ਬੀਬੀ ਰਾਮੋ ਜੀ

ਬੀਬੀ ਰਾਮੋ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਾਲੀ ਸੀ , ਪਰ ਬੀਬੀ ਜੀ ਇਸ ਰਿਸ਼ਤੇ ਨੂੰ ਜੀਜੇ ਸਾਲੀ ਦਾ ਰਿਸ਼ਤਾ ਨਹੀਂ ਸਮਝਦੀ । ਉਹ ਇਸ ਰਿਸ਼ਤੇ ਨੂੰ ਬੜਾ ਪਾਕ ਪਵਿੱਤਰ ਸਮਝਿਆ ਕਰਦੀ ਸੀ । ਕਦੇ ਸਾਲੀਆਂ ਵਾਂਗ ਮਖੌਲ ਨਹੀਂ ਸੀ ਕੀਤਾ ਸਗੋਂ ਗੁਰੂ ਤੇ ਚੇਲਿਆਂ ਵਾਲਾ ਰਿਸ਼ਤਾ ਬਣਾਈ ਰੱਖਿਆ । ਸਾਂਈਦਾਸ ਗੁਰੂ ਦੇ ਵੱਡੇ ਸਾਂਢੂ ਸਨ । ਇਹ ਦੋਵੇਂ ਜੀ ਆਪਣੇ ਧੰਨ ਭਾਗ ਸਮਝਦੇ ਸਨ ਕਿ ਇਨ੍ਹਾਂ ਦਾ ਗੁਰੂ ਘਰ ਨਾਲ ਰਿਸ਼ਤਾ ਜੁੜ ਗਿਆ ਹੈ । ਇਨ੍ਹਾਂ ਹੀ ਆਪਣੇ ਪਿਤਾ ਨਰਾਇਨ ਦਾਸ ਨੂੰ ਕਹਿ ਕੇ ਇਹ ਰਿਸ਼ਤਾ ਕਰਾਇਆ ਸੀ ।
ਨਰਾਇਣ ਦਾਸ ਖੱਤਰੀ ਡਰੋਲੀ ਦੇ ਰਹਿਣ ਵਾਲਾ । ਆਪ ਦੇ ਦਾਦਾ ਜੀ ਭਾਈ ਪਾਰੋ ਜੀ ਗੁਰੂ ਅਮਰਦਾਸ ਜੀ ਦਾ ਅਨਿਨ ਸਿੱਖ ਸੀ । ਇਸ ਨੂੰ ਇਕ ਮੰਜੀ ਬਖਸ਼ੀ ਹੋਈ ਸੀ ਤੇ ਗੁਰਸਿੱਖ ਪ੍ਰਵਾਰ ਵਿਚੋਂ ਸਨ । ਗੁਰੂ ਅਮਰਦਾਸ ਜੀ ਨੇ ਕਿਸੇ ਵੇਲੇ ਕੋਈ ਵਾਕ ਕੀਤਾ ਸੀ ਕਿ ਭਾਈ ਪਾਰੋ ਦੀ ਸੰਤਾਨ ਦਾ ਗੁਰੂ ਘਰ ਨਾਲ ਰਿਸ਼ਤਾ ਬਣੇਗਾ । ਸੋ ਭਾਈ ਨਾਰਾਇਣ ਦੇ ਦੋ ਲੜਕੀਆਂ ਸਨ । ਵੱਡੀ ਸੀ ਰਾਮੋ ਤੇ ਛੋਟੀ ਦਮੋਦਰੀ । ਬੀਬੀ ਰਾਮੋ ਜੀ ਦਾ ਵਿਆਹ ਭਾਈ ਸਾਂਈ ਦਾਸ ਡਲੇ ਨਿਵਾਸੀ ਨਾਲ ਕਰ ਦਿੱਤਾ । ਇਸ ਪਿੰਡ ਵਿਚ ਵੀ ਮੰਜੀ ਪ੍ਰਚਾਰ ਹਿੱਤ ਤੀਜੇ ਪਾਤਸ਼ਾਹ ਨੇ ਸਥਾਪਤ ਕੀਤੀ ਸੀ । ਇਥੇ ਵੀ ਸਿੱਖੀ ਦਾ ਬੜਾ ਬੋਲਬਾਲਾ ਸੀ । ਸੋ ਸਾਂਈਂ ਦਾਸ ਵੀ ਗੁਰਸਿੱਖ ਸੀ । ਭਾਈ ਨਾਰਾਇਣ ਦਾਸ ਦੇ ਲੜਕਾ ਕੋਈ ਨਹੀਂ । ਸਾਈਂਦਾਸ ਨਾਲ ਬਹੁਤ ਪਿਆਰ ਕਰਦੇ ਸਨ । ਇਨ੍ਹਾਂ ਨੂੰ ਇਸ ਨੇ ਡਲੇ ਤੋਂ ਆਪਣੇ ਪਾਸ ਡਰੋਲੀ ਹੀ ਸੱਦ ਲਿਆ ।
( ਗੁਰੂ ) ਹਰਿਗੋਬਿੰਦ ਸਾਹਿਬ ਨੂੰ ਚੰਦੂ ਦੀ ਲੜਕੀ ਦਾ ਹੁੰਦਾ ਰਿਸ਼ਤਾ ਵੇਖ ਦਿੱਲੀ ਦੀ ਸੰਗਤ ਨੇ ਚੰਦੂ ਦੀ ਬਦਕਲਾਮੀ ਬਾਰੇ ਗੁਰੂ ਅਰਜਨ ਦੇਵ ਜੀ ਨੂੰ ਲਿਖਿਆ ਕਿ “ ਚੰਦੂ ਬੜਾ ਹੰਕਾਰਿਆ ਹੈ ਇਸ ਨੇ ਆਪਣੇ ਆਪ ਨੂੰ ਚੁਬਾਰਾ ਗੁਰੂ ਜੀ ਨੂੰ ਮੋਰੀ ਨਾਲ ਤੁਲਣਾ ਕੀਤੀ ਹੈ ਇਸ ਲਈ ਇਸ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਨਹੀਂ ਕਰਨਾ । ਕਿ ਚੰਦੂ ਦੁਸ਼ਟ ਗੁਰਬੀਲੇ ਦੁਰਬਚਨ ਸਿਉ ਹਮ ਉਰ ਨਸ਼ੀਲੇ ॥ ਆਪ ਚੁਬਾਰਾ ਬਣਿਓ ਪਾਪੀ ॥ ਗੁਰੂ ਕਾ ਘਰ ਇਨ ਮੋਰੀ ਥਾਪੀ । ਫਿਰ ਲਿਖਿਆ ਹੈ । ਨਿੰਦਾ ਯਾ ਬਿਧਿ ਇਨ ਗੁਰ ਗਾਦੀ ॥ ਕਰੀ ਨਾ ਚਾਹੀਏ ਇਨ ਸਿਉ ਸਾਦੀ ॥ ਇਧਰ ਗੁਰੂ ਜੀ ਅੰਮ੍ਰਿਤਸਰ ਸਿੱਖ ਸੰਗਤਾਂ ਵਿਚ ਪਧਾਰ ਰਹੇ ਸਨ ਕਿ ਦਿੱਲੀ ਦੇ ਸਿੱਖਾਂ ਦੀ ਚਿੱਠੀ ਪੜੀ ਤਾਂ ਗੁਰੂ ਜੀ ਨੇ ਕਿਹਾ ਕਿ “ ਸਾਨੂੰ ਨਿਰਮਾਣ ਘਰ ਦੀ ਲੋੜ ਹੈ ।
ਅਭਿਮਾਨੀ ਘਰ ਦੀ ਲੋੜ ਨਹੀਂ ਜੇ ਕਿਸੇ ਨਿਰਮਾਣ ਪੁਰਸ਼ ਦੀ ਲੜਕੀ ਮਿਲ ਜਾਵੇ ਤਾਂ ਚੰਗਾ ਹੈ । ਸੰਗਤ ਵਿਚ ਬੈਠੇ ਨਾਰਾਇਣ ਦਾਸ ਜਿਹੜਾ ਆਪਣੇ ਦਿਲ ਵਿਚ ਵਿਚਾਰਾਂ ਬਣਾ ਰਿਹਾ ਸੀ ਕਿਉਂ ਨਾ ਉਹ ਆਪਣੀ ਲੜਕੀ ਦਮੋਦਰੀ ਦਾ ਰਿਸ਼ਤਾ ਬਾਲਕ ਹਰਿਗੋਬਿੰਦ ਨੂੰ ਕਰ ਦੇਵੇ । ਲਾਗੇ ਬੈਠੇ ਆਪਣੇ ਜਵਾਈ ਸਾਂਈ ਦਾਸ ਦੇ ਕੰਨਾਂ ‘ ਚ ਗੱਲ ਕਰ ਉਠ ਖੜਾ ਹੋਇਆ ਗਲ ਵਿਚ ਪਰਨਾ ਪਾ ਖੜਾ ਹੋ ਹੱਥ ਜੋੜ ਕਹਿਣ ਲੱਗਾ “ ਮਹਾਰਾਜ ! ਜੇ ਚਾਹੋ ਤਾਂ ਦਾਸ ਦੀ ਪੁੱਤਰੀ ਦਮੋਦਰੀ ਤੁਹਾਡੇ ਸਾਹਿਬਜ਼ਾਦੇ ਲਈ ਹਾਜ਼ਰ ਹੈ । ਗੁਰੂ ਜੀ ਹਾਂ ਕਰ ਦਿੱਤੀ । ਏਸੇ ਸੰਗਤ ਵਿਚ ਡੱਲੇ ਦੀ ਹੋਰ ਸੰਗਤ ਭਾਈ ਨਾਰਾਇਣ ਦਾਸ ਦਾ ਸਾਰਾ ਪ੍ਰਵਾਰ ਹਾਜ਼ਰ ਸੀ । ਸਾਰੇ ਬੜੇ ਖੁਸ਼ ਹੋਏ । ਏਥੇ ਹੀ ਸਗਾਈ ਦੀ ਵਸਤੂਆਂ ਲਿਆ ਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਤਿਲਕ ਲਾ ਕੇ ਕੁੜਮਾਈ ਦੀ ਮਰਯਾਦਾ ਵੀ ਏਥੇ ਸੰਗਤ ਵਿਚ ਕਰ ਦਿੱਤੀ ਗਈ । ਅਕਾਲ ਪੁਰਖ ਅੱਗੇ ਅਰਦਾਸ ਕਰਕੇ ਤਿਲਕ ਲਾਇਆ ਗਿਆ । ਕੜਾਹ ਪ੍ਰਸਾਦ ਦੇ ਖੁਲ੍ਹੇ ਗੱਫੇ ਵਰਤਾਏ ਗਏ । ਸਭ ਨਾਲੋਂ ਵੱਧ ਇਸ ਖੁਸ਼ੀ ਰਾਮੋ ਤੇ ਸਾਂਈ ਦਾਸ ਜੀ ਨੂੰ ਹੋਈ । ਜਿਹੜੇ ਗੁਰੂ ਅਰਜਨ ਦੇ ਅਤਿ ਸ਼ਰਧਾਲੂ ਸਨ । ਸਾਰੀ ਡਰੋਲੀ ਦੀ ਸੰਗਤ ਬੜੀ ਖੁਸ਼ ਖੁਸ਼ ਵਾਪਸ ਪਿੰਡ ਪੁੱਜੇ ।
ਸੰਗਤਾਂ ਤਾਂ ਚੱਲ ਪਈਆਂ ਸੌਹਰਾ ਜਵਾਈ ਤੇ ਰਾਮੋ ਰਹਿ ਪਏ । ਹੁਣ ਗੁਰੂ ਜੀ ਨਾਲ ਵਿਆਹ ਦੀ ਵਿਚਾਰ ਬਣਾਉਣ ਲੱਗੇ । ਭਾਈ ਨਾਰਾਇਣ ਦਾਸ ਚਾਹੁੰਦਾ ਵਿਆਹ ਛੇਤੀ ਹੋ ਜਾਵੇ । ਗੁਰੂ ਜੀ ਨੇ ਦੋ ਤਿੰਨ ਮਹੀਨੇ ਉਡੀਕਣ ਲਈ ਕਿਹਾ । ਕਹਿ ਦਿੱਤਾ ਜਾਓ ਜਾ ਕੇ ਵਿਆਹ ਦੀ ਤਿਆਰੀ ਕਰ ਮਾਘ ਦੇ ਮਹੀਨੇ ਵਿਹਾਉਣ ਆਵਾਂਗੇ । ‘ ਹੁਣ ਸਾਰਾ ਪ੍ਰਵਾਰ ਖੁਸ਼ੀ ਖੁਸ਼ੀ ਉਥੋਂ ਤੁਰ ਪਿਆ । ਪਿੰਡ ਆ ਕੇ ਰਾਮੋ ਛੋਟੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵਿਚ ਜੁਟ ਪਈ । ਬੀਬੀ ਰਾਮੋ ਨੂੰ ਆਪਣੀ ਭੈਣ ਦੇ ਗੁਰੂ ਘਰ ਜਾਣ ਦਾ ਬਹੁਤ ਚਾਅ ਸੀ । ਭੈਣ ਦਮੋਦਰੀ ਨੂੰ ਘੁਟ ਘੁਟ ਜੱਫੀਆਂ ਪਾਉਂਦੀ ਹੈ ਚਾਅ ਨਾਲ ਪੈਰ ਧਰਤੀ ਨਾਲ ਨਹੀਂ ਲਗਦਾ ਇਸ ਖੁਸ਼ੀ ਵਿਚ ਮਾਂ ਪਿਉ ਨੂੰ ਕੋਈ ਫਿਕਰ ਨਹੀਂ ਸਾਰਾ ਭਾਂਡਾ ਟੀਡਾ ਹੌਲੀ ਹੌਲੀ ਲਈ ਆਉਂਦੇ ਹਨ । ਚੀਜ਼ਾਂ ਵੀ ਚੋਟੀ ਦੀਆਂ ਬਣਾ ਰਹੇ ਹਨ ਕਿ ਗੁਰੂ ਘਰ ਜਾਣੀਆਂ ਹਨ । ਰਾਮੋ ਹਰ ਚੀਜ਼ ਨੂੰ ਆਪਣੇ ਸੁੰਦਰ ਜੀਜੇ ਨਾਲ ਮੇਚ ਕੇ ਲੈਂਦੀ ਕਿ ” ਆਹ ਉਸ ਸੁੰਦਰ ਮੁਖੜੇ ਨੂੰ ਬੜੀ ਫੱਬੇਗੀ ਕਰ ਕਰ ਆਪ ਹੀ ਗੱਲਾਂ ਕਰਦੀ ਰਹਿੰਦੀ । ਮਾਂ ਨੂੰ ਕਹਿੰਦੀ ਕਿ ਉਸ ਸੁੰਦਰ ਮੁਖੜੇ ਲਈ ਹਰ ਇਕ ਢੁਕਵੀਂ ਵਸਤੂ , ਬਸਤਰ ਆਦਿ ਬਣਾਉਂਣੇ ਹਨ ।
