ਗੁਰਦੁਆਰਾ ਪੰਜੋਖੋਰਾ ਸਾਹਿਬ ਪਾਤ. ਅੱਠਵੀਂ (ਅੰਬਾਲਾ)
ਗੁਰਦੁਆਰਾ ਪੰਜੋਖੋਰਾ ਸਾਹਿਬ ਦਾ ਇਤਿਹਾਸਕ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਬੰਧਿਤ ਹੈ। ਦਿੱਲੀ ਜਾਂਦੇ ਸਮੇਂ ਗੁਰੂ ਸਾਹਿਬ ਜੀ ਇਸ ਨਗਰ ਵਿੱਚ ਠਹਿਰੇ ਸਨ। ਇੱਥੇ ਆਪ ਜੀ ਦੇ ਦਰਸ਼ਨ ਕਰਨ ਲਈ ਬਹੁਤ ਸਾਰੀਆਂ ਸੰਗਤਾਂ ਆਈਆਂ, ਉਹਨਾਂ ਵਿੱਚ ਇੱਕ ਲਾਲ ਚੰਦ ਨਾਮ ਦਾ ਹੰਕਾਰੀ ਪੰਡਿਤ ਵੀ ਸੀ। ਉਸ ਨੇ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਸਮਝਦਿਆਂ ਹੋਇਆਂ ਗੁਰੂ ਜੀ ਦੇ ਗਿਆਨ ਤੇ ਸ਼ੰਕਾ ਪ੍ਰਗਟ ਕੀਤੀ। ਉਸ ਪੰਡਿਤ ਨੇ ਗੁਰੂ ਜੀ ਨੂੰ ਕਿਹਾ ਕਿ ਭਗਵਤ ਗੀਤਾ ਦੇ ਅਰਥ ਕਰਕੇ ਸੁਣਾਉ। ਗੁਰੂ ਸਾਹਿਬ ਜੀ ਪੰਡਿਤ ਦੀ ਗੱਲ ਸੁਣ ਕੇ ਕਹਿਣ ਲੱਗੇ, ਜੇ ਅਸੀਂ ਅਰਥ ਕੀਤੇ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਸ਼ੰਕਾ ਰਹਿ ਜਾਏ, ਸੋ ਤੁਸੀਂ ਬਾਹਰੋਂ ਕੋਈ ਵੀ ਬੰਦਾ ਲੈ ਆਉ। ਪੰਡਿਤ ਲਾਲ ਚੰਦ ਚਲਾਕੀ ਨਾਲ ਬਾਹਰ ਜਾ ਕੇ ਛੱਜੂ ਰਾਮ ਨਾ ਦੇ ਇੱਕ ਅਨਪੜ ਬੰਦੇ ਨੂੰ ਲੈ ਆਇਆ। ਤਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਦੇ ਸਿਰ ਉੱਪਰ ਆਪਣੀ ਛੜੀ ਰੱਖੀ ਤੇ ਕਿਹਾ, ਪੰਡਿਤ ਜੀ ਤੁਸੀ ਸ਼ਲੋਕ ਪੜੋ ਛੱਜੂ ਜੀ ਅਰਥ ਕਰਣਗੇ। ਪੰਡਿਤ ਨੇ ਗੀਤਾ ਦਾ ਸਭ ਤੋਂ ਕਠਿਨ ਸ਼ਲੋਕ ਪੜਿਆ, ਛੱਜੂ ਝੀਵਰ (ਛੱਜੂ ਰਾਮ) ਨੇ ਸ਼ਲੋਕ ਸੁਣ ਕੇ ਕਿਹਾ ਕਿ ਤੁਸੀਂ ਅਸ਼ੁੱਧ ਸ਼ਲੋਕ ਪੜ ਰਹੇ ਹੋ ਅਤੇ ਛੱਜੂ ਨੇ ਆਪ ਸਹੀ ਸ਼ਲੋਕ ਪੜ ਕੇ ਅਰਥ ਕਰ ਦਿੱਤੇ। ਪੰਡਿਤ ਲਾਲ ਚੰਦ ਬਹੁਤ ਸ਼ਰਮਿੰਦਾ ਹੋਇਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ। ਉਸ ਦਿਨ ਤੋਂ ਪੰਡਿਤ ਲਾਲ ਚੰਦ ਅਤੇ ਛੱਜੂ ਰਾਮ ਗੁਰੂ ਘਰ ਦੇ ਪ੍ਰੀਤਵਾਨ ਬਣ ਗਏ।