ਅਜਾਮਲ ਪਾਪੀ ਦੀ ਸੰਪੂਰਨ ਸਾਖੀ ਪੜੋ ਜੀ

ਅਜਾਮਲ ਪਾਪੀ ਦੀ ਸੰਪੂਰਨ ਸਾਖੀ ਪੜੋ ਜੀ
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥
ਅਜਾਮਲੁ ਉਧਰਿਆ ਕਹਿ ਏਕ ਬਾਰ।।
ਅਜਾਮਲ ਪਾਪੀ ਦਾ ਨਾਮ ਗੁਰਬਾਣੀ ਵਿੱਚ ਵਾਰ ਵਾਰ ਆਉਂਦਾ ਹੈ।
ਅਜਾਮਲ ਇਕ ਵੱਡਾ ਪਾਪੀ ਉਸ ਸਮੇਂ ਵਿਚ ਮੰਨਿਆ ਗਿਆ ਸੀ। ਉਹ ਕਿਉਂ ਪਾਪੀ ਸੀ? ਉਸ ਨੇ ਕੀ ਕਸੂਰ ਕੀਤਾ ਸੀ? ਤਿਸ ਪ੍ਰਥਾਇ ਇਉਂ ਕਥਾ ਆਉਂਦੀ ਹੈ ।
ਅਜਾਮਲ ਇਕ ਰਾਜ-ਬ੍ਰਾਹਮਣ ਦਾ ਪੁੱਤਰ ਸੀ। ਉਸ ਦਾ ਬਾਪ ਰਾਜੇ ਕੋਲ ਪਰੋਹਤ ਵੀ ਸੀ ਤੇ ਵਜ਼ੀਰ ਵੀ ਬੜਾ ਅਕਲ ਵਾਲਾ ਸੀ। ਉਸਦੇ ਸਿਆਣੇ ਹੋਣ ਦੀ ਚਰਚਾ ਸਾਰੇ ਸੀ।
ਅਜਾਮਲ ਦੀ ਆਯੂ ਜਦੋਂ ਪੰਜ ਕੁ ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਪੜ੍ਹਨੇ ਪਾ ਦਿੱਤਾ। ਉਹ ਜਿਸ ਗੁਰੂ ਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ। ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਐਸੀ ਹੀ ਹਾਲਤ ਅਜਾਮਲ ਦੇ ਗੁਰੂ ਦੀ ਸੀ। ਉਸ ਨੇ ਦੇਖਿਆ, ਅਜਾਮਲ ਦੀ ਜ਼ਬਾਨ ਤੇ ਸੁਰਸਤੀ ਬੈਠ ਸੀ, ਜੋ ਸ਼ਬਦ ਉਹ ਪੜ੍ਹਦਾ ਜਾਂ ਸੁਣਦਾ ਉਹੋ ਕੰਠ ਕਰ ਲੈਂਦਾ।
ਉਸ ਦਾ ਗਲਾ ਰਸੀਲਾ ਸੀ, ਜਦੋਂ ਉਹ ਵੇਦ ਮੰਤਰ ਪੜ੍ਹਦਾ ਤਾਂ ਇਕ ਅਨੋਖਾ ਹੀ ਰੰਗ ਬਝ ਜਾਂਦਾ। ਬਹੁਤ ਸਿਆਣਾ ਨਿਕਲਿਆ। ਉਸ ਨੇ ਦਸਾਂ ਸਾਲਾਂ ਵਿਚ ਵੀਹ ਸਾਲ ਪੜ੍ਵਨ ਦੀ ਵਿਦਿਆ ਪੜ੍ਹ ਲਈ। ਉਸ ਦੀ ਵਿਦਵਤਾ ਦੀ ਪ੍ਰਸਿਧਤਾ ਹੋ ਗਈ। ਐਸੀ ਪ੍ਰਸਿਧਤਾ ਕਿ ਵਿਦਵਾਨ ਦਰਸ਼ਨ ਕਰਨ ਆਉਂਦੇ ਸਨ। ਇਕ ਦਿਨ ਅਜਾਮਲ ਦੇ ਸਿਆਣੇ ਗੁਰੂ ਨੇ ਆਖਿਆ-ਅਜਾਮਲ ਅਜੇ ਤੂੰ ਸ਼ਿਸ਼ ਹੈਂ।
ਹਾਂ ਗੁਰਦੇਵ ਮੈ ਸ਼ਿਸ਼ ਹਾਂ-ਪਰ ਕਿੰਨਾ ਚਿਰ ਸ਼ਿਸ਼ ਰਹਾਂਗਾ?
ਕੋਈ ਚਾਰ ਸਾਲ ਹੋਰ ਲਗਣੇ ਹਨ। ਚਾਰੋਂ ਵੇਦ ਤੇ ਉਪਨਿਸ਼ਦ ਸੰਪੂਰਨ ਹੋ ਜਾਂਣਗੇ।
ਜੋ ਆਗਿਆ ਗੁਰਦੇਵ
ਉਸਦੇ ਵਿਦਿਆ ਗੁਰੂ ਨੇ ਉਹਦੇ ਵਲ ਦੇਖਿਆ। ਧਿਆਨ ਨਾਲ ਦੇਖ ਕੇ ਆਖਣ ਲੱਗਾ, ਅਜਾਮਲ ਜਦੋਂ ਮੇਰੇ ਵਲ ਆਵੇਂ ਜਾਂ ਆਪਣੇ ਘਰ ਨੂੰ ਜਾਵੇਂ ਨਗਰੀ ਤੋਂ ਬਾਹਰ ਬਾਹਰ ਆਇਆ ਜਾਇਆ ਕਰ। ਨਗਰੀ ਵਿਚ ਕਦੀ ਨਹੀਂ ਵੜਨਾ ਕਿਉਂਕਿ ਅਜੇ ਤੇਰੇ ਬਸਤਰ ਵਿਦਿਆਰਥੀ ਦੇ ਹਨ। ਗੁਰੂ ਆਗਿਆ ਦਾ ਪਾਲਣ ਕਰਨਾ ਹੋਏਗਾ। ਨਾ ਆਗਿਆ ਦਾ ਪਾਲਣ ਕਰੇਂਗਾ ਤਾਂ ਦੁਖ ਉਠਾਏਂਗਾ। ਸੁਖੀ ਉਹੋ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ। ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਹੁੰਦਾ ਹੈ।
ਹੇ ਗੁਰਦੇਵ ਭਲਾ ਮੈਂ ਇਹ ਪੁਛ ਸਕਦਾ ਹੈਂ ਕਿ ਆਪ ਮੈਨੂੰ ਸ਼ਹਿਰ ਵਿਚ ਵੜਨੋਂ ਕਿਉਂ ਰੋਕਦੇ ਹੋ? ਅਜਾਮਲ ਨੇ ਉੱਤਰ ਦਿੱਤਾ। ਉਸਦਾ ਉਤਰ ਸੁਣਕੇ ਗੁਰੂ ਚੁਪ ਕਰ ਰਿਹਾ ਸਿਰਫ ਇਹੋ ਕਿਹਾ ਬਸ ਨਗਰੀ ਤੋਂ ਬਾਹਰੋਂ ਬਾਹਰ ਆਇਆ ਕਰੋ। ਐਸਾ ਹੀ ਕਰਮ ਹੈ।
ਅਜਾਮਲ ਨੇ ਗਰੂ ਦੀ ਆਗਿਆ ਦਾ ਪਾਲਣ ਕੀਤਾ। ਉਹ ਸ਼ਹਿਰੋਂ ਬਾਹਰ ਹੀ ਬਾਹਰ ਆਉਂਦਾ ਤੇ ਜਾਂਦਾ, ਨਾ ਉਹ ਕਿਸੇ ਨਾਲ ਗਲ ਹੀ ਕਰਦਾ ਕਿ ਉਸ ਦੇ ਗੁਰੂ ਨੇ ਉਸਨੂੰ ਸ਼ਹਿਰ ਵੜਨੋਂ ਰੋਕਿਆ ਹੈ। ਏਸੇ ਤਰ੍ਹਾਂ ਕੁਝ ਸਾਲ ਬੀਤ ਗਏ। ਉਹ ਵਿਦਿਆ ਪੜ੍ਹਦਾ ਰਿਹਾ ਆਯੂ ਵੀਹ ਸਾਲ ਦੀ ਹੋ ਗਈ। ਦਰਸ਼ਨੀ ਜਵਾਨ ਨਿਕਲਿਆ। ਨੇਤਰਾਂ ਵਿਚ ਡੋਰੇ ਆਏ, ਵਿਦਿਆ ਸੰਪੂਰਨ ਹੋਣ ਵਾਲੀ ਸੀ ਓਸ ਦੇ ਪਿਛੋਂ ਗੁਰ-ਦੀਖਿਆ ਦੇ ਕੇ ਓਸ ਨੇ ਅਜ਼ਾਦ ਹੋ ਜਾਣਾ ਸੀ।
