ਬਹਾਦਰ ਬੀਬੀ ਅਨੂਪ ਕੌਰ ਸ਼ਹੀਦ

ਬਹਾਦਰ ਬੀਬੀ ਅਨੂਪ ਕੌਰ ਸ਼ਹੀਦ ( ਜਲੂਪੁਰ ਖੇੜਾ )
ਪਿੰਡ ਜਲੂਪੁਰ ਖੇੜਾ ਜਿਹੜਾ ਕਿ ਲੇਖਕ ਦੇ ਪਿੰਡ ਤੋਂ ਵੀਹ ਕੁ ਮੀਲ ਤੇ ਰਈਆ ਵਾਲੀ ਨਹਿਰ ਤੇ ਰਈਏ ਤੋਂ ਵੀ ਚਾਰ ਕੁ ਮੀਲ ਤੇ ਸਥਿਤ ਹੈ ਭਾਈ ਅਮ੍ਰਿਤਪਾਲ ਸਿੰਘ ਜਿਹੜਾ ਵਾਰਿਸ ਪੰਜਾਬ ਦਾ ਮੌਜੂਦਾ ਮੁੱਖੀ ਹੈ ਉਹ ਵੀ ਏਸੇ ਹੀ ਪਿੰਡ ਦੇ ਹਨ। ਇਥੇ ਸੋਢੀ ਬੰਸ ‘ ਚੋਂ ਭਾਈ ਲਛਮਣ ਦਾਸ ਦੇ ਘਰ 1660 ਦੇ ਲਗਭਗ ਬੀਬੀ ਅਨੂਪ ਕੌਰ ਜੀ ਨੇ ਜਨਮ ਲਿਆ । ਬਾਬਾ ਬਕਾਲਾ ਵਿਚ ਜਦੋਂ ਬਾਈ ਮੰਜੀਆਂ ਲਾ ਲਈਆਂ , ਧੀਰ ਮਲ ਨੇ ਸ਼ੀਹੇਂ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਉਪਰ ਗੋਲੀ ਚਲਾਈ , ਸਭ ਕੁਝ ਲੁੱਟ ਕੇ ( ਚੜਾਵਾ ) ਲੈ ਗਿਆ ਪਰ ਮੱਖਣ ਸ਼ਾਹ ਲੁਭਾਣੇ ਨੇ ਸਭ ਕੁਝ ਖੋਹ ਲਿਆਂਦਾ । ਪਰ ਗੁਰੂ ਜੀ ਇਹ ਸਮਾਨ ਵਾਪਸ ਕਰਨ ਲਈ ਕਹਿ ਆਪ ਨੇ ਅਨੰਦਪੁਰ ਜਾ ਵਸਾਇਆ । ਭਾਈ ਲਛਮਣ ਦਾਸ ਵੀ ਗੁਰੂ ਜੀ ਦੇ ਨਾਲ ਉਥੇ ਜਾ ਵਸਿਆ । ( ਯਾਦ ਆ ਗਿਆ ਸੋਢੀ ਤੇਜਾ ਸਿੰਘ ਇਤਿਹਾਸਕਾਰ ਸੋਢੀ ਚਮਤਕਾਰ ਦਾ ਕਰਤਾ ਵੀ ਜਲੂਪੁਰ ਦਾ ਵਾਸੀ ਸੀ , ਪਿਛੋਂ ਅੰਮ੍ਰਿਤਸਰ ਰਹਿਣ ਲਗ ਪਿਆ ਸੀ । ਭਾਈ ਲਛਮਣ ਦਾਸ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਵੇਲੇ ਵੀ ਨਾਲ ਹੀ ਰਿਹਾ ਸੀ । ਜਦੋਂ ਬਾਲ ਗੋਬਿੰਦ ਜੀ ਅਨੰਦਪੁਰ ਪੁਜੇ ਤੇ ਬੀਬੀ ਅਨੂਪ ਕੌਰ ਇਨ੍ਹਾਂ ਨੂੰ ਬੜੀਆਂ ਲੋਰੀਆਂ ਦੇਂਦੀ , ਖਿਡਾਉਂਦੀ , ਭਰਾਵਾਂ ਵਾਂਗ ਪਿਆਰ ਕਰਦੀ । ਬਾਲ ਗੋਬਿੰਦ ਜੀ ਵੀ ਸਕੀ ਭੈਣਾਂ ਵਾਂਗ ਸਮਝਦੇ ਤੇ ਭੈਣ ਜੀ ਕਰਕੇ ਬੁਲਾਉਂਦੇ । ਜੁਆਨ ਹੋ ਕੇ ਲੰਗਰ ਵਿਚ ਬੜੀ ਲਗਨ ਨਾਲ ਕੰਮ ਕਰਦੀ ਗੁਰਮੁਖੀ ਪੜ ਬਾਣੀ ਵੀ ਕੰਠ ਕਰ ਲਈ । ਬੜੀ ਧੀਰੀ , ਨਿਮਰਤਾ ਤੇ ਸੰਤੋਖੀ ਸੁਭਾਅ ਵਾਲੀ ਸੀ ਆਪਣੇ ਮਿਠੇ ਬੋਲਾਂ ਨਾਲ ਹਰਮਨ ਪਿਆਰੀ ਹੋ ਗਈ । ਪੰਜ ਗ੍ਰੰਥੀ ਕੰਠ ਕਰ ਲਈ ਸਵੇਰੇ ਜਪੁ ਜੀ ਤੇ ਸ਼ਾਮ ਨੂੰ ਸੋਦਰੁ ਦਾ ਪਾਠ ਕਰਦੀ । ਬਾਲ ਗੁਰੂ ਦੇ ਸਾਥੀਆਂ ਨੂੰ ਵੀ ਬੜਾ ਪਿਆਰ ਕਰਦੀ ਉਨ੍ਹਾਂ ਨੂੰ ਚੰਗਾ ਚੋਖਾ ਖਾਣ ਲਈ ਦੇਂਦੀ । ਜਦੋਂ ਬਾਲ ਗੋਬਿੰਦ ਆਪਣੇ ਹਾਣੀਆਂ ਨਾਲ ਨਕਲੀ ਲੜਾਈਆਂ ਕਰਦਾ ਤੇ ਇਸ ਨੇ ਵੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਉਨ੍ਹਾਂ ਵਾਂਗ ਲੜਾਈ ਕਰਨੀ । ਗਲ ਕੀ ਹਰ ਸ਼ਸ਼ਤਰ ਚਲਾਉਣ ਦੀ ਸਿੱਖਿਆ ਤੇ ਘੋੜ ਸੁਆਰੀ ਦੀ ਸਿੱਖਿਆ ਪ੍ਰਾਪਤ ਕਰ ਲਈ । ਬੀਬੀ ਨੇ ਭੰਗਾਨੀ ਦੇ ਯੁੱਧ ਵਿਚ ਭਾਗ ਲਿਆ । 1699 ਦੀ ਵਿਸਾਖੀ ਤੇ ਆਪਣੇ ਮਾਪਿਆਂ ਨਾਲ ਅੰਮ੍ਰਿਤ ਛਕ ਸਿੰਘਣੀ ਸਜ਼ ਗਈ । ਯਾਦ ਰਹੇ ਗੁਰੂ ਜੀ ਵੇਲੇ ਜਿਹੜੀ ਬੀਬੀ ਅੰਮ੍ਰਿਤ ਛਕ ਲੈਂਦੀ ਉਹ ਸਿੰਘਾਂ ਵਾਲਾ ਬਾਣਾ ਧਾਰਨ ਲਗ ਪੈਂਦੀ । ਇਸ ਦੀਆਂ ਸਹੇਲੀਆਂ ਨੇ ਵੀ ਅੰਮ੍ਰਿਤ ਛਕ ਲਿਆ । ਗਲ ਕੀ ਬੀਬੀ ਅਨੂਪ ਕੌਰ ਨੇ ਬੀਬੀਆਂ ਦਾ ਵੀ ਇਕ ਸੈਨਿਕ ਜਥਾ ਤਿਆਰ ਕਰ ਲਿਆ । ਉਨ੍ਹਾਂ ਨੂੰ ਬਕਾਇਦਾ ਸ਼ਸ਼ਤਰ ਵਿਦਿਆ ਤੇ ਘੋੜ ਸੁਆਰੀ ਦੀ ਸਿੱਖਿਆ ਦਿੱਤੀ ਗਈ । ਜਦੋਂ ਪਹਾੜੀ ਰਾਜਿਆਂ ਗੁਰੂ ਜੀ ਤੇ ਚੜ੍ਹਾਈ ਕੀਤੀ ਤਾਂ ਬੀਬੀ ਨੇ ਆਪਣੇ ਜਥੇ ਨਾਲ ਵੈਰੀਆਂ ਦੇ ਆਹੂ ਲਾਏ । ਰਾਜਿਆਂ ਨੂੰ ਲੋਹੇ ਦੇ ਚਨੇ ਚਬਾਏ । ਪਹਾੜੀ ਰਾਜਿਆਂ ਹਾਰ ਖਾ ਕੇ ਔਰੰਗਜ਼ੇਬ ਦੇ ਕੰਨ ਭਰੇ ਗੁਰੂ ਜੀ ਵਿਰੁੱਧ ਭੜਕਾਇਆ । ਔਰੰਗਜ਼ੇਬ ਦੇ ਕਹੇ ਤੇ ਸੂਬਾ ਲਾਹੌਰ ਦਿਲਾਵਰ ਖਾਂ , ਕਸ਼ਮੀਰ ਦਾ ਸੂਬਾ ਜ਼ਬਰਦਸਤ ਖਾਂ , ਸਰਹੰਦ ਦਾ ਵਜ਼ੀਰ ਖਾਂ ਹੋਰ ਮੁਲਖਈਆ ਕਹਿਲੂਰ , ਕਾਂਗੜਾ , ਜਸਵਾਲ , ਨਾਲਾਗੜ੍ਹ , ਕੁਲੂ , ਕੈਂਥਲ , ਮੰਡੀ , ਜੰਮੂ , ਚੰਬਾ , ਗੜਵਾਲ , ਬਿਜੜ ਵਾਲ , ਡਡਵਾਲ , ਗੁਜਰਾਂ ਦੇ ਰਾਜੇ , ਰੋਪੜ ਦਾ ਰੰਗੜ – ਦੋ ਲੱਖ ਤੋਂ ਉਪਰ ਵਰਦੀ ਵਾਲੇ ਸਿਪਾਹੀਆਂ ਨੇ ਅਨੰਦਪੁਰ ਨੂੰ ਘੇਰਾ ਪਾ ਲਿਆ । ਅੱਠ ਮਹੀਨੇ ਘੇਰਾ ਪਾਈ ਰਖਿਆ ਅੰਦਰੋਂ ਸਭ ਰਸਦਾਂ ਖਤਮ ਹੋ ਗਈਆਂ । ਸ਼ੇਰਨੀ ਅਨੂਪ ਕੌਰ ਨੇ ਆਪਣੇ ਜਥੇ ਦੀਆਂ ਸਿੰਘਣੀਆਂ ਨੂੰ ਅੱਧੀ ਰਾਤ ਬਾਹਰ ਲਿਜਾ ਵੈਰੀ ਦਲ ਦਾ ਰਾਸ਼ਨ ਚੁਕ ਲਿਆਉਣਾ । ਬੀਬੀਆਂ ਲੰਗਰ ਤਿਆਰ ਕਰਨ ਵਿਚ ਤੇ ਲੜਨ ਵਿਚ ਭਾਗ ਲੈਂਦੀਆਂ । ਵੈਰੀਆਂ ਦੇ ਆਪਣੇ ਤੀਰਾਂ ਨਾਲ ਆਹੂ ਲਾਹੁੰਦੀਆਂ । ਜਦੋਂ ਪਹਾੜੀ ਰਾਜਿਆਂ ਤੇ ਸੂਬੇਦਾਰਾਂ ਨੇ ਕਸਮਾਂ ਖਾ ਗੁਰੂ ਜੀ ਨੂੰ ਕਿਲ੍ਹਾ ਛਡਣ ਲਈ ਕਿਹਾ , “ ਤੁਸੀਂ ਕਿਲ੍ਹਾ ਛਡ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ । ਦਸੰਬਰ ਦੇ ਅੰਤ ਵਿਚ 1704 ਨੂੰ ਗੁਰੂ ਜੀ ਨੂੰ ਕਿਲ੍ਹਾ ਛਡਣਾ ਪਿਆ । ਰਾਤ ਕਿਲ੍ਹਾ ਛਡਣ ਲਗਿਆਂ ਬੀਬੀ ਅਨੂਪ ਕੌਰ ਦਾ ਜਥਾ ਪਿਛੇ ਗੁਰੂ ਪ੍ਰਵਾਰ ਦੀ ਰਾਖੀ ਕਰਦਾ ਆ ਰਿਹਾ ਸੀ । ਸਰਸਾ ਪਾਰ ਕਰਨ ਲੱਗਿਆਂ ਉਪਰੋਂ ਪੋਹ ਮਹੀਨੇ ਦੀ ਸੀਤ ਬਰਫ਼ੀਲਾ ਪਾਣੀ ਵੰਗਾਰ ਰਿਹਾ ਸੀ । ਪਰ ਸਿੱਖਾਂ ਨੂੰ ਸਰਸਾ ਪਾਰ ਕਰਨੀ ਪਈ , ਕਈ ਸਿੱਖ ਰੁੜ ਗਏ । ਗੁਰੂ ਜੀ ਦਾ ਪ੍ਰਵਾਰ ਵਿਛੜ ਗਿਆ । ਸਰਸਾ ਪਾਰ ਕਰਦੇ ਬੀਬੀ ਅਨੂਪ ਕੌਰ ਨੂੰ ਪੰਜ ਕੁ ਸਿੰਘ ਮਿਲ ਪਏ । ਜਦੋਂ ਥੋੜੀ ਦੂਰ ਗਏ ਤਾਂ ਮੁਗਲ ਸਿਪਾਹੀਆਂ ਨਾਲ ਝੜਪ ਹੋ ਗਈ । ਦੋ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘਾਂ ਤੋਂ ਡਰ ਕੇ ਭੱਜ ਗਏ । ਅਗੋਂ ਮਲੇਰ ਕੋਟਲੀਆ ਨਵਾਬ 200 ਕੁ ਤੁਰਕਾਂ ਨਾਲ ਮਿਲ ਪਿਆ । ਸਿੰਘਾਂ ਨੂੰ ਘੇਰਾ ਪਾ ਲਿਆ । ਸਿੰਘ ਮੁਗਲਾਂ ਨੂੰ ਮਾਰਦੇ ਸ਼ਹੀਦ ਹੋ ਗਏ । ਬੀਬੀ ਦੇ ਘੋੜੇ ਦੇ ਪੈਰ ਨੂੰ ਠੋਕਰ ਲਗੀ ਸ਼ੇਰਨੀ ਹੇਠਾਂ ਡਿੱਗ ਪਈ । ਸੱਜੀ ਬਾਂਹ ਟੁੱਟ ਗਈ ਉਠਿਆ ਨਾ ਗਿਆ । ਨਵਾਬ ਦੇ ਕਾਬੂ ਆ ਗਈ । ਜਦੋਂ ਸੁਣਿਆ ਕਿ ਇਹੋ ਅਨੂਪ ਕੌਰ ਹੈ ਜਿਸ ਦੀ ਬਹਾਦਰੀ ਦੀਆਂ ਸਾਰੇ ਧੁੰਮਾਂ ਪਈਆਂ ਹੋਈਆਂ ਹਨ , ਦੁਸ਼ਟ ਇਸ ਨਾਲ ਵਿਆਹ ਕਰਾਉਣ ਲਈ ਸੋਚਣ ਲਗਾ । ਨੌਕਰਾਂ ਚਾਕਰਾਂ ਨੂੰ ਕਿਹਾ ਕਿ ਇਸ ਨੂੰ ਮਹਿਲਾਂ ਵਿਚ ਲਿਜਾ ਕੇ ਇਲਾਜ ਕਰਾਓ । ਬੀਬੀ ਨਵਾਬ ਦੀ ਦੁਸ਼ਟ ਚਾਲ ਸਮਝ ਗਈ । ਲਗੀ ਰੱਬ ਅੱਗੇ ਅਰਦਾਸਾਂ ਕਰਨ ਦਸ਼ਮੇਸ਼ ਪਿਤਾ ! ਆਪਣੀ ਪੁੱਤਰੀ ਨੂੰ ਹੌਸਲਾ ਤੇ ਜੁਰਅਤ ਬਖਸ਼ੋ ਕਿ ਇਹ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਸਕੇ । ‘ ‘ ਦਾਸੀਆਂ ਵੇਖਦੀਆਂ ਇਹ ਹਰ ਸਮੇਂ ਰੱਬ ਦੀ ਇਬਾਦਤ ਵਿਚ ਲਗੀ ਰਹਿੰਦੀ ਹੈ । ਬੜੇ ਲਾਲਚ ਤੇ ਡਰਾਵੇ ਦਿੱਤੇ ਗਏ । ਪਰ ਸ਼ੇਰਨੀ ਨੇ ਗਿਦੜ ਨਵਾਬ ਨੂੰ ਲਾਗੇ ਨਾ ਫਟਕਨ ਦਿੱਤਾ । ਬੜੇ ਹਰਬੇ ਵਰਤੇ ਕਿ ਉਸ ਨੂੰ ਧਰਮ ਤੋਂ ਡੇਗਿਆ ਜਾਵੇ । ਜ਼ਿਆਦਾ ਤੰਗ ਕਰਦੇ ਤੇ ਆਤਮਘਾਤ ਕਰਨ ਲਈ ਸੋਚਦੀ ਤਾਂ ਗੁਰਬਾਣੀ ਵਿਚ ਆਤਮਘਾਤੀ ਨੂੰ ਮਹਾਂ ਪਾਪੀ ਕਿਹਾ ਹੈ । ਅਰਦਾਸ ਕਰਦੀ ਹੈ ਪਸ਼ਚਾਤਾਪ ਕਰਦੀ ਹੈ ਹੇ ਅਕਾਲ ਪੁਰਖ ਤੇਰੀ ਦਾਸੀ ਆਪਣੀ ਅਣਖ ਤੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਇਹ ਘਿਣਾਉਣਾ ਕੰਮ ਕਰਨ ਲਗੀ ਹੈ ਮਾਫ ਕਰੀ । ਇਤਿਹਾਸ ਵਿਚ ਇਹ ਵੀ ਦਰਜ ਹੈ ਕਿ ਬਾਹਰ ਕਾਜ਼ੀ ਜਬਰਨ ਨਿਕਾਹ ਪੜ੍ਹਣ ਲਈ ਸੱਦਿਆ ਹੋਇਆ ਸੀ । ਸ਼ੇਰਨੀ ਨੇ ਆਪਣੀ ਹਿਕ ‘ ਚ ਸ੍ਰੀ ਸਾਹਿਬ ਮਾਰ ਆਪਣੀ ਕੁਰਬਾਨੀ ਦੇ ਦਿੱਤੀ । ਇਤਿਹਾਸ ਵਿਚ ਲਿਖਿਆ ਹੈ ਇਸ ਦੀ ਲਾਸ਼ ਨੂੰ ਦਬਾ ਦਿੱਤਾ ਗਿਆ ਸੀ । ਪਰ ਬੰਦਾ ਸਿੰਘ ਬਹਾਦਰ ਨੂੰ ਇਸ ਬਾਰੇ ਪਤਾ ਲਗਾ ਤਾਂ 1710 ਵਿਚ ਮਲੇਰ ਕੋਟਲਾ ਫਤਹਿ ਕਰਾ ਕਬਰ ‘ ਚੋਂ ਉਸ ਦਾ ਪਿੰਜਰ ਕੱਢ ਇਸ਼ਨਾਨ ਕਰਾ ਅਰਦਾਸ ਕਰਕੇ ਸਸਕਾਰ ਕੀਤਾ ਗਿਆ ਸੀ । ਨਵਾਬ ਨੂੰ ਸਰਹੰਦ ‘ ਚ ਆਹ ਦਾ ਨਾਅਰਾ ਮਾਰਨ ਕਰਕੇ ਕੁਝ ਨਹੀਂ ਕਿਹਾ ।
ਜੋਰਾਵਰ ਸਿੰਘ ਤਰਸਿੱਕਾ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top