ਗੁਰੂ ਗੋਬਿੰਦ ਸਿੰਘ ਜੀ – ਭਾਗ ਪਹਿਲਾ

ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ, ਨਿਤਾਣਿਆ, ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ। ਆਪਣੇ ਅੰਤਿਮ ਸਮੇ ਵਿਚ ਇਸ ਮਿਸ਼ਨ ਨੂੰ ਜਾਰੀ ਰਖਣ ਲਈ ਉਨਾ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਬਹਾਦਰ ਸਿੰਘ ਨੂੰ ਧਾਪੜਾ ਦੇਕੇ ਪੰਜਾਬ ਵਲ ਨੂੰ ਤੋਰਿਆ ਜਿਸਨੇ ਹਕੂਮਤ ਵਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ ਲਾਮਬੰਧ ਕਰਕੇ ਬੜੇ ਥੋੜੇ ਸਮੇ ਵਿਚ ਹੀ ਸਿਖ ਇਤਿਹਾਸ ਵਿਚ ਪਹਿਲੀ ਵਾਰੀ ਖਾਲਸਾ ਰਾਜ ਸਥਾਪਤ ਕੀਤਾ। ਗੁਰੂ ਗੋਬਿੰਦ ਸਿੰਘ ਵਲੋਂ ਦਬੀ ਕੁਚਲੀ, ਸਤਹੀਣ, ਨਿਰਾਸ਼ ਜਨਤਾ ਨੂੰ ਉਦਮ, ਆਤਮ ਸਨਮਾਨ, ਆਤਮ ਵਿਸ਼ਵਾਸ, ਜੂਝ ਮਰਨ ਤੇ ਫਤਹਿ ਦੀ ਚੜਦੀ ਕਲਾ ਦਾ ਮੁੜ ਸੁਨੇਹਾ ਦਿਤਾ ਉਦੋਂ ਜਦੋਂ ਕੌਮ ਨਿਰਾਸ਼ ਹੋ ਚੁਕੀ ਸੀ, ਥਕ ਚੁਕੀ ਸੀ ਤੇ ਲਗਪਗ ਖਤਮ ਹੋ ਚੁਕੀ ਸੀ।
ਇਹ ਇਤਿਹਾਸ ਵਿਚ ਇਕ ਨਾ ਭੁਲਣ ਵਾਲਾ ਓਹ ਮਹਾਨ ਜਰਨੈਲ ਸੀ ਜਿਸਨੇ ਜੋਰ ਜਬਰ ਤੇ ਜੁਲਮ ਦੇ ਖਿਲਾਫ਼ ਹਕੂਮਤ ਨਾਲ ਟਕਰ ਲੈਕੇ ਮੁਗਲ ਸਮਰਾਜ ਦੀਆਂ ਜੜਾ ਹਿਲਾ ਦਿਤੀਆਂ। ਜਿਸਨੇ ਪੰਜਾਬ ਦੀ ਧਰਤੀ ਤੇ ਤਕਰੀਬਨ 8 ਸਾਲ ਆਪਣੇ ਘੋੜਿਆਂ ਦੀਆਂ ਪੈੜਾਂ ਦੇ ਨਿਸ਼ਾਨ ਛਡੇ ਤੇ ਪੰਜਾਬ ਵਿਚ ਸਿਖ ਕੌਮ ਨੂੰ ਥੋੜੇ ਸਮੇ ਵਿਚ ਹੀ ਇਕ ਜਬਰਦਸਤ ਰਾਜਨੀਤਕ ਤਾਕਤ ਵਿਚ ਬਦਲ ਕੇ ਰਖ ਦਿਤਾ। ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇਤਨਾ ਮਜਬੂਤ ਕਰ ਦਿਤਾ ਕਿ ਫਿਰ ਲੰਬੇ ਸਮੇ ਤਕ ਕੋਈ ਵੈਰੀ ਹਿਲਾ ਨਹੀ ਸਕਿਆ। ਜਾਬਰ ਮੁਗਲ ਹਕੂਮਤ ਦੇ ਬਾਦਸ਼ਾਹ ਸਿਖਾਂ ਦਾ ਖ਼ੁਰਾ ਖੋਜ ਮਿਟਾਂਦੇ ਮਿਟਾਂਦੇ ਆਪ ਮਿਟ ਗਏ ਪਰ ਸਿਖੀ ਨਹੀਂ ਮਿਟਾ ਸਕੇ। ਬੰਦਾ ਬਹਾਦਰ ਦੀ 1709-1716, ਸਤ ਸਾਲ ਦੀ ਅਗਵਾਈ ਨੇ ਸਉਥ ਏਸ਼ੀਆ ਦੀ ਸਭ ਤੋਂ ਵਡੇ ਮੁਗਲ ਸਮਰਾਜ ਦੀਆ ਨੀਹਾਂ ਖੋਖਲੀਆਂ ਕਰ ਦਿਤੀਆਂ। ਅਖਿਰ ਜੁਲਮ ਤੇ ਅਨਿਆਂ ਦੇ ਖਿਲਾਫ਼ ਜੂਝਦਿਆਂ ਜੂਝਦਿਆਂ ਜੂਨ 1716 ਵਿਚ ਆਪਣੇ 740 ਸਾਥੀਆਂ ਸਮੇਤ ਜਿਸ ਹੌਸਲੇ, ਚਾਅ,ਖੇੜੇ ਤੇ ਚੜਦੀ ਕਲਾ ਨਾਲ ਸ਼ਹਾਦਤ ਪਾਈ, ਓਹ ਵੀ ਦੁਨੀਆਂ ਦੀ ਇਕ ਵਿਲਖਣ ਸ਼ਹਾਦਤ ਦੀ ਮਿਸਾਲ ਹੈ ।
ਬਚਪਨ
ਬੰਦਾ ਬਹਾਦਰ ਦਾ ਜਿਸਦਾ ਅਸਲੀ ਨਾਮ ਸੀ ਲਛਮਣ ਦਾਸ, ਰਾਜਪੂਤ ਘਰਾਣੇ ਵਿਚ ਪੈਦਾ ਹੋਇਆ। ਮਾਂ- ਪਿਓ ਨੂੰ ਸ਼ੌਕ ਸੀ ਕਿ ਉਨ੍ਹਾ ਦਾ ਪੁਤਰ ਵੀ ਇਕ ਬਹਾਦਰ ਯੋਧਾ ਬਣੇ, ਇਸ ਲਈ ਸ਼ੁਰੂ ਤੋ ਹੀ ਉਸ ਦੇ ਅੰਦਰ ਅਸਤਰ ਸ਼ਸ਼ਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੌਕ ਪੈਦਾ ਕੀਤਾ। ਬਚਪਨ ਵਿਚ ਜਦ ਉਸਦੇ ਹਥੋ ਕਿਸੀ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ ਜੋ ਉਸਦੇ ਸਾਮਣੇ ਆਪਣੇ ਅਣਜੰਮੇ ਬਚਿਆਂ ਸਮੇਤ ਤੜਪ ਤੜਪ ਕੇ ਮਰ ਗਈ ਜਿਸਨੂੰ ਦੇਖ ਕੇ ਉਸਦੇ ਦਿਲ ਨੂੰ ਇਤਨੀ ਭਾਰੀ ਸਟ ਲਗੀ ਕਿ ਉਹ ਆਪਣਾ ਘਰ ਬਾਰ ਤਿਆਗ ਕੇ ਵੈਰਾਗੀ ਹੋ ਗਿਆ। ਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ, ਜਿਸਨੇ ਉਸਦਾ ਨਾਂ ਮਾਧੋ ਦਾਸ ਰਖ ਦਿਤਾ। ਫਿਰ ਉਸਦੀ ਮੁਲਾਕਾਤ ਸਾਧੂ ਰਾਮਦਾਸ ਨਾਲ ਹੋਈ, ਪਰ ਮਨ ਦੀ ਸ਼ਾਂਤੀ ਇਥੋਂ ਵੀ ਨਹੀ ਮਿਲੀ। ਦੇਸ਼ ਭ੍ਰਮਣ ਲਈ ਜਾ ਤੁਰਿਆ। ਨਾਸਕ ਪੰਚਵਟੀ ਦੇ ਸਥਾਨ ਤੇ ਉਸਦਾ ਮੇਲ ਇਕ ਜੋਗੀ ਅਓਗੜ ਨਾਥ ਨਾਲ ਹੋਇਆ, ਜਿਸਦੀ ਸੇਵਾ ਵਿਚ ਰਹਿੰਦੀਆਂ ਓਹ ਯੋਗ ਸਾਧਨਾ ਤੇ ਤਾਂਤਰਿਕ ਵਿਦਿਆ ਵਿਚ ਮਾਹਿਰ ਹੋ ਗਿਆ। ਤਿੰਨ ਸਾਲ ਅਓਗੜ ਨਾਥ ਦੀ ਸੇਵਾ ਵਿਚ ਰਹਿਣ ਤੋਂ ਬਾਦ ਉਸ ਨਾਥ ਦੀ ਮੌਤ ਹੋ ਗਈ। ਸਾਰੀਆਂ ਰਿਧੀਆਂ ਸਿਧੀਆਂ, ਜਾਦੂ ਟੂਣਿਆ, ਜੰਤਰ ਮੰਤਰ ਦੀ ਵਿਦਿਆ ਦੀਆਂ ਪੋਥੀਆਂ ਉਸਦੇ ਹੱਥ ਵਿਚ ਆ ਗਈਆਂ, ਤੇ ਉਸਨੇ ਬਹੁਤ ਜਲਦੀ ਇਸ ਤੇ ਮਹਾਰਥ ਹਾਸਲ ਕਰ ਲਈ। ਬਹੁਤ ਸਾਰੇ ਉਸਦੇ ਚੇਲੇ ਬਣ ਗਏ। ਮਨੋਕਾਮਨਾਵਾਂ ਪੂਰੀਆ ਕਰਾਉਣ ਲਈ ਉਸ ਕੋਲ ਭੀੜ ਲਗੀ ਰਹਿੰਦੀ, ਜਿਸ ਕਰਕੇ ਓਹ ਬਹੁਤ ਹੰਕਾਰੀ ਵੀ ਹੋ ਗਿਆ
ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪੁਜੇ ਤਾਂ ਉਨ੍ਹਾ ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ। ਆਓਖੜ ਦੀ ਮੌਤ ਤੋ ਬਾਅਦ ਬੰਦਾ ਵੀ ਭ੍ਰਮਣ ਕਰਦਾ ਕਰਦਾ ਨੰਦੇੜ ਆ ਪਹੁੰਚਿਆ ਤੇ ਗੋਦਾਵਰੀ ਦੇ ਕੰਢੇ ਆਪਣੇ ਕਰਿਸ਼ਮੇ ਦਿਖਾਣ ਲਗਾ। ਨਦੇੜ ਦੀਆਂ ਸੰਗਤਾ ਵਿਚੋ ਕਿਸੇ ਸਿਖ ਨੇ ਬੰਦਾ ਬਹਾਦਰ ਬਾਰੇ ਦਸਿਆ ਕੀ ਓਹ ਰਿਧੀਆਂ ਸਿਧੀਆਂ ਨਾਲ ਤਖਤ ਤੇ ਸੰਤਾ ਮਹਾਤਮਾ ਨੂੰ ਬਿਠਾਕੇ ਫਿਰ ਤਖਤ ਉਲਟਾਕੇ ਬੜਾ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਨੇ ਹਸ ਕੇ ਕਿਹਾ ਕੀ ਸਾਨੂੰ ਇਸ ਵੇਲੇ ਤਖਤ ਉਲਟਾਓਣ ਵਾਲਾ ਬੰਦਾ ਹੀ ਚਾਹੀਦਾ ਹੈ।
ਕੁਝ ਦਿਨ ਆਰਾਮ ਕਰਨ ਓਪਰੰਤ ਗੁਰੂ ਜੀ ਸਿੰਘਾ ਸਮੇਤ ਵੈਰਾਗੀ ਦੇ ਡੇਰੇ ਤੇ ਜਾ ਪੁਜੇ। ਗੁਰੂ ਸਾਹਿਬ ਉਸਦੇ ਪਲੰਗ ਤੇ ਜਾ ਬੈਠੇ ਜਿਸਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀ ਸੀ। ਜਦ ਵੈਰਾਗੀ ਨੇ ਆਕੇ ਦੇਖਿਆ ਤਾਂ ਮਨ ਹੀ ਮਨ ਵਿਚ ਬੜਾ ਗੁਸਾ ਆਇਆ ਤੇ ਆਪਣੀਆਂ ਸ਼ਕਤੀਆਂ ਨਾਲ ਪਲੰਗ ਨੂੰ ਉਲਟਾਓਣ ਵਿਚ ਲਗ ਗਿਆ। ਜਦ ਉਸਦੀ ਕੋਈ ਸ਼ਕਤੀ ਕੰਮ ਨਾ ਆਈ ਤਾਂ ਓਹ ਸਮਝ ਗਿਆ ਕੀ ਇਹ ਕੋਈ ਸਧਾਰਨ ਹਸਤੀ ਨਹੀਂ ਹੈ। ਪੈਰੀ ਢਹਿ ਪਿਆ, ਮਾਫ਼ੀ ਮੰਗੀ ਤੇ ਹਰੀ ਚੰਦ ਦੱਖਣੀ ਨੂੰ ਆਪਣਾ ਉਤਰਾਧਿਕਾਰੀ ਸੌਪ ਕੇ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ। ਇਕ ਮਹੀਨਾ ਕੋਲ ਰਹਿੰਦਿਆ ਰਹਿੰਦਿਆ ਉਹ ਸਿਖ ਸਿਧਾਂਤਾ ਤੋਂ ਪੂਰੀ ਜਾਣੂ ਹੋ ਗਿਆ ਉਸ ਦੀ ਤੀਰ ਅੰਦਾਜੀ ਦੀ ਨਿਪੁਨਤਾ ਵੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਬਹਾਦਰ ਦੀ ਉਪਾਧੀ ਬਖਸ਼ੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ – ਬਾਟੇ ਦੀ ਪਹੁਲ ਦੇਕੇ ਬੰਦਾ ਬਹਾਦਰ ਦਾ ਨਾਮ ਗੁਰਬਖਸ਼ ਸਿੰਘ ਰੱਖ ਦਿਤਾ। ਇਸ ਦੌਰਾਨ ਜਦ ਉਸਨੇ ਗੁਰੂ ਸਾਹਿਬ ਨਾਲ ਹੋਈਆਂ ਘਟਨਾਵਾਂ ਦਾ ਸਿਖਾਂ ਕੋਲੋਂ ਹਾਲ ਸੁਣਿਆ ਤਾਂ ਉਸਦਾ ਖੂਨ ਖੋਲ ਓਠਿਆ ਤੇ ਗੁਰੂ ਸਾਹਿਬ ਕੋਲ ਜਾਲਮਾਂ ਨੂੰ ਸੋਧਣ ਦੀ ਸੇਵਾ ਮੰਗੀ।
26 ਨਵੰਬਰ 1708 ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਸ਼ੀਰਵਾਦ ਦੇਕੇ , ਪੰਜ ਪਿਆਰਿਆਂ ਦੀ ਅਗਵਾਈ ਹੇਠ ਭਾਈ ਫਤਹਿ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਰਣ ਸਿੰਘ, ਭਾਈ ਬਾਜ ਸਿੰਘ, ਆਪਣੇ ਭਥੇ ਵਿਚੋਂ ਪੰਜ ਤੀਰ, ਨਗਾਰਾ, ਨਿਸ਼ਾਨ ਸਾਹਿਬ, ਸਿਖਾਂ ਲਈ ਹੁਕਮਨਾਮੇ, ਤੇ 20 ਕੁ ਹੋਰ ਸਿੰਘ ਨਾਲ ਦੇਕੇ ਪੰਜਾਬ ਵਲ ਨੂੰ ਤੋਰ ਦਿਤਾ। ਵਜੀਰ ਖਾਨ ਜੋ ਗੁਰੂ ਸਾਹਿਬ ਨੂੰ ਆਪਣਾ ਸਭ ਤੋ ਵਡਾ ਦੁਸ਼ਮਨ ਸਮਝਦਾ ਸੀ, ਸਿਖਾਂ ਤੇ ਗੁਰੂ ਸਾਹਿਬ ਤੇ ਨਜਰ ਰਖਣ ਲਈ ਆਪਣੇ ਸੁਹੀਏ ਪਹਿਲੇ ਹੀ ਛਡੇ ਹੋਏ ਸੀ। ਉਸਦੇ ਹੁਕਮ ਨਾਲ ਨਦੇੜ ਦੇ ਹਾਕਮ ਨੇ ਸਿੰਘਾ ਦੇ ਪਿਛੇ ਆਪਣੇ ਆਦਮੀ ਭੇਜ ਦਿਤੇ। ਜਦੋਂ ਬੰਦਾ ਸਿੰਘ ਨੂੰ ਇਸ ਗਲ ਦਾ ਪਤਾ ਚਲਿਆ ਕੀ ਨਦੇੜ ਤੋਂ ਸ਼ਾਹੀ ਫੌਜ਼ ਉਨਾਂ ਦਾ ਪਿਛਾ ਕਰ ਰਹੀ ਹੈ ਤਾ ਉਨ੍ਹਾ ਨੂੰ ਗੁਮਰਾਹ ਕਰਨ ਲਈ ਚਾਰੋ ਪਾਸੇ ਪੰਜ ਪੰਜ ਸਿਖ ਭੇਜ ਕੇ ਆਪਣੇ ਘੋੜਿਆਂ ਦੀਆ ਟਾਪਾਂ ਦੇ ਨਿਸ਼ਾਨ ਛਡ ਦਿਤੇ ਅਤੇ ਉਥੋਂ 25 ਕੋਹ ਮੀਲ ਦੀ ਦੂਰੀ ਤੇ ਬਟੇਰੇ ਕਸਬਾ, ਅੰਬਾ ਦੇ ਬਾਗ ਵਿਚ ਇਕਠੇ ਹੋਣ ਦਾ ਹੁਕਮ ਦਿਤਾ।
ਰਾਹ ਵਿਚ ਬੰਦਾ ਸਿੰਘ ਜਿਥੇ ਕਿਤੇ ਜਬਰ ਜੁਲਮ, ਬੇਇਨਸਾਫੀ ਜਾਂ ਧ੍ਕੇਸ਼ਾਹੀ ਹੁੰਦੀ ਦੇਖਦਾ ਓਹ ਉਸਦਾ ਡਟ ਕੇ ਵਿਰੋਧ ਕਰਦਾ ਸਭ ਤੋ ਪਹਿਲਾਂ ਓਹ ਬਾਂਗਰ ਦੇ ਇਲਾਕੇ ਵਿਚ ਪਹੁੰਚਿਆ ਜਿਥੇ ਉਨ੍ਹਾ ਦਾ ਡੇਰਾ ਸੀ। ਉਥੇ ਧਾੜਵੀਆਂ ਚੋਰਾਂ, ਡਾਕੂਆਂ ਦਾ ਇਕ ਗਰੋਹ ਚੜੀ ਆ ਰਿਹਾ ਸੀ ਲੋਕ ਡਰਦੇ ਮਾਰੇ ਪਿੰਡ ਖਾਲੀ ਕਰਕੇ ਜੰਗਲਾ ਵਲ ਭਜੇ ਜਾ ਰਹੇ ਸੀ। ਬੰਦਾ ਬਹਾਦਰ ਨੇ ਸਿੰਘਾਂ ਨੂੰ ਲੈਕੇ ਅਗੇ ਹੋਕੇ ਟਾਕਰੇ ਲਈ ਤੁਰ ਪਿਆ। ਇਤਨਾ ਦਲੇਰ ਤੇ ਸਖਤ ਹਮਲਾ ਕੀਤਾ ਕੀ ਆਪਣਾ ਵੀ ਲੁਟਿਆ ਹੋਇਆ ਮਾਲ ਛਡ ਕੇ ਦੋੜ ਗਏ। ਗਰੀਬ ਲੋਕਾਂ ਦਾ ਲੁਟਿਆ ਮਾਲ ਵਾਪਸ ਕਰਵਾਇਆ ਤੇ ਅਗੋਂ ਵਾਸਤੇ ਰਾਖੀ ਦੀ ਜਿਮੇਦਾਰੀ ਆਪਣੇ ਸਿਰ ਲੈ ਲਈ। ਬੰਦੇ ਦਾ ਹਿੰਮਤ ਤੇ ਹੌਸਲਾ ਦੇਖ ਕੇ ਪਿੰਡ ਦੇ ਗਿਦੜ ਵੀ ਸ਼ੇਰ ਬਣ ਗਏ।
ਇਸ ਨਾਲ ਸਾਰੇ ਆਲੇ ਦੁਆਲੇ ਵਿਚ ਬੰਦਾ ਸਿੰਘ ਦੀ ਵਾਹ ਵਾਹ ਹੋਣ ਲਗ ਪਈ। ਜਿਥੇ ਕਿਥੇ ਵੀ ਕਿਸੇ ਪਿੰਡ ਨੂੰ ਧਾੜਵੀਆਂ ਤੇ ਲੁਟੇਰਿਆਂ ਤੋ ਬਚਾਵ ਦੀ ਲੋੜ ਹੁੰਦੀ ਬੰਦਾ ਸਿੰਘ ਕੋਲ ਫਰਿਆਦ ਲੈ ਕੇ ਆ ਜਾਂਦੇ। ਬੰਦਾ ਸਿੰਘ ਸੰਤ ਵੀ ਸੀ ਤੇ ਸਿਪਾਹੀ ਵੀ। ਉਸਨੇ ਦੁਖੀ ਤੇ ਨਿਤਾਣੀ ਜਨਤਾ, ਜੋ ਜੁਲਮਾਂ ਤੇ ਲੁਟ, ਖਸੁਟ ਦਾ ਸ਼ਿਕਾਰ ਹੋ ਰਹੀ ਸੀ ਰਖਿਆ ਦਾ ਜਿੰਮਾ ਆਪਣੇ ਸਿਰ ਲਿਆ ਤੇ ਐਲਾਨ ਕਰਵਾ ਦਿਤਾ ਕੀ ਕੋਈ ਵੀ ਸਰਕਾਰੀ ਮਾਮਲਾ ਨਾ ਦੇਵੇ। ਅਜ ਤੋ ਬਾਅਦ ਉਨ੍ਹਾ ਦੇ ਧੰਨ- ਸੰਪਤੀ, ਜਾਨ -ਮਾਲ ਦੀ ਰਖਿਆ ਦਾ ਜਿਮਾ ਅਸੀਂ ਲਵਾਂਗੇ ਜਿਸਦੇ ਬਦਲੇ ਉਨ੍ਹਾ ਨੂੰ ਕੁਝ ਨਹੀਂ ਚਾਹਿਦਾ ਸਿਰਫ ਫੌਜੀਆਂ ਲਈ ਖਾਣ ਪੀਣ ਦੀਆਂ ਵਸਤੂਆਂ ਜਿਵੇ ਦੁਧ, ਦਹੀ, ਘਿਓ ਬਸ। ਲੋਕਾਂ ਨੂੰ ਵੀ ਸਿੰਘ ਸਜਣ ਦਾ ਨਿਓਤਾ ਦਿਤਾ। ਇਹ ਗਲ ਪਿੰਡ ਦੇ ਚੌਧਰੀਆਂ ਨੂੰ ਕਿਵੈ ਭਾ ਸਕਦੀ ਹੈ। ਉਨ੍ਹਾ ਨੇ ਸਰਕਾਰੀ ਆਮਿਲਾਂ ਪਾਸ ਜਾ ਸ਼ਕਾਇਤ ਕੀਤੀ।
ਜਦੋਂ ਦੇਸ਼ ਵਿਚ ਹੋ ਰਹੀਆਂ ਗਤੀਵਿਧੀਆਂ ਦਾ ਪਤਾ ਮੁਗਲ ਕਰਮਚਾਰੀਆਂ ਨੂੰ ਲਗਾ ਤਾਂ ਉਨਾ ਨੇ ਚਾਰੋ ਤਰਫ਼ ਸੁਹੀਏ ਦੋੜਾ ਦਿਤੇ। ਸੜਕਾਂ ਦੀ ਰਾਖੀ ਹੋਣ ਲਗੀ। ਦਿਲੀ ਦੀ ਸਰਹੱਦ ਤੇ ਪੁਜ ਕੇ ਬੰਦਾ ਸਿੰਘ ਦੀ ਚਾਲ ਕੁਝ ਮਠੀ ਹੋ ਗਈ। ਫੌਜ਼ ਨਹੀਂ ਸੀ, ਪੈਸਾ ਨਹੀਂ ਸੀ। ਕਦੇ ਵੀ ਕਿਸੇ ਪਾਸਿਓਂ ਵੀ ਵੈਰੀਆਂ ਨਾਲ ਟੱਕਰ ਹੋ ਸਕਦੀ ਸੀ। ਇਸ ਦੋਰਾਨ ਬੰਦਾ ਸਿੰਘ ਪਰਖੋਂਡੇ ਦੇ ਪਰਗਨੇ ਜਾ ਪੁਜਾ। ਸਿਹਿਰੀ ਅਤੇ ਖੰਡਾ ਪਿੰਡਾਂ ਲਾਗੇ ਜਾ ਟਿਕਾਣਾ ਕੀਤਾ। ਇਥੋਂ ਹੀ ਗੁਰੂ ਸਾਹਿਬ ਦੇ ਹੁਕਮਨਾਮੇ ਮਾਲਵੇ -ਮਾਝੇ -ਦੋਆਬੇ ਦੀਆਂ ਸਿਖ ਸੰਗਤਾਂ ਨੂੰ ਭੇਜੇ।
ਗੁਰੂ ਸਾਹਿਬ ਦੇ ਪਰਿਵਾਰ ਨਾਲ ਕੀਤੀਆਂ ਜ਼ਿਆਦਿਤੀਆਂ ਦੇ ਜਖ੍ਮ ਲੋਕਾਂ ਦੇ ਦਿਲਾਂ ਵਿਚ ਮੁੜ ਤਾਜ਼ਾ ਹੋ ਗਏ, ਸਿੰਘਾ ਦੇ ਅੰਦਰੋ ਅੰਦਰ ਸੁਲਗ ਰਹੀ ਅਗ ਭੜਕ ਉਠੀ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲਗਦਾ ਗਿਆ, ਜਿਨਾ ਦੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਸੀ ਆਪਣੇ ਕੰਮ ਕਾਰ ਛਡਕੇ ਆਪਣੀਆਂ ਜਮੀਨਾ, ਧੰਨ, ਮਾਲ ਡੰਗਰ ਵੇਚ ਕੇ ਹਥਿਆਰ ਖਰੀਦੇ ਤੇ ਜਿਨਾ ਕੋਲ ਕੁਝ ਨਹੀਂ ਸੀ ਆਪਣੇ ਚਾਕੂ, ਛੁਰੀਆਂ ਤੇ ਤਲਵਾਰਾਂ ਦਾ ਜੰਗ ਉਤਾਰ ਕੇ ਬੰਦਾ ਬਹਾਦਰ ਦੀ ਫੌਜ਼ ਨਾਲ ਆ ਜੁੜੇ। ਹੈਰਾਨੀ ਦੀ ਗਲ ਹੈ ਬੰਦਾ ਜਦੋਂ ਨਦੇੜ ਤੋ ਚਲਿਆ ਸੀ ਉਸ ਕੋਲ ਸਿਰਫ 25 ਸਿਖ ਤੇ 5 ਤੀਰ ਸਨ। ਕੋਈ ਹਥਿਆਰ ਗੋਲੀ ਸਿਕਾ ਜਾਂ ਬਰੂਦ ਨਹੀ ਸੀ,। ਬੰਦਾ ਬਹਾਦਰ ਦੀ ਇਕ ਅਵਾਜ਼ ਦੇਣ ਤੇ, ਜਿਸਦੇ ਪਿਛੇ ਗੁਰੂ ਸਾਹਿਬ ਦਾ ਹੁਕਮ ਸੀ, ਸਿੰਘਾਂ ਦੇ ਅਨੇਕ ਜਥੇ ਧਰਮ ਯੁਧ ਵਿਚ ਆ ਸ਼ਾਮਲ ਹੋਏ। ਪੰਜਾਬ ਵਲ ਵਧਦਿਆਂ ਵਧਦਿਆਂ ਉਸਦੀ ਫੌਜ਼ ਦੀ ਗਿਣਤੀ 25 ਸਿਖਾਂ ਤੋਂ 40000 ਤਕ ਪੁਜ ਗਈ। ਖੁਲੇ ਦਿਲ ਨਾਲ ਸੰਗਤਾਂ ਨੇ ਆਪਣਾ ਧੰਨ ਦੌਲਤ ਤੇ ਸ਼ਸ਼ਤਰ ਭੇਟ ਕੀਤੇ।
ਸਭ ਤੋ ਪਹਿਲੋਂ ਬੰਦਾ ਬਹਾਦਰ ਨੇ ਸਿਹਰੀ, ਸੋਨੀਪਤ, ਕੈਥਲ ਤੇ ਕਬਜਾ ਕੀਤਾ। ਕੈਥਲ ਦੇ ਆਮਿਲ ਨੂੰ ਈਨ ਮਨਵਾਕੇ ਉਸ ਪਾਸੋਂ ਅਸਲਾ ਘੋੜੇ ਤੇ ਬਹੁਤ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖਜਾਨਾ ਜੋ ਦਿੱਲੀ ਲਿਜਾਇਆ ਜਾ ਰਿਹਾ ਸੀ ਲੁਟਕੇ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਦਿਤਾ। ਇਥੋ ਦੇ ਆਮਿਲ ਨੂੰ ਦੀਨ ਮਨਾ ਕੇ ਬਹੁਤ ਸਾਰਾ ਅਸਲਾ ਘੋੜੇ ਤੇ ਮਾਲ ਉਸਤੋ ਲੈ ਲਏ। ਇਥੇ ਖਬਰ ਮਿਲੀ ਕਿ ਮੁਗਲਾਂ ਵਲੋਂ ਭੇਜੇ ਦੋ ਪਠਾਣਾ ਨੇ ਗੁਰੂ ਸਾਹਿਬ ਤੇ ਵਾਰ ਕਰ ਦਿਤਾ। ਬੰਦਾ ਬਹਾਦਰ ਇਹ ਖਬਰ ਸੁਣਦਿਆਂ ਹੀ ਓਸਦੇ ਗੁਸੇ ਦੀ ਅਗ ਹੋਰ ਤੇਜ ਹੋਕੇ ਭੜਕੀ। ਇਥੇ ਇਹ ਦਸਣਾ ਜਰੂਰੀ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਵਿਚ ਨਾ ਕਦੇ ਬਦਲੇ ਦੀ ਭਾਵਨਾ ਸੀ ਤੇ ਨਾ ਹੀ ਉਨ੍ਹਾ ਦੇ ਜੀਵਨ ਦਾ ਕੋਈ ਇਸ ਤਰਹ ਦਾ ਮਕਸਦ ਸੀ। ਬੰਦਾ ਬਹਾਦਰ ਨੂੰ ਵੀ ਉਨ੍ਹਾ ਨੇ ਥਾਪੜਾ ਦੇਕੇ ਜਾਲਮ ਹਕੂਮਤ ਨਾਲ ਟਕਰ ਕਰਨ ਤੇ ਮਜਲੂਮਾਂ ਦੀ ਰਖਿਆ ਕਰਨ ਲਈ ਭੇਜਿਆ ਸੀ, ਨਾ ਕਿ ਕਿਸੇ ਬਦਲੇ ਵਾਸਤੇ। ਪਰ ਕਿਸੇ ਇਨਸਾਨ ਦਾ ਦਿਲ ਤੇ ਇਤਨਾ ਵਡਾ ਨਹੀਂ ਹੋ ਸਕਦਾ ਜਿਸਦੀ ਸੋਚ ਰਬੀ ਨੂਰ ਦੀ ਸੋਚ ਦਾ ਮੁਕਾਬਲਾ ਕਰੇ। ਗੁਰੂ ਸਾਹਿਬ ਤੇ ਜੁਲਮਾਂ ਦੇ ਬਦਲੇ ਦੀ ਭਾਵਨਾ ਬੰਦਾ ਬਹਾਦਰ ਵਿਚ ਸੀ ਜਿਸ ਲਈ ਉਸਨੇ ਆਪਣੇ ਆਪ ਨੂੰ ਕਸੂਰ ਵਾਰ ਵੀ ਠਹਿਰਾਇਆ ਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਭੁਲ ਬਖਸ਼ਵਾਈ।
ਬੰਦਾ ਸਿੰਘ ਦਾ ਮੁਖ ਮਕਸਦ ਸਰਹੰਦ ਦੇ ਵਜੀਰ ਖਾਨ ਨੂੰ ਮਾਰਨਾ ਸੀ ਪਰ ਕਿਓਕੀ ਸਰਹੰਦ ਇਕ ਤਾਕਤਵਰ ਸੂਬਾ ਸੀ ਔਰ ਉਸਦੀ ਆਪਣੀ ਫੌਜ਼ ਵੀ ਕਾਫੀ ਸੀ ਤੇ ਲੋੜ ਪੈਣ ਤੇ ਓਹ ਆਸ ਪਾਸ ਤੋ ਮਦਤ ਵੀ ਲੈ ਸਕਦਾ ਸੀ। ਸੋ ਬੰਦਾ ਬਹਾਦਰ ਨੇ ਸੋਚਿਆ ਕੀ ਸਭ ਤੋ ਪਹਿਲਾ ਆਸ ਪਾਸ ਦੀਆਂ ਬਾਹਾਂ ਕਟ ਦਿਤੀਆਂ ਜਾਣ। ਇਸ ਲਈ ਸਭ ਤੋ ਪਹਿਲਾਂ ਓਹ ਸਮਾਣੇ ਪਹੁੰਚਿਆ ਜਿਥੇ ਗੁਰੂ ਤੇਗ ਬਹਾਦਰ ਨੂੰ ਕਤਲ ਕਰਨ ਵਾਲਾ ਸਯਦ ਜਲਾਲ ਤੇ ਛੋਟੇ ਸਾਹਿਬਜਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸੀ। ਇਹ ਮੁਗਲ ਰਾਜ ਦੇ ਧਾਰਮਿਕ ਤੇ ਰਾਜਨੀਤਕ ਸ਼ਕਤੀ ਦਾ ਕੇਂਦਰ ਜੋ ਕੀ ਸਯੀਦਾਂ ਤਾ ਤਕੜਾ ਗੜ ਤੇ ਮਹਤਵ ਪੂਰਨ ਅਸਥਾਨ ਸੀ। ਇਥੇ 22 ਸਈਦ ਪਰਿਵਾਰ ਰਹਿੰਦੇ ਸੀ ਹਰ ਇਕ ਕੋਲ ਆਪਣੀ ਆਪਣੀ ਫੌਜ਼ ਸੀ ਜਿਸ ਨੂੰ ਜਿਤਣਾ ਇਤਨਾ ਅਸਾਨ ਨਹੀ ਸੀ। ਇਥੇ ਘਮਸਾਨ ਦਾ ਯੁਧ ਹੋਇਆ, ਹਜਾਰਾਂ ਮੁਗਲ ਫੌਜੀ ਸਿੰਘਾ ਦੀਆਂ ਤਲਵਾਰਾਂ ਦੇ ਭੇਟ ਚੜੇ 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ। ਤਿਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜਾ ਦੇਕੇ ਕਤਲ ਕਰ ਦਿਤਾ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿਤਾ।