ਪਰ ਇਕ ਦਿਨ ਉਸ ਦੇ ਆਪਣੇ ਮਨ ਨਾਲ ਝੇੜਾ ਹੋ ਪਿਆ ਉਸ ਨੇ ਕਿਹਾ ਗੁਰੂ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿਚੋਂ ਦੀ ਜਾਣਾ ਹੀ ਠੀਕ ਹੈ। ਆਖਰ ਇਹ ਤਾਂ ਦੇਖਿਆ ਜਾਏ, ਗੁਰੂ ਰੋਂਕਦਾ ਕਿਉਂ ਹੈ?
ਉਸਦੇ ਇਕ ਮਨ ਦੀ ਇਹ ਵੀ ਭਾਖਿਆ ਸੀ ਅਜਾਮਲ ਗੁਰੂ ਦੀ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੈ। ਦੁਖੀ ਹੋਏਂਗਾ।
ਦੇਖੀ ਜਾਏਗੀ ਅਜਾਮਲ ਨੇ ਦਿਲ ਤਕੜਾ ਕੀਤਾ ਤੇ ਉਹ ਵਿਦਿਆ ਗੁਰੂ ਕੋਲੋਂ ਉੱਠਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਸ ਰਸਤੇ ਆਇਆ ਜਾਇਆ ਕਰਦਾ ਸੀ ਤੇ ਅਣਡਿਠੇ ਰਸਤੇ ਸ਼ਹਿਰ ਵਿਚੋਂ ਦੀ ਹੋ ਤੁਰਿਆ।
ਅਜਾਮਲ ਦੇ ਗੁਰੂ ਨੇ ਉਸਨੂੰ ਇਸ ਕਰਕੇ ਸ਼ਹਿਰ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਵਿਚ ਮਾਇਆ ਦਾ ਪਸਾਰਾ ਸੀ। ਧਨ ਤੇ ਰੂਪ ਦੇ ਚਮਤਕਾਰ ਐਸੇ ਸਨ ਜਿਨ੍ਹਾਂ ਵਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਸੀ।
ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ। ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਸਾਰਾ ਹੀ ਵੇਸਵਾ ਨਗਰੀ ਸੀ। ਉਸ ਮਹੱਲੇ ਵਿਚ ਵੇਸਵਾਵਾਂ ਬੈਠਦੀਆਂ ਤੇ ਜਵਾਨ ਪੁਰਸ਼ਾਂ ਨੂੰ ਆਪਣੇ ਵੱਸ ਕਰਦੀਆਂ ਸਨ। ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਅਜਾਮਲ ਨੂੰ ਰੋਕਿਆ ਸੀ।ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਿਤ ਬਣ ਜਾਏ। ਜਦੋਂ ਵਿਆਹ ਹੋ ਗਿਆ ਤਾਂ ਮੁੜ ਨਹੀਂ ਖਿਚਿਆ ਜਾਏਗਾ। ਐਸਾ ਹੀ ਉਸਦਾ ਖਿਆਲ ਸੀ। ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ. ਉਸ ਦਾ ਖਿਆਲ ਰਖਣਾ ਗੁਰੂ ਦਾ ਫਰਜ਼ ਤੇ ਧਰਮ ਹੈ।ਚੇਲੇ ਜਾਂ ਸ਼ਿਸ਼ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ। ਉਸਦੀ ਆਗਿਆ ਦਾ ਪਾਲਣ ਕਰੇ।
ਅਜਾਮਲ ਗੁਰੂ ਕੋਲੋਂ ਤੁਰਨ ਲੱਗਾ। ਗੁਰੂ ਨੇ ਯਾਦ ਕਰਾਇਆ ਅਜਾਮਲ ਸ਼ਹਿਰੋਂ ਬਾਹਰ ਜਾਈ।
ਬਹੁਤ ਚੰਗਾ ਗੁਰਦੇਵ ਆਖ ਕੇ ਅਜਾਮਲ ਤੁਰ ਪਿਆ, ਪਰ ਆਸ਼ਰਮ ਵਿਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜ਼ੇ ਵਲ ਹੋ ਤੁਰਿਆ। ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ, ਤਿਉਂ ਹੀ ਉਸ ਨਗਰੀ ਦੀ ਮਹਿਮਾ ਓਪਰੀ ਤੇ ਅਨੋਖੀ ਲੱਗੀ. ਰੰਗਾ-ਰੰਗ ਦੀ ਲੀਲ੍ਹਾ ਦੀ ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਹਾਵ ਭਾਵ ਕਰਦੀਆਂ ਹੋਈਆਂ ਏਧਰ ਉਧਰ ਫਿਰਦੀਆਂ,ਮਰਦਾਂ ਨਾਲ ਗੱਲਾਂ ਕਰਦੀਆਂ ਸਨ ਉਨ੍ਹਾਂ ਦੇ ਰੂਪ ਬਹੁਤ ਸੁੰਦਰ ਸਨ। ਨਰਗਸ ਵਰਗੇ ਨੈਣ ਸਨ। ਉਹਨਾਂ ਦੇ ਅਧ-ਨੰਗੇ ਤਨ ਗੁਲਾਬ ਦੀਆਂ ਪੱਤੀਆਂ ਵਾਂਗ ਲਿਸ਼ਕਦੇ ਸਨ। ਉਹ ਸੋਭਾ ਵਾਲੀਆਂ ਸਨ।
ਉਹਨਾਂ ਸੁੰਦਰ ਇਸਤਰੀਆਂ ਵਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਉਹਦਾ ਮਨ ਪੜ੍ਹਨ ਤੇ ਪਾਠ ਕੰਠ ਕਰਨ ਵਲ ਨਾ ਲੱਗਾ। ਉਹ ਤਾਂ ਉਚਾਟ ਹੋ ਗਿਆ ਤੇ ਜੋ ਕੁਝ ਦੇਖਿਆ ਸੀ, ਉਹੋ ਹੀ ਸਾਹਮਣੇ ਘੁੱਮਣ ਲੱਗਾ। ਰਾਤ ਸੁੱਤਾ, ਨੀਂਦ ਆਈ, ਉਹ ਸੁਪਨੇ ਆਉਂਦੇ ਰਹੇ, ਅੱਖਾਂ ਵਿਚ ਨੀਂਦ ਰਹੀ, ਸਵੇਰੇ ਉਠਿਆ ਇਸ਼ਨਾਨ ਕੀਤਾ, ਜਦੋਂ ਗੁਰੂ ਕੋਲ ਪੁਜਾ ਤਾਂ ਗੁਰੂ ਨੇ ਉਸ ਦੀਆਂ ਅੱਖਾਂ ਲਾਲ ਦੇਖੀਆਂ ਅਜਾਮਲ ਰਾਤ ਸੁੱਤਾ ਨਹੀਂ ਕੀ ਗੱਲ?
ਸੁਤਾ ਸਾਂ ਗੁਰਦੇਵ
ਅੱਖਾਂ ਲਾਲ ਕਿਉਂ ਹਨ ਤੇ ਮਨ ਉਚਾਟ?
ਪਤਾ ਨਹੀਂ ਗੁਰਦੇਵ
ਨਗਰੀ ਤੋਂ ਬਾਹਰ ਬਾਹਰ ਗਿਆ ਸੀ ਤੇ ਬਾਹਰ ਬਾਹਰ ਆਇਆ ਸੀ?
ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਆਗਿਆ ਨੂੰ ਭੰਗ ਕੀਤਾ ਤੇ ਪਿਛੋਂ ਦੂਸਰੀ ਮਹਾਨ ਭੁਲ ਕੀਤੀ ਕਿ ਝੂਠ ਬੋਲ ਦਿੱਤਾ। ਉਸ ਨੇ ਝੂਠ ਬੋਲਦਿਆਂ ਹੋਇਆਂ ਕਿਹਾ ਗੁਰਦੇਵ ਬਾਹਰ ਬਾਹਰ ਗਿਆ ਸਾਂ ਝੂਠ ਬੋਲਿਆ। ਉਸਦੀ ਆਤਮਾ ਕੰਬੀ, ਪਰ ਝੂਠ ਬੋਲ ਬੈਠਾ।
ਉਸ ਦਿਨ ਪੜ੍ਹਨ ਵਿਚ ਮਨ ਨਾ ਲੱਗਾ ਦੋ ਦੋਸ਼ ਹੋ ਗਏ,ਉਹਨਾਂ ਦਾ ਵੀ ਨਿਰਮਲ ਮਨ ਤੇ ਭਾਰ ਪਿਆ। ਦੂਸਰਾ ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਨ ਉਹ ਪਾਠ ਨੂੰ ਪੜ੍ਹਨ ਨਹੀਂ ਸਨ ਦਿੰਦੇ। ਜਿਵੇਂ ਕਿਵੇਂ ਉਸ ਨੇ ਸਮਾਂ ਬਤੀਤ ਕੀਤਾ। ਜਦੋਂ ਛੁਟੀ ਮਿਲੀ ਤਾਂ ਮੁੜ ਉਸ ਨਗਰੀ ਦੇ ਰਸਤੇ ਤੁਰ ਪਿਆ। ਉਸ ਨਗਰੀ ਦੀ ਵਾਸ਼ਨਾ ਭਰੀ ਮਹਿਮਾਂ ਦੇਖਦਾ ਰਿਹਾ। ਦੇਖਦਾ ਦੇਖਦੇ ਘਰ ਚਲਿਆ ਗਿਆ।
ਇਸ ਤਰ੍ਹਾਂ ਦਸ ਬਾਰਾ ਦਿਨ ਬਤਿਤ ਹੋ ਗਏ। ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ। ਨਾਰੀ ਰੂਪ ਲੀਲ੍ਹਾ ਨੇ ਉਸ ਦੇ ਜਵਾਨ ਮਨ ਉਤੇ ਅਸਰ ਕਰ ਦਿੱਤਾ ਜਾਦੂ ਵਰਗਾ ਅਸਰ ਤੇ ਉਸਦਾ ਮਨ ਡੋਲਣ ਲੱਗਾ। ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਸ਼ਿਕਾਰੀ ਬਣ ਜਾਂਦਾ ਹੈ। ਇਕ ਦਿਨ ਇਕ ਰੂਪ ਵਤੀ ਅਜੇ ਚੜ੍ਹਦੀ ਜਵਾਨੀ ਸੋਲ੍ਹਾਂ ਸਤਾਰਾਂ ਸਾਲ ਦੀ ਆਯੂ ਵਾਲੀ ਵੇਸਵਾ ਨੇ ਉਸ ਦੀ ਬਾਂਹ ਫੜ ਲਈ। ਉਸ ਨੂੰ ਜਾਲ ਵਿਚ ਫਸਾਕੇ ਪਾਪ ਕਰਮ ਵਲ ਲਾ ਲਿਆ। ਉਹ ਬਹੁਤ ਚਿਰ ਉਸ ਦੇ ਕੋਲ ਬੈਠਾ ਰਿਹਾ। ਭੋਗ-ਬਿਲਾਸ ਵਿਚ ਰੁਝ ਗਿਆ ਤੇ ਘਰ ਗਿਆ। ਘਰ ਹੋਰ ਦਾ ਹੋਰ ਲੱਗਾ,ਉਸ ਨੂੰ ਨੀਂਦ ਨਾ ਆਈ। ਸਵੇਰੇ ਵਿਦਿਆ ਪੜ੍ਹਨ ਵਾਸਤੇ ਗੁਰੂ ਆਸ਼ਰਮ ਵਿਚ ਵੇਲੇ ਸਿਰ ਨਾ ਅਪੜ ਸਕਿਆ।
ਪਹਿਲਾਂ ਅਜਾਮਲ ਨੇ ਦੋ ਦੋਸ਼ ਕੀਤੇ ਸਨ-ਇਕ ਗੁਰੂ ਦੀ ਆਗਿਆ ਦਾ ਭੰਗ ਕਰਨਾ ਤੇ ਦੂਜਾ ਝੂਠ ਬੋਲਣਾ ਉਸ ਨੇ ਦੋ ਪਾਪ ਕਰ ਦਿੱਤੇ ਇਕ ਜੁਠ ਖਾਣੀ ਤੇ ਪਰ ਨਾਰੀ ਗਮਨ ਕਰਨਾ। ਕਾਮ ਵਾਸ਼ਨਾ ਵਲ ਵੱਧ ਗਿਆ,ਵੇਸਵਾ ਦਾ ਜੂਠਾ ਭੋਜਨ ਉਸ ਨੇ ਖਾ ਲਿਆ। ਚੋਹਾਂ ਹੀ ਮਹਾਨ ਦੋਸ਼ਾਂ ਨੇ ਉਸਦੀ ਬੁਧੀ ਭ੍ਰਿਸ਼ਟ ਕਰ ਦਿੱਤੀ। ਉਹ ਗੁਰੂ ਕੋਲ ਜਾਂਦਾ ਪਰ ਪਾਠ ਨਾ ਹੁੰਦਾ, ਮਨ ਨਾ ਲੱਗਾ।
