ਬੀਬੀ ਸ਼ਮਸ਼ੇਰ ਕੌਰ ( ਸ਼ਹੀਦ )

ਬੀਬੀ ਸ਼ਮਸ਼ੇਰ ਕੌਰ ( ਸ਼ਹੀਦ )
ਅਬਦਾਲੀ ਭਾਰਤ ਨੂੰ ਲੁੱਟ ਕੇ ਲੈ ਜਾਂਦਾ ਰਿਹਾ । ਹੁਣ ਸਿੰਘਾਂ ਨੇ ਆਪਣੀਆਂ ਮੱਲਾਂ ਮਲਣੀਆਂ ਸ਼ੁਰੂ ਕਰ ਦਿੱਤੀਆਂ ਸਨ । ਮੁਸਲਮਾਨ ਚੌਧਰੀ ਹਿੰਦੂਆਂ ਨੂੰ ਬੜਾ ਤੰਗ ਕਰਦੇ ਉਨ੍ਹਾਂ ਦੀਆਂ ਬਹੂ ਬੇਟੀਆਂ ਚੁਕ ਲਿਜਾਂਦੇ । ਹਾਂਸੀ ( ਹਰਿਆਣਾ ) ਵਿਚ ਇਕ ਬ੍ਰਾਹਮਣ ਪੁਜਾਰੀ ਦੀਆਂ ਦੋ ਸੁੰਦਰ ਲੜਕੀਆਂ ਹਿਸਾਰ ਦਾ ਚੌਧਰੀ ਇਥੇ ਸ਼ਿਕਾਰ ਖੇਡਣ ਆਇਆ ਚੁਕ ਕੇ ਲੈ ਗਿਆ । ਵਿਚਾਰਾ ਰੋਂਦਾ ਹੋਇਆ ਸਰਦਾਰ ਜੱਸਾ ਸਿੰਘ ਰਾਮਗੜੀਏ ਪਾਸ ਹਾਂਸੀ ਪੁੱਜਾ । ਗਲ ‘ ਚ ਪੱਲਾ ਪਾ ਕੇ ਅਰਜ ਕਰਨ ਲਗਾ ਕਿ “ ਸਰਦਾਰ ਸਾਹਿਬ ! ਹਿਸਾਰ ਦਾ ਚੌਧਰੀ ਏਧਰ ਸ਼ਿਕਾਰ ਖੇਡਣ ਆਇਆ ਤੇ ਮੇਰੀਆਂ ਨੌਜੁਆਨ ਲੜਕੀਆਂ ਚੁੱਕ ਕੇ ਲੈ ਗਿਆ ਹੈ । ਮੈਂ ਬੜੇ ਤਰਲੇ ਕੀਤੇ ਕਿਸੇ ਪਿੰਡ ਵਾਲੇ ਨੇ ਵੀ ਕੋਈ ਸਹਾਇਤਾ ਨਾ ਕੀਤੀ । ਚੌਧਰੀ ਨੇ ਵੀ ਮੇਰੀ ਕੋਈ ਪੁਕਾਰ ਨਾ ਸੁਣੀ ਸਗੋਂ ਕਹਿੰਦਾ ਮੈਂ ਅਜਿਹੀਆਂ ਸੁੰਦਰ ਕੁੜੀਆਂ ਨੂੰ ਕਿਵੇਂ ਛੱਡ ਜਾਵਾਂ । ਇਹੋ ਜਿਹੀਆਂ ਹੋਰ ਦੋ ਮੇਰੇ ਹਵਾਲੇ ਕਰ ਦਿਓ ਤੇ ਇਨ੍ਹਾਂ ਨੂੰ ਛੱਡ ਦੇਂਦਾ ਹਾਂ । ਫਿਰ ਉਚੀ ਧਾਹਾਂ ਮਾਰਦਾ ਕਹਿਣ ਲਗਾ ਕਿ “ ਮੇਰੀਆਂ ਅੱਖਾਂ ਅਗੇ ਅੰਧੇਰਾ ਹੁੰਦਾ ਜਾਂਦਾ ਹੈ । ਮੇਰਾ ਜੀਅ ਕਰਦਾ ਹੈ ਕੁਝ ਖਾ ਕੇ ਮਰ ਜਾਵਾਂ । ਤੁਸੀਂ ਗੁਰੂ ਦੇ ਸਿੱਖ ਹਿੰਦੂਆਂ ਦੀ ਬਹੂ ਬੇਟੀਆਂ ਅਬਦਾਲੀ ਪਾਸੋਂ ਖੋਹ ਕੇ ਉਨ੍ਹਾਂ ਦੇ ਘਰੀਂ ਪਹੁੰਚਾਉਂਦੇ ਰਹੇ ਹੋ ਦਾਸ ਦੀਆਂ ਬੱਚੀਆਂ ਨੂੰ ਵੀ ਆਜ਼ਾਦ ਕਰਾਓ ਤੇ ਉਨ੍ਹਾਂ ਦੀਆਂ ਅਸੀਸਾਂ ਲਓ । ” ਬ੍ਰਾਹਮਣ ਦੀ ਦੁਖ ਭਰੀ ਵਿਥਿਆ ਸੁਣ ਸਰਦਾਰ ਦੇ ਨੇਤਰ ਲਾਲ ਹੋ ਗਏ । ਉਠ ਕੇ ਕਹਿਣ ਲਗਾ ‘ ਸਿੰਘੋ ਪੰਡਤ ਨੇ ਗੁਰੂ ਦਾ ਵਾਸਤਾ ਪਾ ਕੇ ਤਰਲਾ ਲਿਆ ਹੈ ਆਪਾਂ ਉਨਾਂ ਚਿਰ ਲੰਗਰ ਨਹੀਂ ਛਕਣਾ ਜਿੰਨਾਂ ਚਿਰ ਬੀਬੀਆਂ ਆਜ਼ਾਦ ਨਾ ਕਰਾ ਲਈਏ । ਚੋਣਵੇਂ 25 ਕੁ ਸਿੰਘ ਸਵਾਰ ਲੈ ਕੇ ਹਿਸਾਰ ਨੂੰ ਚਲ ਪਿਆ । ਹਿਸਾਰ ਚੌਧਰੀ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਕਿਲੇ ਦੇ ਲੱਕੜ ਦੇ ਦਰਵਾਜ਼ੇ ਤੋੜ ਕੇ ਅੰਦਰ ਜਾ ਵੜੇ ਅਗੇ । ਚੌਧਰੀ ਅਲੀ ਬੈਗ ਸ਼ਰਾਬ ਚ ਗੁਟ ਲੜਕੀਆਂ ਦਾ ਨਾਚ ਵੇਖ ਰਿਹਾ ਸੀ । ਦੋਹਾਂ ਭੈਣਾਂ : ਨੂੰ ਅੰਦਰ ਕੈਦਖਾਨੇ ਵਿਚ ਡੱਕਿਆ ਹੋਇਆ ਸੀ । ਬੇਗ ਦੇ ਸਿਪਾਹੀਆਂ ਨੇ ਅਗੋਂ ਟਾਕਰਾ ਕੀਤਾ , ਦੋ ਤਿੰਨ ਸਿੱਖ ਵੀ ਸ਼ਹੀਦ ਹੋ ਗਏ ਉਧਰੋਂ ਕਾਫੀ ਸਿਪਾਹੀ ਵੀ ਮਾਰੇ ਗਏ । ਅਲੀ ਬੇਗ ਨੂੰ ਜ਼ਖਮੀ ਕਰ ਦਿੱਤਾ । ਅਲੀ ਬੇਗ ਨੂੰ ਪਾਰ ਬੁਲਾ ਦੇਣ ਲਗੇ ਸਨ ਪਰ ਉਸ ਦੀ ਘਰ ਵਾਲੀ ਨੇ ਤਰਲੇ ਕਰਕੇ ਬਚਾ ਲਿਆ । ਦੋਵੇਂ ਭੈਣਾਂ ਤੇ ਦੋ ਹੋਰ ਲੜਕੀਆਂ ਜਿਹੜੀਆਂ ਕੈਦ ਵਿਚ ਸਨ , ਨੂੰ ਆਜ਼ਾਦ ਕਰਾ ਕੇ ਘੋੜਿਆਂ ਤੇ ਬਿਠਾ ਹਾਂਸੀ ਆ ਗਏ । ਉਸ ਦਾ ਕੋਈ ਮਾਲ ਆਦਿ ਨਹੀਂ ਲੁਟਿਆ । ਬੱਚੀਆਂ ਪੰਡਿਤ ਦੇ ਹਵਾਲੇ ਕਰਦਿਆਂ ਸਰਦਾਰ ਨੇ ਕਿਹਾ ਕਿ ਪੰਡਿਤ ਜੀ ! ਆਪਣੀ ਇੱਜ਼ਤ ਘਰ ਲੈ ਜਾਓ ਤੇ ਯੋਗ ਵਰ ਵੇਖ ਕੇ ਇਨ੍ਹਾਂ ਨੂੰ ਵਿਆਹ ਦੇਵੇ । ਜੇ ਕਿਸੇ ਮਾਇਕ ਸਹਾਇਤਾ ਦੀ ਲੋੜ ਹੈ ਤਾਂ ਉਹ ਵੀ ਕਰ ਦੇਂਦੇ ਹਾਂ । ਪੰਡਤ ਸੋਚੀਂ ਪੈ ਗਿਆ ਕਿ ਇਕ ਵਾਰੀ ਤੁਰਕਾਂ ਪਾਸੋਂ ਹੋ ਕੇ ਆਈਆਂ ਲੜਕੀਆਂ ਨਾਲ ਕਿਸੇ ਵਿਆਹ ਨਹੀਂ ਕਰਾਉਣਾ ਹਰ ਇਕ ਨੇ ਇਨ੍ਹਾਂ ਨੂੰ ਘਿਰਣਾ ਕਰਨੀ ਹੈ ਕਰਾਂ ਕੇ ਕੀ ਕਰਾਂ ? ” ਸਰਦਾਰ ਨੇ ਇਸ ਦਾ ਸੋਚਾਂ ਭਰਿਆ ਚਿਹਰਾ ਵੇਖ ਕੇ ਕਿਹਾ “ ਪੰਡਤ ਜੀ ਇਨ੍ਹਾਂ ਵਿਚਾਰੀਆਂ ਦਾ ਕੀ ਦੋਸ਼ ਹੈ । ਇਨ੍ਹਾਂ ਨੂੰ ਘਰ ਲੈ ਜਾਓ । ਸਾਰੇ ਇਨ੍ਹਾਂ ਤੇ ਤਰਸ ਕਰਨਗੇ । ਬਾਹਮਣ ਨਾ ਚਾਹੁੰਦਾ ਹੋਇਆ ਵੀ ਘਰ ਲੈ ਗਿਆ । ਅਗਲੇ ਦਿਨ ਫਿਰ ਵਿਚਾਰਾ ਦੋਹਾਂ ਬੱਚੀਆਂ ਨੂੰ ਨਾਲ ਲੈ ਕੇ ਸਰਦਾਰ ਪਾਸ ਆ ਕੇ ਰੋਂਦਿਆਂ ਫਰਿਆਦ ਕੀਤੀ , ਕਹਿਣ ਲਗਾ “ ਸਰਦਾਰ ਸਾਹਿਬ ਸਾਰੇ ਨਗਰ ਨਿਵਾਸੀਆਂ ਨੇ ਮੇਰੇ ਨਾਲ ਬੋਲਣਾ ਚਾਲਣਾ ਬੰਦ ਕਰ ਦਿੱਤਾ ਹੈ ਤੇ ਸਗੋਂ ਕਹਿੰਦੇ ਹਨ ਕਿ “ ਇਨ੍ਹਾਂ ਨੂੰ ਅਲੀ ਬੇਗ ਪਾਸ ਹੀ ਰਹਿਣ ਦੇਣਾ ਸੀ ਇਨ੍ਹਾਂ ਨੂੰ ਉਸ ਪਾਸ ਛੱਡ ਕੇ ਆ , ਨਹੀਂ ਤਾਂ ਉਸ ਨੇ ਆ ਕੇ ਸਾਡੇ ਪਿੰਡ ਘਾਣ ਬੱਚਾ ਕਰ ਦੇਣਾ ਹੈ । ਸਗੋਂ ਹੋਰ ਕੁੜੀਆਂ ਨੂੰ ਚੁੱਕ ਕੇ ਲੈ ਜਾਵੇਗਾ । ਆਪਣੇ ਪਿੰਡ ਦੀ ਤਰਸ ਭਰੀ ਹਾਲਤ ਵੇਖ ਕੇ ਵੱਡੀ ਭੈਣ ਸ਼ਾਮੋ ਕਹਿਣ ਲਗੀ “ ਬਾਪੂ ਜੀ ਮੈਂ ਕਦੀ ਵੀ ਅਜਿਹੇ ਪਿੰਡ ਵਾਪਸ ਨਹੀਂ ਜਾਵਾਂਗੀ ਜਿਥੇ ਕਿਸੇ ਨੂੰ ਕੋਈ ਅਣਖ ਤੇ ਹਮਦਰਦੀ ਨਹੀਂ ਹੈ । ਤੂੰ ਜਦੋਂ ਦਾ ਪਿੰਡ ਗਿਆ ਰੋਂਦਿਆਂ ਸਾਰੇ ਪਿੰਡ ਵਾਲਿਆਂ ‘ ਚ ਤਰਲੇ ਮਾਰੇ ਕਿਸੇ ਦਾ ਦਿਲ ਨਹੀਂ ਪਿਘਲਿਆ , ਮੈਂ ਉਨ੍ਹਾਂ ਬੁਜ਼ਦਿਲ ਤੇ ਕਾਇਰਾਂ ‘ ਚੋਂ ਕਿਸੇ ਨਾਲ ਵੀ ਵਿਆਹ ਨਹੀਂ ਕਰਾਂਗੀ । ਸਰਦਾਰ ਜੀ ਕਿਰਪਾ ਕਰਨ ਸਾਨੂੰ ਆਪਣੇ ਪਾਸ ਸ਼ਰਨ ਦੇਣ ਅਸੀਂ ਸਿੱਖਾਂ ਦੇ ਜੂਠੇ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਲਵਾਂਗੀਆਂ । ਇਹ ਗਲ ਸੁਣ ਕੇ ਸਰਦਾਰ ਕਹਿਣ ਲਗਾ “ ਪੰਡਤ ਜੀ ! ਤੁਸੀਂ ਕੋਈ ਫਿਕਰ ਨਾ ਕਰੋ ਅੱਜ ਤੋਂ ਇਹ ਮੇਰੀਆਂ ਬੱਚੀਆਂ ਹਨ , ਯੋਗ ਵਰ ਲਭ ਕੇ ਇਨ੍ਹਾਂ ਦਾ ਵਿਆਹ ਕਰਾਂਗਾ । ਏਥੇ ਲੰਗਰ ‘ ਚ ਸੇਵਾ ਕਰਨਗੀਆਂ । ਸਿੱਖਾਂ ਵਿਚ ਕਿਸੇ ਪਰਿਵਾਰ ਵਾਲੇ ਘਰ ‘ ਚ ਰਹਿਣਗੀਆਂ । ਤੁਸੀਂ ਆਪਣੇ ਪਿੰਡ ਜਾ ਸਕਦੇ ਹੋ ਜਾਂ ਫਿਰ ਕਦੇ ਅਲੀ ਬੇਗ ਜਾਂ ਹੋਰ ਕਿਸੇ ਤੁਰਕ ਨੇ ਤੁਹਾਨੂੰ ਸਤਾਇਆ ਤਾਂ ਤੁਸਾਂ ਆ ਕੇ ਦਸਣਾ ਹੈ । ‘ ‘ ਦੋਵੇਂ ਭੈਣਾਂ ਨੇ ਨਵੇਂ ਮਾਹੌਲ ਵਿਚ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ । ਇਨ੍ਹਾਂ ਬਾਣੀ ਤੇ ਬਾਣਾ ਅਪਣਾ ਲਿਆ । ਜਪੁ ਜੀ ਸਾਹਿਬ ਸੁਣ ਕੇ ਕੰਠ ਕਰਨ ਲਗੀਆਂ । ਗੁਰਮੁਖੀ ਪੜ੍ਹਣੀ ਲਿਖਣੀ ਵੀ ਸਿਖ ਲਈ । ਕੁਝ ਚਿਰ ਬਾਅਦ ਦੋਵਾਂ ਨੇ ਅੰਮ੍ਰਿਤ ਛੱਕ ਲਿਆ ਤੇ ਸਿੰਘਣੀਆਂ ਸਜ ਗਈਆਂ । ਸ਼ਾਮੋ ਸ਼ਮਸ਼ੇਰ ਕੌਰ ਤੇ ਰਾਮੋ ਰਾਮ ਕੌਰ ਬਣ ਗਈਆਂ । ਸ਼ਮਸ਼ੇਰ ਕੌਰ ਦੂਜੀ ਭੈਣ ਨਾਲੋਂ ਚੁਸਤ ਤੇ ਹੁਸ਼ਿਆਰ ਦਲੇਰ ਸੀ । ਦੋਹਾਂ ਦੀ ਸਲਾਹ ਨਾਲ ਯੋਗ ਸਿੱਖਾਂ ਨਾਲ ਸ਼ਾਦੀ ਕਰ ਦਿੱਤੀ ਗਈ । ਜਿਸ ਦੀ ਲਾਠੀ ਉਸ ਦੀ ਭੈਸ ਦਾ ਰਿਵਾਜ ਸੀ । ਤੁਰਕਾਂ ਦਾ ਸੂਰਜ ਡੁੱਬ ਰਿਹਾ ਸੀ , ਸਿੱਖਾਂ ਦਾ ਸੂਰਜ ਚੜ੍ਹ ਰਿਹਾ ਸੀ । ਸਿੱਖ ਬਾਰਾਂ ਮਿਸਾਲਾਂ ਵਿਚ ਵੰਡੇ ਹੋਏ ਸਨ । ਰਾਮਗੜੀਆ ਸਰਦਾਰ ਬਟਾਲੇ ਦੇ ਲਾਗਲੇ ਇਲਾਕੇ ਦਾ ਮੁਖੀ ਸੀ । ਪਰ ਆਹਲੂਵਾਲੀਆ ਤੇ ਸ਼ੁਕਰਚਕੀਏ ਦਾ ਧਕਿਆ ਧਕਾਇਆ ਇਥੇ ਮੱਲਾਂ ਮਾਰੀ ਬੈਠਾ ਸੀ । 1778 ਵਿਚ ਏਥੇ ਕਾਫੀ ਇਲਾਕੇ ਦਾ ਮਾਲਕ ਬਣ ਗਿਆ ਸੀ । ਬੜਾ ਅਮਨ ਅਮਾਨ ਕਾਇਮ ਕੀਤਾ 1785 ਵਿਚ ਕਨ੍ਹਈਆ ਤੇ ਸ਼ੁਕਰਚੱਕ ਦੀ ਮਿਸਲ ਵਿਚ ਝਗੜਾ ਹੋ ਗਿਆ । ਸ਼ੁਕਰਚੱਕ ਦੇ ਮਹਾਂ ਸਿੰਘ ਨੇ ਰਾਮਗੜ੍ਹੀਏ ਸਰਦਾਰ ਨੂੰ ਕੇਂਦਰੀ ਪੰਜਾਬ ‘ ਚ ਆਉਣ ਦਾ ਸੱਦਾ ਭੇਜਿਆ ਕਿ ਜੇ ਉਹ ਕਨਈਆ ਮਿਸਲ ਨੂੰ ਹਰਾਉਣ ਵਿਚ ਉਸ ਦੀ ਸਹਾਇਤਾ ਕਰੇ ਤਾਂ ਉਸ ਦਾ ਪੁਰਾਣਾ ਬਟਾਲੇ ਦਾ ਇਲਾਕਾ ਉਸ ਦੇ ਹਵਾਲੇ ਕਰ ਦਿੱਤਾ ਜਾਵੇਗਾ । ਰਾਮਗੜੀਏ ਸਰਦਾਰ ਨੂੰ ਆਪਦਾ ਖੁਸਾ ਹੋਇਆ ਇਲਾਕਾ ਮਿਲਣ ਦੀ ਆਸ ਬੱਝੀ । ਉਧਰ ਬੀਬੀ ਸ਼ਮਸ਼ੇਰ ਕੌਰ ਤੇ ਉਸ ਦੇ ਪਤੀ ਨੇ ਆਪਣੇ ਸਰਦਾਰ ਦੇ ਨਾਲ ਜਾਣ ਦੀ ਆਗਿਆ ਮੰਗੀ ਕਿ ਦੋਵੇਂ ਜੀਅ ਉਸ ਦੀ ਸਹਾਇਤਾ ਕਰ ਸਕਣ । ਪਰ ਸਰਦਾਰ ਇਨ੍ਹਾਂ ਨੂੰ ਹਾਂਸੀ ਹੀ ਹਾਜ਼ਰ ਰਹਿਣ ਲਈ ਕਹਿੰਦਾ , ਪਰ ਇਹ ਜ਼ੋਰ ਪਾ ਕੇ ਨਾਲ ਚਲ ਹੀ ਪਏ । ਸਰਦਾਰ ਵੀ ਮੰਨ ਗਿਆ । ਬਟਾਲੇ ਪੁੱਜ ਕੇ ਘਮਸਾਨ ਦਾ ਯੁੱਧ ਹੋਇਆ । ਬੀਬੀ ਸ਼ਮਸ਼ੇਰ ਕੌਰ ਨੇ ਬੜੀ ਦਲੇਰੀ ਨਾਲ ਸਿੰਘਾਂ ਵਾਲਾ ਬਾਣਾ ਪਾ ਕੇ ਬੜੇ ਜੌਹਰ ਦਿਖਾਏ । ਸ਼ੁਕਰਚੱਕੀਏ ਦੀ ਜਿੱਤ ਹੋਈ । ਰਾਮਗੜੀਏ ਸਰਦਾਰ ਨੂੰ ਆਪਣਾ ਖੁਸਾ ਇਲਾਕਾ ਵਾਪਸ ਮਿਲ ਗਿਆ । ਸਰਦਾਰ ਨੇ ਇਸ ਦੀ ਬਹਾਦਰੀ ਤੇ ਖੁਸ਼ ਹੋ ਕੇ ਸ਼ਮਸ਼ੇਰ ਕੌਰ ਨੂੰ ਹਾਂਸੀ ਦੇ ਪੰਜ ਛੇ ਪਿੰਡਾਂ ਦੀ ਜਾਗੀਰ ਦੇ ਕੇ ਵਾਪਸ ਹਾਸੀ ਭੇਜ ਦਿੱਤਾ । ਸ਼ਮਸ਼ੇਰ ਕੌਰ ਸਰਦਾਰ ਦਾ ਧੰਨਵਾਦ ਕਰਦੀ ਉਸ ਪਾਸੋਂ ਅਸ਼ੀਰਵਾਦ ਲੈਂਦੀ ਆਪਣੇ ਪਤੀ ਦੇ ਕੁਝ ਸਿਪਾਹੀਆਂ ਸਮੇਤ ਹਾਂਸੀ ਵਲ ਚਲ ਪਈ । ਕਿਸੇ ਨੂੰ ਨਹੀਂ ਪਤਾ ਕਿ ਸ਼ਮਸ਼ੇਰ ਇਸਤਰੀ ਹੈ । ਨਿਹੰਗਾਂ ਵਾਲਾ ਬਾਣਾ ਪਹਿਣਦੀ , ਇਲਾਕੇ ਵਿਚ ਬੜੀ ਹਰਮਨ ਪਿਆਰੀ ਹੋ ਗਈ । ਇਲਾਕੇ ਦੇ ਡਾਕੂਆਂ ਤੇ ਲੁਟੇਰਿਆਂ ਨੂੰ ਨੱਥ ਪਾਈ , ਅਮਨ ਅਮਾਨ ਸਥਾਪਤ ਕੀਤਾ । ਗਰੀਬਾਂ ਤੇ ਲੋੜਵੰਦਾਂ ਦੀ ਹਰ ਪ੍ਰਕਾਰ ਸਹਾਇਤਾ ਕਰਨੀ । ਮਾਸੂਮ ਹਿੰਦੂ ਬੱਚੀਆਂ ਨੂੰ ਤੁਰਕ ਚੁੱਕ ਕੇ ਲੈ ਜਾਏ ਤਾਂ ਵਾਪਸ ਉਨ੍ਹਾਂ ਦੇ ਘਰੀਂ ਪਚਾਉਂਦੀ ਤੇ ਚੁਕਣ ਵਾਲਿਆਂ ਨੂੰ ਦੰਡ ਦੇਂਦੀ । ਜਿਵੇਂ ਅਕਾਲ ਪੁਰਖ ਨੇ ਗਰੀਬਾਂ ਦੀ ਰੱਖਿਆ ਤੇ ਸਹਾਇਤਾ ਲਈ ਇਸ ਦੇਵੀ ਨੂੰ ਆਪ ਭੇਜਿਆ ਹੁੰਦਾ ਹੈ । ਇਸ ਇਲਾਕੇ ਇਕ ਪਿੰਡ ਦੇ ਚੌਧਰੀ ਮੁਹੰਮਦ ਅਲੀ ਨੇ ਆਪਣੇ ਇਕ ਕਰਮਚਾਰੀ ਹੈਦਰ ਦੀ ਲੜਕੀ ਰਜ਼ੀਆ ਨਾਲ ਜਬਰੀ ਨਿਕਾਹ ਕਰਨ ਦੀ ਵਿਚਾਰ ਬਣਾਈ ਹਾਲਾਂ ਕਿ ਉਸ ਦੀਆਂ ਪਹਿਲਾਂ ਕਈ ਸ਼ਾਦੀਆਂ ਅਤੇ ਬੱਚੇ ਸਨ । ਰਜ਼ੀਆ ਤੇ ਉਸ ਦੇ ਮਾਪੇ ਇਹ ਸ਼ਾਦੀ ਕਰਨਾ ਨਹੀਂ ਸਨ ਚਾਹੁੰਦੇ । ਅਗਲੇ ਦਿਨ ਰਜ਼ੀਆ ਦੀ ਮਾਂ ਇਸ ਪਿੰਡ ਕੌਟਲੀ ਅਲੀ ਖਾਂ ਨੂੰ ਅੱਧੀ ਰਾਤ ਛੱਡ ਕੇ ਕਿਸੇ ਹੋਰ ਪਿੰਡ ਚਲੀ ਗਈ । ਅਗਲੇ ਦਿਨ ਰਜ਼ੀਆ ਦੇ ਗਾਇਬ ਹੋਣ ਤੇ ਹੈਦਰ ਅਲੀ ਨੂੰ ਗ੍ਰਿਫਤਾਰ ਕਰਕੇ ਕੈਦ ‘ ਚ ਸੁੱਟ ਦਿੱਤਾ । ਹੁਕਮ ਕੀਤਾ ਕਿ ਜਿਨ੍ਹਾਂ ਚਿਰ ਆਪਣੀ ਲੜਕੀ ਮੇਰੇ ਨਾਲ ਨਹੀਂ ਵਿਹਾਵੇਂਗਾ , ਤੂੰ ਕੈਦ ਵਿਚ ਹੀ ਰਹੇਂਗਾ । ਉਸ ਨੂੰ ਮੰਗਵਾ ਦੇ ਤੇ ਆਪਣਾ ਖਹਿੜਾ ਛੁਡਾ । ਵਿਚਾਰੇ ਨੇ ਹੱਥ ਜੋੜ ਕੇ ਕਿਹਾ ‘ ਹਜ਼ੂਰੀ ਤੁਸੀਂ ਪਹਿਲਾ ਕਿੰਨੀਆਂ ਸ਼ਾਦੀਆਂ ਕੀਤੀਆਂ ਹੋਈਆਂ ਹਨ । ਤੁਹਾਡੀ ਧੀਆਂ ਦੀ ਹਾਨਣ ਹੈ । ਰਜ਼ੀਆ ਆਪਣੀ ਜੁਆਨ ਧੀ , ਤੁਹਾਡੇ ਹਵਾਲੇ ਕਰਕੇ ਉਸ ਦੀ ਜ਼ਿੰਦਗੀ ਖਰਾਬ ਕਰਨੀ ਹੈ । ਮੈਨੂੰ ਤਾਂ ਕੋਈ ਪਤਾ ਨਹੀਂ ਕਿ ਮਾਵਾਂ ਧੀਆਂ ਕਿਥੇ ਗਈਆਂ ਹਨ । ‘ ‘ ਚੌਧਰੀ ਨੇ ਹਰਕਾਰੇ ਭੇਜ ਰਜ਼ੀਆ ਨੂੰ ਫੜ ਲਿਆਂਦਾ । ਰਾਹ ਵਿਚ ਪਿਆਸ ਲਗੀ ਤਾਂ ਸਿਪਾਹੀਆਂ ਨੂੰ ਤਰਲਾ ਮਾਰ ਕੇ ਰਾਹ ਵਿਚ ਹਦਵਾਨਿਆ ਦੇ ਖੇਤ ‘ ਚ ਹਦਵਾਨਾ ਖਾਣ ਲਈ ਕਿਹਾ । ਉਹ ਵੀ ਹਦਵਾਨਾ ਖਾਣ ਲਗੀ ਤੇ ਸਿਪਾਹੀਆਂ ਨੇ ਵੀ ਹਦਵਾਨੇ ਖਾਣੇ ਸ਼ੁਰੂ ਕਰ ਦਿੱਤੇ । ਰੱਬ ਦਾ ਭਾਣਾ ਇਧਰ 20 ਕੁ ਸਿੱਖਾਂ ਦਾ ਜਥਾ ਆ ਨਿਕਲਿਆ । ਬੀਬੀ ਸ਼ਮਸ਼ੇਰ ਕੌਰ ਜਥੇ ਦੀ ਮੁਖੀ ਨੇ ਇਨ੍ਹਾਂ ਨੂੰ ਇਸ ਬੀਬੀ ਬਾਰੇ ਪੁੱਛਿਆ ਤਾਂ ਸਿਪਾਹੀਆਂ ਨੇ ਟਾਲ ਮਟੋਲ ਕਰਨੀ ਚਾਹੀ ਤਾਂ ਰਜ਼ੀਆ ਨੇ ਨਿਝੱਕ ਸਾਰੀ ਵਿਥਿਆ ਦੱਸ ਦਿੱਤੀ । ਰਜ਼ੀਆ ਦੀ ਦੁੱਖ ਭਰੀ ਕਹਾਣੀ ਸੁਣ ਕੇ ਸਿਪਾਹੀਆਂ ਨੂੰ ਦਬਕਦਿਆਂ ਕਿਹਾ ਕਿ “ ਕੋਟਲੀ ਅਲੀ ਖਾਂ ਪਿੰਡ ਦੇ ਮੁਖੀ ਨੂੰ ਮੇਰੇ ਵਲੋਂ ਕਹਿ ਦਿਓ ਕਿ ਇਸ ਦੇ ਪਿਤਾ ਨੂੰ ਆਜ਼ਾਦ ਕਰ ਦੇਵੇ ਨਹੀਂ ਤਾਂ ਉਸ ਦਾ ਸਾਰਾ ਪਰਿਵਾਰ ਸਾੜ ਦਿੱਤਾ ਜਾਵੇਗਾ । ਤੁਰਨ ਲਗਿਆਂ ਉਨ੍ਹਾਂ ਸਿਪਾਹੀਆਂ ਦੇ ਹਥਿਆਰ ਤੇ ਘੋੜੇ ਵੀ ਖੋਹ ਲਏ । ਮਾਂ ਧੀ ਨੂੰ ਘੋੜੇ ਤੇ ਬਿਠਾਲ ਹਾਂਸੀ ਵੱਲ ਲੈ ਆਂਦਾ । ਜਦੋਂ ਘਰ ਆ ਕੇ ਸ਼ੇਰਨੀ ਨੇ ਕਪੜੇ ਬਦਲੇ ਤਾਂ ਮਾਂ ਹੀ ਹੈਰਾਨ ਰਹਿ ਗਈਆਂ ਕਿ ਇਕ ਔਰਤ ਨੇ ਇਨ੍ਹਾਂ ਨੂੰ ਛੁਡਾਇਆ ਹੈ । ਜਦੋਂ ਚੌਧਰੀ ਨੇ ਰਜ਼ੀਆ ਦੇ ਬਾਪ ਨੂੰ ਨਾ ਛਡਿਆ ਤੇ ਇਕ ਰਾਤ ਬਹਾਦਰ ਸ਼ੇਰਨੀ ਨੇ ਆਪਣੇ ਕੁਝ ਸਿਪਾਹੀ ਸਮੇਤ ਉਸ ਦੇ ਪਿੰਡ ਪੁੱਜ ਇਕ ਰੁਖ ਰਾਹੀਂ ਉਸ ਦੇ ਪੱਕੇ ਘਰ ਵਿਚ ਉਤਰ ਜੈਕਾਰਾ ਛੱਡ ਹਮਲਾ ਕਰ ਦਿੱਤਾ । ਸ਼ਰਾਬ ਵਿਚ ਗੁਟ ਚੌਧਰੀ ਅੰਦਰ ਨਾਚ ਵੇਖ ਰਿਹਾ ਸੀ । ਹੱਥਾਂ ਪੈਰਾਂ ਦੀ ਪੈ ਟਾਕਰਾ ਕੀਤਾ । ਅਲੀ ਨੇ ਆਪਣੀ ਤਲਵਾਰ ਮਿਆਨੋਂ ਕੱਢੀ ਹੀ ਸੀ ਕਿ ਸ਼ੇਰਨੀ ਨੇ ਝਪਟ ਮਾਰ ਕੇ ਉਸ ਦੀ ਤਲਵਾਰ ਦੇ ਦੋ ਟੋਟੇ ਕਰ ਦਿੱਤੇ । ਰਜ਼ੀਆ ਦੇ ਪਿਤਾ ਨੂੰ ਕੈਦ ‘ ਚੋਂ ਛੁਡਾ ਲਿਆ । ਚੌਧਰੀ ਅਲੀ ਨੇ ਅਗੇ ਤੋਂ ਅਜਿਹਾ ਕੁਕਰਮ ਕਰਨ ਤੋਂ ਮਾਫੀ ਮੰਗ ਕੇ ਆਪਣੀ ਜਾਨ ਬਚਾਈ । ਅਲੀ ਕੋਲੋਂ ਇਹ ਬੇਇਜ਼ਤੀ ਸਹਾਰੀ ਨਾ ਗਈ । ਸਾਰੇ ਮੁਸਲਮਾਨ ਮੁਖੀਆਂ ਦਾ ਇਕੱਠ ਕਰਕੇ ਉਨ੍ਹਾਂ ਚੁੱਕਦਿਆਂ ਕਿਹਾ ਕਿ ਆਪਣੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਇਸਤਰੀ ਸਾਡੇ ਉਪਰ ਰਾਜ ਕਰੇ। ਉਸ ਪਾਸ ਬੜਾ ਖਜਾਨਾ ਹੈ ਆਪਾਂ ਇਕੱਠੇ ਹੋ ਕੇ ਉਸ ਤੇ ਹਮਲਾ ਕਰ ਉਸ ਨੂੰ ਫੜ ਕੇ ਖਜ਼ਾਨਾ ਖੋਹ ਲਈਏ । ਜਹਾਦ ਦਾ ਨਾਅਰਾ ਲਾ ਕੇ 3000 ਤੁਰਕ ਇਕੱਠੇ ਕਰ ਲਏ । ਸ਼ੇਰਨੀ ਦੇ ਕੰਨੀ ਭਿਣਕ ਪੈ ਗਈ । ਕਿਲ੍ਹਾ ਛੱਡ ਦੋ ਕੁ ਸੌ ਸਿੱਖਾਂ ਨਾਲ ਬਾਹਰ ਆ ਡਟੀ । ਘਮਸਾਨ ਦਾ ਯੁੱਧ ਹੋਇਆ ਸਿੱਖਾਂ ਨੇ ਤੁਰਕਾਂ ਦੇ ਆਹੂ ਲਾ ਲਾ ਧਰਤੀ ਤੇ ਲਾਲ ਚਾਦਰ ਵਿਛਾ ਦਿੱਤੀ । ਅਲੀ ਨੇ ਸ਼ੇਰਨੀ ਨੂੰ ਵੰਗਾਰਿਆ ਕਿਹਾ ਕਿ “ ਜੇ ਹਿੰਮਤ ਹੈ ਮੇਰੇ ਨਾਲ ਦੋ ਹੱਥ ਕਰ । ‘ ‘ ਸ਼ੇਰਨੀ ਨੂੰ ਇਹ ਗੱਲ ਅੱਗ ਵਾਂਗ ਲਗ ਗਈ । ਜੈਕਾਰਾ ਛੱਡ ਕੇ ਘੋੜਾ ਭਜਾ ਅਲੀ ਦੇ ਸਾਹਮਣੇ ਆ ਡਟੀ । ਕਹਿਣ ਲਗੀ , “ ਸਿੱਖੀ ਪ੍ਰੰਪਰਾ ਹੈ ਇਹ ਪਹਿਲਾ ਵਾਰ ਨਹੀਂ ਕਰਦੇ ਤੂੰ ਪਹਿਲਾਂ ਵਾਰ ਕਰ । ” ਮੂਜੀ ਅਲੀ ਨੇ ਪੂਰੇ ਬੱਲ ਨਾਲ ਤਲਵਾਰ ਦਾ ਵਾਰ ਕੀਤਾ । ਸ਼ੇਰਨੀ ਨੇ ਫੁਰਤੀ ਨਾਲ ਢਾਲ ਤੇ ਵਾਰ ਝੱਲ ਕੇ ਏਡੀ ਜ਼ੋਰ ਦੀ ਕਿਰਪਾਨ ਦਾ ਵਾਰ ਕੀਤਾ ਕਿ ਧੌਣ ਤੋਂ ਲੱਥ ਕੇ ਸਿਰ ਭੁੰਝੇ ਡਿੱਗ ਪਿਆ । ਇਸ ਦੇ ਮਰਦਿਆਂ ਹੀ ਸਾਰੇ ਤੁਰਕ ਮੈਦਾਨ ਛੱਡ ਕੇ ਹਰਨ ਹੋ ਗਏ । ਸ਼ਮਸ਼ੇਰ ਕੌਰ ਦਾ ਪਤੀ ਵੀ ਸ਼ਹੀਦ ਹੋ ਗਿਆ ਤੇ ਆਪ ਵੀ ਜਖਮੀ ਹੋ ਗਈ ਪਰ ਹੌਸਲਾ ਨਹੀਂ ਛਡਿਆ । ਏਧਰ ਮਰਹਟਿਆਂ ਨੇ ਦਿੱਲੀ ਨੂੰ ਜਿੱਤ ਕੇ ਸੁਨੇਹਾ ਭੇਜਿਆ ਕਿ “ ਅਸੀਂ ਰਾਹ ‘ ਚ ਸਾਰੇ ਰਾਜਿਆਂ ਨੂੰ ਹਰਾ ਆਏ ਹਾਂ , ਕਈ ਹਜ਼ਾਰ ਲਸ਼ਕਰ ਸਮੇਤ ਤੇਰੇ ਵਲ ਆ ਰਹੇ ਹਾਂ ਤੂੰ ਕਿਲ੍ਹਾ ਛਡ ਕੇ ਏਥੋਂ ਪੰਜਾਬ ਚਲੀ ਜਾ । ਸ਼ੇਰਨੀ ਪਾਸ ਕੇਵਲ ਇਕ ਹਜ਼ਾਰ ਸਿੱਖ ਸਨ ਇਨ੍ਹਾਂ ਵਿਚ ਅਜਿਹੀ ਰੂਹ ਫੂਕੀ ਕਿ ਸਾਰੇ ਲੜਨ ਮਰਨ ਲਈ ਤਿਆਰ ਸਨ । ਮਰਹਟਿਆਂ ਨੇ ਬੜੇ ਜ਼ੋਰ ਦਾ ਧਾਵਾ ਬੋਲਿਆ । ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ । ਸ਼ੇਰਨੀ ਘੋੜੇ ਤੇ ਸਵਾਰ ਸਿੱਖਾਂ ਨੂੰ ਹੌਸਲਾ ਦੇਂਦੀ ਫਿਰਦੀ , ਨਾਲ ਵੈਰੀਆਂ ਦੇ ਆਹੂ ਲਾਹੀ ਜਾਂਦੀ । ਬੱਤੀ ਘਾਓ ਲਗ ਚੁਕੇ ਸਨ । ਵੈਰੀ ਦੀ ਵੰਗਾਰ ਨੂੰ ਕਬੂਲਦੀ , ਈਨ ਨ ਮੰਨਦੀ ਸ਼ੇਰਨੀ ਸਿੱਖੀ ਪ੍ਰੰਪਰਾ ਨੂੰ ਚਾਰ ਚੰਨ ਲਾਉਂਦੀ ਸ਼ਹੀਦ ਹੋ ਗਈ । ਇਸ ਇਲਾਕੇ ਵਿਚ ਅੱਜ ਤੱਕ ਲੋਕੀਂ ਇਸ ਦੀ ਬਹਾਦਰੀ ਦੀਆਂ ਵਾਰਾਂ ਗਾਉਂਦੇ ਹਨ ।
ਜੋਰਾਵਰ ਸਿੰਘ ਤਰਸਿੱਕਾ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top