ਨਾਨਕ ਦਾ ਪਿਆਰਾ ਸਿੱਖ ਮੂਲਾ
ਮੂਲਾ ਕੀੜੁ ਵਖਾਣੀਐ ਚਲਿਤੁ ਅਚਰਜ ਲੁਭਿਤ ਗੁਰਦਾਸੀ (ਭਾਈ ਗੁਰਦਾਸ)
ਮੂਲਾ ਕੀੜ ਗੁਰੂ ਬਾਬਾ ਨਾਨਕ ਸਾਹਿਬ ਦਾ ਪਿਆਰਾ ਸਿੱਖ ਸੀ, ਜਿਸਨੇ ਬਾਬੇ ਪਾਸੋਂ ਸਿੱਖੀ ਦੀ ਦਾਤ ਪਾਈ ਸੀ , ਬਾਬੇ ਨੇ ਮੂਲੇ ਨੂੰ ਕਿਹਾ ਸੀ ਕਿ ਜਿਸ ਨੇ ਸਿੱਖੀ ਦੇ ਮਾਰਗ ਤੇ ਪੈਰ ਧਰਨਾ ਹੋਵੇ ਉਹ ਜੂਏ ਤੇ ਵਿਭਚਾਰੀ ਰੰਗ ਤਮਾਸ਼ਿਆ ਦਾ ਤਿਆਗ ਕਰੇ। ਸਿੱਖਾਂ ਨੂੰ ਗੁਰਦੇਵ ਰੂਪ ਕਰ ਕੇ ਜਾਣੇ ਅਤੇ ਸ਼ਬਦ ਨਾਲ ਪ੍ਰੀਤ ਕਰੇ , ਰਾਗ ਪਾਇਕੇ ਸ਼ਬਦ ਨੂੰ ਗਾਵੇ ਧਰਮ ਦੀ ਕਿਰਤ ਕਰੇ ਅਤੇ ਸਿੱਖਾਂ ਨੂੰ ਤਨ ਮਨ ਧਨ ਨਾਲ ਰੀਝਾਵੇ”। ਭਾਈ ਮੂਲਾ ਕੀੜ ਨੇ ਇਵੇਂ ਨਾਮ ਬਾਣੀ ਦਾ ਅਭਿਆਸ ਕਰਨਾ ਅੰਰਭਿਆ। ਰਾਗਾਂ ਚ ਉਹ ਕੀਰਤਨ ਕਰਦਾ ਸੀ ਤੇ ਆਏ ਗਏ ਪਾਂਧੀਆਂ ਤੇ ਸਿੱਖਾਂ ਦੀ ਬਹੁਤ ਟਹਲ ਕਮਾਉਂਦਾ ਸੀ .ਉਸਦੀ ਗੁਰਮੁਖਤਾਈ ਦਾ ਨਜ਼ਾਇਜ਼ ਫ਼ਾਇਦਾ ਉਠਾਣ ਲਈ ਇਕ ਚੋਰ ਸਿੱਖ ਦਾ ਭੇਸ ਧਾਰ ਕੇ ਆਇਆ। ਬਾਣੀ ਵੀ ਉਸਨੇ ਕੰਠ ਕਰ ਛਡੀ ਸੀ। ਮੂਲੇ ਨੇ ਉਸਦੀ ਬਹੁਤ ਟਹਲ ਸੇਵਾ ਕੀਤੀ।
ਰਾਤ ਨੂੰ ਮੂਲੇ ਦੀ ਪਤਨੀ ਨੇ ਗਹਿਣੇ ਇਕ ਡੱਬੇ ਵਿਚ ਪਾ ਕੇ ਡੱਬਾ ਆਲੇ ਵਿਚ ਧਰ ਦਿਤਾ। ਉਸ ਚੋਰ ਨੇ ਅੱਧੀ ਰਾਤੀ ਡੱਬਾ ਚੁਕਿਆ ਤੇ ਕੱਛੇ ਮਾਰ ਕੇ ਬਾਹਰ ਜਾਣ ਲੱਗਾ। ਪਰ ਮੂਲੇ ਨੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਅੰਦਰੋਂ ਮਾਰਿਆ ਸੀ। ਚਾਬੀ ਮੂਲੇ ਪਾਸ ਸੀ .