ਕਿਉਂਕਿ ਸਾਰਾ ਪਿੰਡ ਹੀ ਗੁਰਸਿੱਖਾਂ ਦਾ ਸਾਰੇ ਸਿੱਖ ਤੇ ਸਿੱਖ ਬੀਬੀਆਂ ਵੱਧ ਤੋਂ ਵੱਧ ਚੰਗੀ ਤੇ ਯੋਗ ਵਸਤੂ ਤਿਆਰ ਕਰਨ ਦਾ ਅਭਿਆਸ ਸੀ । ਦਮੋਦਰੀ ਦੀ ਪ੍ਰੇਮੀ ਨੂੰ ਕਿਸੈ ਚੰਗਾ ਬਾਗ , ਫੁਲਕਾਰੀ ਚੰਗਾ ਪੱਟ ਲਾ ਕੇ ਕੱਢ ਦਿੱਤਾ । ਹਰ ਕੋਈ ਸਮਝਦੀ ਸੀ ਇਹ ਚੀਜ਼ਾਂ ਗੁਰੂ ਘਰ ਜਾ ਰਹੀਆਂ । ਇਹ ਵੀ ਇਕ ਗੁਰੂ ਘਰ ਦੀ ਸੇਵਾ ਹੈ । ਕਿਸੇ ਨੇ ਕਿਸੇ ਤਰਾਂ ਦੀ ਫੁਲਕਾਰੀ ਕਿਸੇ ਨੇ ਕਿਸੇ ਰੰਗ ਦਾ ਬਾਗ ਕੱਢ ਕੱਢ ਕੇ ਲਿਆ ਲਿਆ ਦੇਂਦੀਆਂ ਕਹਿੰਦੀਆਂ ਹਨ । ਪ੍ਰੇਮ ਦੇਈਏ ! ਜੇ ਇਹ ਲੀਰ ਆਪਣੀ ਪੁੱਤਰੀ ਲਈ ਕਬੂਲ ਲਵੇ ਤਾਂ ਸਾਡੇ ਵੀ ਧੰਨ ਭਾਗ ਹੋਣਗੇ । ਇਸ ਵਸੀਲੇ ਹੀ ਜੋ ਇਹ ਨਿਕਾਰੀ ਸ਼ੈਅ ਸਤਿਗੁਰੂ ਦੇ ਦਰਬਾਰ ਅਪੜ ਪਵੇ । ਅਰ ਸ੍ਰੀ ਗੰਗਾ ਵਰਗੀ ਧਰਮ ਮੂਰਤ ਦੇ ਪਿਆਰੇ ਹੱਥ ਇਨਾਂ ਨੂੰ ਇਕ ਵੇਰ ਛੋਹ ਲੈਣ । ਭਾਈ ਵੀਰ ਸਿੰਘ ਅਸ਼ਟ ਚਮਤਕਾਰ ਪੰਨਾ ੯ ਇਹ ਵਸਤੂਆਂ ਮਾਤਾ ਪ੍ਰੇਮ ਦੇਈ ਕਬੂਲਣੋਂ ਨਾਂਹ ਨਾ ਕਰਦੀ ਸਗੋਂ ਕਹਿੰਦੀ ਸਾਡੇ ਧੰਨਭਾਗ ਜਿਸ ਘਰ ਵਿਚ ਕੁਲਤਾਰੂ ਪੁੱਤਰੀ ਜਨਮੀ ਹੈ । ਵਿਆਹ : ਇਧਰ ਮਾਤਾ ਗੰਗਾ ਜੀ ਸਾਰੇ ਸ਼ਗਨ ਵਿਹਾਰ ਆਪਣੇ ਲਾਡਲੇ ਦੇ ਕਰ ਗੁਰੂ ਜੀ ਦੀ ਸੰਗਤ ਸੰਬੰਧੀ ਅੰਮ੍ਰਿਤਸਰ ਤੋਂ ਚਲ ਤਰਨ ਤਾਰਨ ਖਡੂਰ ਸਾਹਿਬ ਦਾਤੂ ਜੀ ਪਹਿਲਾਂ ਹੀ ਨਾਲ ਸੀ । ਫਿਰ ਬਾਬਾ ਮੋਹਨ ਜੀ ਦੀਆਂ ਅਸੀਸਾਂ ਗੋਇੰਦਵਾਲ ਆ ਲਈਆਂ । ਬਾਬਾ ਮੋਹਰੀ ਜੀ ਪਹਿਲਾਂ ਹੀ ਪ੍ਰਵਾਰ ਸਮੇਤ ਨਾਲ ਸਨ । ਫਿਰ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹਾਂ ਵਾਲੇ ਅਸਥਾਨਾਂ ਦੇ ਦਰਸ਼ਨ ਕੀਤੇ । ਅਗਲੇ ਦਿਨ ਡੱਲੇ ਪੁੱਜ ਗਏ । ਸੰਗਤ ਤੇ ਸਾਕ ਸੰਬੰਧੀਆਂ ਨੇ ਆਈ ਬਰਾਤ ਦਾ ਬੜਾ ਸਵਾਗਤ ਕੀਤਾ ਤੇ ਜੋਟੀਆਂ ਚ ਜੀ ਆਇਆਂ ਦੇ ਸ਼ਬਦ ਪੜੇ । ਕੁੜਮਾਂ ਦੀ ਮਿਲਣੀ ਹੋਈ ਭਾਈ ਨਾਰਾਇਣ ਦਾਸ ਨੇ ਗੁਰੂ ਅਰਜਨ ਦੇਵ ਜੀ ਦੇ ਗਲ ਹਾਰ ਪਾ ਚਰਨ ਛੂਹਨ ਲੱਗਾ ਸੀ ਕਿ ਗੁਰੂ ਜੀ ਗਲ ਵਿਚ ਲੈ ਕੇ ਪਿਆਰ ਕੀਤਾ ।
ਏਥੋਂ ਦੀ ਸਿੱਖ ਸੰਗਤ ਗੁਰੂ ਜੀ ਤੇ ਬਾਲ ਹਰਿਗੋਬਿੰਦ ਸਾਹਿਬ ਦੀ ਕੋਈ ਪੱਕੀ ਯਾਦ ਬਣਾਉਣ ਲਈ ਬੇਨਤੀ ਕੀਤੀ ਕਿ ਏਥੇ ਇਕ ਬਾਉਲੀ ਬਣਾਈ ਜਾਏ । ਗੁਰੂ ਜੀ ਟੱਕ ਲਾ ਕੇ ਭਾਈ ਸਾਹਲੋ ਜੀ ਨੂੰ ਇਸ ਨੂੰ ਨੇਪਰੇ ਚੜ੍ਹਾਉਣ ਦੀ ਸੌਂਪਣਾ ਕਰ ਦਿੱਤੀ । ਇਹ ਬਾਉਲੀ ਸੀ ਗੁਰੂ ਦੀ ਕਰ ਕਮਲਾ ਦੇ ਉਪਕਾਰ ਦੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਅੱਜ ਤੱਕ ਯਾਦ ਤਾਜ਼ਾ ਕਰਦੀ ਹੈ । ਇਥੇ ਕਈ ਦਿਨ ਬਰਾਤ ਰਹੀ । ਆਸਾ ਦੀ ਵਾਰ ਦਾ ਕੀਰਤਨ ਤੇ ਹੋਰ ਗੁਰ ਉਪਦੇਸ਼ ਸੰਗਤਾਂ ਨੂੰ ਮਿਲਦੇ ਰਹੇ । ਵਿਆਹ ਬੜੀ ਧੂਮ ਧਾਮ ਚਾਵਾਂ ਮਲਾਰਾਂ ਨਾਲ ਸਮਾਪਤ ਹੋ ਗਿਆ ਹੈ । ਸਾਰਾ ਪ੍ਰਵਾਰ ਭਾਈ ਨਾਰਾਇਣ ਦਾ ਤੇ ਪਿੰਡ ਦੀ ਸੰਗਤ ਨਿਹਾਲ ਹੋ ਰਹੀ ਹੈ । ਮਾਤਾ ਪ੍ਰੇਮ ਦੇਈ ਸੱਸ ਨੇ ਲਾਡਾਂ ਨਾਲ ਲਾੜੇ ਨੂੰ ਗੋਦੀ ਲੈ ਕੇ ਪਿਆਰ ਕੀਤਾ ਤੇ ਸਾਰੇ ਸੱਸਾਂ ਵਾਲੇ ਸ਼ਗਨ ਕੀਤੇ ਹਨ । ਉਧਰ ਸਾਲੀ ਰਾਮੋ ਆਪਣੀਆਂ ਸਖੀਆਂ ਨੂੰ ਨਾਲ ਲੈ ਆਪਣੇ ਮੂੰਹੋਂ ਅਰਦਾਸ ਦੇ ਪ੍ਰੇਮ ਵਿਚ ਇਉਂ ਨਿਕਲਿਆ ।
ਪੰਕਜ ਫਾਥੇ ਪੰਕ ਮਹਾਮਦ ਗੁੱਫਿਆ ॥ ਅੰਗ ਸੰਗ ਉਰਜਾਇ ਬਿਸਤਰੇ ਸੁੱਫਿਆ | ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਫਿ ॥ ਨਾਨਕ ਇਕੁ ਸ਼੍ਰੀ ਧਰ ਨਾਥੁ ਜਿ ਟੂਟੇ ਲੇਇ ਸਾਂਠ ॥ ਇਹ ਸ਼ਬਦ ਸੁਣ ਪਿਆਰੇ ਦੂਲੇ ਜੀ ਬੋਲੇ : ਅਉਖਧੁ ਨਾਮੁ ਅਪਾਰੁ ਅਪਾਰੁ ਅਮੋਲਕੁ ਪੀਜਈ ॥ ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥ ਜਿਸੈ ਪ੍ਰਾਪਤਿ ਹੋਇ ਤਿਸੈ ਹੀ ਪਾਵਣੇ ॥ ਹਰਿਹਾ ਹਉ ਬਲਿਹਾਰੀ ਤਿਨ ਜਿ ਹਰਿ ਰੰਗ ਗਾਵਣੇ ॥ ਉਧਰ ਡੱਲੇ ਦੀ ਸੰਗਤ ਵੀ ਬੜੇ ਪ੍ਰੇਮ ਵਸ ਹੋਈ ਮਗਨ ਹੈ ਬੇਵੱਸ ਹੋਈ ਸਾਰੀ ਸੰਗਤ ਇਹ ਗਾਉਣ ਲੱਗੀ ਜਿਥੈ ਜਾਏ ਭਗਤੁ ਸੋ ਥਾਨੁ ਸੁਹਾਵਣਾ ॥ ਸ਼ਮਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥ ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥ ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮ ॥
ਜਦੋਂ ਇਸ ਤਰਾਂ ਹੋ ਰਹੇ ਮੰਗਲਾਚਾਰ ਦਾ ਸਮਾਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਤਾਂ ਆਪ ਸਹਿਜ ਬਚਨ ਕੀਤਾ “ ਹਰਿ ਗੋਬਿੰਦ ਸੂਰਾ ਗੁਰੂ , ਸਾਂਈ ਦਾਸ ਰਾਮੋ ਪੂਰੇ ਸਿੱਖ ਡੱਲੇ ਦੀ ਸਿੱਖੀ ਧਨ । ਤਿੰਨ ਦਿਨ ਬਰਾਤ ਏਥੇ ਰਹੀ ਭਾਈ ਨਾਰਾਇਣ ਦਾਸ ਨੇ ਪ੍ਰੇਮ ਤੇ ਸਤਿਕਾਰ ਨਾਲ ਸੇਵਾ ਕਰਨ ਵਿਚ ਕੋਈ ਕਸਰ ਨਾ ਛੱਡੀ । ਜਥਾਸ਼ਕਤ ਪ੍ਰੇਮ ਤੇ ਉਤਸ਼ਾਹ ਨਾਲ ਬਹੁਤ ਸਤਿਕਾਰ ਦਿੱਤਾ । ਜਦੋਂ ਗੁਰੂ ਜੀ ਵਿਦਾ ਹੋਣ ਲੱਗੇ ਨਿਮਰਤਾ ਸਹਿਤ ਬੇਨਤੀ ਕੀਤੀ : ਔਰ ਕਛੂ ਨ ਬਨਯੋ ਮੁਝ ਤੇ ਇਕ ਦਾਸੀ ਦਈ ਹਿਤ ਸੇਵ ਤੁਮਾਰੀ । ਆਪ ਕੋ ਨਾਮ ਅਨਾਥ ਕੋ ਨਾਥ ਹੈ ਰਾਖਿ ਲਈ ਪਤਿ ਆਨਿ ਹਮਾਰੀ ॥ ਦੋਨਹੂੰ ਲੋਕ ਸਹਾਇ ਕਰੋ ਸੁ ਕਰੋਰਨਿ ਕੀ ਕਰਤੇ ਰਖਵਾਰੀ ॥ ਮੈਂ ਪਕਰਯੋ ਇਕ ਦਾਮਨ ਆਪ ਕੋ ਆਯੋ ਸਰੰਨ ਲਖੇ ਉਪਕਾਰੀ ॥ ( ਸੂ : ਪ੍ਰ : ਸਫਾ ੨੨੮੧ ) ਇਹ ਬੇਨਤੀ ਸੁਣ ਗੁਰੂ ਜੀ ਨੇ ਨਾਰਾਇਣ ਦਾਸ ਨੂੰ ਗਲ ਲਾ ਪ੍ਰੇਮ ਨਾਲ ਬਚਨ ਕੀਤਾ : ਭਾਈ ਨਾਰਾਇਣ ਦਾਸ ! ਤੇਰਾ ਸਰੂਪ ਵਿਚ ਵਾਸ , ਹੁਣ ਸਾਂਈ ਦਾਸ ਤੇ ਰਾਮੋ ਹੱਥ ਜੋੜ ਆ ਚਰਨ ਪਕੜੇ ਤਾਂ ( ਤੁਖਾਰੀ ਛੰਤ ਮਹਲਾ ੪ ਦਾ ਇਹ ਸ਼ਬਦ ਉਚਾਰਿਆ ।
ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥ ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥ ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂੰ ਅੰਗਮੁ ਵਡ ਜਾਣਿਆ ॥ ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰ ਗੁਣੀ ਨਿਮਾਣਿਆ ॥ ਅਨੇਕ ਜਨਮ ਪਾਪ ਕਰਿ ਭਰਮੇ ਹੁਣ ਤਉ ਸਰਣਾਗਤਿ ਆਏ ॥ ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩ ॥ ਗੁਰੂ ਜੀ ਸਿੱਖ ਸੰਗਤ ਦੇ ਪ੍ਰੇਮ ਵਸ ਹੋ ਸਾਂਈਦਾਸ ਨੂੰ ਥਾਪੜਾ ਦੇ ਕੇ ਇਉਂ ਬਚਨ ਕੀਤੇ । ਮਿਤ ਕਾ ਚਿਤੁ ਅਨੂਪੁ ਮੁਰੰਮੁ ਨਾ ਜਾਈਐ ॥ ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥ ਚਿਤਹਿ ਚਿਤੁ ਸਮਾਇ ਤੇ ਹੋਵੈ ਰੰਗੁ ਘਨਾ ॥ ਹਰਿ ਹਾਂ ਚੰਚਲ ਚੋ ਰਿਹ ਮਾਰਿ ਤ ਪਾਵਹਿ ਸਚੁ ਧਨਾ॥ ਗੁਰੂ ਜੀ ਇਸ ਤਰ੍ਹਾਂ ਸਾਰੀ ਸੰਗਤ ਨੂੰ ਉਪਦੇਸ਼ ਦੇ ਕੇ ਪੁੱਤ ਨੂੰ ਵਿਆਹ ਕੇ ਵਾਪਸ ਪਰਤੇ ।
ਬਾਲਕ ਹਰਿਗੋਬਿੰਦ ਜੀ ਦੀ ਗੁਰਗੱਦੀ ਦਿਵਸ ਸੀ । ਦੇਸ਼ ਪ੍ਰਦੇਸ਼ ਤੋਂ ਸੰਗਤਾਂ ਇਹ ਦ੍ਰਿਸ਼ ਵੇਖਣ ਆਈਆਂ । ਭਾਈ ਸਾਂਈਦਾਸ ਤੇ ਰਾਮੋ ਜੀ ਵੀ ਡੱਲੇ ਦੀ ਸੰਗਤ ਨਾਲ ਆਏ ਹੋਏ ਸਨ । ਜਿਵੇਂ ਹੋਰ ਸੰਗਤਾਂ ਦੂਰੋਂ ਦੂਰੋਂ ਭੇਟਾ ਲੈ ਕੇ ਆਈਆ ਸਨ । ਬੀਬੀ ਰਾਮੋ ਜੀ ਨੇ ਵੀ ਆਪਣੇ ਹੱਥਾਂ ਨਾਲ ਰੀਝਾਂ ਸਹਿਤ ਕੱਢਿਆ ਤੇ ਸੀਤਾ ਇਕ ਲਾਚੇ ਦਾ ਕਲੀਆਂ ਵਾਲਾ ਚੋਲਾ ਮਹਾਰਾਜ ਦੀ ਸੇਵਾ ਵਿਚ ਰੱਖਿਆ । ਗੁਰੂ ਜੀ ਦਿਲ ਵਿਚ ਬੀਬੀ ਰਾਮੋ ਜੀ ਦਾ ਬੜਾ ਸਤਿਕਾਰ ਕਰਦੇ ਸਨ । ਇਨ੍ਹਾਂ ਉਹ ਚੋਲਾ ਸੰਗਤ ਦੇ ਸਾਹਮਣੇ ਗਲ ਪਾ ਲਿਆ ਤਾਂ ਰਾਮੋ ਦੀਆਂ ਬਾਛਾਂ ਖਿਲ ਗਈਆਂ । ਫੁਲੇ ਨਹੀਂ ਸੀ ਸਮਾਉਂਦੇ ॥ ਇਥੇ ਅੰਮ੍ਰਿਤਸਰ ਆ ਸਾਂਈਦਾਸ ਗੁਰੂ ਘਰ ਦੀ ਸੇਵਾ ਵਿਚ ਮਗਨ ਰਹਿੰਦੇ ਤਾਂ ਬੀਬੀ ਰਾਮੋ ਜੀ ਜਿਥੇ ਸੇਵਾ ਮਿਲਦੀ ਕਰ ਆਉਂਦੇ ਕਦੀ ਝਾਤੂ ਕਰਦੇ ਕਦੀ ਸੰਗਤ ਦੀਆਂ ਜੁੱਤੀਆਂ ਆਪਣੇ ਲੀੜੇ ਨਾਲ ਸਾਫ ਕਰਨ ਡਹੇ ਹੁੰਦੇ ਕਦੀ ਲੰਗਰ ਵਿਚ , ਕਦੇ ਆਟਾ ਪੀਹਣ ਦੀ ਸੇਵਾ ਵਿਚ ਜੁਟੇ ਰਹਿੰਦੇ । ਇਸ ਸਤਿਸੰਗ ਵਿਚੋਂ ਜਿਹੜਾ ਕਿ ਹਰਿ ਸਮੇਂ ਗੁਰੂ ਘਰ ਵਿਚ ਲੱਗਾ ਰਹਿੰਦਾ ਸੀ । ਵਿਚੋਂ ਰਾਮੋਂ ਜੀ ਦਾ ਜਾਣ ਨੂੰ ਜੀਅ ਨਾ ਕਰੇ । ਹਾਰ ਕੇ ਇਕ ਦਿਨ ਸਾਈਂ ਦਾਸ ਜੀ ਨੇ ਬੀਬੀ ਰਾਮੋਂ ਜੀ ਨੂੰ ਕਹਿ ਕੇ ਗੁਰੂ ਜੀ ਪਾਸੋਂ ਆਗਿਆ ਲੈ ਡਰੋਲੀ ਪਰਤੇ ।