ਇਨਾ ਸਾਰੀਆਂ ਜਿਤਾਂ ਦੇ ਕਾਰਨ ਬਾਬਾ ਬੰਦਾ ਬਹਾਦਰ ਦੀ ਪ੍ਰਸਿਧੀ ਦੂਰ ਦੂਰ ਤਕ ਫੈਲ ਗਈ। ਬਹੁਤ ਲੋਕ ਜੋ ਮੁਗਲ ਹਕੂਮਤ ਤੋਂ ਦੁਖੀ ਸਨ ਬੰਦਾ ਬਹਾਦਰ ਨਾਲ ਆ ਮਿਲੇ। ਪੰਜਾਬ ਦੇ ਸਿਖਾਂ ਨੂੰ ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਤੇ ਬੰਦਾ ਬਹਾਦਰ ਦੇ ਸੰਦੇਸ਼ ਮਿਲੇ ਤਾਂ ਸਿਖ ਆਪਣਾ ਘਰ-ਬਾਹਰ ਛੋੜ ਕੇ, ਮਾਲ ਅਸਬਾਬ ਵੇਚ ਕੇ ਇਸ ਧਰਮ ਯੁਧ ਆ ਸ਼ਾਮਲ ਹੋਏ ਮਾਲਵੇ ਦੇ ਲੋਕ ਸਿਧਾ ਰਸਤਾ ਹੋਣ ਕਰਕੇ ਜਲਦੀ ਪਹੁੰਚ ਗਏ ਪਰ ਮਾਝੇ ਦਾ ਰਸਤਾ ਲੰਮਾ ਸੀ। ਉਨ੍ਹਾ ਨੂੰ ਅਜੇ ਸਮਾਂ ਲਗਣਾ ਸੀ। ਇਸਤੋਂ ਅਗੇ ਘੜਾਮ, ਠਸਕਾ, ਸ਼ਾਹਬਾਦ (ਮਾਰਕੰਡਾ) –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ। ਖੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਲਬੇ ਦੇ ਢੇਰ ਵਿਚ ਬਦਲਕੇ ਰਖ ਦਿਤਾ। ਮੁਸਤਫਾਬਾਦ ਦੀ ਲੜਾਈ ਵਿਚ ਦੋ ਤੋਪਾਂ ਸਿਖਾਂ ਦੇ ਹਥ ਆਈਆਂ।
ਇਸਤੋ ਬਾਦ ਕਪੂਰੀ ਕਸਬੇ ਵਲ ਵਧੇ। ਜਦੋਂ ਬੰਦਾ ਬਹਾਦੁਰ ਇਥੇ ਪਹੁੰਚਿਆ ਤਾਂ ਕਪੂਰੀ ਕਸਬੇ ਦੇ ਰਹਿਣ ਵਾਲੇ ਹਿੰਦੂ ਬ੍ਰਾਹਮਣ ਬਾਬਾ ਬੰਦਾ ਸਿੰਘ ਬਹਾਦੁਰ ਕੋਲ ਆਏ ਤੇ ਆਪਣੀ ਧੀਆਂ ਭੈਣਾ ਦੀ ਇਜ਼ਤ ਬਚਾਣ ਲਈ ਹਥ ਜੋੜਕੇ ਫ਼ਰਿਆਦ ਕਰਨ ਲਗੇ। ਇਥੋਂ ਦਾ ਹਾਕਮ ਕਦੁਮੂਦੀਨ ਬੜਾ ਜਾਲਮ ਸੀ ਉਸਦਾ ਐਲਾਨੀ ਹੁਕਮ ਸੀ ਕਿ ਹਿੰਦੂ ਦੀ ਬਚੀ ਜਦੋਂ ਜਵਾਨ ਹੋਏ ਤਾ ਸਭ ਤੇ ਪਹਿਲਾਂ ਉਸਦੇ ਮਹਿਲ ਵਿਚ ਭੇਜੀ ਜਾਏ। ਨਵੀਂ ਵਿਹਾਈ ਬਚੀ ਡੋਲੇ ਵਿਚੋਂ ਕਢਕੇ ਸਭ ਤੋਂ ਪਹਿਲਾਂ ਉਸਦੀ ਭੇਟ ਚੜਦੀ। ਜਦ ਬੰਦਾ ਬਹਾਦਰ ਨੇ ਇਹ ਸਭ ਸੁਣਿਆ ਤਾਂ ਉਸਦਾ ਖੂਨ ਖੋਲ ਉਠਿਆ। ਉਸ ਵਕਤ ਲੰਗਰ ਤਿਆਰ ਹੋ ਰਿਹਾ ਸੀ। ਬੰਦਾ ਸਿੰਘ ਨੇ ਸਿਖਾਂ ਨੂੰ ਹੁਕਮ ਕੀਤਾ ਕੀ ਪ੍ਰਸ਼ਾਦਾ ਅਸੀਂ ਸਵੇਰੇ ਛਕਾਂਗੇ ਪਹਿਲੇ ਅਸੀਂ ਕਪੂਰੀ ਦੇ ਹਾਕਮ ਦਾ ਫੈਸਲਾ ਮੁਕਾ ਲਈਏ। ਕਪੂਰੀ ਕਸਬੇ ਤੇ ਕਬਜਾ ਕਰ ਲਿਆ ਤੇ ਕਦੁਮੂਦੀਨ ਨੂੰ ਭਿਆਨਕ ਸਜਾ ਦਿਤੀ। ਦੇਵ੍ਬੰਧ ਦੇ ਫੌਜਦਾਰ ਜੋ ਸਿਖਾਂ ਦੇ ਖਿਲਾਫ਼ ਲੁਟ ਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ ਉਸ ਨੂੰ ਵੀ ਸਖਤ ਸਜਾ ਦਿਤੀ। ਬੰਦਾ ਬਹਾਦਰ ਦੇ ਅਓਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ਵਿਚ ਜਬਰਦਸਤ ਧਮਾਕਾ ਹੋਇਆ ਜਿਸ ਧਮਾਕੇ ਨੂੰ ਮੁਸਲਮਾਨ ਲਿਖਾਰੀ ਅਜਲ ਬਲਾ ਕਹਿੰਦੇ ਹਨ। ਪੰਜਾਬ ਦੀ ਸਿਆਸਤ ਵਿਚ ਉਹ ਹਲਚਲ ਮਚਾਈ ਕੀ ਇਕ ਵਾਰੀ ਤਾਂ ਧਰਤੀ ਨੂੰ ਵੀ ਕਾਂਬਾ ਛਿੜ ਗਿਆ।
