ਇਕ ਵਾਰ ਸਾਰਾ ਲੇਖ ਜ਼ਰੂਰ ਪੜ੍ਹੋ ਨਾਸਤਿਕਾਂ ਵੱਲੋਂ ਪਾਏ ਸ਼ੰਕੇ ਜ਼ਰੂਰ ਨਵਿਰਤ ਹੋਣਗੇ
(ਪ੍ਰਕਾਸ਼ ਉਤਸਵ ਤੇ ਵਿਸ਼ੇਸ਼) (ਇਕ ਵਾਰ ਸਾਰਾ ਲੇਖ ਜ਼ਰੂਰ ਪੜ੍ਹੋ ਨਾਸਤਿਕਾਂ ਵੱਲੋਂ ਪਾਏ ਸ਼ੰਕੇ ਜ਼ਰੂਰ ਨਵਿਰਤ ਹੋਣਗੇ।)
ਸ਼੍ਰਿਸ਼ਟੀ ਦੀ ਹੋਂਦ ਤੋਂ ਪਹਿਲਾਂ ਪਰਮਾਤਮਾ ਅਫੁਰ ਅਵਸਥਾ ਵਿੱਚ ਸੀ ਉਦੋਂ ਨਾ ਕੋਈ ਚੰਦ ਨਾ ਸੂਰਜ ਨਾ ਆਕਾਸ਼ ਨਾ ਧਰਤੀ ਕੁਝ ਵੀ ਨਹੀਂ ਸੀ। ਤਦ ਪਰਮਾਤਮਾ ਦੇ ਨੇ ਇਕ ਸੰਕਲਪ ਨਾਲ ਮੂੰਹ ਵਿਚੋਂ ਆਵਾਜ਼ ਕੱਢੀ ਜਿਸ ਤੋਂ ਇਹ ਸਾਰੀ ਸ੍ਰਿਸਟੀ ਹੋਂਦ ਵਿੱਚ ਆਈ ਇਸ ਆਵਾਜ਼ ਨੂੰ ਹੀ ਨਾਮ ਬਾਣੀ ਸ਼ਬਦ ਓਅੰਕਾਰ ਕਿਹਾ ਜਾਂਦਾ ਹੈ। ਇਸ ਤੋਂ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ। ਇਸ ਤੋਂ ਬਾਅਦ ਗੈਸਾਂ ਬਣੀਆਂ ਗੈਸਾਂ ਤੋਂ ਪਾਣੀ ਤੇ ਫਿਰ ਹੌਲੀ ਹੌਲੀ ਸਾਰਾ ਆਕਾਰ ਬਣਿਆ।
ਇਸ ਨੂੰ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ।
ਕੀਤਾ ਪਸਾਓ ਏਕੋ ਕਵਾਉ ਤਿਸ ਤੇ ਹੋਇ ਲਖ ਦਰਿਆਉ।।
ਭਾਵ ਕੀ ਇਕ ਕਵਾਉ ਭਾਵ ਇਕ ਬੋਲ ਨਾਲ ਸਾਰਾ ਪਸਾਰਾ ਕੀਤਾ ਤੇ ਲੱਖਾਂ ਦਰਿਆ ਬਣਾ ਦਿੱਤੇ।
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਜਿਆ।।
ਭਾਵ ਕਿ ਸ਼ਬਦ ਦੁਆਰਾ ਹੀ ਸਾਰਾ ਕੁਝ ਸਾਜਿਆ ਗਿਆ ਹੈ।
ਨਿਰਮਲ ਸਬਦ ਨਿਰਮਲ ਹੈ ਬਾਣੀ।। ਨਿਰਮਲ ਜੋਤਿ ਸਭ ਮਾਹਿ ਸਮਾਣੀ।।
ਇਸ ਆਵਾਜ਼ ਨੂੰ ਗੁਰੂ ਨਾਨਕ ਦੇਵ ਜੀ ਨੇ ਓਅੰਕਾਰ ਕਰਕੇ ਲਿਖਿਆ ਹੈ। ਹਿੰਦੂ ਧਰਮ ਵਿੱਚ ਇਸ ਨੂੰ ਓਮ ਲਿਖਿਆ ਹੈ ਤੇ ਈਸਲਾਮ ਵਿੱਚ ਕੁਨ ਕਰਕੇ ਲਿਖਿਆ ਹੈ। ਇਸੇ ਨੂੰ ਹੀ ਵਿਗਿਆਨ ਨੇ ਬਿਗ ਬੈਂਗ ਥਿਊਰੀ ਦਾ ਨਾਮ ਦਿੱਤਾ ਹੈ। ਭਾਵ ਸਾਰਿਆਂ ਦਾ ਇਕ ਹੀ ਹੈ।
ਓਅੰਕਾਰ ਉਹ ਸ਼ਬਦ ਜਾਂ ਧਵਨੀ ਕਹਿ ਲਵੋ ਜਾਂ ਰਾਗ ਕਹਿ ਲਵੋ ਜਿਸ ਤੋਂ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ।