ਸਿਆਣਾ ਵਿਦਿਆ ਗੁਰੂ ਸਭ ਕੁਝ ਭਾਵੇਂ ਜਾਣ ਗਿਆ ਪਰ ਮਨ ਦੀ ਤਸੱਲੀ ਕਰਨ ਲਈ ਇਕ ਦਿਨ ਆਪਣੇ ਸ਼ਿਸ਼ ਅਜਾਮਲ ਦੇ ਪਿਛੇ ਪਿਛੇ ਚਲਿਆ ਗਿਆ। ਉਸ ਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ। ਉਹਦਾ ਚੇਲਾ ਵੇਸਵਾ ਦੇ ਅੰਦਰ ਜਾ ਵੜਿਆ। ਉਹ ਪਿਛੇ ਮੁੜ ਆਇਆ ਤੇ ਬੜਾ ਬੇਚੈਨ ਰਿਹਾ। ਅਗਲੇ ਦਿਨ ਅਜਾਮਲ ਆਇਆ ਤਾਂ ਉਸਨੇ ਆਖਿਆ-ਅਜਾਮਲ ਜਾਓ ਤੁਸਾਂ ਜੋ ਪੜ੍ਹਨਾ ਸੀ, ਪੜ੍ਹ ਲਿਆ। ਇਹ ਆਖ ਕੇ ਅਜਾਮਲ ਨੂੰ ਤੋਰ ਦਿਂਤਾ ਤੇ ਉਸ ਦੇ ਬਾਪ ਨੂੰ ਸੱਦ ਕੇ ਆਖਿਆ ਅਜਾਮਲ ਦਾ ਵਿਆਹ ਕਰ ਦਿਓ। ਇਸਦਾ ਕੁਆਰਾ ਰਹਿਣਾ ਯੋਗ ਨਹੀਂ।
ਅਜਾਮਲ ਦਾ ਬਾਪ ਰਾਜ ਪੰਡਿਤ ਸੀ। ਰਾਜ ਪੰਡਿਤ ਹੋਣ ਕਰਕੇ ਉਸਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ. ਉਸ ਨੇ ਝਟ ਪਟ ਹੀ ਥੋੜੇ ਦਿਨਾਂ ਵਿਚ ਪ੍ਰਬੰਧ ਕਰਕੇ ਅਜਾਮਲ ਦਾ ਵਿਆਹ ਕਰ ਦਿੱਤਾ।
ਅਜਾਮਲ ਦਾ ਵਿਆਹ ਹੋ ਗਿਆ ਘਰ ਸੁੰਦਰ ਗੁਣਵੰਤੀ ਤੇ ਜਵਾਨ ਇਸਤਰੀ ਆ ਗਈ ਪਰ ਅਜਾਮਲ ਦਾ ਮਨ ਚੰਚਲ ਹੀ ਰਿਹਾ। ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਵੇਸਵਾ ਦੇ ਦਵਾਰੇ ਜਾਂਦਾ ਹੀ ਰਿਹਾ। ਹੌਲੀ ਹੌਲੀ ਉਸਦਾ ਵੇਸਵਾ ਕੋਲ ਜਾਣਾ ਲੁਕ ਨਾ ਸਕਿਆ ਉਹ ਪ੍ਰਗਟ ਹੋ ਹੀ ਗਿਆ। ਉਸਦੀ ਧਰਮ ਪਤਨੀ ਨੇ ਬੜਾ ਯਤਨ ਕੀਤਾ ਕਿ ਉਹ ਉਸ ਕੋਲ ਹੀ ਰਹੇ। ਸੋਲਾਂ ਸ਼ਿੰਗਾਰ ਵੀ ਕੀਤੇ, ਨਾਚ ਤੀ ਗੀਤ ਨਾਲ ਵੀ ਪ੍ਰਸੰਨ ਕਰਨ ਦਾ ਯਤਨ ਕੀਤਾ, ਪਰ ਅਜਾਮਲ ਦਾ ਮਨ ਪਾਪੀ ਹੀ ਰਿਹਾ। ਵੇਸਵਾ ਦੀ ਜੂਠ ਤੇ ਸ਼ਰਾਬ ਨੇ ਉਸਦੀ ਬੁਧੀ ਭ੍ਰਿਸ਼ਟ ਕਰ ਦਿੱਤੀ। ਉਹ ਸਤਵੰਤੀ ਨਾਰੀ ਯਤਨ ਕਰਕੇ ਹਾਰ ਥਕੀ।
ਅਜਾਮਲ ਦਾ ਬਾਪ ਪਰਲੋਕ ਗਮਨ ਕਰ ਗਿਆ। ਉਸਦੇ ਪਿਛੋਂ ਰਾਜੇ ਨੇ ਅਜਾਮਲ ਨੂੰ ਰਾਜ ਪੰਡਿਤ ਬਣਾ ਦਿੱਤਾ। ਰਾਜ ਪੰਡਿਤ ਬਣ ਜਾਣ ਤੇ ਉਸਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਉਹ ਧਰਮ, ਸਮਾਜ ਤੇ ਰਾਜ ਦਾ ਆਗੂ ਬਣ ਗਿਆ। ਦੌਲਤ ਆ ਹੀ ਗਈ ਕਿਸੇ ਗੱਲ ਦੀ ਕਮੀ ਨਾ ਰਹੀ ਤਾਂ ਵੀ ਉਸਨੇ ਨਾ ਸੋਚਿਆ। ਉਹ ਸੋਚਦਾ ਵੀ ਕਿਵੇਂ? ਪੰਜ ਦੋਸ਼ ਉਸਦੇ ਪਿਛੇ ਲੱਗ ਗਏ ਸਨ। ਗੁਰੂ ਦੀ ਆਗਿਆ ਦਾ ਭੰਗ ਕਰਨਾ, ਝੂਠ ਬੋਲਨਾ ਜੂਠ ਖਾਣੀ ਤੇ ਮਦਰਾ ਪੀਣੀ। ਪੰਜਵਾਂ ਮਹਾਨ ਦੋਸ਼ ਪਾਪ ਵੇਸਵਾ ਗਮਨ ਸੀ। ਉਸ ਨੇ ਉੱਚ ਪਦਵੀ ਮਿਲਣ ਤੇ ਵੀ ਵੇਸਵਾ ਦੇ ਜਾਣਾ ਨਾ ਛੱਡਿਆ। ਸ਼ਹਿਰ ਵਿਚ ਆਮ ਚਰਚਾ ਹੋਣ ਲੱਗ ਪਈ। ਜੋ ਗੱਲ ਲੁਕੀ ਸੀ ਉਹ ਪ੍ਰਗਟ ਹੋ ਗਈ। ਪ੍ਰਗਟ ਵੀ ਹੋਈ ਸੂਰਜ ਦੇ ਚੜ੍ਹਨ ਵਾਂਗ। ਉਸਦਾ ਪਾਪਾਂ ਦੀ ਪੁਤਲੀ ਮਾਈਆ ਰੂਪ ਧਾਰਨ ਕਰ ਬੈਠੀ ਸੀ।
ਇਕ ਦਿਨ ਅਜਾਮਲ ਨੂੰ ਰਾਜੇ ਨੇ ਆਪਣੇ ਪਾਸ ਸਦਿਆ ਤੇ ਪੁਛਿਆ ਅਜਾਮਲ ਤੁਸੀਂ ਰਾਜ ਪੰਡਿਤ ਹੋ?
ਹਾਂ ਮਾਹਾਰਜ ਅਜਾਮਲ ਨੇ ਉੱਤਰ ਦਿਂਤਾ।
ਤੁਸਾਂ ਵਿਰੁੱਧ ਇਕ ਦੋਸ਼ ਲੱਗਾ ਹੈ।
ਕੀ ਦੋਸ਼ ਲਗਾ?
ਤੁਸੀਂ ਕਲਾਵੰਤੀ ਵੇਸਵਾ ਦੇ ਕੋਲ ਜਾਂਦੇ ਹੋ। ਮਦਰਾ ਪੀਂਦੀ ਤੇ ਰੰਗ ਰਲੀਆਂ ਮਾਣਦੇ ਹੋ।
ਸੱਚ ਹੈ ਮਹਾਰਾਜ ਇਸ ਵਿਚ ਰਤਾ ਝੂਠ ਨਹੀ। ਮੈਂ ਕਲਾਵੰਤੀ ਕੋਲ ਜਾਂਦਾ ਹਾਂ ਉਸ ਨਾਲ ਮੇਰਾ ਪਿਆਰ ਹੈ।
ਪਰ ਇਹ ਵੀ ਪਤਾ ਜੇ ਕਿ ਰਾਜ-ਪੰਡਿਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿਚ ਬਦਨਾਮੀ ਦਾ ਕਾਰਨ ਬਣੇ ਤੇ ਪਰਜਾ ਤੇ ਬੁਰਾ ਅਸਰ ਪਵੇ।
ਪਤਾ ਹੈ ਮਹਾਰਾਜ
ਫਿਰ ਕਿਉਂ ਜਾਂਦੇ ਹੋ ਕੀ ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ।
ਸੁਣੀ ਹੈ ਪਰ ਮੈਂ ਮਜਬੂਰ ਹੈਂ ਮੈਂ ਕਲਾਵੰਤੀ ਨੂੰ ਛਡ ਨਹੀਂ ਸਕਦਾ। ਉਸ ਦੇ ਰੂਹ ਨੇ ਮੋਹਿਆ ਹੈ।
ਅਜਾਮਲ ਹੋਰ ਅਗੇ ਵੱਦ ਗਿਆ ਉਹ ਨਿਰਲੱਜ ਵੀ ਹੋ ਗਿਆ, ਕਿਉਂਕਿ ਜਿਸ ਕੋਲ ਨਿਰਲੱਜਤਾ ਆ ਜਾਏ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ। ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਜਾਂ ਪਾਪ ਹੈ। ਰਾਜਾ ਸਿਆਣਾ ਸੀ। ਉਸਦੀ ਉਮਰ ਅਜਾਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ। ਪਾਪ ਇਸਨੂੰ ਚੰਗੇ ਲੱਗ ਰਹੇ ਹਨ। ਉਸਨੇ ਅਜਾਮਲ ਨੂੰ ਕਿਹਾ ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਤੁਸਾਂ ਨੂੰ ਪਤੀ ਮੰਨ ਬੈਠੀ ਹੈਂ ਤਾਂ ਉਸਨੂੰ ਘਰ ਲੈ ਆਓ । ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲਗੇਗਾ ਜਿੰਨਾਂ ਚਿਰ ਉਹ ਵੇਸਵਾ ਪਹਿਲੇ ਹੈ ਉੱਨਾ ਚਿਰ ਵੇਸਵਾ ਹੈ। ਕਰਮ ਕਰਨਾ ਵੀ ਥਾਂ ਦੀ ਜਾਚਣਾ ਕਰਦਾ ਹੈ। ਥਾਂ ਸਿਰ ਹੀ ਕਈ ਚੀਜ਼ਾਂ ਸ਼ੋਭਾ ਦਿੰਦਿਆ ਹਨ। ਆਪ ਰਾਜ ਪੰਡਿਤ ਹੋ। ਰਾਜ ਪੰਡਿਤ ਨੂੰ ਸੋਭਾ ਨਹੀਂ ਦਿੰਦਾ ਉਹ ਵੇਸਵਾ ਦੇ ਬਾਜ਼ਾਰ ਵਿਚ ਜਾਏ।
ਉਸਨੂੰ ਘਰ ਨਹੀਂ ਲਿਆ ਸਕਦਾ ਨਾ ਛੱਡ ਸਕਦਾ ਹਾਂ। ਅਜਾਮਲ ਨੇ ਫੈਸਲਾ ਦਿੱਤਾ।
ਇਹ ਪੱਕਾ ਫੈਸਲਾ ਹੈ?ਰਾਜੇ ਨੇ ਪੁੱਛਿਆ।
ਹਾਂ ਜੀ ਪਕਾ ਫੈਸਲਾ
ਸੋਚ ਲਿਆ ਹੈ?
ਜੀ ਸੋਚ ਲਿਆ ਹੈ।
ਦੇਖੋ ਅਜਾਮਲ ਅੱਜ ਤੋਂ ਨਹੀਂ ਹੁਣੇ ਤੋਂ ਤੂੰ ਰਾਜ ਪੰਡਿਤ ਨਹੀਂ ਰਿਹਾ। ਖਾਮੀਆਂ ਇਹ ਹਨ ਗੁਰੂ ਦੀ ਆਗਿਆ ਭੰਗ ਕੀਤੀ ਝੂਠ ਬੋਲਿਆ ਜੂਠ ਖਾਧੀ ਵੇਸਵਾ ਗਵਨ,ਸ਼ਰਾਬ ਪੀਤੀ ਤੇ ਨਿਰਲੱਜਤਾ ਨਾਲ ਮੰਦ ਕਰਮਾਂ ਤੋਂ ਰੁਕਣ ਦੀ ਨਾਂਹ ਕੀਤੀ।ਐਨੇ ਦੋਸ਼ ਹੁੰਦਿਆ ਹੋਇਆਂ ਤੋਸੀਂ ਰਾਜ ਪੰਡਿਤ ਰਹਿਣ ਦੇ ਅਧਿਕਾਰੀ ਨਹੀਂ।ਤੁਸਾਂ ਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ। ਸਾਰੀ ਜਾਇਦਾਦ ਦੇ ਰਾਜ ਮਹਿਲ ਜੋ ਤੁਸਾਂ ਕੋਲ ਹੈ, ਉਹ ਤੁਸਾਂ ਦੀ ਪਤਨੀ ਤੇ ਉਸਦੇ ਬੱਚੇ ਨੂੰ ਦੇ ਦਿੱਤਾ ਜਾਂਦਾ ਹੈ। ਅੱਗੇ ਤੋਂ ਸ਼ਹਿਰ ਵਿਚ ਨਹੀਂ ਵੜਨਾ ਹੋਏਗਾ। ਕਲਾਵੰਤੀ ਨੂੰ ਵੀ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਬਸ ਇਹ ਹੁਕਮ ਹੈ। ਕੋਈ ਅਪੀਲ ਨਹੀਂ ਨਾ ਕੋਈ ਵਸੀਲਾ ਜਾਓ।
ਰਾਜੇ ਦੇ ਹੁਕਮ ਨੂੰ ਸੁਣਕੇ ਰਾਜ ਦਰਬਾਰੀ ਤੇ ਅਹਿਲਕਾਰ ਸਭ ਘਬਰਾ ਗਏ, ਪਰ ਅਜਾਮਲ ਉੱਤੇ ਕੋਈ ਅਸਰ ਨਾ ਹੋਇਆ ਉਸੇ ਵੇਲੇ ਰਾਜਦੂਤਾਂ ਨੇ ਅਜਾਮਲ ਨੂੰ ਧੱਕੇ ਮਾਰਕੇ ਬਾਹਰ ਕੱਢ ਦਿੱਤਾ ਉਸਨੂੰ ਸ਼ਹਿਰੋਂ ਬਾਹਰ ਕੱਢਣ ਦਾ ਹੁਕਮ ਹੋ ਗਿਆ। ਅਜਾਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਸੀ। ਨਗਰ ਵਾਸੀ ਵੀ ਹੈਰਾਨ ਹੋਏ, ਪਰ ਅਜਾਮਲ ਨੂੰ ਕੋਈ ਨਾ ਰੋਕ ਸਕਿਆ।
ਅਜਾਮਲ ਨੇ ਕਲਾਵੰਤੀ ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਛੰਨ ਪਾਈ। ਕਲਾਵੰਤੀ ਦਾ ਸਾਰਾ ਸਮਾਨ ਉਥੇ ਗਿਆ। ਗਰੀਬਾਂ ਤੇ ਅਛੂਤਾਂ ਵਿਚ ਜਾ ਵਸੇ। ਰਾਤ ਦਿਨੇ ਭੇਗ ਬਿਲਾਸ ਕਰਕੇ ਖਚਤ ਹੋ ਗਏ ਤੇ ਚਾਰ ਬੱਚੇ ਹੋ ਗਏ। ਉਨ੍ਹਾਂ ਬੱਚਿਆਂ ਲਈ ਅੰਨ੍ਹ ਕੱਪੜੇ ਦੀ ਲੋੜ ਸੀ ਰਾਜੇ ਦਾ ਹੁਕਮ ਸੀ ਕੋਈ ਮਦਦ ਨਾ ਕਰੇ। ਸਾਰੇ ਉਸਨੂੰ ਅਜਾਮਲ ਪਾਪੀ ਆਖਣ ਲੱਗ ਪਏ ਸਨ ਤੇ ਉਹ ਚਿੜੀਆਂ ਪੰਛੀ ਮਾਰਕੇ ਖਾਣ ਲੱਗੇ। ਨੰਗੇ ਰਹਿਣ ਲੱਗੇ। ਹਾਲਾਤ ਐਨੇ ਭੈੜੇ ਹੋਏ ਕਿ ਉਹ ਪਾਗਲਾਂ ਵਾਂਗ ਖਿਝਕੇ ਲੋਕਾਂ ਦੇ ਗਲ ਪੈਣ ਲੱਗਾ। ਸਰੀਰ ਰੋਗੀ ਹੋ ਗਿਆ। ਐਸਾ ਰੋਗੀ ਕਿ ਜੀਵਨ ਦੀ ਆਸ਼ਾ ਘਟ ਗਈ। ਜਦੋੰ ਸਰੀਰ ਐਸਾ ਹੋਇਆ ਉਸ ਤੋਂ ਪਹਿਲਾਂ ਉਸ ਦੇ ਸੱਤ ਪੁੱਤਰ ਹੋ ਗਏ। ਸੱਤਵੇਂ ਪੁੱਤਰ ਦਾ ਨਾਮ ਨਰਾਇਣ ਰਖਿਆ। ਜਿਵੇਂ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ-
ਪਤਿਤ ਅਜਾਮਲ ਪਾਪ ਕਰਿ ਜਾਇ ਕਲਾਵਤਨੀ ਦੇ ਰਹਿਆ।।
