂਡਲ ਗੋਤ : ਮਖਣ , ਭੈਂਸੀਏ , ਅਧਮੂਦੀਏ , ਮਲਈਏ ਕਉਲਫ਼ ਗੋੜ ; ਗੁਰਜਾਰ , ਗੁੱਜਰ , ਪੋਪਾਲੇ , ਬੇਰੀਏ , ਮੁਲਾਈਕੇ , ਪਟਵਾਰੀਕੇ , ਕੰਬੀਰੀਏ । ਪ੍ਰਾਸਲਾ ਗੋਤ : ਰਾਏ , ਭਾਈਕਾਰੇ , ਭੱਟੀ , ਪੰਧ , ਸੁਰਤੀਏ , ਗੇੜ ਕਛਪ ਗੋਤ : ਪਾਲ , ਪੋਲੀਏ , ਮਖਣ ਸ਼ਾਹੀਏ , ਚੰਪਾਰਨੀਏ , ਫੱਟੜੇ , ਰਾਜੇ ਭਾਲਕੇ , ਗੋਮਤ , ਸੋਨਕ ਵਸ਼ਿਸ਼ਟ ਗੋਤ : ਨਾਇਕ ਬ੍ਰਾਹਮਣ , ਕਮੀਨੀ , ਰਾਜੇ ਕੇ , ਗੁਲਬੀ , ਦਸੌਂਧੀਏ , ਨਾਇਕੀਏ ਬਿਸ਼ਪਤ ਗੋਤ : ਸਾਰਾਪਤੀ , ਨਾਨਾਕੀ , ਰਖਬਾਰੇ , ਦਸੰਧੀਆ , ਭਾਉ ਅਟਰੋਲੋ ਗੋਤ ; ਮੰਜਲੇ , ਟਾਂਕਰੇ , ਬੇਦੀਏ , ਗੋਕੇ , ਬੰਬੀਏ । . ( ਦਰਅਸਲ ਗੋਤਾਂ ਦੇ ਇਹ ਨਾਂ ਕਿਸੇ ਗੋਤ ਦੇ ਮੁਖੀ ਤੋਂ ਚੱਲੇ ਪਰਿਵਾਰ ਦੀਆਂ ਮੂੰਹੀਆਂ ਬਣ ਕੇ ਕਾਇਮ ਹੋ ਗਏ ਸਨ ਤੇ ਹੌਲੀ – ਹੌਲੀ ਉਹ ਪੂਰੀ ਗੋਤ ਵਜੋਂ ਜਾਣੇ ਜਾਣ ਲੱਗ ਪਏ ਸਨ )
ਲੁਬਾਣਿਆਂ ਦਾ ਸਿੱਖੀ ਨਾਲ ਜੁੜਨਾ ਜਦੋਂ ਗੁਰੂ ਨਾਨਕ ਸਾਹਿਬ ਕਸ਼ਮੀਰ ਵਿਚ ਗਏ ਤਾਂ ਉਨ੍ਹਾਂ ਨੇ ਦੋ ਜਣਿਆਂ ਨੂੰ ਸਿੱਖ ਮਿਸ਼ਨ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਸੀ । ਇਹ ਦੋ ਸਨ : ਮਟਨ ਦਾ ਭਾਈ ਬ੍ਰਹਮ ਦਾਸ ( ਭਾਈ ਕਿਰਪਾ ਰਾਮ ਸਿੰਘ ਦਤ ਦਾ ਪੜਦਾਦਾ ) ਅਤੇ ਨਾਇਕ ਬੰਨਾ ( ਲੁਬਾਣਿਆਂ ਦਾ ਨਾਇਕ ਮੁਖੀ ) । ਭਾਈ ਬ੍ਰਹਮਦਾਸ , ਜੋ ਪਾਂਡਿਆਂ ਵਿਚੋਂ ਸਭ ਤੋਂ ਵਧ ਵਿਦਵਾਨ ਪੰਡਤ ਸੀ , ਉਸ ਵੇਲੇ ਹਿੰਦੂਆਂ ਦੇ ਤੀਰਥ ਮਾਰਤੰਡ ਕੋਲ ਪਿੰਡ ਬੀਜ ਬਿਹਾੜਾ ( ਨੇੜੇ ਮਟਨ ) ਰਹਿੰਦਾ ਸੀ । ਨਾਇਕ ਬੰਨਾ ( ਪੁੱਤਰ ਨਾਇਕ ਸਾਵਣ ) ਪੌਲੀਆ ਗੋਤ ਦਾ ਲੁਬਾਣਾ ਰਾਜਪੂਤ ਇਕ ਬੜਾ ਵੱਡਾ ਵਣਜਾਰਾ ( ਬਣਜਾਰਾ ) ਯਾਨਿ ਵਪਾਰੀ ਸੀ । ਉਸ ਦਾ ਟਾਂਡਾ ( ਵਪਾਰਕ ਕਾਫ਼ਲਾ । ਉਸ ਵਲ ਦਖਣੀ ਏਸ਼ੀਆ ਦਾ ਸਭ ਤੋਂ ਵੱਡਾ ਟਾਂਡਾ ਸੀ । ਨਾਇਕ ਬਣਾ ਮੁਜ਼ਫਰਾਬਾਦ ਤੋਂ 28 ਕਿਲੋਮੀਟਰ ਦੂਰ ਖਾਂਡਾ ਨਗਰ ਦਾ ਰਹਿਣ ਵਾਲਾ ਸੀ । ਨਾਇਕ ਬੰਨਾ ਦੇ ਟਾਂਡਾ ਵਿਚ ਤਕਰੀਬਨ ਇਕ ਹਜ਼ਾਰ ਘੋੜੇ , ਊਠ , ਖੱਤਰ , ਬਲਦ ਤੇ ਹਾਥੀ ਸਨ , ਇਸ ਕਰ ਕੇ ਇਸ ਵੱਡੇ ਟਾਂਡੇ ਕਾਰਨ ਖਾਂਡਾ ਪਿੰਡ ਨੂੰ ‘ ਮੋਟਾ ਟਾਂਡਾ ‘ ਵੀ ਕਿਹਾ ਕਰਦੇ ਸਨ । ਦਰਅਸਲ ਖਾਂਡਾ ਦਾ ਨਾਂ ਵੀ ਇਨ੍ਹਾਂ ਦੇ ਟਾਂਡੇ ਕਾਰਨ ਹੀ ਬੱਝਿਆ ਸੀ । ਇਕ ਟਾਂਡੇ ਵਿਚ 10 ਖਾਂਝ ਹੁੰਦੇ ਹਨ ਤੇ ਹਰ ਖਾਂਡੂ ਵਿਚ 100 ਪਸ਼ੂ ਹੋਇਆ ਕਰਦੇ ਸਨ । 10 ਖਾਂਡੂ ਹੋਣ ਕਰ ਕੇ ਨਾਇਕ ਬਹੋੜੂ ਦੇ ਪੁੱਤਰ ਬੰਨੇ ਦਾ ਪਿੰਡ ਵੀ ਖਾਂਡੂ ਤੇ ਫਿਰ ਖਾਂਡਾ ਅਖਵਾਉਣ ਲਗ ਪਿਆ ਸੀ । – ਨਾਇਕ ਖੰਨਾ ਨੇ ਕਸ਼ਮੀਰ ਵਿਚ ਸਿੱਖੀ ਦੇ ਪ੍ਰਚਾਰ ਵਿਚ ਬੜਾ ਵੱਡਾ ਰੋਲ ਅਦਾ ਕੀਤਾ । ਆਪ ਨੇ ਇਹ ਪ੍ਰਚਾਰ ਸਿਰਫ਼ ਆਪਣੇ ਇਲਾਕੇ ਵਿਚ ਹੀ ਨਹੀਂ ਕੀਤਾ ਬਲਕਿ ਹਰ ਉਸ ਜਗ੍ਹਾ ਜਿੱਥੇ ਵੀ ਉਹ ਵਣਜ – ਵਪਾਰ ਦੇ ਸਿਲਸਿਲੇ ਵਿਚ ਗਏ , ਉਥੇ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਪੈਗ਼ਾਮ ਪਹੁੰਚਾਇਆ । ਭਾਈ ਬੰਨਾ ਦਾ ਕਾਫ਼ਲਾ ਯਾਰਕੰਦ , ਅਫ਼ਗਾਨਿਸਤਾਨ , ਕਸ਼ਮੀਰ , ਰਾਜਪੁਤਾਨਾ , ਗੁਜਰਾਤ ਹੀ ਨਹੀਂ ਬਲਕਿ ਦੱਖਣ ਵਿਚ ਸ੍ਰੀਲੰਕਾ ਤਕ ਵੀ ਜਾਇਆ ਕਰਦਾ ਸੀ । ਇਨ੍ਹਾਂ ਵਿਚੋਂ ਕਈ ਜਗਹ ਤੇ ਗੁਰੂ ਨਾਨਕ ਸਾਹਿਬ ਪਹਿਲਾਂ ਜਾ ਚੁਕੇ ਸਨ । ਇਸ ਕਰ ਕੇ ਉਸ ਇਲਾਕੇ ਦੀ ਸੰਗਤ ਵਿਚ ਭਾਈ ਧੰਨਾ ਹਾਜ਼ਿਰ ਹੋਇਆ ਕਰਦੇ ਸਨ । ਪਰ ਜਿੱਥੇ ਅਜੇ ਗੁਰੂ ਨਾਨਕ ਸਾਹਿਬ ਨਹੀਂ ਸਨ ਗਏ ਉੱਥੇ ਭਾਈ ਬੰਨਾ ਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਕੀਤਾ । ਕੇ ਜਦੋਂ ਗੁਰੂ ਨਾਨਕ ਸਾਹਿਬ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਵਸਾ ਕੇ ਰਹਿਣ ਲਗ ਪਏ ਤਾਂ ਨਾਇਕ ਬੰਨਾ ਅਕਸਰ ਉਨ੍ਹਾਂ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਸੀ ਤੇ ਲੰਗਰ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਕਰਦਾ ਸੀ । ਵੱਖ ਵੱਖ ਇਲਾਕਿਆਂ ‘ ਚੋਂ ਲਿਆਂਦ ਫਲਾਂ ਤੇ ਮੇਵਿਆਂ ਨੂੰ ਉਹ ਗੁਰੂ ਸਾਹਿਬ ਦੀ ਭੇਟਾ ਕਰਿਆ ਕਰਦਾ ਸੀ । ਗੁਰੂ ਅੰਗਦ ਸਾਹਿਬ ਵੇਲੇ ਉਹ ਖਡੂਰ ਸਾਹਿਬ ਵੀ ਜਾਂਦਾ ਰਿਹਾ ਸੀ । ਹੁਣ ਨਾਇਕ ਬੰਨਾਂ ਦੇ ਨਾਲ ਉਸ ਦਾ ਬੇਟਾ ਅਰਥਾ ਵੀ ਜਾਣ ਲਗ ਪਿਆ ਸੀ । ਨਾਇਕ ਖੰਨਾ ਅਤੇ ਅਰਥਾ ਜਦੋਂ ਵੀ ਦੱਖਣ ਵਲ ਜਾਂਦੇ ਸਨ ਤਾਂ ਉਹ ਗੋਇੰਦਵਾਲ ਤੋਂ ਬਿਆਸ ਦਰਿਆ ਦਾ ਪੱਤਣ ਪਾਰ ਕਰਿਆ ਕਰਦੇ ਸਨ । ਖਡੂਰ ਗੋਇੰਦਵਾਲ ਤੋਂ ਸਿਰਫ਼ ਕੁਝ ਕਿਲੋਮੀਟਰ ਦੂਰ ਸੀ , ਇਸ ਕਰ ਕੇ ਉਹ ਦਰਿਆ ਪਾਰ ਕਰਨ ਤੋਂ ਪਹਿਲਾਂ ਵੀ ਅਤੇ ਵਾਪਸੀ ‘ ਤੇ ਵੀ ਹਮੇਸ਼ਾ ਖਡੂਰ ਸਾਹਿਬ ਜਾਇਆ ਕਰਦੇ ਸਨ । ਉਨ੍ਹਾਂ ਦਾ ਇਹ ਸਿਲਸਿਲਾ ਗੁਰੂ ਅਮਰ ਦਾਸ ਸਾਹਿਬ ਵੇਲੇ ਵੀ ਜਾਰੀ ਰਿਹਾ । ਜਦੋਂ ਚੌਥੇ ਗੁਰੂ ਗੁਰੂ ਰਾਮ ਦਾਸ ਜੀ ਨੇ ‘ ਗੁਰੂ ਦਾ ਚੱਕ ‘ ( ਅੰਮ੍ਰਿਤਸਰ ) ਵਸਾਇਆ ਤਾਂ ਨਾਇਕ ਬੰਨਾ ਚੜ੍ਹਾਈ ਕਰ ਚੁੱਕੇ ਸਨ । ਹੁਣ ਉਨ੍ਹਾਂ ਦੀ ਥਾਂ ‘ ਤੇ ਨਾਇਕ ਅਰਥਾ ‘ ਗੁਰੂ ਕੇ ਚੁੱਕ ‘ ਆਉਂਦਾ ਰਹਿੰਦਾ ਸੀ । ਇਸ ਵੇਲੇ ਤਕ ਉਨ੍ਹਾਂ ਦਾ ਵਣਜ ਬੜਾ ਫੈਲ ਚੁੱਕਾ ਸੀ । ਉਹ ਯਾਰਕੰਦ ਤੋਂ ਦੱਖਣ ( ਸਮੁੰਦਰ ) ਤਕ ਵਪਾਰ ਕਰਦਾ ਰਹਿੰਦਾ ਸੀ । ਉਹ ਦੱਖਣ ਵਿਚ ਮੇਵੇ ਅਤੇ ਲੂਣ ਲਿਜਾਇਆ ਕਰਦੇ ਸਨ ਅਤੇ ਦੱਖਣ ਤੋਂ ਮਸਾਲੇ , ਮੇਵੇ ਤੇ ਕਪੜਾ ਲਿਜਾਇਆ ਕਰਦੇ ਸਨ । ਇੰਞ ਹੀ ਉਹ ਇਰਾਨ ਤੋਂ ਮੇਵੇ ਤੇ ਯਾਰਕੰਦ ਤੋਂ ਰੇਸ਼ਮੀ ਕਪੜਾ ਵੀ ਲਿਆਇਆ ਕਰਦੇ ਸਨ । ਨਾਇਕ ਅਰਥਾਂ ਗੋਇੰਦਵਾਲ ਤੋਂ ਪੱਤਣ ਪਾਰ ਕਰ ਕੇ ਗੁਰੂ ਦਾ ਚਕ ਆ ਕੇ ਗੁਰੂ ਸਾਹਿਬ ਨੂੰ ਹੋਰ ਸਾਮਾਨ ਦੇ ਨਾਲ – ਨਾਲ ਸੋਨੇ ਦੀਆਂ 100 ਮੁਹਰਾਂ ਵੀ ਭੇਟਾ ਕਰਿਆ ਕਰਦੇ ਸਨ । ਨਾਇਕ ਅਰਥਾ ਅਤੇ ਉਸ ਦੇ ਬੇਟੇ ਦਾਸਾ ਨੇ ‘ ਗੁਰੂ ਕਾ ਚਕ ’ ਜੋ ਅੱਜ ਅੰਮ੍ਰਿਤਸਰ ਸਾਹਿਬ ਕਰਕੇ ਮਸਹੂਰ ਹੈ ਦਾ ਸਰੋਵਰ ਬਣਾਉਣ ਦੀ ਕਾਰ ਸੇਵਾ ਵਿਚ ਵੀ ਹਿੱਸਾ ਪਾਇਆ ਅਤੇ ਮਗਰੋਂ ਦਰਬਾਰ ਸਾਹਿਬ ਦੀ ਉਸਾਰੀ ਵਿਚ ਵੀ ਅਹਿਮ ਰੋਲ ਅਦਾ ਕੀਤਾ ।
ਅਪ੍ਰੈਲ 1620 ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਦਸ਼ਾਹ ਜਹਾਂਗੀਰ ਨਾਲ ਕਸ਼ਮੀਰ ਦੇ ਦੌਰੇ ‘ ਤੇ ਆਏ । 10 ਅਪ੍ਰੈਲ 1620 ਦੇ ਦਿਨ ਗੁਰੂ ਸਾਹਿਬ ਬਾਰਾਮੂਲਾ ਪੁੱਜੇ ਸਨ । ਆਪ ਬਾਰਾਮੂਲਾ ਤੋਂ 12 ਕਿਲੋਮੀਟਰ ਦੂਰ ਪਿੰਡ ਪੀਰਨੀਆਂ ਵੀ ਠਹਿਰੇ ਸਨ । ਇੱਥੋਂ ਆਪ 30-32 ਕਿਲੋਮੀਟਰ ਦੂਰ ਪ੍ਰਾਣ ਪੀਲਾ ਉੜੀ ਪਿੰਡ ਪੁੱਜੇ ਤੇ ਫਿਰ ਏਨੀ ਦੂਰੀ ‘ ਤੇ ਹੈਮਟ ਪਿੰਡ ਗਏ । ਇਸ ਮਗਰੋਂ ਆਪ 10 ਕਿਲੋਮੀਟਰ ਦੂਰ ਕਰਾਈਂ ਨਗਰ ਗਏ ( ਹੁਣ ਇਹ ਪਾਕਿਸਤਾਨ ਦੇ ਕਬਜ਼ੇ ਵਿਚ ਹੈ । ਇਥੋਂ 16 ਕਿਲੋਮੀਟਰ ਦੂਰ ਖਾਂਡਾ ਪਿੰਡ ਹੈ । ਖਾਂਡਾ ਤੋਂ ਨਫ਼ੀ ਸਿਰਫ 30 ਕਿਲੋਮੀਟਰ ਦੂਰ ਹੈ । ਖਾਂਡਾ ਨੂੰ ‘ ਖਾਂਡਾ ਲੁਬਾਣਾ ‘ ਵੀ ਕਹਿੰਦੇ ਹਨ ਤੇ ‘ ਖਾਂਡਾ ਮੱਖਣ ਸ਼ਾਹ ਵੀ । ਉਦੋਂ ਇਸ ਪਿੰਡ ਵਿਚ ਸਿਰਫ਼ ਪੋਲੀਆ ਲੁਬਾਣੇ ਹੀ ਰਹਿੰਦੇ ਸਨ । ਇਹ ਕਸਬਾ ਮੁਜ਼ਫਰਾਬਾਦ ਤੋਂ 28-29 ਕਿਲੋਮੀਟਰ ਪੂਰਬ ਵਲ ਹੈ ਅਤੇ ਦਰਿਆ ਜਿਹਲਮ ਦੇ ਸੱਜੇ ਕੰਢੇ ਤੋਂ ਸਿਰਫ਼ 250 ਗਜ਼ ਦੂਰ ਹੈ । ( ਹੁਣ ਖਾਂਡਾ ਪਿੰਡ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਹੈ ) । ਜਦੋਂ ਗੁਰੂ ਹਰਿਗੋਬਿੰਦ ਸਾਹਿਬ ਖਾਂਡਾ ਵਿਚ ਗਏ ਤਾਂ ਨਾਇਕ ਅਰਥਾ ਦੀ ਉਮਰ ਬਹੁਤ ਵਡੇਰੀ ਹੋ ਚੁੱਕੀ ਸੀ ਤੇ ਉਨ੍ਹਾਂ ਦਾ ਬੇਟਾ ਦਾਸਾ ਤੇ ਪੋਤਾ ਮੱਖਣ ਸ਼ਾਹ ( ਜੋ ਅਜੇ ਨਿੱਕਾ ਜਿਹਾ ਸੀ ) ਨੇ ਗੁਰੂ ਸਾਹਿਬ ਤਹਿ – ਦਿਲੋਂ ਸੇਵਾ ਕੀਤੀ । ਗੁਰੂ ਹਰਿਗੋਬਿੰਦ ਸਾਹਿਬ ਕਈ ਦਿਨ ਪਿੰਡ ਖਾਂਡਾ ਵਿਚ ਨਾਇਕ ਦਾਸਾ ਤੇ ਮੱਖਣ ਸ਼ਾਹ ਦੇ ਘਰ ਵਿਚ ਰਹੇ ਅਤੇ ਦੀਵਾਨ ਸਜਾਂਦੇ ਰਹੇ । ਇਸ ਦੌਰਾਨ ਸਾਰਾ ਇਲਾਕਾ ਸਿੱਖੀ ਵਿਚ ਸ਼ਾਮਲ ਹੋ ਗਿਆ ( ਮਗਰੋਂ ਬਹੁਤ ਸਾਰੇ ਕਸ਼ਮੀਰੀ ਰਾਜਪੂਤ ਅਤੇ ਬ੍ਰਾਹਮਣ ਨੌਜਵਾਨ ਗੁਰੂ ਸਾਹਿਬ ਦੀ ਫ਼ੌਜ ਵਿਚ ਭਰਤੀ ਹੋਣ ਵਾਸਤੇ ਅੰਮ੍ਰਿਤਸਰ ਸਾਹਿਬ ਆਏ ਸਨ । ਨਾਇਕ ਦਾਸਾ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਹੈੱਡਕੁਆਟਰ ਖਾਂਡਾ ਪਿੰਡ ਵਿਚ ਹੀ ਬਣਾ ਲੈਣ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਰੀਆਂ ਸੰਗਤਾਂ ਵਾਸਤੇ ਕਸ਼ਮੀਰ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ । ਉਂਜ ਮੈਂ ਫੇਰ ਵੀ ਕਸ਼ਮੀਰ ਆਉਂਦਾ ਰਹਾਂਗਾ । ਨਾਇਕ ਦਾਸਾ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਇਕ ਆਲੀਸ਼ਾਨ ਮੰਜੀ ਸਾਹਿਬ ਬਣਾਇਆ ਜੋ ਮਗਰੋਂ ਇਕ ਵੱਡਾ ਗੁਰਦੁਆਰਾ ਬਣ ਗਿਆ । 1947 ਤਕ ਹਜ਼ਾਰਾਂ ਲੁਬਾਣਾ ਪਰਿਵਾਰ ਅਤੇ ਹੋਰ ਸਿੱਖ ਸੰਗਤਾਂ ਖਾਡਾਂ ਵਿਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ । ਨਾਇਕ ਦਾਸਾ ਤੇ ਨੌਜਵਾਨ ਮੱਖਣ ਸ਼ਾਹ ਛੇਵੇਂ ਪਾਤਿਸ਼ਾਹ ਦੇ ਦਰਸ਼ਨਾਂ ਵਾਸਤੇ ਅਕਸਰ ਕੀਰਤਪੁਰ ਜਾਂਦੇ ਰਹਿੰਦੇ ਸਨ । ਜਿਹਾ ਕਿ ਪਹਿਲਾਂ ਜ਼ਿਕਰ ਕੀਤਾ ਹੈ ਕਿ ਉਹ ਹਰ ਸਾਲ 100 ਮੁਹਰਾਂ ਗੁਰੂ ਸਾਹਿਬ ਨੂੰ ਭੇਟ ਕਰਦੇ ਰਹਿੰਦੇ ਸਨ ।
1644 ਵਿਚ ਗੁਰੂ ਹਰਿਗੋਬਿੰਦ ਸਾਹਿਬ ਜੋਤੀ – ਜੋਤਿ ਸਮਾ ਗਏ ਅਤੇ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਸੌਂਪ ਗਏ । ਇਸ ਸਮੇਂ ਦੌਰਾਨ ਨਾਇਕ ਦਾਸਾ ਬਜ਼ੁਰਗ ਹੋ ਚੁੱਕੇ ਸਨ ਪਰ ਨਾਇਕ ਮੱਖਣ ਸ਼ਾਹ ਕੀਰਤਪੁਰ ਆਉਂਦੇ ਰਹੇ ਅਤੇ ਹਰ ਸਾਲ ਦਸਵੰਧ ਭੇਟ ਕਰਦੇ ਰਹੇ | 28 ਮਾਰਚ 1660 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਸਿਆਲਕੋਟ ਪੁੱਜੇ । ਆਪ ਭਾਈ ਨੰਦ ਲਾਲ ਪੁਰੀ ( ਦਾਦਾ ਵੀਰ ਹਕੀਕਤ ਸਿੰਘ ਸ਼ਹੀਦ ) ਦੇ ਘਰ ਵਿਚ ਦੋ ਹਫ਼ਤੇ ਰਹੇ । ਇਨ੍ਹੀਂ ਦਿਨੀਂ ਨਾਇਕ ਮੱਖਣ ਸ਼ਾਹ ਦਾ ਟਾਂਡਾ ਆਪਣੇ ਵਪਾਰਕ ਦੌਰੇ ਮਗਰੋਂ ਵਾਪਿਸ ਖਾਂਡਾ ਨਗਰ ਜਾ ਰਿਹਾ ਸੀ ) ਜਦ ਉਸ ਨੂੰ ਗੁਰੂ ਸਾਹਿਬ ਦੇ ਸਿਆਲਕੋਟ ਹੋਣ ਦਾ ਪਤਾ ਲਗਾ ਤਾਂ ਉਹ ਗੁਰੂ ਜੀ ਨੂੰ ਮਿਲਣ ਆਇਆ । ਉਹ ਵੀ ਇਕ ਦਿਨ ਵਾਸਤੇ ਭਾਈ ਨੰਦ ਲਾਲ ਦੇ ਘਰ ਰਿਹਾ ਤੇ ਗੁਰੂ ਜੀ ਦੀ ਸੰਗਤ ਕੀਤੀ । ਅਗਲੇ ਦਿਨ ਉਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਨਾਲ ਖਾਂਡਾ ਨਗਰ ਚੱਲਣ । ਗੁਰੂ ਜੀ ਨੇ ਉਸ ਦੀ ਅਰਜ਼ ਮੰਨ ਲਈ ਤੇ ਉਸ ਦੇ ਟਾਂਡੇ ਵਿਚ ਸ੍ਰੀਨਗਰ ਵਲ ਚਲ ਪਏ । ਇਹ ਕਾਫ਼ਲਾ 20 ਅਪ੍ਰੈਲ 1660 ਦੇ ਦਿਨ ਸ੍ਰੀਨਗਰ ਪੁੱਜਾ । ਗੁਰੂ ਜੀ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੱਖ ਵੀ ਸਨ । ਇਸ ਸਬੰਧੀ ਭੱਟ ਵਹੀ ਤਲਾਉਂਡਾ ਪਰਗਨਾ ਜੀਂਦ , ਵਿਚ ਇੰਞ ਲਿਖਿਆ ਮਿਲਦਾ ਹੈ ” ਗੁਰੂ ਹਰਿਰਾਇ ਜੀ ਮਹਲ ਸਤਮਾ ਬੇਟਾ ਬਾਬਾ ਗੁਰਦਿਤਾ ਜੀ ਦਾ , ਸੰਮਤ ਸਤਰਾਂ ਸੌ ਸਤਰਾ , ਕ੍ਰਿਸ਼ਨਾ ਪੱਖੋਂ ਜੇਠ ਦੀ ਪੰਚਮੀ ਦੇ ਦਿਹੁੰ ਸ੍ਰੀਨਗਰ ਆਏ , ਕਸ਼ਮੀਰ ਦੇਸ਼ ਮੇਂ । ਗੈਲੇ ਮਖਣ ਸ਼ਾਹ ਆਇਆ ਬੇਟਾ ਦਾਸੇ ਦਾ , ਪੜਪੋਤਾ ਬੰਨੇ ਦਾ , ਨਾਤੇ ਬਹੋੜ ਕੇ , ਬੰਸ ਸਾਉਣ ਕੀ , ਪੋਲੀਆ ਗੋਤਰ ਬਨਜਾਰਾ । ਗੈਲੇ ਮੁਖੂ ਚੰਦ ਆਇਆ ਚੇਲਾ ਅਲਮਸਤ ਜੀ ਕਾ , ਪੋਤਾ ਚੇਲਾ ਗੁਰਦਿਤਾ ਜੀ ਦਾ , ਪੜਪੋਤਾ ਚੇਲਾ ਥਾਣਾ ਸ੍ਰੀਚੰਦ ਦਾ , ਨਾਦੀ ਬੰਸ ਗੁਰੂ ਨਾਨਕ ਜੀ ਕੀ , ਹੋਰ ਸਿੱਖ ਫਕੀਰ ਆਏ , ਮਖਣ ਸ਼ਾਹ ਕੇ ਟਾਂਡੇ ਨੇਂ । ਚਾਰ ਮਾਸ ਕਸ਼ਮੀਰ ਦੇਸ਼ ਰਹੋ । ਇਨ੍ਹਾਂ ਦਿਨਾਂ ਵਿਚ ਆਪ ਸ੍ਰੀਨਗਰ , ਮਟਨ , ਮੁਜ਼ਫਰਾਬਾਦ , ਨਲਫੀ ਤੇ ਪੁਣਛ ਕਸਬਿਆਂ ਵਿਚ ਵੀ ਗਏ । ਪਰ ਆਪ ਬਹੁਤਾ ਸਮਾਂ ਖਾਂਡਾ ਨਗਰ ਵਿਚ ਹੀ ਰਹੇ । ਇਨ੍ਹਾਂ ਦਿਨਾਂ ਵਿਚ ਹੀ ਨਾਇਕ ਦਾਸਾ ਚੜਾਈ ਕਰ ਗਏ । ਭਾਈ ਦਾਸਾਂ ਦੀ ਦੇਹ ਨੂੰ ਗੁਰੂ ਜੀ ਨੇ ਆਪਣੇ ਹੱਥੀਂ ਅਗਨ ਭੇਟ ਕੀਤਾ । ਕੁਝ ਦਿਨ ਦੀਵਾਨ ਸਜਾਉਣ ਮਗਰੋਂ ਗੁਰੂ ਸਾਹਿਬ ਨੇ ਕੀਰਤਪੁਰ ਵਾਪਿਸ ਜਾਣ ਵਾਸਤੇ ਜੰਮੂ ਵਲ ਸਫ਼ਰ ਸ਼ੁਰੂ ਕੀਤਾ ।
ਭਾਈ ਮੱਖਣ ਸ਼ਾਹ ਲੁਬਾਣੇ ਦੀ ਏਵੇ ਨਹੀ ਗੁਰੂ ਨਾਨਕ ਸਾਹਿਬ ਜੀ ਤੇ ਏਨੀ ਜਿਆਦਾ ਸ਼ਰਧਾ ਬਣੀ ਕਿਉਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋ ਹੀ ਇਹ ਪਰਿਵਾਰ ਗੁਰੂ ਜੀ ਦੇ ਸਿੱਖ ਤੁਰੇ ਆਉਦੇ ਸਨ। ਆਪ ਸਭ ਨੂੰ ਪਤਾ ਹੀ ਹੈ ਕਿਵੇ ਭਾਈ ਮੱਖਣ ਸ਼ਾਹ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਸਾਰੀ ਸੰਗਤ ਵਿੱਚ ਆਉਣ ਦੀ ਬੇਨਤੀ ਕੀਤੀ ਤੇ ਕੋਠੇ ਚੜ ਕੇ ਆਖਿਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ । ਜੇ ਮੈ ਹੋਰ ਲਿਖਾਂ ਤਾ ਇਹ ਪੋਸਟ ਬਹੁਤ ਲੰਬੀ ਹੋ ਜਾਵੇਗੀ ਇਸ ਲਈ ਏਥੇ ਹੀ ਸਮਾਪਤੀ ਕਰਦੇ ਹਾ ਜੀ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।
ਜੋਰਾਵਰ ਸਿੰਘ ਤਰਸਿੱਕਾ ।


Related Posts

One thought on “ਭਾਰਤ ਦੇ 10 ਪ੍ਰਸਿੱਧ ਗੁਰਦੁਆਰੇ ਜੋ ਹਰ ਭਾਰਤੀ ਨੂੰ ਜਰੂਰ ਦੇਖਣੇ ਚਾਹੀਦੇ ਹਨ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top