ਦੇਖੋ ਹੋਰ ਗੁਰ ਪ੍ਰਮਾਣ
ਓਅੰਕਾਰ ਬ੍ਰਹਮਾ ਉਤਪਤ।। ਉਅੰਕਾਰ ਕੀਆ ਜਿਨਿ ਚਿਤਿ।। ਉਅੰਕਾਰ ਸੈਲ ਗਿਰਿ ਪਏ।। ਉਅੰਕਾਰ ਬੇਦ ਨਿਰਮਏ।।
ਇਨ੍ਹਾਂ ਤੋਂ ਸਪਸ਼ਟ ਹੈ ਕਿ ਇਕ ਸ਼ਬਦ ਦੁਆਰਾ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਤੇ ਇਸ ਸ਼ਬਦ ਦੇ ਅਧਾਰ ਤੇ ਹੀ ਸਾਰੀ ਸ਼ਿਸ਼ਟੀ ਟਿਕੀ ਹੋਈ ਹੈ। ਜਿਸ ਨੂੰ ਕਹਿੰਦੇ ਹਨ
ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ।।
ਇਹ ਸ਼ਬਦ ਹੀ ਸੀ ਜਿਸ ਦੁਆਰਾ ਸਾਰੀ ਸ਼ਿਸ਼ਟੀ ਹੋਂਦ ਵਿੱਚ ਆਈ। ਸ਼ਬਦ ਦੁਆਰਾ ਹੀ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਜਦ ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਸਿੱਧਾਂ ਨੇ ਇਕ ਹੀ ਜਵਾਬ ਦਿੱਤਾ ਸੀ ਕਿ
ਸ਼ਬਦ ਗੁਰੂ ਸੁਰਤ ਧੁਨ ਚੇਲਾ।।
ਇਸੇ ਸ਼ਬਦ ਨੂੰ ਹੀ ਸਤਿਨਾਮ ਕਰਕੇ ਪ੍ਰਗਟ ਕੀਤਾ ਹੈ।
ਇਸ ਸਾਰੇ ਗੁਰ ਪ੍ਰਮਾਣਾਂ ਤੋਂ ਸਾਫ ਸਿੱਧ ਹੁੰਦਾ ਹੈ ਕਿ ਸ਼ਬਦ ਦੁਆਰਾ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਬਾਕੀ ਸਭ ਕੁਝ ਬਾਅਦ ਵਿੱਚ ਬਣਿਆ।
ਹੁਣ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਦਿੱਤਾ ਗਿਆ ਹੈ।
ਆਦਿ ਨਾਮ ਕਿਉਂ ਦਿੱਤਾ ਗਿਆ । ਆਦਿ ਤਾਂ ਉਹ ਹੈ ਜੋ ਸ਼ੁਰੂ ਤੋਂ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤਾਂ ਬਾਅਦ ਵਿੱਚ ਹੋਈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਆਦਿ ਕਿਵੇਂ ਹੋਏ।
ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਾਫੀ ਸਮਾਂ ਬਾਅਦ ਵਿੱਚ ਹੁੰਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦ ਤਾਂ ਗਿਆਰਵੀਂ ਸਦੀ ਵਿੱਚ ਬਾਬਾ ਫਰੀਦ ਦੇ ਅੰਦਰ ਪਹਿਲਾਂ ਹੀ ਬੋਲ ਰਹੇ ਹਨ। ਬਾਬਾ ਫਰੀਦ ਜੀ ਨੇ ਆਪਣੇ ਜੀਵਣ ਕਾਲ ਵਿੱਚ ਹੀ ਬਾਣੀ ਦੀ ਰਚਨਾ ਕੀਤੀ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਤਰ ਕੀਤਾ ਹੈ।
ਜਿਵੇਂ ਆਤਮਾ ਤਾਂ ਸਾਡੇ ਜਨਮ ਤੋਂ ਪਹਿਲਾਂ ਵੀ ਮੌਜੂਦ ਸੀ ਪਰ ਜੇ ਸਾਡੇ ਸਰੀਰ ਦਾ ਜਨਮ ਵੀਹਵੀਂ ਸਦੀ ਵਿੱਚ ਹੋਇਆ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਪਹਿਲਾਂ ਹੈ ਹੀ ਨਹੀਂ ਸੀ। ਆਤਮਾ ਤਾਂ ਪਹਿਲਾਂ ਵੀ ਸੀ ਜਿਸ ਕਰਕੇ ਇਹ ਪੰਜ ਭੂਤਕ ਸਰੀਰ ਵਿੱਚ ਸਤ੍ਹਾ ਹੈ।
ਇਸ ਤਰ੍ਹਾਂ ਸ਼ਬਦ ਤਾਂ ਆਦਿ ਕਾਲ ਤੋਂ ਹੀ ਮੌਜੂਦ ਸੀ ਇਸ ਕਰਕੇ ਹੀ ਸ੍ਰਿਸ਼ਟੀ ਉਤਪੰਨ ਹੋਈ ਹੈ। ਇਹ ਤਾਂ ਗੁਰੂ ਸਾਹਿਬ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਉਸ ਸ਼ਬਦ ਨੂੰ ਉਸ ਬਾਣੀ ਨੂੰ ਨਾਮ ਨੂੰ ਅੱਖਰਾਂ ਵਿੱਚ ਪਾਕੇ ਸਾਡੀ ਕਲਿਆਣ ਲਈ ਤਿਆਰ ਕੀਤਾ ਹੈ।
ਅਖਰੀ ਨਾਮ ਅਖਰੀ ਸਾਲਾਹ।।
ਗ੍ਰੰਥ ਤਾਂ ਤਾਂ ਗੁਰੂ ਦਾ ਇਕ ਸਰੀਰ ਹੈ ਜਿਸ ਤਰ੍ਹਾਂ ਪਹਿਲਾਂ ਗੁਰੂ ਮਨੁੱਖੀ ਜਾਮੇਂ ਵਿੱਚ ਆਕੇ ਉਧਾਰ ਕਰਦਾ ਸੀ ਹੁਣ ਗ੍ਰੰਥ ਰੂਪ ਵਿੱਚ ਉਧਾਰ ਕਰ ਰਿਹਾ ਹੈ। ਜੋਤ ਓਹੀ ਹੈ।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।
ਪਹਿਲਾਂ ਜੋਤ ਮਨੁੱਖੀ ਸਰੀਰਾਂ ਵਿੱਚ ਸੀ ਹੁਣ ਗ੍ਰੰਥ ਵਿਚ ਹੈ।
ਜਦ ਮਨਸੁਖ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਸਦਾ ਗੁਰੂ ਸਾਹਿਬ ਨੂੰ ਛੱਡਕੇ ਜਾਣ ਨੂੰ ਜੀਅ ਨਾ ਕਰੇ ਜਾਇਆ ਕਰੇ ਫਿਰ ਵਾਪਸ ਆ ਜਾਇਆ ਕਰੇ ਤਾਂ ਗੁਰੂ ਸਾਹਿਬ ਨੇ ਉਸ ਨੂੰ ਦੋ ਸ਼ਬਦ ਦਿੱਤੇ ਸਨ ਤੇ ਸਮਝਾਇਆ ਸੀ ਕਿ ਸਾਡਾ ਸਰੀਰ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿ ਸਕਦਾ ਇਸ ਲਈ ਸਾਡਾ ਅਸਲ ਰੂਪ ਜੋ ਸੂਖਮ ਹੈ ਉਹ ਸ਼ਬਦ ਹੀ ਹੈ ਇਨ੍ਹਾਂ ਸ਼ਬਦਾਂ ਨੂੰ ਸਦਾ ਹਿਰਦੇ ਵਿੱਚ ਧਾਰਕੇ ਰੱਖੋ।