ਏਥੋਂ ਜਦੋਂ ਕਪਟ ਨਾਲ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਬੰਦ ਕਰ ਤਾਂ ਭਾਈ ਨਾਰਾਇਣ ਦਾਸ ਤੇ ਇਥੋਂ ਦੀ ਸੰਗਤ ਨੂੰ ਪਤਾ ਲੱਗਾ ਤਾਂ ਸਿੱਖ ਸੰਗਤ ਨੇ ਗਵਾਲੀਅਰ ਜਾਣ ਦਾ ਵਿਚਾਰ ਬਣਾਇਆ ਤਾਂ ਗੁਰੂ ਜੀ ਦੀ ਖੈਰੀਅਤ ਦਾ ਪਤਾ ਲਿਆਂਦਾ ਜਾ ਸਕੇ । ਸੋ ਬਾਰਾਂ ਸਿੱਖ ਭਾਈ ਨਾਰਾਇਣ ਦਾਸ ਭਾਈ ਸਾਂਈ ਦਾਸ ਸਮੇਤ ਗੁਰੂ ਜੀ ਦਾ ਪਤਾ ਲੈਣ ਗਵਾਲੀਅਰ ਚੱਲ ਪਏ ਤੇ ਬੀਬੀ ਰਾਮੋ ਜੀ , ਤੇ ਬੀਬੀ ਦਮੋਦਰੀ ਜੀ ਨੂੰ ਅੰਮ੍ਰਿਤਸਰ ਮਾਤਾ ਗੰਗਾ ਜੀ ਪਾਸ ਛੱਡਣ ਚੱਲ ਪਏ । ਵਾਟਾਂ ਮਾਰਦੇ ਸੁਲਤਾਨਪੁਰ ਤੋਂ ਗੋਇੰਦਵਾਲ ਰਾਤ ਰਹਿ ਅਗਲੇ ਦਿਨ ਖਡੂਰ ਸਾਹਿਬ ਤੋਂ ਤਰਨ ਤਾਰਨ ਰਾਤ ਕੱਟ ਅਗਲੇ ਦਿਨ ਅੰਮ੍ਰਿਤਸਰ ਪੁੱਜ ਗਏ । ਜਦੋਂ ਤਿੰਨੇ ਮਾਤਾ ਪ੍ਰੇਮ ਦੇਈ , ਬੀਬੀ ਰਾਮੋ ਜੀ ਤੇ ਬੀਬੀ ਦਮੋਦਰੀ ਜੀ ਮਾਤਾ ਗੰਗਾ ਜੀ ਧਰਮ ਦੀ ਮੂਰਤ ਨੂੰ ਮਿਲੀਆਂ । ਮੱਥੇ ਟੇਕੇ ਨੈਣਾਂ ਨੇ ਝੜੀ ਲਾ ਲਈ । ਮਾਤਾ ਗੰਗਾ ਜੀ ਜਿਹੜੇ ਗੁਰਪਤੀ ਦਾ ਸਾਕਾ ਅੱਖੀਂ ਵੇਖ ਚੁੱਕੀ ਸੀ ਤੇ ਹੁਣ ਆਪਣੇ ਦਿਲ ਦੇ ਟੋਟੇ ਨੂੰ ਦਿੱਲੀ ਤੋਰ ਕੇ ਉਨ੍ਹਾਂ ਦੇ ਗਵਾਲੀਅਰ ਕਿਲ੍ਹੇ ਵਿਚ ਕੈਦ ਹੋਣ ਦੀ ਖਬਰ ਸੁਣ ਚੁੱਕੀ । ਬੜੀ ਧੀਰਜ ਹੌਸਲੇ ਨਾਲ ਰਾਮੋ ਜੀ ਨੂੰ ਏਨੇ ਵੈਰਾਗ ਵਿਚ ਵੇਖ ਮਾਤਾ ਗੰਗਾ ਜੀ ਕਹਿਣ ਲੱਗੇ “ ਬੀਬੀ ਜੀ ਉਦਰੋਂ ਨਹੀਂ , ਅਡੋਲ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ ਸਾਡੇ ਸਤਿਗੁਰੂ ਦਾ ਵਾਲ ਵਿੰਗਾ ਨਹੀਂ ਹੋਵੇਗਾ । ਜੇ ਮੈਂ ਕਹਾਂ ਮੇਰੇ ਜਿਹਾ ਦੁਖੀ ਸੰਸਾਰ ਤੇ ਹੈ ਕੋਈ ਜਿਸ ਦਾ ਸਿਰ ਦਾ ਸਾਂਈ ਜ਼ਾਲਮਾਂ ਨਹੀਂ ਰਹਿਣ ਦਿੱਤਾ ਤੇ ਹੁਣ ਇਕਲੌਤਾ ਲਾਡਲਾ ਵੀ ਕਸ਼ਟ ਝੱਲ ਰਿਹਾ ਹੈ । ਪਿਆਰੀਓ ! ਮੇਰੀ ਤਾਂ ਟੇਕ ਗੁਰੂ ਨਾਨਕ ਦੇ ਘਰ ਤੇ ਹੈ । ਹੌਸਲਾ ਧਰੋ ਉਸ ਰੱਬ ਰੂਪ ਹਰਿਗੋਬਿੰਦ ਦਾ ਵਾਲ ਵਿੰਗਾ ਨਹੀਂ ਹੋਣਾ । ਇਸ ਤਰ੍ਹਾਂ ਮਾਤਾ ਜੀ ਦੇ ਉਪਦੇਸ਼ ਨਾਲ ਬੀਬੀ ਰਾਮ ਜੀ ਨੇ ਦਿਲ ਧਰ ਲਿਆ । ਇਸ ਤਰ੍ਹਾਂ ਕਾਫੀ ਦਿਨ ਮਾਵਾਂ ਧੀਆਂ ਉਥੇ ਆਏ ਗਏ ਦੀ ਸੇਵਾ ਕਰ ਬੀਬੀ ਦਮੋਦਰੀ ਜੀ ਨੂੰ ਅੰਮ੍ਰਿਤਸਰ ਛੱਡ ਮਾਤਾ ਗੰਗਾ ਜੀ ਪਾਸੋਂ ਆਗਿਆ ਲੈ ਡਰੋਲੀ ਵਾਪਸ ਆ ਗਈਆਂ । ਇਕ ਵਾਰੀ ਸਾਂਈ ਦਾਸ ਨੇ ਜਦੋਂ ਡਰੋਲੀ ਆ ਨਵਾਂ ਘਰ ਬਣਾਇਆ ਤਾਂ ( ਕਿਉਂਕਿ ਆਪ ਪਹਿਲ ਡੱਲੇ ਹੀ ਰਹਿਣ ਲੱਗ ਪਏ ਸਨ ) ਆਪ ਨੇ ਗੁਰੂ ਜੀ ਨੂੰ ਪੱਤਰਕਾ ਲਿਖੀ ਕਿ ਆਪ ਆ ਕੇ ਉਨਾਂ ਦਾ ਨਵਾਂ ਘਰ ਪਵਿੱਤਰ ਕਰਨ । ਗੁਰੂ ਜੀ ਨਾਨਕ ਮਤੇ ਪੀਲੀਭੀਤ ਜਾਣ ਲੱਗਿਆਂ ਮਾਤਾ ਗੰਗਾ ਜੀ ਮਹਿਲ ਤੇ ਪ੍ਰਵਾਰ ਨੂੰ ਸਿੱਖਾਂ ਰਾਹੀਂ ਡਰੋਲੀ ਭੇਜ ਦਿੱਤਾ ਸੀ । ਹੁਣ ਗੁਰੂ ਜੀ ਦੀ ਵਾਪਸੀ ਦੀ ਉਡੀਕ ਦੀਆਂ ਬੀਬੀ ਰਾਮੋ ਜੀ ਔਸੀਆਂ ਪਾ ਰਹੇ ਸਨ । ਭਾਵੇਂ ਸਾਂਈ ਦਾਸ ਪਹਿਲਾਂ ਵੀ ਸਿੱਖ ਸੀ । ਪਰ ਆਪਣੇ ਸੁਸਰਾਲ ਭਾਈ ਨਾਰਾਇਣ ਦੀ ਸੰਗਤ ਨਾਲ ਹੋਰ ਗੂੜਾ ਤੇ ਫਿਰ ਰਾਮੋ ਨੇ ਚੰਗਾ ਪੱਕਾ ਗੂੜ੍ਹਾ ਸਿੱਖੀ ਦਾ ਰੰਗ ਚੜ੍ਹਾ ਦਿੱਤਾ ਸੀ ਜਿਹੜੀ ਭਾਈ ਪਾਰੋ ਜੀ ( ਗੁਰੂ ਅਮਰਦਾਸ ਜੀ ਮੰਜੀਦਾਰ ਸੀ ) ਪੋਤੀ ਸੀ । ਬੀਬੀ ਰਾਮੋ ਜੀ ਕਹਿ ਰਹੇ ਸਨ ਗੁਰੂ ਜੀ ਅੰਤਰਜਾਮੀ ਹਨ । ਸਾਡੇ ਦਿਲਾਂ ਦੀਆਂ ਜਾਣਦੇ ਹਨ ਉਹ ਆਪ ਆਉਣਗੇ । ਸਾਡੇ ਪਿਆਰ ਵਿਚ ਕੋਈ ਘਾਟ ਨਹੀਂ ਹੈ ਜਾ ਸਾਥੋਂ ਕੋਈ ਪਾਪ ਹੋ ਗਿਆ ਹੈ । ਜਿਸ ਦੀ ਸਜ਼ਾ ਸਾਨੂੰ ਮਿਲ ਰਹੀ ਹੈ । ਗੁਰੂ ਜੀ ਡਰੋਲੀ ਆ ਪੁੱਜੇ ।
ਗੁਰੂ ਜੀ ਦਾ ਡਰੋਲੀ ਆਉਣਾ ਸੁਣ ਕੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੇ ਵਹੀਰਾਂ ਘੱਤ ਦਿੱਤੀਆਂ । ਲੰਗਰ ਲੱਗ ਗਏ ਬੀਬੀ ਰਾਮੋ ਜੀ ਤੇ ਸਾਂਈ ਦਾਸ ਜੀ ਰਾਤ ਦਿਨ ਸੇਵਾ ਵਿਚ ਜੁਟ ਪਏ । ਘਰ ਸੱਚ ਖੰਡ ਬਣ ਗਿਆ । ਨਵੇਂ ਮਕਾਨ ਵਿਚ ਬੈਠ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ ਤਾਂ ਇਕ ਦਿਨ ਸਾਂਈਦਾਸ ਜੀ ਗੁਰੂ ਜੀ ਨੂੰ ਕਿਹਾ ਕਿ “ ਅਲਮਸਤ ਕਿੰਨਾ ਖੁਸ਼ ਨਸੀਬ ਹੈ ।ਜਿਸ ਬਦਲੇ ਤੁਸਾਂ ਕਿਨ੍ਹਾਂ ਪੰਧ ਕੀਤਾ । ਜਿਸ ਦੀ ਸ਼ਰਧਾ ਤੇ ਪ੍ਰੇਮ ਨੇ ਉਸ ਨੂੰ ਆਗਿਆਕਾਰ ਬਣਾ ਦਿੱਤਾ ਹੈ।ਉਹ ਕਦੋਂ ਕੁ ਦਾ ਸਿੱਖ ਹੋਇਆ ਹੈ ? ‘ ਗੁਰੂ ਜੀ ਬਚਨ ਕੀਤਾ ਕਿ “ ਰਾਵੀ ਨਦੀ ਤੇ ਇਕ ਬੱਕਰੀਆਂ ਦਾ ਆਜੜੀ ਸੀ “ ਸਾਧਾਰਨ ਜਾਂ ਸਿਧੜਾ ਕਰਕੇ ਜਾਣਿਆ ਜਾਂਦਾ ਸੀ । ਉਸ ਦੀ ਬੜੀ ਚਾਹਣਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰੇ । ਸੋ ਉਸ ਦੇ ਦਿਲ ਵਿਚ ਬੜਾ ਪਿਆਰ ਤੇ ਸ਼ਰਧਾ ਉਪਜੀ ਤਾਂ ਗੁਰੂ ਜੀ ਉਸ ਨੂੰ ਆ ਮਿਲੇ । ਉਸ ਨੇ ਇੱਕ ਬੱਕਰੀ ਦਾ ਦੁੱਧ ਚੋ ਕੇ ਗੁਰੂ ਜੀ ਨੂੰ ਭੇਂਟ ਕੀਤਾ । ਤਾਂ ਉਸ ਨੇ ਇਸ ਦੁੱਧ ਬਦਲੇ ਉਨਾਂ ਦੇ ਰੱਜ ਕੇ ਦਰਸ਼ਨ ਕਰਨ ਦੀ ਆਗਿਆ ਮੰਗੀ । ਗੁਰੂ ਜੀ ਕਿਹਾ ਕਿ ‘ ਕੁਝ ਹੋਰ ਵੀ ਚਾਹੁੰਦਾ ਹੈ ? ” ਉਸ ਦਾ ਫਿਰ ਉਤਰ ਸੀ ਕਿ ਗੁਰੂ ਜੀ ਨੂੰ ਵੇਖਦਾ ਰਹਾਂ ਗੁਰੂ ਜੀ . ਬਚਨ ਕੀਤਾ “ ਦੋ , ਤਿੰਨ ਜਾਂ ਛੇ ਤੂੰ ਛੇ ਵਾਰ ਮੰਗ ਕੀਤੀ ਹੈ । ਤੂੰ ਛੇਵੇਂ ਗੁਰੂ ਦੇ ਵੀ ਦਰਸ਼ਨ ਕਰੇਗਾ । ਇਹ ਸੁਣ ਭਾਈ ਸਾਂਈ ਜੀ ਧੰਨ ਭਾਈ ਅਲਮਸਤ ਧੰਨ ਭਾਈ ਅਲਮਸਤ ਕਹਿਣ ਲੱਗਾ ।