ਸਰਦੀ ਦੇ ਦਿਨ ਸਨ .ਗਹਿਣਿਆਂ ਦਾ ਡੱਬਾ ਕੱਛੇ ਮਾਰ ਕੇ ਉਸ ਚੋਰ ਨੇ ਮੂਲੇ ਨੂੰ ਜਗਾਇਆ ਤੇ ਆਖਿਆ, “ਮੈਂ ਜੰਗਲ ਪਾਣੀ ਜਾਂਦਾ ਹਾਂ ਕੁੰਜੀ ਦੇਉ “। ਤਾਂ ਮੂਲੇ ਨੇ ਕਿਹਾ ਕਿ, “ਬਾਹਰ ਨ ਜਾਵੋ, ਇਥੇ ਹੀ ਰਮਣੇ ਫਿਰੋ, ਮੈ ਤੁਹਾਡਾ ਰਮਣਾ ਸੁਟ ਘਤਾਂਗਾ .ਨਾਲੇ ਤੁਹਾਨੂੰ ਇਸ਼ਨਾਨ ਕਰਾਵਾਂਗਾ ” ਤਾਂ ਉਸ ਨੇ ਕਿਹਾ, ਨਹੀ ਤੁਸੀ ਮੈਨੂੰ ਚਾਬੀ ਦੇ ਦੋ ਤਾਂ ਮੂਲੇ ਨੇ ਨਾਲ ਹੋਇਕੈ ਤਾਲਾ ਖੋਲ੍ਹਿਆ ,ਤਾਂ ਉਹ ਡੱਬਾ ਲੈ ਤੁਰਿਆ ਦਰਵਾਜ਼ੇ ਕੋਲ ਪਹੁੰਚਦਿਆਂ ਉਸਨੂੰ ਠੇਢਾ ਲੱਗਾ ਤਾਂ ਉਸਦੀ ਬਗਲ ਚੋਂ ਡੱਬਾ ਗਹਿਣਿਆ ਵਾਲਾ ਡਿੱਗ ਪਿਆ ਤਾਂ ਮੂਲੇ ਨੇ ਉਠਾ ਕਿ ਡੱਬਾ ਉਸ ਚੋਰ ਨੂੰ ਦੇ ਦਿਤਾ। ਉਧਰ ਮੂਲੇ ਦੀ ਪਤਨੀ ਵੀ ਉਠ ਗਈ ਸੀ ਉਸਨੇ ਦੇਖਿਆ ਕਿ ਇਹ ਡੱਬਾ ਤਾਂ ਉਸੇ ਦਾ ਲੱਗਦਾ ਜਦ ਉਸ ਆਲੇ ਚ ਦੇਖਿਆ ਤਾਂ ਉਥੇ ਡੱਬਾ ਨਹੀ ਸੀ। ਉਹ ਬਾਹਰ ਆ ਕਿ ਜਦ ਚਿਲਾਉਣ ਲੱਗੀ ਕਿ ਚੋਰ ਸਾਡੇ ਚੋਰੀ ਕਰਨ ਆ ਵੜਿਆ ਤਾਂ ਮੂਲੇ ਨੇ ਉਸਨੂੰ ਰੋਕ ਦਿਤਾ ਤੇ ਕਹਿਣ ਲੱਗਾ, “ਭਲੀਏ ਲੋਕੇ! ਇਹ ਚੋਰ ਗੁਰੂ ਨਾਨਕ ਦੇ ਸਿੱਖ ਦਾ ਰੂਪ ਬਣਾ ਕਿ ਆਇਆ ਹੈ ਜੇ ਅਸੀ ਸ਼ੋਰ ਮਚਾਇਆ ਤਾਂ ਚੋਰ ਨੂੰ ਸਜਾ ਮਿਲੇ ਜਾਂ ਨ ਮਿਲੇ ਪਰ ਗੁਰੂ ਨਾਨਕ ਦੇ ਸਿੱਖ ਬਦਨਾਮ ਹੋਵਣਗੇ। ਕੀ ਦਸਾਂਗੇ ਲੋਕਾਂ ਨੂੰ ਕੇ ਚੋਰ ਕੌਣ ਸੀ? ਨਾ ਭਲੀਏ ਲੋਕੇ! ਮੈ ਤੈਨੂੰ ਗਹਿਣੇ ਹੋਰ ਬਣਾ ਦੇਵਾਂਗਾ .ਉਧਰ ਇਹ ਗਲ ਗੁਰੂ ਬਾਬਾ ਨਾਨਕ ਸਾਹਿਬ ਨੂੰ ਵੀ ਪਤਾ ਲੱਗ ਗਈ ਤੇ ਜਦ ਭਾਈ ਮੂਲਾ ਬਾਬਾ ਜੀ ਦੇ ਚਰਨ ਪਰਸਣ ਆਇਆ ਤਾਂ ਗੁਰੂ ਬਾਬਾ ਘਣਾ ਖੁਸ਼ ਹੋਇਆ ਤੇ ਕਹਿਣ ਲੱਗਾ ,ਮੂਲਿਆ! ਤੂੰ ਮੇਰੀ ਸਿੱਖੀ ਦੀ ਲਾਜ ਰੱਖੀ ਮੇਰਾ ਨਾਮ ਲੈਣ ਵਾਲੇ ਦਾ ਪਰਦਾ ਢੱਕਿਆ, ਤੇਰਾ ਪਰਦਾ ਗੁਰੂ ਢਕੇਗਾ ਨਿਹਾਲ ਨਿਹਾਲ ਨਿਹਾਲ ਹੋੲਿਓ (ਜੀਵਨ ਚਰਿਤ੍ਰ ਗੁਰੂ ਨਾਨਕ ਦੇਵ ਜੀ, ਤ੍ਰਿਲੋਚਨ ਸਿੰਘ .ਨਾਨਕ ਪ੍ਰਕਾਸ਼, ਸੰਤੋਖ ਸਿੰਘ)
ਧਨ ਹੈ ਗੁਰੂ ਤੇ ਧਨ ਸਨ ਉਸਦੇ ਸਿੱਖ ਇਸ ਸਾਖੀ ਨੂੰ ਪੜਣ ਤੋਂ ਬਾਅਦ ਆਪਣੇ ਆਪ ਤੇ ਮੈਨੂੰ ਵੀ ਸ਼ਰਮ ਆ ਰਹੀ ਹੈ ਕਿ ਮੈਂ ਵੀ ਇੰਝ ਦੀਆ ਪਤਾ ਨਹੀ ਕਿੰਨੀਆਂ ਕਰਤੂਤਾਂ ਕੀਤੀਆ ਹਨ ਬਾਬੇ ਦੀ ਸਿੱਖੀ ਦੀ ਪਤ ਨੰਗੀ ਕਰਨ ਲਈ .ਅੱਜ ਕਲ ਮੇਰੇ ਅਰਗੇ ਤਾਂ ਦੂਜੇ ਨੂੰ ਨੀਵਾਂ ਦਿਖਾਉਣ ਲਈ ਔਗੁਣ ਉਛਾਲ ਕਿ ਲੋਕਾਂ ਚ ਸਵਾਦ ਲੈਂਦੇ ਹਨ ਤੇ ਭੁਲ ਜਾਂਦੇ ਹਨ ਕਿ ਭਲਿਆ ਲੋਕਾਂ ਨੇ ਔਗੁਣ ਕਿਸੇ ਬੰਦੇ ਦੀ ਨਹੀ ਸਗੋਂ ਸਿੱਖ ਦੇ ਸਮਝਣੇ ਨੇ ਵਾਹਗੁਰੂ ਸਾਨੂੰ ਸੁਮਤ ਬਖਸ਼ੀ !
ਬਲਦੀਪ ਸਿੰਘ ਰਾਮੂੰਵਾਲੀਆ