ਗੁਰੂ ਗੋਬਿੰਦ ਸਿੰਘ ਜੀ ਭਾਗ 10 ਤੇ ਆਖਰੀ
ਗੁਰੂ ਗੋਬਿੰਦ ਸਿੰਘ ਜੀ ਭਾਗ 10 ਤੇ ਆਖਰੀ
ਬਾਣੀ
ਗੁਰੂ ਜੀ ਨੇ ਜਾਪੁ ਸਾਹਿਬ , ਅਕਾਲ ਉਸਤਤ .33 ਸਵਈਏ , ਖਾਲਸਾ ਮਹਿਮਾ , ਗਿਆਨ ਪ੍ਰਬੋਧ ,ਚੰਡੀ ਚਰਿਤ੍ਰ (ਵਡਾ) ਚੰਡੀ ਚਰਿਤ੍ਰ (ਛੋਟਾ) , ਚੰਡੀ ਦੀ ਵਾਰ , ਚੋਬਿਸ ਅਵਤਾਰ , ਬਚਿਤ੍ਰ ਨਾਟਕ , ਚਰਿਤ੍ਰੋ ਪਾਖਯਾਨ , ਜਫਰਨਾਮਾ , ਹਕਾਯਤਾਂ , ਸ਼ਬਦ ਹਜਾਰੇ, ਪਵਿਤਰ ਬਾਣੀਆਂ ਦੀ ਰਚਨਾ ਕੀਤੀ ਹੈ । ਜਾਪੁ ਸਾਹਿਬ ਵਿਚ ਅਕਾਲ ਉਸਤਤਿ ਦੇ ਨਾਲ ਨਾਲ ਵਹਿਮਾ ਭਰਮਾ ਪਖੰਡਾ ਦਾ ਵਿਰੋਧ ਕੀਤਾ ਹੈ । ਬਚਿਤ੍ਰ ਨਾਟਕ ਵਿਚ ਆਪਣੇ ਪਿਤਰੀ ਤੇ ਪੂਰਵ ਜਨਮ ਦਾ ਬਿਆਨ ਕਰਦੇ ਹਨ ਤੇ ਸਮਾਜ ਦੀਆਂ ਕੁਰੀਤੀਆਂ ਦਾ ਖੰਡਣ ਕਰਦੇ ਹਨ । ਅਕਾਲ ਪੁਰਖ ਨਾਲ ਜੁੜਨ ਦੀ ਗਲ ਕਰਦੇ ਹਨ । ਚੰਡੀ ਦੀ ਵਾਰ ਬੀਰ ਰਸ ਵਿਚ ਹੈ ਜਿਸਦੇ 55 ਬੰਦਾ ਵਿਚ ਚੰਡੀ ਦੇ ਕਾਰਨਾਮਿਆ ਦਾ ਸੂਖਸ਼ਮ ਵਰਣਨ ਕਰਦੇ ਹਨ।
ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਉਸ ਓਚਾਈਆਂ ਤਕ ਪਹੁੰਚਾਇਆ ਹੈ ਜਿਥੇ ਆਮ ਆਦਮੀ ਦਾ ਪਹੁੰਚਣਾ ਅਸੰਭਵ ਹੈ । ਸੰਗੀਤ ਤੇ ਵਿਦਵਤਾ ਆਸਮਾਨ ਨੂੰ ਝੂਹ ਰਹੀ ਹੈ । ਜਿਤਨੇ ਪ੍ਰਚਲਤ ਤੇ ਆਪ੍ਰਚਲਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ , ਅਜ ਤਕ ਕਿਸੇ ਕਵੀ ਨੇ ਵਰਤਣੇ ਤੇ ਅੱਲਗ, ਸੂਝ ਵੀ ਨਹੀ ਹੋਵੇਗੀ । ਬਾਣੀ ਵਿਚ ਅਲੰਗਕਾਰਾਂ ਦੀ ਭਰਮਾਰ ਹੈ ,ਫਿਰ ਵੀ ਬਾਣੀ ਵਿਚ ਸਾਦਗੀ ਰਖਣੀ ਓਹਨਾਂ ਦੀ ਰਚਨਾ ਦਾ ਖਾਸ ਗੁਣ ਹੈ । ਗੁਰੂ ਸਾਹਿਬ ਬੋਲੀਆਂ ਦੇ ਖਾਲੀ ਜਾਣੂ ਹੀ ਨਹੀ ਸਨ ਬਲਿਕ ਮਾਹਿਰ ਵੀ ਸਨ । ਅਰਬੀ ਦੇ ਗਿਆਨ ਦੀ ਸਿਖਰ , ਫ਼ਾਰਸੀ ਤੇ ਸੰਸਕ੍ਰਿਤ ਦਾ ਮੂੰਹ ਤੇ ਚੜਨਾ ਜਿਸ ਨੂੰ ਬੜੀ ਖੁਲੀ– ਦਿਲੀ ਨਾਲ ਬਾਣੀ ਵਿਚ ਵਰਤਿਆ ਹੈ । ਬਿਹਾਰੀ ,ਬ੍ਰਿਜ ਭਾਸ਼ਾ , ਮਾਝੀ ਵਿਚ ਓਹ ਮਾਹਿਰ ਸਨ ਫ਼ਾਰਸੀ ਵਿਚ ਜ਼ਫਰਨਾਮਾ ਜਿਸਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾਕੇ ਰਖ ਦਿਤਾ। ਜਾਪੁ ਸਾਹਿਬ ਵਿਚ 1100 ਅਕਾਲ ਪੁਰਖ ਦੇ ਉਪਨਾਮ ਜਿਨਾਂ ਵਿਚੋਂ ਤਕਰੀਬਨ ੮੫ ਮੁਸਲਮਾਨੀ ਨਾਮ ਹਨ ਜੋ ਕੁਰਾਨ ਮਜੀਦ ਦੇ ਉਪਨਾਵਾਂ ਤੋਂ ਬਿਲਕੁਲ ਵਖ ਹਨ । ਠੀਕ ਸਮੇ ਵਿਚ ਠੀਕ ਸ਼ਬਦ ਵਰਤਣਾ ਉਹਨਾਂ ਦੀ ਕਲਾ ਸੀ ।
“ਜਿਮੀ ਤੁਹੀਂ , ਜਮਾ ਤੁਹੀਂ ।
ਮਕੀ ਤੁਹੀਂ ,ਮਕਾ ਤੁਹੀਂ ।
ਅਭੂ ਤੁਹੀਂ ,ਅਭੈ ਤੁਹੀਂ ।
ਅਛੂ ਤੁਹੀਂ ,ਅਛੇ ਤੁਹੀਂ ।
ਜਤਸ ਤੁਹੀਂ ਬ੍ਰੇਹਸ ਤੁਹੀਂ ।
ਗਤਸ ਤੁਹੀਂ ,ਮਤਸ ਤੁਹੀਂ ।
ਤੁਹੀਂ ਤੁਹੀਂ, ਤੁਹੀਂ ਤੁਹੀਂ ।
ਤੁਹੀਂ ਤੁਹੀਂ ਤੁਹੀਂ ਤੁਹੀਂ ।
ਇਹ ਬਾਣੀ ਅਕਾਲ ਉਸਤਤਿ ਜਿਸ ਵਿਚ ਗੁਰੂ ਸਾਹਿਬ ਨੇ ਉਚਾਰਿਆ ਹੈ ” ਸਮੁਚੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ ਤੇ ਉਸਦੀ ਸਿਰਜੀ ਹੋਈ ਹੈ ਪਰ ਮਨੁਖ ਇਸ ਰਚਨਾ ਨੂੰ ਸਮਝਣ ਵਿਚ ਅਸਮਰਥ ਹੈ । ਮਨੁਖ ਚੰਗਿਆਈ ਤੇ ਬੁਰਾਈ ਦੀ ਪਰਖ ਆਪਣੀ ਕਸਵਟੀ ਤੇ ਆਪਣੀਆਂ ਸੰਭਾਵਨਾਵਾਂ ਨਾਲ ਕਰਦਾ ਹੈ । ਓਸ ਨੂੰ ਲਗਦਾ ਹੈ ਕਿ ਕੁਦਰਤ ਦੀਆਂ ਸਾਰੀਆਂ ਨਿਹਮਤਾਂ ਦਾ ਹਕਦਾਰ ਓਹੀ ਹੈ ਤੇ ਜਦੋਂ ਵੀ ਉਸਦੀ ਮਰਜ਼ੀ ਤੋਂ ਕੁਝ ਉਲਟ ਹੋ ਜਾਂਦਾ ਹੈ ਓਹ ਰਬ ਨੂੰ ਦੋਸ਼ ਦੇਣ ਲਗ ਜਾਂਦਾ ਹੈ । ਮੁਸ਼ਕਲਾਂ ਤੇ ਓਕ੍ੜਾ ਮਨੁਖੀ ਆਚਰਣ ਦਾ ਵਿਕਾਸ ਕਰਦੀਆਂ ਹਨ । ਪੀੜਾ ਤੇ ਦੁਖ ਨੂੰ ਸਹਿਣਾ ਸਿਰਫ ਅਕਾਲ ਪੁਰਖ ਦੀ ਮਿਹਰ ਸਦਕਾ ਹੁੰਦਾ ਹੈ । ਸਿਵਾਏ ਅਕਾਲ ਪੁਰਖ ਦੇ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ । ਓਹੀ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਅੰਤ ਕਰਨ ਵਾਲਾ ਹੈ । ਨਿਕਾਸ, ਵਿਕਾਸ ਤੇ ਵਿਨਾਸ਼ ਸਭ ਕੁਛ ਉਸਦੇ ਹਥ ਵਿਚ ਹੈ । ਰਾਮ, ਰਹੀਮ ਤੇ ਪੈਗਮ੍ਬਰ ਵੀ ਇਸ ਮੌਤ ਤੋ ਬਚ ਨਹੀ ਸਕੇ। ਵਿਅਕਤੀ ਤੇ ਅਕਾਲ ਪੁਰਖ ਦਾ ਡੂੰਘਾ ਸਬੰਧ ਹੈ । ਉਸਦੀ ਹੋਂਦ ਤੋਂ ਅਸੀਂ ਮਨੁਕਰ ਨਹੀਂ ਸਕਦੇ । ਓਹ ਮਨੁਖ ਲਈ ਉਸ ਤਰਹ ਹੈ ਜਿਵੇ ਜਿੰਦਗੀ ਲਈ ਹਵਾ ਤੇ ਪਾਣੀ । ਅਕਾਲ ਪੁਰਖ ਨਾਲੋਂ ਟੁਟੇ ਬੰਦੇ ਦਾ ਓਹੀ ਹਾਲ ਹੁੰਦਾ ਹੈ ਜਿਵੇ ਟਹਿਣੀ ਨਾਲੋਂ ਟੁਟੇ ਫੁਲ ਦਾ । ਉਸਦੀ ਪ੍ਰਾਪਤੀ ਲਈ ਓਹ ਅਨੇਕਾਂ ਜਤਨ , ਤੀਰਥ ਇਸ਼ਨਾਨ, ਦਾਨ– ਪੁਨ ,ਭੇਖ ਆਦਿ ਕਰਦਾ ਹੈ ਪਰ ਸਫਲ ਨਹੀਂ ਹੁੰਦਾ । ਕੇਵਲ ਸਚੇ ਹਿਰਦੇ ਨਾਲ ਉਸਦਾ ਸਿਮਰਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦੀ ਰਵਾਇਤ ਅਨੁਸਾਰ ਰਬ ਇਕ ਹੈ । ਚਕ੍ਰ ,ਚਿਹਨ ,ਬਰਨ, ਜਾਤ ,ਰੂਪ ਰੰਗ ਰੇਖ ਭੇਖ ਦਾ ਕੋਈ ਵਿਤਕਰਾ ਨਹੀਂ ।
ਧਰਮ ਕੋਈ ਵੀ ਹੋਵੇ ਉਸ ਵਿਚ ਪ੍ਰਪਕ ਰਹਿਣਾ ਬਹੁਤ ਜਰੂਰੀ ਹੈ । ਸਿਖ ਨੂੰ ਕਰਮਕਾਂਡਾਂ ,ਵਹਿਮ–ਭਰਮਾ , ਛੁਆ– ਛੂਤ, ਜਾਤ–ਪਾਤ, ਊਂਚ –ਨੀਚ ਤੋਂ ਉਪਰ ਉਠਕੇ ਇਕ ਪ੍ਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ ਜੋ ਉਸਦੇ ਮੰਨ–ਮੰਦਿਰ ਵਿਚ ਹੈ ।
“ਰੇ ਮਨ ਐਸੋ ਕਰ ਸਨਿਆਸਾ ।।
ਬਨ ਸੇ ਸਦਨ ਸਭੈ ਕਰਿ ਸਮਝਹੁ
ਮਨ ਹੀ ਮਾਹਿ ਉਦਾਸਾ ।।“
ਓਹ ਆਪ ਇਕ ਮਹਾਨ ਸ਼ਖਸ਼ੀਅਤ ਤੇ ਸਹਿਤਕ ਰੁਚੀਆਂ ਦੇ ਮਾਲਕ ਸਨ । ਲੋਕਾਂ ਨੂੰ ਵੀ ਇਸ ਮੰਚ ਤੇ ਇਕੱਠਾ ਕੀਤਾ । ਓਟ ਅਕਾਲ ਦੀ ,ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ,ਸਿਖੀ ਨੂੰ ਸ਼ਬਦ ਗੁਰੂ ਨਾਲ ਜੋੜਕੇ ਸਦੀਵੀ ਕਾਲ ਲਈ ਦੇਹ– ਧਾਰੀਆਂ ਗੁਰੂਆਂ ਤੋ ਮੁਕਤ ਕਰ ਦਿਤਾ । ਸ਼ਬਦ ਗੁਰੂ ਸਿਖਾਂ ਦਾ ਮਾਰਗ ਵੀ ਹੈ ਤੇ ਮੰਜਿਲ ਵੀ । ਅਧਿਆਤਮਿਕ ਵਾਦ ਨੀਹ ਵੀ ਹੈ ਤੇ ਸਿਖਰ ਵੀ ,ਗੁਰੂ ਸਾਹਿਬਾਨਾਂ ਨੇ ਇਸ ਨੂੰ ਨੀਹ ਤੋਂ ਮੰਜਿਲ ਤਕ ਪੁਚਾ ਦਿਤਾ । ਮਨ ਨੂੰ ਇਕਾਗਰ ਕਰਕੇ ਉਸ ਪ੍ਰਮਾਤਮਾ ਦੀ ਅਰਾਧਨਾ , ਅਕਾਲ ਪੁਰਖ ਦਾ ਸਿਮਰਨ ਹੀ ਅਸਲ ਧਰਮ– ਕਰਮ, ਜਪ –ਤਪ ਅਤੇ ਪੂਜਾ ਹੈ।ਦੇਵੀ, ਦੇਵਤਿਆਂ ,ਮੜੀ,ਮਸਾਣਾ ,ਦੇਹਧਾਰੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਖੁਆਰ ਹੁੰਦੇ ਹਨ ।
ਭਜੋ ਹਰੀ ,ਥਪੋ ਹਰੀ
ਤਪੋ ਹਰੀ ਜਪੋ ਹਰੀ
ਕਾਹੂ ਲੈ ਪਾਹਨ ਪੂਜ ਧਰੇ ਸਿਰ
ਕਾਹੂ ਲੈ ਲਿੰਗ ਗਰੇ ਲਟਕਾਓ
(ਅਕਾਲ ਉਸਤਤ )