ਹੁਣ ਬੀਬੀ ਰਾਮੋ ਜੀ ਨੇ ਬੜੇ ਸਤਿਕਾਰ ਨਾਲ ਇਉਂ ਕਿਹਾ “ ਗੁਰੂ ਮਹਾਰਾਜ ! ਮੇਰੀ ਪ੍ਰਾਰਥਨਾ ਹੈ ਕਿ ਮੈਂ ਆਪਣੇ ਪਤੀ ਦੀ ਤਨ ਮਨ ਨਾਲ ਪੂਜਾ ਕਰਾਂ ਅਤੇ ਨੇਕ ਚਲਣ ਤੇ ਆਗਿਆਕਾਰੀ ਬਣ ਜੀਵਨ ਦੇ ਫਰਜ਼ ਨਿਭਾਵਾਂ ਤਾਂ ਕਿ ਪ੍ਰਭੂ ਮੇਰੇ ਦਿਲ ਵਿਚ ਘਰ ਕਰ ਜਾਵੇ । ਮੈਂ ਹਰ ਵਕਤ ਉਸ ( ਪ੍ਰਭੂ ) ਨੂੰ ਚੇਤੇ ਰੱਖਾਂ । ਤਾਂ ਕਿ ਮੈਂ ਮੌਤ ਤੋਂ ਅਭੈ ਹੋ , ਜੂਨਾਂ ਵਿਚ ਨਾਂ ਪਵਾਂ । ਇਸ ਲਈ ਮੇਰੀ ਸਹਾਇਤਾ ਕਰੋ । ਗੁਰੂ ਜੀ ਬਚਨ ਕੀਤਾ ਕਿ “ ਜਿਨਾਂ ਦੇ ਦਿਲ ਪਵਿੱਤਰ ਹਨ । ਪ੍ਰਮਾਤਮਾ ਹਰ ਸਮੇਂ ਉਨਾਂ ਦੀ ਪਿੱਠ ਤੇ ਹੁੰਦਾ ਹੈ । ਸਦਾ ਸੱਚੇ ਦਿਲ ਨਾਲ ਅਕਾਲ ਪੁਰਖ ਦਾ ਨਾਮ ਜਪੋ।ਉਸ ਦੀ ਰਜ਼ਾ ਵਿਚ ਰਹੋ । ਇਸ ਤਰ੍ਹਾਂ ਤੁਸੀਂ ਸਦਾ ਲਈ ਨਿਰਭੈ ਹੋ ਜਾਵੋਗੇ । ” ਬੀਬੀ ਰਾਮੋ ਜੀ ਆਪਣੀ ਛੋਟੀ ਭੈਣ ਦਮੋਦਰੀ ਜੀ ਨੂੰ ਅਤਿ ਦਾ ਪਿਆਰ ਕਰਦੇ ਸਨ । ਵਿਆਹ ਤੋਂ ਬਾਦ ਕਈ ਵਾਰ ਉਸ ਨੂੰ ਮਿਲਣ ਜਾਂਦੇ । ਹੁਣ ਜਦੋਂ ਦਮੋਦਰੀ ਜੀ ਦਾ ਅਕਾਲ ਚਲਾਣਾ ਹੋ ਗਿਆ ਤਾਂ ਇਸ ਲਈ ਆਪਣੀ ਭੈਣ ਲਈ ਅਥਾਹ ਪਿਆਰ ਕਰ ਕੇ ਉਸ ਦਾ ਵਿਛੋੜਾ ਬਰਦਾਸ਼ਤ ਕਰਨਾ ਅਸਹਿ ਸੀ ਪ੍ਰਣਾ ਤਿਆਗ ਗਏ । ਸੋਹਨ ਕਵੀ ਲਿਖਦਾ ਬਿਰਹ ਭੈਣ ਕੇ ਸਹਯੋ ਨਾ ਜਾਇ ਪ੍ਰੇਮ ਮੁਘਨ ਰਾਮੋ ਤਨ ਤਿਆਗ ਬੀਬੀ ਰਾਮੋ ਜੀ ਦਾ ਵਿਛੋੜਾ ਭਾਈ ਸਾਂਈ ਦਾਸ ਜੀ ਨਾ ਝੱਲ ਸਕੇ ਉਸ ਨੇ ਪ੍ਰਾਣ ਤਿਆਗ ਦਿੱਤੇ।ਸੋਹਨ ਕਵੀ ਲਿਖਦਾ ਹੈ । ਦਾਸ ਨਾਰਾਇਣ ਬੈਠ ਅਲਾਇ ॥ ਪੰਯਾਰੀ ਹਮ ਤੇ ਰਹਿਓ ਨਾ ਜਾਇ ॥ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਸਾਲੀ ਸਾਂਢੂ ਦਾ ਆਪਣੀ ਹੱਥੀਂ ਸਸਕਾਰ ਕੀਤਾ ਤੇ ਸਾਰੀਆਂ ਰਸਮਾਂ ਅਖੰਡ ਪਾਠ ਰਖਵਾ ਕੇ ਸ੍ਰੀ ਬਿਧੀ ਚੰਦ ਨੇ ਭੋਗ ਪਾਏ । ਇਨ੍ਹਾਂ ਦੋਵਾਂ ਜੀਆਂ ਨਾਲ ਡਰੋਲੀ ਤੇ ਡੱਲੇ ਦੀ ਸੰਗਤ ਦਾ ਅਥਾਹ ਪਿਆਰ ਸੀ । ਪਾਠ ਤੇ ਭੋਗ ਤੇ ਕੋਈ ਸਿੱਖ ਇਹੋ ਜਿਹਾ ਨਹੀਂ ਰਿਹਾ ਹੋਣਾ ਜਿਹਦੇ ਨੈਣਾਂ ਨੇ ਅੱਥਰੂ ਨਾ ਕੱਢੇ ਹੋਣ । ਕਵੀ ਸੋਹਨ ਲਿਖਦਾ ਹੈ : ਭੋਗ ਸ੍ਰੀ ਗੁਰੂ ਗ੍ਰੰਥ ਕਾ ਪਾਓ , ਡੇਰਨਾ ਲਾਇ , ਦਯਾ ਸਿਧ ਤਬ ਸੀਸ ਨਿਵਾਯੋ । ਬੀਬੀ ਰਾਮੋ ਜੀ ਦੀ ਕੋਈ ਬਚਾ ਨਹੀਂ ਸੀ । ਇਸ ਲਈ ਉਹ ਬਾਬੇ ਗੁਰਦਿੱਤੇ ਨਾਲ ਬਹੁਤ ਪਿਆਰ ਕਰਦੇ ਸਨ । ਕਈ ਕਈ ਦਿਨ ਆਪਣੇ ਪਾਸ ਰੱਖਦੇ । ਸੋ ਭੋਗ ਤੋਂ ਬਾਅਦ ਪਗੜੀ ਦੀ ਰਸਮ ਬਾਬਾ ਗੁਰਦਿੱਤਾ ਜੀ ਨੂੰ ਕੀਤੀ ਗਈ ।
ਦਾਸ ਜੋਰਾਵਰ ਸਿੰਘ ਤਰਸਿੱਕਾ।


Related Posts

One thought on “ਥੜਾ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ – ਜਾਣੋ ਇਤਿਹਾਸ

  1. 🙏🙏🌼🌸🌺ਜਿਸਦਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਾਕੇ ਕੋਇ ਵਾਹਿਗੁਰੂ ਜੀ ਸਭ ਤੇ ਅਪਣਾ ਮੇਹਰ ਭਰਿਆ ਹੱਥ ਰੱਖੋ ਜੀ🌸🌺🌼🙏🙏

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top