ਉਥੋਂ ਸਢੋਰੇ ਵਲ ਨੂੰ ਤੁਰ ਪਏ। ਇਥੋਂ ਦਾ ਹਾਕਮ ਓਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿੱਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ ਕਹਿੰਦੇ ਹਨ ਕੀ ਜਦੋਂ ਉਸਨੇ ਮੁਗਲ ਦਰਬਾਰ ਵਿਚੇ ਇਹ ਸੁਣਿਆ ਕੀ ਪੀਰ ਬੁਧੂ ਸ਼ਾਹ ਨੇ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੀ ਭੰਗਾਣੀ ਦੇ ਯੁਧ ਵਿਚ ਸਹਾਇਤਾ ਕੀਤੀ ਹੈ ਤਾਂ ਉਹ ਗੁਸੇ ਨਾਲ ਪਾਗਲ ਹੋ ਗਿਆ। ਉਸਨੇ ਪੀਰ ਬੁਧੂ ਸ਼ਾਹ ਨੂੰ ਤਬਾਹ ਕਰਨ ਦਾ ਸੋਚ ਲਿਆ। ਪੀਰ ਬੁਧੂ ਸ਼ਾਹ ਦੇ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਗਡਕੇ, ਪੀਰ ਜੀ ਦੇ ਸਿਰ ਵਿੱਚ ਦਹੀ ਪਾ ਕੇ ਜੰਗਲੀ ਕੁਤੇ ਛਡ ਦਿਤੇ ਜੋ ਪੀਰ ਜੀ ਨੂੰ ਨੋਚ ਨੋਚ ਕੇ ਖਾ ਗਏ। ਓਸਮਾਨ ਖਾਨ ਨੂੰ ਉਸਦੀ ਕਰਨੀ ਦੀ ਬੜੀ ਭਿਆਨਕ ਸਜਾ ਦਿਤੀ, ਮੁਖਲਿਸ ਗੜ ਦਾ ਕਿਲਾ ਫ਼ਤਿਹ ਕਰ ਲਿਆ, ਜਿਸਦਾ ਨਾਂ ਲੋਹਗੜ ਰਖਿਆ।
ਉਸਤੋਂ ਉਪਰੰਤ ਅੰਬਾਲਾ -ਛਤ-ਬਨੂੜ ਜੋ ਜੁਲਮ ਤੇ ਜਬਰ ਦੇ ਗੜ ਸੀ, ਤੇ ਕਬਜਾ ਕੀਤਾ। ਇਸਤੋ ਬਾਅਦ ਓਹ ਖਰੜ ਵਲ ਨੂੰ ਹੋ ਤੁਰੇ। ਬੰਦਾ ਸਿੰਘ ਦੇ ਅਓਣ ਦਾ ਸੁਣ ਕੇ ਸਿਖਾਂ ਦੇ ਹੌਸਲੇ ਬੁਲੰਦ ਹੋ ਚੁਕੇ ਸਨ, ਮਾਝੇ ਤੇ ਦੁਆਬੇ ਦੇ ਸਿਖਾਂ ਨੇ ਮੁਗਲ ਹਕੂਮਤ ਵਿਰੁਧ ਬਗਾਵਤ ਕਰ ਦਿਤੀ ਤੇ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ, ਸਰਹੰਦ ਵੱਲ ਕੂਚ ਕਰ ਦਿਤਾ। ਰੋਪੜ ਦੇ ਸਥਾਨ ਤੇ ਇਨਾ ਸਿੰਘਾ ਨਾਲ ਸ਼ਾਹੀ ਫੌਜ਼ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖਾਨ ਦੇ ਹੁਕਮ ਉਤੇ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ (ਖਿਜਰ ਖਾਨ )ਤੇ ਭਤੀਜਿਆਂ (ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ )ਸਮੇਤ ਸਿਖਾਂ ਉੜੇ ਜੋਰਦਾਰ ਹਮਲਾ ਕਰ ਦਿਤਾ। ਸਿਖਾਂ ਦੀ ਮਲੇਰਕੋਟਲਾ ਦੇ ਪਠਾਣਾ ਨਾਲ ਤਕੜੀ ਝੜਪ ਹੋਈ। ਦੋ ਦਿਨ ਖੂਨ ਡੋਲਵੀ ਲੜਾਈ ਵਿਚ ਖਿਜਰ ਖਾਨ, ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖਤ ਜਖਮੀ ਹੋ ਗਿਆ। ਸਿੰਘ ਇਹ ਲੜਾਈ ਜਿੱਤ ਕੇ ਬੰਦਾ ਬਹਾਦਰ ਨਾਲ ਆਣ ਮਿਲੇ।
( ਚਲਦਾ )


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top