ਪ੍ਰਮਾਤਮਾ ਪਥਰਾਂ ਵਿਚ ਨਹੀਂ ਪ੍ਰਮਾਤਮਾ ਜੰਤਰ ,ਤੰਤਰ, ਮੰਤਰ ,ਤਵੀਜਾ ਵਿਚ ਨਹੀ। ,ਕਰਮ– ਕਾਂਡ, ਭੇਖ , ਪਖੰਡਾ , ਤੀਰਥ ਇਸ਼ਨਾਨਾ ਨਾਲ ਨਹੀਂ ਲਭਦਾ ।ਬਲਿਕ ,ਕਿਰਤ ਕਰਕੇ ਭੁਖੇ ,ਦੁਖੀ ਤੇ ਲੋੜਵੰਦਾ ਦੀ ਸੇਵਾ ਵਿਚ ਰਹਿੰਦਿਆ ਮਿਲਦਾ ਹੈ । ਨਾਮ ਸਿਮਰਨ ਮਨਾਂ ਨੂੰ ਸ਼ਾਂਤ ਕਰਦਾ ਹੈ । ਪਰ ਜੇ ਤੁਹਾਡਾ ਮਨ ਸਿਮਰਨ ਕਰਨ ਵੇਲੇ ਕਿਤੇ ਹੋਰ ਭਟਕ ਰਿਹਾ ਹੈ ਤਾ ਓਹ ਵੀ ਪਖੰਡ ਹੈ
“ਆਂਖ ਮੂੰਡ ਕਰ ਕਿਓਂ ਭਿੰਡ ਦਿਖਾਵੇ“
ਧਰਮ ਮਨੁਖ ਨੂੰ ਉਚਾ ਤੇ ਸੁਚਾ ਬਣਾਓਦਾ ਹੈ । ਭਗਤੀ, ਪਿਆਰ, ਸੇਵਾ ,ਪਵਿਤ੍ਰਤਾ, ਪਰਉਪਕਾਰ ,ਦਇਆ ,ਖਿਮਾ ,ਸੰਤੋਖ, ਸਚਾਈ ਧਰਮ ਦੇ ਅਧਾਰ ਹਨ ਜਿਸ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛਡਣਾ ਪੈਂਦਾ ਹੈ । ਇਸ ਸਚੇ ਰਾਹ ਤੇ ਚਲਣ ਵਾਲਾ ਛਲ ਕਪਟ ਤੋ ਰਹਿਤ ਹੀ ਸੰਨਿਆਸੀ ਹੋ ਸਕਦਾ ਹੈ । ਭਗਤੀ ਕਰਨ ਨਾਲ ਜੇਕਰ ਤੁਹਾਡੇ ਦਿਲ ਵਿਚ ਪ੍ਰਭੁ ਪ੍ਰੇਮ, ਪਰਉਪਕਾਰ ,ਦਯਾ, ਸਬਰ, ਸੰਤੋਖ ਤੇ ਸੇਵਾ ਮਨੁਖਤਾ ਲਈ ਨਹੀਂ ਪੈਦਾ ਹੁੰਦੇ ,ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚ ਜਕੜੇ ਰਹਿੰਦੇ ਹੋ , ਉਤੋਂ ਆਪਣਾ ਬਾਣਾ ਸੰਤਾ ਮਹਾਤਮਾ ਵਰਗਾ ਪਾ ਲੈਂਦੇ ਹੋ, ਤਾਂ ਓਹ ਵੀ ਪਖੰਡ ਹੈ ।
ਜਾਗਤ ਜੋਤ ਜਪੇ ਨਿਸ ਬਾਸਰ ।
ਏਕ ਬਿਨਾ ਮਨ ਨੇਕ ਨਾ ਆਨੇ ।।
ਉਹਨਾਂ ਦਾ ਇਕ ਦੇਸ਼ ਨਹੀ ਸੀ , ਸੂਰਜ ਚੜਦੇ ਤੋਂ ਲਹਿੰਦੇ ਤਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਹਨਾਂ ਦੇ ਸੀ । ਓਹ ਖਾਲੀ ਦੇਸ਼ ਭਗਤ ਨਹੀ ਸੀ ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ ਉਹਨਾਂ ਲਈ ਜਾਤ –ਪਾਤ , ਊਚ –ਨੀਚ,ਮਜਹਬ , ਧਰਮ ,ਕੌਮ, ਹੱਦਾਂ,ਸਰਹੱਦਾ ਦੀ ਕੋਈ ਅਹਮੀਅਤ ਨਹੀ ਸੀ ਓਹਨਾਂ ਨੇ ਇਨਸਾਨਾ ਤੇ ਇਨਸਾਨੀਅਤ ਨਾਲ ਪਿਆਰ ਕੀਤਾ ਸੀ ।
ਇਹ ਸਚ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਨੀਹਾਂ ਇਤਨੀਆਂ ਮਜਬੂਤ ਕਰ ਗਏ ਕਿ ਅਜ ਤਕ ਕੋਈ ਹਿਲਾ ਨਹੀ ਸਕਿਆ । ਗਲ ਸੰਸਾਰਿਕ ਵਡਿਆਈ ਦੀ ਨਹੀਂ ਉਹਨਾਂ ਦੇ ਆਦਰਸ਼ ਦੀ , ਨਿਸ਼ਾਨੇ ਤੇ ਸੂਝ ਬੂਝ ਦੀ ਹੈ । ਗੁਰੂ ਸਾਹਿਬ ਦੀ ਜਦੋ– ਜਹਿਦ ਵਿਚੋਂ ਜੋ ਨਤੀਜੇ ਉਤਪਨ ਹੋਏ ਉਹਨਾਂ ਨੇ ਦੁਨੀਆ ਦੇ ਮਹਾਨ ਲਿਖਾਰੀਆ, ਇਤਿਹਾਸਕਾਰਾਂ ,ਫਿਲੋਸਫਰਾਂ ਤੇ ਧਾਰਮਕ ਹਸਤੀਆਂ ਨੂੰ ਚਕਾ ਚੋਂਧ ਕਰਕੇ ਰਖ ਦਿਤਾ । ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੌਮ ਦੀ ਸਦਾ ਅਗਵਾਈ ਕਰਦਾ ਹੈ ਤੇ ਕਰਦਾ ਰਹੇਗਾ ਤੇ ਉਹਨਾਂ ਦੀ ਸਜਾਈ ਕੌਮ ਦੇਸ਼ ਦੀ ਤੇ ਦੁਨੀਆ ਦੀ ਅਗਵਾਈ ਕਰ ਸਕਦੀ ਹੈ – ਕਿਓਂਕਿ ਜੋ ਸੰਸਕਾਰ ਤੇ ਆਦਰਸ਼ ਗੁਰੂ ਸਾਹਿਬ ਨੇ ਸਿਖੀ ਨੂੰ ਦਿਤੇ ਹਨ ਦੁਨਿਆ ਵਿਚ ਉਸਦਾ ਕੋਈ ਤੋਲ–ਮੋਲ ਨਹੀਂ ,ਬਸ਼ਰਤੇ ਅਜ ਦੇ ਭਟਕੇ ਹੋਏ ਸਿਖ ਗੁਰੂ ਸਾਹਿਬ ਦੇ ਚਰਨਾ ਵਿਚ ਮੁੜ ਜੁੜ ਜਾਣ । ਸਮਾਂਪਤ ।
ਜੋਰਾਵਰ ਸਿੰਘ ਤਰਸਿੱਕਾ।
ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਹਿ ਜੀ ।