ਖੋਟੇ ਸਿੱਕੇ
ਕਸ਼ਮੀਰ ਦੇ ਵਿਚ ਇਕ ਅਤਾਰ ਨਾਮ ਦਾ ਫ਼ਕੀਰ ਹੋਇਆ ਹੈ,ਅਤਿਅੰਤ ਮੁਫ਼ਲਿਸ,ਬੜਾ ਗਰੀਬ।ਧੰਨ ਗੁਰੂ ਰਾਮਦਾਸ ਜੀ ਜਿਵੇਂ ਘੁੰਗਣੀਆਂ ਵੇਚਦੇ ਸਨ,ਇਹ ਵੀ ਕਾਬਲੀ ਛੋਲੇ,ਚਿੱਟੇ ਚਣੇ ਆਦਿ ਦਾ ਖੌੰਚਾ ਲਾਉਂਦਾ ਸੀ।ਘਰ ਵਾਲੀ ਰੋਜ਼ ਸਵੇਰੇ ਬਣਾ ਦੇਂਦੀ ਸੀ।ਉਹ ਬਾਜ਼ਾਰ ਵਿਚ ਬੈਠ ਜਾਂਦਾ ਸੀ ਅਤੇ ਚਣੇ ਵੇਚ ਕੇ ਆਪਣੀ ਉਪਜੀਵਕਾ ਚਲਾਉਂਦਾ ਸੀ।
ਇਕ ਦਿਨ ਦੀ ਗੱਲ ਹੈ ਕਿ ਇਕ ਮਨੁੱਖ ਖੋਟੇ ਸਿੱਕੇ ਲੈ ਕੇ ਪੰਜ ਸੱਤ ਦੁਕਾਨਾਂ ਤੇ ਗਿਆ ਪਰ ਕਿਸੇ ਨੇ ਵੀ ਉਹ ਖੋਟੇ ਸਿੱਕੇ ਨਾ ਲਏ।ਅੱਗੇ ਬੈਠਾ ਸੀ ਅਤਾਰ ਛੋਲਿਆਂ ਦਾ ਖੌੰਚਾ ਲਾ ਕੇ।ਭਾਵੇਂ ਉਸ ਨੇ ਛੋਲੇ ਖਾਣੇ ਤਾਂ ਨਹੀਂ ਸਨ ਪਰ ਉਸ ਨੇ ਸੋਚਿਆ ਸ਼ਾਇਦ ਖੋਟੇ ਸਿੱਕੇ ਇੱਥੇ ਚੱਲ ਜਾਣ।ਉਸ ਨੇ ਦੋ ਸਿੱਕੇ ਦਿੱਤੇ ਤੇ ਆਖਿਆ,”ਛੋਲੇ ਦੇ ਦੇ।”ਉਸ ਖੌਂਚੇ ਵਾਲੇ ਨੇ ਉਹ ਸਿੱਕੇ ਰੱਖ ਲਏ ਤੇ ਛੋਲੇ ਦੇ ਦਿੱਤੇ।ਜਿੰਨੇ ਵੀ ਖੋਟੇ ਸਿੱਕੇ ਸਨ,ਉਸ ਨੇ ਦੋ ਤਿੰਨ ਦਿਨ ਇਸ ਫ਼ਕੀਰ ਕੋਲ ਚਲਾਏ।ਪੈਸੇ ਖੋਟੇ ਦੇ ਕੇ ਜਾਵੇ ਤੇ ਸੌਦਾ ਖਰਾ ਲੈ ਕੇ ਜਾਵੇ।ਜਦਕਿ ਦੁਨੀਆਂ ਵਿਚ ਇਸ ਤਰ੍ਹਾਂ ਹੁੰਦਾ ਹੈ ਕਿ ਲੋਕ ਪੈਸੇ ਸਹੀ ਲੈ ਲੈਂਦੇ ਨੇ ਪਰ ਸੌਦਾ ਖੋਟਾ ਦੇ ਦੇੰਦੇ ਨੇ।ਉਸ ਨੇ ਖੋਟੇ ਸਿੱਕੇ ਲਏ ਪਰ ਸੌਦਾ ਖਰਾ ਦੇ ਦਿੱਤਾ।ਫਿਰ ਉਸ ਬੰਦੇ ਦੇ ਰਾਹੀਂ ਇਹ ਗੱਲ ਮਸ਼ਹੂਰ ਹੋ ਗਈ ਕਿ ਇਹ ਖੋਟੇ ਸਿੱਕੇ ਵੀ ਲੈ ਲੈਂਦਾ ਹੈ।ਹੁਣ ਜਿਨ੍ਹਾਂ ਕੋਲ ਸਨ,ਉਹ ਸਾਰੇ ਉੱਥੇ ਹੀ ਚਲਾਉਣ ਅਤੇ ਉਹ ਨਾਂਹ ਵੀ ਨਈਂ ਕਰਦਾ ਸੀ।ਇਹ ਰੋਜ਼ ਦੀ ਕਿਰਿਆ ਬਣ ਗਈ।ਦੋ ਚਾਰ ਬੰਦੇ ਰੋਜ਼ ਹੀ ਖੋਟੇ ਸਿੱਕੇ ਦੇ ਜਾਂਦੇ ਰਹੇ,ਇਹ ਵਿਚਾਰਾ ਰੱਖ ਲੈਂਦਾ ਰਿਹਾ ਤੇ ਖਰਾ ਸੌਦਾ ਦੇ ਦਿੰਦਾ ਰਿਹਾ।
ਅੱਜ ਸਵੇਰੇ ਫਜ਼ਰ ਦੀ ਨਮਾਜ਼ ਪੜ੍ਹਨ ਤੋਂ ਬਾਅਦ,ਖ਼ੁਦਾ ਦੇ ਅੱਗੋਂ ਦੁਆ ਕਰਨ ਦੇ ਬਾਅਦ ਜਦ ਘਰਵਾਲੀ ਤੋਂ ਖੌਂਚਾ ਮੰਗਿਆ ਕਿ ਬਈ ਤਿਆਰ ਕਰ ਦਿੱਤਾ ਹੈ? ਘਰਵਾਲੀ ਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੇ ਰੱਖ ਦਿੱਤੀ ਅਤੇ ਆਖਿਆ, “ਅੱਜ ਮੈਂ ਤਿਆਰ ਨਹੀਂ ਕਰ ਸਕੀ।”
“ਕਿਉਂ?”
“ਘਰ ਦੇ ਵਿਚ ਤੇ ਖੋਟੇ ਸਿੱਕੇ ਹੀ ਸਨ,ਖਰਾ ਤੇ ਕੋਈ ਹੈ ਈ ਨਹੀਂ।ਮੈਂ ਬਾਜ਼ਾਰ ਵਿਚ ਗਈ ਸਾਂ,ਛੋਲੇ ਖਰੀਦਣ,ਮਸਾਲੇ ਖਰੀਦਣ,ਤੇਲ ਖਰੀਦਣ ਵਾਸਤੇ ਪਰ ਇਹਨਾਂ ਖੋਟੇ ਸਿੱਕਿਆਂ ਦੇ ਬਦਲੇ ਕਿਸੇ ਨੇ ਵੀ ਸਾਮਾਨ ਨਹੀਂ ਦਿੱਤਾ ਤੇ ਮੈਂ ਵਾਪਸ ਆ ਗਈ ਹਾਂ।ਹੁਣ ਮੈਂ ਛੋਲੇ ਕਿਸ ਤਰ੍ਹਾਂ ਬਣਾਵਾਂ, ਇਹ ਸਿੱਕੇ ਖੋਟੇ ਹਨ।”
ਉਹਨਾਂ ਸਿੱਕਿਆਂ ਨੂੰ ਹੱਥ ਵਿਚ ਰੱਖ ਕੇ,ਮੂੰਹ ਉੱਪਰ ਨੂੰ ਕਰਕੇ ਉਹ ਦੁਆ ਕਰਦਾ ਹੈ,”ਐ ਖ਼ੁਦਾ!ਮੈਨੂੰ ਪਤਾ ਸੀ ਕਿ ਸਿੱਕੇ ਖੋਟੇ ਨੇ। ਐਸਾ ਨਈਂ ਕਿ ਮੈਨੂੰ ਪਤਾ ਨਹੀਂ ਸੀ ਪਰ ਮੈਂ ਇਸ ਆਸ਼ਾ ਨਾਲ ਰੱਖ ਲੈਂਦਾ ਰਿਹਾ ਹਾਂ ਕਿ ਖ਼ੁਦਾ ਮੈਂ ਵੀ ਖੋਟਾ ਹਾਂ,ਕਿਧਰੇ ਤੇਰੇ ਦਰ ‘ਤੇ ਆਵਾਂ ਤੇ ਤੂੰ ਮੈਨੂੰ ਵਾਪਸ ਨਾ ਕਰ ਦੇਵੇਂ।ਇਸ ਕਰਕੇ ਮੈਂ ਰੱਖ ਲੈਂਦਾ ਰਿਹਾ ਹਾਂ।ਹੁਣ ਮੈਂ ਜਦ ਤੇਰੇ ਕੋਲ ਆਵਾਂ,ਮੈਨੂੰ ਕਬੂਲ ਕਰ ਲਵੀਂ,ਪਰਵਾਨ ਕਰ ਲਵੀਂ।”
ਉਸ ਦੀ ਇਹ ਦੁਆ ਕਬੂਲ ਹੋ ਗਈ।
‘ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥’
{ ਸਲੋਕ ਮ: ੧,ਅੰਗ ੧੪੩ }
ਕੋਈ ਇੱਛਾ ਨਹੀਂ।ਇੱਛਾ ਇਹੀ ਹੈ,ਕੀ? ਇੱਛਾ ਕੋਈ ਨਾ ਹੋਵੇ। ਲੇਕਿਨ ਕਮਾਲ ਦੀ ਗੱਲ,ਇਹਨਾਂ ਸਿੱਕਿਆਂ ਨੂੰ ਅੱਗੇ ਰੱਖ ਕੇ ਕਹਿੰਦਾ ਹੈ,ਪ੍ਰਭੂ ਤੇਰੇ ਕੋਲ ਆਵਾਂ ਤੂੰ ਕਬੂਲ ਕਰ ਲਵੀਂ।ਅਤਾਰ ਨਾਮ ਦਾ ਇਹ ਫ਼ਕੀਰ ਸੂਫ਼ੀ ਸੰਤਾਂ ਵਿਚ ਆਪਣੀ ਖ਼ਾਸ ਅਹਿਮੀਅਤ ਰੱਖਦਾ ਹੈ,ਖ਼ਾਸੀਆਤ ਰੱਖਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ।