ਜੋ ਕੁਝ ਤੂੰ ਚਾਹੁੰਦਾ ਹੈਂ – ਸੰਤ ਸਿੰਘ ਜੀ ਮਸਕੀਨ
ਇਕ ਬੜੀ ਸੁੰਦਰ ਮਿੱਥ ਹੈ ਕਿ ਇਕ ਦਫ਼ਾ ਸ਼ਿਵ ਜੀ ਨੇ ਪ੍ਰਾਰਥਨਾ ਕੀਤੀ,”ਹੇ ਅਕਾਲ ਪੁਰਖ!ਇਹ ਤੂੰ ਮੈਨੂੰ ਜੋ ਸੇਵਾ ਬਖ਼ਸ਼ੀ ਹੈ ਮੌਤ ਦੀ,ਮੈਂ ਜਿਸ ਘਰ ਦੇ ਵਿਚ ਜਾਨਾਂ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਹੈ।ਇਹ ਮੈਨੂੰ ਚੰਗਾ ਨਈਂ ਲੱਗਦਾ, ਮੇਰੀ ਸੇਵਾ ਬਦਲ ਦਿੱਤੀ ਜਾਏ।ਜਿਹੜਾ ਕੰਮ ਇੰਦਰ ਨੂੰ ਸੋਂਪਿਆ ਗਿਆ ਹੈ ਵਰਖਾ ਕਰਨ ਦਾ,ਇਹ ਕੰਮ ਮੈਨੂੰ ਦਿੱਤਾ ਜਾਏ।”
ਪਰਮਾਤਮਾ ਨੇ ਆਖਿਆ ਸ਼ੰਕਰ! ਵਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਈਂ, ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ। ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ।” ਪਰ ਸ਼ਿਵ ਜੀ ਨੇ ਹੱਠ ਕੀਤੀ, “ਨਈਂ,ਜੇ ਵਰਖਾ ਇੰਦਰ ਕਰ ਸਕਦਾ ਹੈ ਤੇ ਮੈਂ ਕਿਉਂ ਨਈਂ ਕਰ ਸਕਦਾ। ਮੇਰੀ ਝੋਲੀ ‘ਚ ਇਹ ਸੇਵਾ ਪਾਈ ਜਾਏ।” ਬਹੁਤੇ ਤਰਲੇ ਤੇ ਹਠ ਕਰਕੇ ਪਰਮਾਤਮਾ ਨੇ ਇਹ ਸੇਵਾ ਝੋਲੀ ‘ਚ ਪਾ ਦਿੱਤੀ, “ਅੱਛਾ,ਹੁਣ ਆਈਂਦਾ ਤੋਂ ਵਰਖਾ ਤੂੰ ਕਰੇਂਂਗਾ।”
ਸ਼ਿਵ ਜੀ ਨੇ ਇਹ ਵਰ ਪਰਾਪਤ ਕੀਤਾ ਜਦੋੰ ਮੈਂ ਡੰਬਰੂ ਵਜਾਵਾਂ ਉਦੋਂ ਹੀ ਵਰਖਾ ਹੋਵੇ, ਉਸ ਤੋਂ ਪਹਿਲੇ ਨਈਂ ਹੋਣੀ ਚਾਹੀਦੀ। ਤਥਾ ਅਸਤੂ ਕਹਿ ਦਿੱਤਾ ਗਿਆ, ਠੀਕ ਹੈ , ਤੂੰ ਡੰਬਰੂ ਵਜਾਏਂਗਾ ਵਰਖਾ ਹੋਵੇਗੀ।
ਮਾਤ ਲੋਕ ਦੇ ਵਿਚ ਆਏ ਸ਼ਿਵ ਜੀ, ਕਿਸਾਨ ਲੋਕ ਹਲ ਚਲਾ ਰਹੇ ਸਨ ਤਾਂ ਸ਼ਿਵ ਜੀ ਕਹਿਣ ਲੱਗੇ,”ਸੁਣੋ, ਹਲ ਨਾ ਚਲਾਉ।”
“ਕਿਉਂ?”
ਤੇਰਾਂ ਸਾਲ ਤੱਕ ਮੀਂਹ ਨਈਂ ਪੈਣਾ,ਵਰਖਾ ਮੇਰੇ ਹੱਥ ਵਿਚ ਹੈ।”
ਲੈ ਕੇ ਵਰ ਆਇਆ ਹਾਂ ਵਰਖਾ ਦਾ, ਇੰਦਰ ਕਰ ਰਿਹਾ ਹੈ ਮੌਤ, ਆਪਣੇ ਸੁਭਾਅ ਦੇ ਮੁਤਾਬਿਕ। ਪੰਦਰਾਂ ਦਿਨਾਂ ਬਾਅਦ ਜਦ ਫੇਰ ਓਥੋੰ ਲੰਘਿਆ ਤਾਂ ਕਿਸਾਨ ਬੀਜ ਪਏ ਪਾਉਣ।ਸ਼ਿਵ ਜੀ ਗੁੱਸੇ ‘ਚ ਆ ਕੇ ਕਹਿਣ ਲੱਗੇ,”ਜਦ ਮੈਂ ਕਹਿ ਦਿੱਤਾ ਹੈ, ਤੇਰਾਂ ਸਾਲ ਤੱਕ ਮੀਂਹ ਨਈਂ ਪੈਣਾ ਤਾਂ ਬੀਜ ਕਿਉਂ ਰੋਲ ਰਹੇ ਹੋ ਜ਼ਮੀਨ ‘ਚ, ਕਿਉਂ ਨਾਸ ਕਰ ਰਹੇ ਹੋ,ਕਿਉਂ ਆਪਣਾ ਨੁਕਸਾਨ ਕਰ ਰਹੇ ਹੋ।”
ਕਿਸਾਨ ਕਹਿਣ ਲੱਗੇ,”ਰੱਬ ਚਾਹਵੇਗਾ ਤਾਂ ਬਿਨਾ ਮੀਂਹ ਤੇ ਵੀ ਬੀਜ ਉੱਗ ਆਉਣਗੇ ਤੇ ਜੇ ਨਾ ਵੀ ਉੱਗੇ ਤਾਂ ਤੇਰਾਂ ਸਾਲ ਬਾਅਦ ਮੀਂਹ ਪੈਣਾ ਹੈ ਤੇ ਤੇਰਾਂ ਸਾਲ ਜੇ ਅਸੀਂ ਬੀਜ ਬੋਇਆ ਨਾ, ਹਲ ਚਲਾਇਆ ਨਾ, ਅਸੀਂ ਤੇ ਹਲ ਚਲਾਉਣਾ ਹੀ ਭੁੱਲ ਜਾਵਾਂਗੇ, ਸਾਡੀ ਸੰਤਾਨ ਭੁੱਲ ਜਾਵੇਗੀ। ਅਸੀਂ ਖੇਤੀਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ।”
ਥੋੜੇ ਜਿਹੇ ਸ਼ਿਵ ਜੀ ਅੱਗੇ ਚਲੇ ਗਏ,ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਕਿ ਜੇ ਮੈਂ ਤੇਰਾਂ ਸਾਲ ਤੱਕ ਡੰਬਰੂ ਵਜਾਇਆ ਨਾ ਤੇ ਮੈਂ ਵਜਾਉਣਾ ਭੁੱਲ ਜਾਵਾਂਗਾ।ਇਕਦਮ ਝੋਲੀ ਦੇ ‘ਚੋਂ ਡੰਬਰੂ ਕੱਢਿਆ ਔਰ ਉਹਨੂੰ ਵਜਾਉਣ ਲੱਗ ਪਏ ਤੇ ਵਜਾਉਂਦਿਆਂ ਹੀ ਮੀਂਹ ਪੈ ਗਿਆ।ਗੁੱਸੇ ‘ਚ ਆਏ,”ਇਹ ਮੇਰੀ ਚਾਹਤ ਤੋਂ ਬਿਨਾ ਕਿਸ ਤਰ੍ਹਾਂ ਹੋ ਗਿਆ।”
ਅਲਹਾਮ ਹੋਇਆ,ਅਕਾਸ਼ਵਾਣੀ ਹੋਈ,ਤੂੰ ਹੀਂ ਵਰ ਲਿਆ ਸੀ,ਜਦ ਮੈਂ ਡੰਬਰੂ ਵਜਾਵਾਂ ਉਦੋਂ ਵਰਖਾ ਹੋਵੇ,ਤੇ ਹੋ ਗਈ ਏ ਵਰਖਾ।”
ਸ਼ਿਵ ਜੀ ਦੇ ਹੱਥ ਜੁੜ ਗਏ,ਕਹਿਣ ਲੱਗੇ,”ਨਈਂ! ਇਹ ਤੇ ਜੋ ਕੁਝ ਤੂੰ ਚਾਹੁੰਦਾ ਹੈਂ,ਓਹੀ ਕੁਛ ਹੁੰਦਾ ਹੈ,ਜੋ ਕੁਛ ਅਸੀਂ ਚਾਹੁੰਨੇ ਹਾਂ,ਉਹ ਕੁਝ ਨਈਂ ਹੁੰਦਾ।”
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ -:
‘ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥’
{ ਮ: ੧,ਅੰਗ ੭}
ਹਕੀਕਤ ਤਾਂ ਇਹ ਹੈ ਕਿ ਪਰਮਾਤਮਾ ਜਿਵੇ ਚਾਹੁੰਦਾ ਹੈ ਤਿਵੇਂ ਆਪਣੀ ਪ੍ਰਾਕ੍ਰਿਤੀ ਨੂੰ ਚਲਾ ਰਿਹਾ ਹੈ।ਜਿਵੇਂ ਉਸਦਾ ਹੁਕਮ ਹੈ ਤਿਵੇਂ ਹੀ ਜਗਤ ਦੇ ਵਿਚ ਸਭ ਕੁਝ ਹੋ ਰਿਹਾ ਹੈ।ਉਸ ਤੋਂ ਬਿਨਾ ਹੋਰ ਕੁਝ ਨਈਂ,ਉਸ ਤੋਂ ਹੀ ਉਤਪਤੀ ਹੋ ਰਹੀ ਏ,ਉਸ ਤੋਂ ਹੀ ਪਾਲਣਾ ਹੋ ਰਹੀ ਏ,ਉਸ ਤੋਂ ਹੀ ਨਾਸ ਹੋ ਰਿਹਾ ਹੈ।ਕਿਉਂਕਿ ਉਸਦਾ ਕੋਈ ਮੁੱਦਾ ਨਈਂ,ਉਸ ਲਈ ਇਹ ਸਭ ਕੁਛ ਤਮਾਸ਼ਾ ਹੈ,ਉਸ ਲਈ ਇਹ ਸਭ ਕੁਝ ਖੇਲ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ।