ਸ਼ਾਮ ਸਿੰਘ ਅਟਾਰੀਵਾਲਾ

10 ਫਰਵਰੀ 1846 ਦੀ ਸਵੇਰ ਹਨੇਰੇ ਵੇਲੇ ਅੰਗਰੇਜ਼ ਫ਼ੌਜਾਂ ਨੇ ਚੁਪਕੇ-ਚੁਪਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਤਾਂ ਜੋ ਖਾਲਸਾ ਫ਼ੌਜਾਂ ਉਪਰ ਅਚਾਨਕ ਹਮਲਾ ਕਰਕੇ, ਉਨ੍ਹਾਂ ਨੂੰ ਬਿਨਾਂ ਲੜਾਈ ਦੇ ਮੈਦਾਨ ਵਿੱਚੋਂ ਖਦੇੜ ਦਿੱਤਾ ਜਾਵੇ। ਸਵੇਰ ਦੀ ਥੋੜ੍ਹੀ ਜਿਹੀ ਰੋਸ਼ਨੀ ਹੋਣ ’ਤੇ ਸਿੱਖਾਂ ਨੂੰ ਅੰਗਰੇਜ਼ ਫ਼ੌਜੀਆਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸੀ ਸਮੇਂ ਨਗਾਰੇ ਵਜਾ ਕੇ ਆਪਣੀ ਫੌਜ ਨੂੰ ਲੜਾਈ ਲਈ ਤਿਆਰ ਕਰ ਲਿਆ। ਅੰਗਰੇਜ਼ੀ ਤੋਪਖਾਨੇ ਨੇ ਪੂਰੇ ਤਿੰਨ ਘੰਟੇ ਲਗਾਤਾਰ ਗੋਲਾਬਾਰੀ ਜਾਰੀ ਰੱਖੀ। ਖਾਲਸਾ ਤੋਪਖਾਨੇ ਨੇ ਵੀ ਜੁਆਬੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ। ਖ਼ਾਲਸਾ ਤੋਪਖਾਨੇ ਦੇ ਅੱਗ ਉਗਲਦੇ ਅਤੇ ਸ਼ੂਕਦੇ ਗੋਲਿਆਂ ਨੇ ਅੰਗਰੇਜ਼ੀ ਤੋਪਖਾਨੇ ਨੂੰ ਚੁੱਪ ਕਰਵਾ ਦਿੱਤਾ। ਅੰਗਰੇਜ਼ ਫ਼ੌਜ ਦੇ ਇਕ ਡਿਵੀਜ਼ਨ ਨੇ, ਸਰ ਰਾਬਰਟ ਡਿਕ ਦੀ ਅਗਵਾਈ ਹੇਠ, ਸਿੱਖ ਫੌਜ ਦੇ ਸਭ ਤੋਂ ਕਮਜ਼ੋਰ ਪਾਸੇ ਵੱਲ ਵਧਣਾ ਸ਼ੁਰੂ ਕਰ ਦਿੱਤਾ, ਜਿਧਰ ਲਾਲ ਸਿੰਘ ਦੀ ਕਮਾਂਡ ਹੇਠ ਥੋੜ੍ਹੀ ਜਿਹੀ ਫ਼ੌਜ ਖੜ੍ਹੋਤੀ ਸੀ। ਡਿਕ ਦੀ ਇਹ ਡਿਵੀਜ਼ਨ ਖ਼ਾਲਸਾ ਫ਼ੌਜ ਦੇ ਧੁਰ ਅੰਦਰ ਤਕ ਪਹੁੰਚ ਗਈ। ਪਰ ਖ਼ਾਲਸਾ ਫ਼ੌਜਾਂ ਦੇ ਜ਼ਬਰਦਸਤ ਮੁਕਾਬਲੇ ਕਾਰਨ ਅੰਗਰੇਜ਼ਾਂ ਦੇ ਪੈਰ ਉਖੜ ਗਏ ਅਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਉਸ ਸਮੇਂ ਅੰਗਰੇਜ਼ਾਂ ਦੀ ਇਕ ਹੋਰ ਫ਼ੌਜੀ ਡਿਵੀਜ਼ਨ ਸਰ ਗਿਲਬਰਟ ਦੀ ਅਗਵਾਈ ਹੇਠ ਉੱਥੇ ਆਣ ਪਹੁੰਚੀ। ਪਰ ਸਿੱਖਾਂ ਨਾਲ ਹੋਈ ਗਹਿਗੱਚ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਉਨ੍ਹਾਂ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਦੋਵੇਂ ਫ਼ੌਜਾਂ ਦੇ ਲਿਸ਼ਕਦੇ ਹਥਿਆਰਾਂ ਨਾਲ ਮੈਦਾਨੇ-ਜੰਗ ਚਮਕ ਉੱਠਿਆ। ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ਼ ’ਤੇ ਹੱਲਾਸ਼ੇਰੀ ਦਿੰਦਾ ਨਜ਼ਰ ਆ ਰਿਹਾ ਸੀ। ਲੜਾਈ ਵਿੱਚ ਅੰਗਰੇਜ਼ਾਂ ਦਾ ਜ਼ਬਰਦਸਤ ਜਾਨੀ ਨੁਕਸਾਨ ਹੋ ਗਿਆ ਸੀ। ਅੰਗਰੇਜ਼ਾਂ ਨੂੰ ਹਰੇਕ ਮੁਹਾਜ਼ ’ਤੇ ਹਾਰ ਹੀ ਹਾਰ ਪੱਲੇ ਪੈ ਰਹੀ ਸੀ। ਅਟਾਰੀਵਾਲਾ ਸਰਦਾਰ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਰਨੈਲ ਸਰ ਰਾਬਰਟ ਡਿਕ ਦੇ ਨਜ਼ਦੀਕ ਜਾ ਪਹੁੰਚਿਆ ਅਤੇ ਹੱਥੋ-ਹੱਥੀ ਲੜਾਈ ਵਿੱਚ ਰਾਬਰਟ ਡਿਕ ਸ਼ਾਮ ਸਿੰਘ ਹੱਥੋਂ ਮਾਰਿਆ ਗਿਆ। ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਸੀ। ਅੰਗਰੇਜ਼ੀ ਫੌਜਾਂ ਨੇ ਅਟਾਰੀਵਾਲਾ ਸਰਦਾਰ ਨੂੰ ਚਾਰੋ ਤਰਫੋਂ ਘੇਰ ਕੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ-ਛਲਣੀ ਕਰ ਦਿੱਤਾ। ਇਸ ਤਰ੍ਹਾਂ ਸ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਦੇਸ਼ ਅਤੇ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਿਆ। ਅੰਗਰੇਜ਼ਾਂ ਦੀ ਅਜਿਹੀ ਪਤਲੀ ਹਾਲਤ ਨੂੰ ਵੇਖ ਕੇ ਲਾਲ ਸਿੰਘ ਅਤੇ ਤੇਜ ਸਿੰਘ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਦਰਿਆ ਪਾਰ ਕਰਕੇ ਜਰਨੈਲਾਂ ਨੇ ਜਾਂਦੇ-ਜਾਂਦੇ ਬੇੜੀਆਂ ਦੇ ਪੁਲ ਨੂੰ ਤੋਪਾਂ ਨਾਲ ਉਡਾ ਦਿੱਤਾ। ਅੰਗਰੇਜ਼ਾਂ ਨਾਲ ਹੋਏ ਸਮਝੌਤੇ ਅਨੁਸਾਰ ਗੁਲਾਬ ਸਿੰਘ ਨੇ ਸਵੇਰੇ ਤੋਂ ਹੀ ਗੋਲਾ-ਬਾਰੂਦ ਅਤੇ ਖਾਣ-ਪੀਣ ਦਾ ਸਾਮਾਨ ਭੇਜਣਾ ਬੰਦ ਕੀਤਾ ਹੋਇਆ ਸੀ। ਖ਼ਾਲਸਾ ਫ਼ੌਜਾਂ ਕੋਲ ਪਹਿਲਾਂ ਹੀ ਮੌਜੂਦ ਗੋਲਾ-ਬਾਰੂਦ ਅਤੇ ਹੋਰ ਹਥਿਆਰਾਂ ਨਾਲ ਮੈਦਾਨ ਵਿੱਚ ਨਾਇਕਾਂ ਦੀ ਤਰ੍ਹਾਂ ਜੂਝ ਰਹੇ ਸਨ ਅਤੇ ਅੰਗਰੇਜ਼ਾਂ ਦੇ ਆਹੂ ਲਾਹ ਰਹੇ ਸਨ। ਖ਼ਾਲਸਾ ਫ਼ੌਜਾਂ ਦੀ ਨਾਜ਼ੁਕ ਸਥਿਤੀ ਦੇ ਬਾਵਜੂਦ ਖ਼ਾਲਸਾ ਫੌਜਾਂ ਆਪਣੇ ਪੂਰੇ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਸਬੂਤ ਦੇ ਰਹੀਆਂ ਸਨ। ‘‘ਬੋਲੇ ਸੋ ਨਿਹਾਲ’’ ਦੇ ਜੈਕਾਰਿਆਂ ਨਾਲ ਧਰਤੀ ਆਕਾਸ਼ ਗੂੰਜ ਰਿਹਾ ਸੀ। ਭੁੱਖੇ-ਭਾਣੇ ਸਿੱਖ ਫ਼ੌਜੀਆਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਤਾਂ ਉਨ੍ਹਾਂ ਨੇ ਲੜਾਈ ਜਾਰੀ ਰੱਖਦੇ ਹੋਏ ਦਰਿਆ ਵੱਲ ਨੂੰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਦਰਿਆ ਪਾਰ ਕਰਕੇ ਦੂਜੇ ਕੰਢੇ ’ਤੇ ਪਹੁੰਚ ਕੇ, ਉੱਥੋਂ ਹਥਿਆਰ ਪ੍ਰਾਪਤ ਕਰਕੇ, ਮੋਰਚਾਬੰਦੀ ਕਰਕੇ ਜੰਗ ਜਾਰੀ ਰੱਖੀ ਜਾ ਸਕੇ। ਪਰ ਗ਼ਦਾਰ ਜਰਨੈਲਾਂ ਨੇ ਤਾਂ ਬੇੜੀਆਂ ਦਾ ਪੁਲ ਪਹਿਲਾਂ ਹੀ ਤੋੜ ਦਿੱਤਾ ਸੀ। ਸਿੱਖ ਫੌਜੀਆਂ ਨੇ ਦਰਿਆ ਵਿੱਚ ਤੈਰ ਕੇ ਦੂਜੇ ਕੰਢੇ ’ਤੇ ਪਹੁੰਚ ਸਕਣ। ਅੰਗਰੇਜ਼ਾਂ ਨੇ ਦਰਿਆ ਦੇ ਕੰਢੇ ’ਤੇ ਤੋਪਾਂ ਬੀੜ ਦਿੱਤੀਆਂ ਅਤੇ ਦਰਿਆ ਵਿੱਚ ਤੈਰ ਰਹੇ ਸਿੱਖਾਂ ਉੱਤੇ ਬੰਬਾਰੀ ਸ਼ੁਰੂ ਕਰ ਦਿੱਤੀ। ਸੈਂਕੜੇ ਅੰਗਰੇਜ਼ ਫ਼ੌਜੀਆਂ ਨੇ ਬੰਦੂਕਾਂ ਨਾਲ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਕੋਈ ਸਿੱਖ ਦਰਿਆ ਪਾਰ ਨਾ ਕਰ ਸਕੇ। ਸਭਰਾਵਾਂ ਦੀ ਲੜਾਈ ਇਤਨੀ ਜ਼ਿਆਦਾ ਭਿਆਨਕ ਅਤੇ ਤਬਾਹਕੁੰਨ ਸੀ ਕਿ ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਇਸ ਕਾਰਨ ਉਹ ਤੁਰਨ-ਫਿਰਨ ਤੋਂ ਵੀ ਨਕਾਰਾ ਹੋ ਗਿਆ ਸੀ। ਉਸ ਦਾ ਇਕ ਹੱਥ ਤਾਂ ਪਹਿਲਾਂ ਹੀ ਟੁੱਟਾ ਹੋਇਆ ਸੀ ਜਿਸ ਕਾਰਨ ਸਿੱਖ ਉਸਨੂੰ ਟੁੰਡੀ ਲਾਟ ਆਖਦੇ ਹੁੰਦੇ ਸਨ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top