ਉਸਨੇ ਸੱਤਵੇਂ ਪੁੱਤਰ ਦਾ ਨਾਂ ਨਾਰਾਇਣ ਰੱਖ ਲਿਆ। ਦੁਖੀ ਹੋਣ ਲੱਗਾ।। ਉਹ ਪਾਪਾਂ ਤੇ ਦੁਖਾਂ ਦਾ ਇਕ ਪੁੱਤਲਾ ਬਣ ਗਿਆ। ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੁੜ ਆਉਂਦਾ। ਕਲਾਵੰਤੀ ਵੀ ਹੁਣ ਇਕ ਭਾਰੀ ਗ੍ਰਹਿਸਤਣ ਸੀ। ਸੱਤਾਂ ਬੱਚਿਆਂ ਦੀ ਮਾਂ ਸੀ ਅਤੇ ਰੂਪ ਢਲ ਗਿਆ ਸੀ। ਉਹ ਦੁਖੀ ਹੋਣ ਲਗੀ। ਇਸਤਰੀ ਪੁਰਸ਼ ਦਾ ਇਹ ਸੁਭਆ ਹੈ, ਜਦੋਂ ਦੁਖ ਕਸ਼ਟ ਤਨ ਨੂੰ ਆਏ ਤਾਂ ਭਗਵਾਨ ਜਾਂ ਨੇਕੀ ਯਾਦ ਆਉਂਦੀ ਹੈ। ਕਲਾਵੰਤੀ ਨੂੰ ਪਛਤਾਵਾ ਲੱਗਾ ਕਿ ਉਸ ਨੇ ਇਕ ਉੱਚ ਬ੍ਰਾਹਮਣ ਦਾ ਜੀਵਨ ਨਸ਼ਟ ਕੀਤਾ ਤੇ ਆਪਣਾ ਵੀ। ਪਾਪਣ ਬਣੀ। ਜੇ ਰਾਜੇ ਪਾਸੋਂ ਖਿਮਾ ਮੰਗ ਲੈਂਦੀ ਤਾਂ ਐਨਾ ਕਸ਼ਟ ਨਾ ਪਾਉਂਦੀ। ਝੁਗੀ ਕੋਲੋਂ ਲੰਘਦੇ ਸਾਧੂ ਸੰਤਾਂ ਵਲ ਤੱਕਦੀ ਰਹਿੰਦੀ।
ਇਕ ਦਿਨ ਦੇਵਨੇਤ ਨਾਲ ਐਸਾ ਸਬਬ ਬਣਿਆ ਕਿ ਦੋ ਸਾਧੂ ਉਸਦੀ ਝੁਗੀ ਕੋਲ ਠਹਿਰ ਗਏ। ਉਹ ਮਹਾਂ ਪੁਰਖ ਸਿਆਣੇ ਸਨ। ਭਗਵਾਨ ਰੂਪ ਪਰ ਕਲਾਵੰਤੀ ਕੋਲ ਕੁਝ ਨਹੀਂ ਸੀ ਜੋ ਉਨ੍ਹਾਂ ਨੂੰ ਖਾਣ ਵਾਸਤੇ ਦਿੰਦੀ। ਉਹ ਵੈਸ਼ਨੋ ਸਾਧੂ ਸਨ। ਅਜਾਮਲ ਸ਼ਾਮ ਨੂੰ ਆਇਆ। ਉਹ ਚਿੜੀਆਂ ਤੇ ਬਟੇਰੇ ਕਬੂਤਰ ਆਦਿਕ ਮਾਰ ਕੇ ਲਿਆਇਆ ਤਾਂ ਕਲਾਵੰਤੀ ਨੇ ਉਸ ਦਿਨ ਬਣਾਉਣ ਨਾ ਦਿਤੇ। ਉਸਨੇ ਆਖਿਆ ਹੇ ਪਤੀ ਦੇਵ ਅੱਗੇ ਹੀ ਪਤਾ ਨਹੀਂ ਕਿਸ ਕੁਕਰਮ ਬਦਲੇ ਇਹ ਦਸ਼ਾ ਹੋਈ ਹੈ ਅਸਾਂ ਨੂਂ ਅੱਜ ਮਾਸ ਨਹੀਂ ਭੁੰਨਣਾ ਚਾਹੀਦਾ। ਸਾਧੂ ਵੈਸ਼ਨੋ ਹਨ। ਹੋ ਸਕਦਾ ਹੈ ਕਿ ਕੋਈ ਚੰਗਾ ਬਚਨ ਕਰ ਜਾਣ ਤਾਂ ਅਸਾਡੇ ਜੀਵਨ ਵਿਚ ਕੋਈ ਸੁਖ ਦੀ ਘੜੀ ਆ ਜਾਏ। ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ।
ਅਜਾਮਲ- ਹੈ ਪਿਆਰੀ ਬਾਤ ਤਾਂ ਤੇਰੀ ਠੀਕ ਹੈ ਪਰ ਅਸੀਂ ਕੀ ਖਾਈਏ ਤੇ ਇਨ੍ਹਾਂ ਨੂੰ ਕੀ ਦੇਵੀਏ। ਮਹਿਮਾਨ ਹਨ। ਘਰ ਆਏ ਅਤਿਥੀ ਨੂੰ ਭੋਜਨ ਨਾ ਦੇਣਾ ਵੀ ਤਾਂ ਘੋਰ ਪਾਪ ਹੈ।
ਕਲਾਵੰਤੀ- ਇਹ ਗੱਲ ਵੀ ਠੀਕ ਹੈ। ਇਨ੍ਹਾਂ ਨੂੰ ਕੀ ਖਾਣ ਨੂੰ ਦੇਈਏ ਹਾਂ ਕੁਝ ਦਾਣੇ ਹਨ ਭੁਜੇ ਹੋਏ ਤੇ ਗੁੜ ਹੈ। ਉਹ ਵੰਡ ਦੇਈਏ। ਆਪ ਵੀ ਮੁਠੀ ਮੁਠੀ ਚਬ ਕੇ ਸਬਰ ਸੰਤੋਖ ਨਾਲ ਰਾਤ ਕੱਟ ਲਈਏ। ਸਵੇਰੇ ਜੋ ਹੋਏਗੀ ਦੇਖੀ ਜਾਏਗੀ।
ਅਜਾਮਲ- ਗੱਲ ਠੀਕ ਹੈ। ਐਸਾ ਕਰੋ।
ਪਤੀ ਪਤਨੀ ਨੇ ਭੁਜੇ ਹੋਏ ਦਾਣੇ ਤੇ ਗੁੜ ਸਾਧੂਆਂ ਨੂੰ ਦਿੱਤਾ। ਬੇਨਤੀ ਕੀਤੀ ਮਹਾਰਾਜ ਅਸਾਂ ਕੋਲ ਇਹੋ ਕੁਝ ਹੈ। ਅਸੀਂ ਗਰੀਬ ਤੇ ਪਾਪੀ ਹਾਂ। ਕ੍ਰਿਪਾ ਕਰੋ ਦਇਆ ਕਰੋ ਹੇ ਮਹਾਰਾਜ ਸਾਡੇ ਬਦਲੇ ਭਗਵਾਨ ਅੱਗੇ ਅਰਦਾਸ ਕਰੋ
ਭਗਵਾਨ ਰੂਪ ਸਾਧੂ ਨੇ ਬਚਨ ਕੀਤ ਹੈ ਅਜਾਮਨ ਤ੍ਰੈਕਾਲ ਦ੍ਰਿਸ਼ਟੀ ਨਾਲ ਅਸੀਂ ਸਭ ਜਾਣ ਗਏ। ਆਪ ਬ੍ਰਾਹਮਣ ਦੇ ਪੁੱਤਰ ਸੀ ਵਾਸ਼ਨਾਂ ਦੀ ਆਗਨੀ ਨੇ ਆਪ ਦੀ ਅਕਲ ਸਭ ਭਸਮ ਕਰ ਦਿੱਤੀ ਠੀਕ ਹੈ ਪਰ ਛੇਤੀ ਹੀ ਤੁਸਾਂ ਦੀ ਕਲਿਆਨ ਹੋਏਗੀ। ਜੋ ਆਪਣੇ ਪੁੱਤਰ ਦਾ ਨਾਮ ਨਾਰਾਇਣ ਰਖਿਆ ਹੈ ਇਹ ਭਗਵਾਨ ਦੀ ਪ੍ਰੇਰਨਾ ਹੈ। ਇਸ ਨਾਲ ਪਿਆਰ ਕਰੋ। ਨਾਰਾਇਣ ਨਾਰਾਇਣ ਨਾਰਾਇਣ ਪੁਕਾਰੋ ਇਕ ਦਿਨ ਜ਼ਰੂਰ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ।
ਸਾਧੂ ਬਚਨ ਕਰਕੇ ਸਵੇਰੇ ਚਲਦੇ ਬਣੇ। ਅਜਾਮਲ ਨੇ ਆਪਣੇ ਪੁੱਤਰ ਨੂੰ ਚੁਕ ਲਿਆ ਤੇ ਉਸ ਨਾਲ ਪਿਆਰ ਕਰਦਾ ਹੋਇਆ ਆਖਣ ਲੱਗਾ ਪੁੱਤਰ ਨਾਰਾਇਣ ਆ ਬੇਟਾ ਨਾਰਾਇਣ ਰੋਟੀ ਖਓ ਨਾਰਾਇਣ ਦੁੱਧ ਪੀਉ ਐਸੀਆਂ ਬਾਤਾਂ ਕਰਨ ਲੱਗਾ। ਉਸਦੀਆਂ ਬਾਤਾਂ ਉਸਦੇ ਮਨ ਨੂੰ ਸ਼ਾਂਤੀ ਦੇਣ ਲੱਗੀਆਂ।
ਕੁਝ ਐਸੀ ਪ੍ਰਭੂ ਦੀ ਲੀਲ੍ਹਾ ਹੋਈ। ਉਹ ਜਿਹੜਾ ਵੀ ਸ਼ਿਕਾਰ ਮਾਰ ਕੇ ਲਿਆਉਂਦੇ ਉਹੋ ਹੀ ਵਿਕ ਜਾਂਦਾ। ਉਸਨੂੰ ਪੈਸੇ ਮਿਲਣ ਲੱਗੇ ਤੇ ਅੰਨ੍ਹ ਖਾਣ ਨੂੰ ਮਿਲਣ ਲੱਗਾ। ਉਸਦੇ ਦਿਨ ਚੰਗੇ ਬੀਤਣ ਲੱਗੇ। ਉਹ ਝੁੱਗੀ ਵਿਚ ਰਹਿੰਦਾ ਹੋਇਆ ਵੀ ਕੁਝ ਸੁਖ ਅਨੁਭਵ ਕਰਨ ਲੱਗਾ।
ਕਾਲ ਮਹਾਂ ਬਲੀ ਹੈ। ਕਾਲ ਦੀ ਮਾਰ ਤੋਂ ਕੋਈ ਨਹੀਂ ਬੱਚਦਾ। ਜੋ ਦਿਸਦਾ ਹੈ ਸਭ ਚਲਣਹਾਰ ਹੈ। ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਹਨ ਜਦੋਂ ਕਾਲ ਆਉਂਦਾ ਹੈ। ਕਾਲ ਦਾ ਭਾਰੀ ਹੱਥ ਹਰ ਇਕ ਦੇ ਸਿਰ ਉੱਪਰ ਰਖਿਆ ਜਾਂਦਾ ਹੈ। ਅਜਾਮਲ ਦਾ ਅੰਤ ਕਾਲ ਆ ਗਿਆ ਉਹ ਬੀਮਾਰ ਪੈ ਗਿਆ ਤੇ ਬੀਮਾਰੀ ਵੀ ਉਸਨੂੰ ਕਸ਼ਟ ਦੇਣ ਵਾਲੀ ਸੀ। ਇਕ ਦਿਨ ਅਜਿਹਾ ਆਇਆ ਜਦੋਂ ਅੱਖਾਂ ਮੀਟੀਆਂ ਜਾਣੀਆਂ ਸਨ। ਜਮਦੂਤ ਖਲੋਤੇ ਨਜ਼ਰ ਆਉਣ ਲੱਗੇ। ਨਰਕਾਂ ਦੀ ਅੱਗ ਬਲਦੀ ਦਿਸਣ ਲੱਗੀ। ਉਹ ਭਿਆਨਕ ਰੂਪ ਵਿਚ ਸੀ। ਉਸਦੀ ਦਸ਼ਾ ਡਰਾਉਣੀ ਸੀ।
ਨਰਕਾਂ ਦੀ ਝਾਕੀ ਦੇਖ ਕੇ ਅੰਤ ਕਾਲ ਨੇੜੇ ਆਇਆ ਜਾਣਕੇ ਉਸਨੇ ਉੱਚੀ ਉੱਚੀ ਪੁਕਾਰਿਆ ਨਾਰਾਇਣ ਆ ਨਾਰਾਇਣ ਆ ਅਜਾਮਲ ਪਾਪੀ ਨੇ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ ਪਰ ਪੁੱਤਰ ਸ਼ਬਦ ਨਾ ਵਰਤਿਆ। ਸੱਚ ਹੀ ਉਸਦੀ ਕਲਿਆਨ ਹੋ ਗਈ। ਜਿਉਂ ਹੀ ਉਸਨੇ ਨਾਰਾਇਣ ਕਿਹਾ ਤਿਉਂ ਹੀ ਧਰਮ ਰਾਜ ਦੇ ਜਮਦੂਤ ਪਾਸੇ ਹਟ ਗਏ। ਰੌਸ਼ਨੀ ਹੋਈ ਨਰਸਿੰਘੇ ਸੰਖ ਵਜੇ। ਓਧਰੋਂ ਅਜਾਮਲ ਦੀ ਰੂਹ ਸਵਰਗਾਂ ਨੂੰ ਚਲੀ ਗਈ। ਨਾਰਾਇਣ ਕਹਿਣ ਨਾਲ ਪਾਪੀ ਤਰ ਗਿਆ। ਇਸ ਪ੍ਰਥਾਇ ਚੌਥੀ ਪਾਤਸ਼ਾਹੀ ਦਾ ਬਚਨ ਹੈ।
ਅਜਾਮਲ ਪ੍ਰੀਤਿ ਪੁਤ੍ਰ ਕੀਨੀ ਕਰਿ ਨਾਰਾਇਣ ਬੋਲਾਰੇ।।
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ।।
ਦਾਸ ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top