ਆਦਿ ਤੋਂ ਲੈਕੇ ਅੱਜ ਤੱਕ ਜੇ ਕੋਈ ਵੀ ਰੱਬ ਨੂੰ ਮਿਲਿਆ ਹੈ ਤਾਂ ਕਿਰਤਮ ਨਾਮ ਜਪਕੇ ਸਤਿਨਾਮ ਦੀ ਪ੍ਰਾਪਤੀ ਕਰਕੇ ਹੀ ਪਹੁੰਚਿਆ ਹੈ। ਇਸ ਲਈ ਇਹ ਕਹਿ ਦੇਣਾ ਕਿ ਹੋਰ ਧਰਮਾਂ ਵਾਲੇ ਕਿਵੇਂ ਤਰਦੇ ਹੋਣਗੇ ਜਾਂ ਉਹ ਕਿਵੇਂ ਰੱਬ ਨੂੰ ਮਿਲਣਗੇ ਉਨ੍ਹਾਂ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਹੈ ਹੀ ਨਹੀਂ।
ਗ੍ਰੰਥ ਗੁਰੂ ਦਾ ਸਥੂਲ ਰੂਪ ਹੈ ਦਿਬ ਰੂਪ ਤੇ ਸੂਖਮ ਰੂਪ ਸ਼ਬਦ ਹੀ ਹੈ। ਇਹ ਸ਼ਬਦ ਓਹੀ ਹੈ ਜਿਸਨੇ ਸਾਰੀ ਸ਼੍ਰਿਸ਼ਟੀ ਦੀ ਰਚਨਾ ਕੀਤੀ ਜੋ ਰੱਬ ਵਿੱਚ ਅਭੇਦ ਹੈ। ਉਹ ਤੇ ਉਸ ਦਾ ਸ਼ਬਦ ਇਕ ਹੀ ਹਨ ਨਾਮ ਭਾਵੇਂ ਦੋ ਹਨ ਪਰ ਹੈਨ ਇਕ ਹੀ।
ਗੁਰੂ ਗ੍ਰੰਥ ਸਾਹਿਬ ਤਾਂ ਬਾਹਰੀ ਸਰੀਰ ਹੈ ਪਰ ਸੂਖਮ ਰੂਪ ਵਿੱਚ ਪਰਮਾਤਮਾ ਹੀ ਹੈ।
ਇਸੇ ਲਈ ਗੁਰਬਾਣੀ ਵਿੱਚ ਕਿਹਾ ਹੈ ਕਿ
ਪੋਥੀ ਪਰਮੇਸ਼ਰ ਕਾ ਥਾਨ।।
ਪਰਮਾਤਮਾ ਦੇ ਤਿੰਨ ਰੂਪ ਨਿਰਗੁਣ, ਸਰਗੁਣ ,ਸ਼ਬਦ
ਨਿਰਗੁਣ ਉਹ ਜਦੋਂ ਪਰਮਾਤਾ ਅਫੁਰ ਅਵਸਥਾ ਵਿੱਚ ਸੀ ਜਦੋਂ ਖੰਡ ਮੰਡਲ ਦੀਪ ਲੋਅ ਪਾਤਾਲ ਕੁਝ ਵੀ ਹੋਂਦ ਵਿੱਚ ਨਹੀਂ ਸੀ ਆਇਆ ਪਰਮਾਤਮਾ ਆਪ ਹੀ ਆਪ ਸੀ।
ਸਰਗੁਣ ਜੋ ਹੁਣ ਸਾਰਾ ਕੁਝ ਦਿਸ ਰਿਹਾ ਹੈ ਇਸ ਸਾਰੇ ਵਿੱਚ ਜਰੇ ਜਰੇ ਵਿੱਚ ਉਹ ਆਪ ਸਮਾਇਆ ਹੋਇਆ ਹੈ ਇਹ ਉਸ ਦਾ ਸਰਗੁਣ ਸਰੂਪ ਹੈ।
ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਪਾਸ ਸੁਭਾਇਮਾਨ ਹੈ।
ਬੇਸ਼ੱਕ ਬਾਣੀ ਪੜ੍ਹਨ ਤੇ ਸੁਣਨ ਵਾਲਾ ਹੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਦਿਬ ਰੂਪ ਤੱਕ ਪਹੁੰਚ ਸਕਦਾ ਹੈ ਪਰ ਗੁਰੂ ਦੇ ਸਰੀਰ ਦੀ ਪੂਜਾ ਕਰਨ ਵਾਲਾ ਹੀ ਨਰਕਾਂ ਵਿੱਚ ਨਹੀਂ ਜਾਂਦਾ ਗੁਰੂ ਦੀ ਸੇਵਾ ਸਦਕਾ ਵੀ ਸਾਰੇ ਪਦਾਰਥ ਪ੍ਰਾਪਤ ਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੋਂ ਮੁਨਕਰ ਹੋਣਾ ਇਉਂ ਹੈ ਜਿਵੇਂ ਕੋਈ ਕਹੇ ਕਿ ਮੈਂ ਤੇਰੀ ਆਤਮਾ ਨੂੰ ਤਾਂ ਪਿਆਰ ਕਰਦਾ ਹਾਂ ਉਹ ਤਾਂ ਮੈਨੂੰ ਚੰਗੀ ਲੱਗਦੀ ਹੈ ਉਸ ਦਾ ਮੈਂ ਸਤਿਕਾਰ ਵੀ ਕਰਦਾ ਹਾਂ ਪਰ ਤੇਰੇ ਸਰੀਰ ਦਾ ਮੈਨੂੰ ਕੋਈ ਭਾਅ ਨਹੀਂ । ਇਹ ਕਦੇ ਨਹੀਂ ਹੋ ਸਕਦਾ ਕਿ ਅਸੀਂ ਕਿਸੇ ਦੇ ਗੁਣਾਂ ਦਾ ਸਤਿਕਾਰ ਕਰੀਏ ਪਰ ਉਸਦੇ ਸਰੀਰ ਦਾ ਨਾ ਕਰੀਏ। ਕਦੇ ਕਿਸੇ ਨੇ ਆਪਣੇ ਅਧਿਆਪਕ ਨੂੰ ਨਹੀਂ ਕਿਹਾ ਕਿ ਮੈਨੂੰ ਤੇਰੇ ਵਿਚਾਰ ਚੰਗੇ ਲੱਗਦੇ ਹਨ ਉਨ੍ਹਾਂ ਤੇ ਚਲਕੇ ਮੈਂ ਆਪਣਾ ਆਪ ਸਵਾਰਣ ਦੀ ਕੋਸ਼ਿਸ਼ ਕਰਦਾ ਹਾਂ ਤੇਰੇ ਦੱਸੇ ਮਾਰਗ ਤੇ ਮੈਂ ਚਲਦਾ ਹਾਂ ਤੇ ਨਾਲ ਹੀ ਕਹੇ ਕਿ ਤੇਰੇ ਸਰੀਰ ਦਾ ਮੈਨੂੰ ਕੋਈ ਭਾਅ ਨਹੀਂ ਇਹ ਜਿੱਥੇ ਮਰਜ਼ੀ ਰੁਲੇ ਕਪੜੇ ਪਾਵੇ ਭਾਵੇਂ ਨਾ ਸਰੀਰ ਨਾਲ ਸਾਡਾ ਕੋਈ ਮਤਲਬ ਨਹੀਂ।
ਇਕ ਅਫਸਰ ਦਾ ਸਰੀਰ ਭਾਵੇਂ ਉਹ ਕੋਈ ਜੱਜ ਹੈ ਜਾਂ ਕਿਸੇ ਹੋਰ ਅਹੁਦੇ ਤੇ ਬੈਠਾ ਹੋਇਆ ਉਸ ਦਾ ਸਤਿਕਾਰ ਉਸ ਦੇ ਗੁਣਾਂ ਕਰਕੇ ਹੈ ਕਿਉਂ ਕਿ ਉਹ ਆਪਣੀ ਜੋਗਤਾ ਕਰਕੇ ਉਸ ਅਹੁਦੇ ਤੱਕ ਪਹੁੰਚਿਆ ਹੈ। ਸਰੀਰ ਉਸ ਦਾ ਵੀ ਬਾਕੀਆਂ ਵਰਗਾ ਹੈ। ਭਾਵੇਂ ਆਮ ਆਦਮੀਆਂ ਨਾਲੋਂ ਵਿੰਗਾ ਟੇਡਾ ਹੀ ਉਸ ਦਾ ਸਰੀਰ ਹੋਵੇ ਪਰ ਉਸ ਦੀ ਕਦਰ ਉਸ ਦੇ ਗੁਣਾਂ ਕਰਕੇ ਹੈ। ਪਰ ਇਹ ਕਦੇ ਨਹੀ ਹੋਇਆ ਕਿ ਉਸ ਦੇ ਗੁਣਾਂ ਦੀ ਤਾਂ ਕਦਰ ਕੀਤੀ ਜਾਵੇ ਪਰ ਉਸ ਦੇ ਸਰੀਰ ਦੀ ਕੋਈ ਕਦਰ ਨਾ ਹੋਵੇ।
ਜਿਸ ਤਰ੍ਹਾਂ ਕਿਸੇ ਖਾਸ ਆਦਮੀ ਦੇ ਗੁਣ ਤੇ ਉਸ ਦਾ ਸਰੀਰ ਦੋਨੋਂ ਅਭੇਦ ਚੀਜ਼ਾਂ ਹਨ ਇਸ ਤਰ੍ਹਾਂ ਪਰਮਾਤਮਾ ਤੇ ਗੁਰੂ ਗ੍ਰੰਥ ਸਾਹਿਬ ਦੋਨੋਂ ਅਭੇਦ ਹਨ। ਇਨ੍ਹਾਂ ਵਿੱਚ ਫਰਕ ਨਹੀਂ ਕੀਤਾ ਜਾ ਸਕਦਾ ।
ਵਾਹਿਗੁਰੂ ਜੀ🙏