ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਵਾਲਾਤ ਵਿਚ ਬੰਦ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ | ਇਤਿਹਾਸਕਾਰਾਂ ਦੀਆਂ ਖੋਜਾਂ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਸੁਣ ਕੇ ਹਿੰਦ ਧਰਮ ਨੂੰ ਬਚਾਉਣ ਲਈ ਜਦੋਂ ਨਾਨਕੀ (ਹੁਣ ਅਨੰਦਪੁਰ ਸਾਹਿਬ) ਤੋਂ ਦਿੱਲੀ ਵੱਲ ਨੂੰ ਰਵਾਨਾ ਹੋਏ ਸਨ ਤਾਂ ਰਸਤੇ ‘ਚ ਰੋਪੜ ਪੁਲਿਸ ਚੌਕੀ ਦੇ ਦਰੋਗੇ ਨੂਰ ਮੁਹੰਮਦ ਖਾਂ ਮਿਰਜ਼ਾ ਨੇ ਪਿੰਡ ਮਲਿਕਪੁਰ ਰੰਘੜਾ ਦੇ ਰੰਘੜਾ ਵਲੋਂ ਕੀਤੀ ਮੁਖ਼ਬਰੀ ਦੇ ਆਧਾਰ ‘ਤੇ ਗੁਰੂ ਸਾਹਿਬ ਨੂੰ ਪਰਗਨਾ ਘਨੌਲਾ ਤੋਂ 12 ਜੁਲਾਈ 1675 ਈਸਵੀ ਵਿਚ ਗੁਰਸਿੱਖਾਂ ਸਮੇਤ ਗਿ੍ਫ਼ਤਾਰ ਕਰਕੇ ਸਰਹਿੰਦ ਦੇ ਹਾਕਮ ਅਬਦੁਲ ਅਜ਼ੀਜ਼ ਦਿਲਾਵਰ ਖਾਂ ਅੱਗੇ 13-14 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ | ਜਿੱਥੇ ਉਸ ਨੇ ਗੁਰੂ ਸਾਹਿਬ ਜੀ ਨੂੰ ਗੁਰਸਿੱਖਾਂ ਸਮੇਤ ਬਸੀ ਪਠਾਣਾਂ ਦੇ ਕੈਦਖ਼ਾਨੇ ਦੀ ਇਕ ਅਸਥਾਈ ਹਵਾਲਾਤ ਵਿਚ ਬੰਦ ਕਰਨ ਦਾ ਹੁਕਮ ਦਿੱਤਾ ਸੀ | ਗੁਰੂ ਜੀ ਦੀ ਗਿ੍ਫ਼ਤਾਰੀ ਸਬੰਧੀ ਇਤਲਾਹ ਬਾਦਸ਼ਾਹ ਔਰੰਗਜ਼ੇਬ ਨੂੰ ਮਾਰਫ਼ਤ ਗਵਰਨਰ ਲਾਹੌਰ ਭੇਜ ਦਿੱਤੀ ਗਈ | ਬਸੀ ਪਠਾਣਾਂ ਦੇ ਬੰਦੀਖ਼ਾਨੇ ਜਿਸ ਨੂੰ ਹੁਣ ਪੁਰਾਤਨ ਜੇਲ੍ਹ ਕਿਹਾ ਜਾਂਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੌਣੇ ਚਾਰ ਮਹੀਨੇ ਤੱਕ ਦੀਵਾਨ ਮਤੀ ਦਾਸ ਅਤੇ ਦੀਵਾਨ ਸਤੀ ਦਾਸ ਪੁੱਤਰਾਨ ਹੀਰਾ ਮੱਲ ਛਿੱਬਰ, ਦਿਆਲ ਦਾਸ ਪੁੱਤਰ ਮਾਈ ਦਾਸ ਬਲੌਤ ਸਮੇਤ ਕੈਦ ‘ਚ ਰੱਖਿਆ ਗਿਆ | ਇਸ ਦਾ ਉਲੇਖ ਵਿਦਵਾਨ ਇਤਿਹਾਸਕਾਰਾਂ ਨੇ ਭਟ ਵਹੀ ਮੁਲਤਾਨੀ ਸਿੰਧੀ ਖਾਤਾ ਬਲੋਤੋਂ ਦੇ ਹਵਾਲੇ ਅਨੁਸਾਰ ਕੀਤਾ ਹੈ, ਜੋ ਕਿ ਪ੍ਰੋ. ਪਿਆਰਾ ਸਿੰਘ ਪਦਮ ਦੀ ਪੁਸਤਕ ‘ਤੇਗ ਬਹਾਦਰ ਸਿਮਰੀਐ’ ਦੇ ਪੰਨਾ 63 ‘ਤੇ ਦਰਜ ਹੈ | ਬਸੀ ਪਠਾਣਾਂ ਦੇ ਉਸੇ ਅਸਥਾਨ ‘ਤੇ ਸੁੱਥਰਿਆਂ ਵਲੋਂ ਗੁਰੂ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ |