ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ ਦਾ ਇਤਿਹਾਸ
ਸੱਚਾ ਸੌਦਾ – ਸੇਵਾ ਦੀ ਸ਼ੁਰੂਆਤ
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 18 ਸਾਲ ਦੀ ਹੋਈ ਦੱਸੀ ਜਾਂਦੀ ਹੈ , ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਹੁਣ ਗੁਰੂ ਜੀ ਨੂੰ ਵਪਾਰ ਵਿੱਚ ਲਾਇਆ ਜਾਵੇ ਤਾਂ ਜੋ ਉਹ ਸੰਸਾਰਕ ਜੀਵਨ ਦੀ ਸਮਝ ਲੈ ਸਕਣ। ਇਸ ਲਈ ਉਨ੍ਹਾਂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ ਕਿ ਮੰਡੀ ਚੂਹੜਕਾਣਾ ਜਾ ਕੇ ਕੋਈ ਵਧੀਆ ਸੌਦਾ ਕਰ ਕੇ ਆਉਣ।
ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚਲੇ। ਪਰ ਮੰਡੀ ਪਹੁੰਚਣ ਤੋਂ ਪਹਿਲਾਂ, ਰਸਤੇ ਵਿੱਚ ਜੰਗਲ ਦੇ ਇੱਕ ਹਿੱਸੇ ਵਿੱਚ ਉਨ੍ਹਾਂ ਨੇ ਕੁਝ ਸਾਧੂਆਂ ਨੂੰ ਬਹੁਤ ਹੀ ਦੁਖੀ, ਭੁੱਖੇ ਅਤੇ ਲਾਚਾਰ ਵੇਖਿਆ। ਉਨ੍ਹਾਂ ਦੀ ਹਾਲਤ ਦੇਖ ਕੇ ਗੁਰੂ ਜੀ ਦੇ ਦਿਲ ਵਿੱਚ ਦਇਆ ਆਈ। ਉਨ੍ਹਾਂ ਨੂੰ ਲੱਗਿਆ ਕਿ ਇਥੇ ਅਸਲ ਸੇਵਾ ਦੀ ਲੋੜ ਹੈ।
ਇਸ ਲਈ ਗੁਰੂ ਜੀ ਨੇ ਉਹ 20 ਰੁਪਏ ਸਾਧੂਆਂ ਦੀ ਭੁੱਖ ਮਿਟਾਉਣ ਲਈ ਖਰਚ ਕਰ ਦਿੱਤੇ। ਉਨ੍ਹਾਂ ਲਈ ਲੰਗਰ ਬਣਾਇਆ ਗਿਆ, ਭੋਜਨ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਪਿਆਰ ਨਾਲ ਖਵਾਇਆ ਗਿਆ। ਇਹੀ ਸੀ ਗੁਰੂ ਜੀ ਦਾ “ਸੱਚਾ ਸੌਦਾ” — ਭੁੱਖਿਆਂ ਨੂੰ ਰੋਟੀ ਖਵਾਉਣ ਦੀ ਸੇਵਾ।
ਗੁਰੂ ਜੀ ਦੇ ਪਿਤਾ ਦੀ ਨਰਾਜ਼ਗੀ ਅਤੇ ਗੁਰੂ ਜੀ ਦੀ ਸਿੱਖਿਆ
ਜਦ ਗੁਰੂ ਨਾਨਕ ਜੀ ਦੇ ਘਰ ਪਹੁੰਚਣ ‘ਤੇ ਉਨ੍ਹਾਂ ਦੇ ਪਿਤਾ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਕੋਈ ਵਪਾਰ ਨਾ ਕਰਕੇ ਸਾਰੇ ਪੈਸੇ ਭੁੱਖਿਆਂ ਨੂੰ ਲੰਗਰ ਵਿੱਚ ਲਾ ਦਿਤੇ, ਤਾਂ ਉਹ ਕਾਫੀ ਨਰਾਜ ਹੋਏ। ਪਰ ਗੁਰੂ ਨਾਨਕ ਜੀ ਨੇ ਬੜੀ ਨਿਮਰਤਾ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਇਹ ਹੀ ਅਸਲ ਸੌਦਾ ਸੀ — ਸੱਚਾ ਸੌਦਾ। ਮਾਇਆ ਨਾਲ ਮਨੁੱਖੀ ਭਲਾ ਕਰਨਾ, ਲੋਕਾਂ ਦੀ ਸੇਵਾ ਕਰਨੀ — ਇਹ ਸਭ ਤੋਂ ਉੱਚਾ ਵਪਾਰ ਹੈ।
ਗੁਰਦੁਆਰਾ ਸੱਚਾ ਸੌਦਾ
ਜਿਥੇ ਗੁਰੂ ਜੀ ਨੇ ਇਹ ਲੰਗਰ ਛਕਾਇਆ ਸੀ, ਉਸ ਥਾਂ ਨੂੰ ਬਾਅਦ ਵਿਚ ਗੁਰਦੁਆਰਾ ਸੱਚਾ ਸੌਦਾ ਦੇ ਨਾਮ ਨਾਲ ਜਾਣਿਆ ਗਿਆ। ਇਹ ਗੁਰਦੁਆਰਾ ਹੁਣ ਲਾਹੌਰ, ਪਾਕਿਸਤਾਨ ਦੇ ਨਜ਼ਦੀਕ, ਫਿਰੋਜ਼ਪੁਰ ਰੋਡ ਉੱਤੇ ਮੌਜੂਦ ਹੈ। ਇਹ ਇਮਾਰਤ ਇੱਕ ਕਿਲੇ ਵਰਗੀ ਸੁੰਦਰ ਅਤੇ ਵਿਸ਼ਾਲ ਬਣਤਰ ਵਾਲੀ ਹੈ, ਜਿਸਦੀ ਨੀਂਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਪਈ।
ਇਸ ਗੁਰਦੁਆਰੇ ਨੂੰ ਲਗਭਗ 250 ਵਿਘੇ ਜ਼ਮੀਨ ਮਿਲੀ ਹੋਈ ਹੈ। ਇਥੇ ਪਹਿਲਾਂ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਵੱਡਾ ਮੇਲਾ ਲਗਦਾ ਸੀ। ਪਰ 1947 ਦੀ ਵੰਡ ਤੋਂ ਬਾਅਦ ਇਹ ਗੁਰਦੁਆਰਾ ਬੰਦ ਪੈ ਗਿਆ ਸੀ।
ਪੁਨਰੋਜਾਗਰਣ ਅਤੇ ਨਵੀਂ ਰੌਣਕ
1993 ਦੀ ਵਿਸਾਖੀ ਦੇ ਦਿਨ ਦੁਨੀਆਂ ਭਰ ਤੋਂ ਆਈ ਸੰਗਤਾਂ ਦੀ ਕੋਸ਼ਿਸ਼ ਅਤੇ ਮਿਹਨਤ ਨਾਲ ਇਸ ਗੁਰਦੁਆਰੇ ਦੇ ਦਰਸ਼ਨ ਦੁਬਾਰਾ ਖੋਲ੍ਹੇ ਗਏ। ਇੰਗਲੈਂਡ ਤੋਂ ਆਈ ਸੰਗਤ ਦੇ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕਰਕੇ ਗੁਰਦੁਆਰੇ ਦੀ ਮੁਰੰਮਤ ਕੀਤੀ ਗਈ। ਨਵਾਂ ਲੰਗਰ ਹਾਲ ਅਤੇ ਸਰੋਵਰ ਵੀ ਉਸਾਰਿਆ ਗਿਆ।
ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਸਾਲ ਵਿੱਚ ਚਾਰ ਵਾਰ ਅਖੰਡ ਪਾਠ ਸਾਹਿਬ ਵੀ ਅਰੰਭ ਕੀਤੇ ਜਾਂਦੇ ਹਨ। ਇਹ ਥਾਂ ਗੁਰੂ ਨਾਨਕ ਦੇਵ ਜੀ ਦੀ ਦਇਆ, ਸੇਵਾ ਅਤੇ ਸੱਚਾਈ ਦੀ ਜੀਵੰਤ ਨਿਸ਼ਾਨੀ ਹੈ।