ਗੁਰੂ ਗੋਬਿੰਦ ਸਿੰਘ ਜੀ ਭਾਗ 9
ਗੁਰੂ ਗੋਬਿੰਦ ਸਿੰਘ ਜੀ ਭਾਗ 9
ਸਭ ਜਾਤੀਆਂ ਤੇ ਵਰਗਾਂ ਨੂੰ ਬਰਾਬਰੀ ਦੇਣਾ, ਦੇਸ਼ ,ਕੌਮ ,ਹੱਦਾਂ , ਸਰਹੱਦਾਂ ਤੋ ਉਪਰ ਉਠਕੇ ਉਸ ਵਕ਼ਤ ਦੀ ਜਰੂਰਤ ਸੀ । ਕਿਓਂਕਿ ਉਚ –ਜਾਤੀਏ , ਬ੍ਰਾਹਮਣ ,ਪੰਡਿਤ ,ਰਾਜੇ ਮਹਾਰਾਜੇ ਇਨਾਂ ਲੋਕਾਂ ਤੇ ਇਤਨੇ ਜੁਲਮ ਕਰ ਰਹੇ ਸੀ ਜੋ ਬਰਦਾਸ਼ਤ ਤੋਂ ਬਾਹਰ ਹੋ ਰਹੇ ਸੀ । ਪਹਿਲੇ ਅਠ ਗੁਰੂਆਂ ਨੇ ਇਨਾ ਨੂੰ ਕਿਰਤ ,ਕਰਮਾਂ ,ਉਦੇਸ਼ਾਂ ਤੇ ਉਪਦੇਸ਼ਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ , ਛੇਵੈ ਗੁਰੂ ਸਾਹਿਬ ਨੇ ਪੀਰੀ ਨਾਲ ਮੀਰੀ ਦਾ ਰਾਹ ਦਿਖਾਇਆ ਤੇ ਦਸਵੇ ਗੁਰੂ ਨੇ ਇਸ ਨੂੰ ਅਪਨਾਕੇ ਸਮਾਜਿਕ ਕ੍ਰਾਂਤੀ ਲਿਆ ਦਿਤੀ ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾ ਤੇ ਖਾਲਸੇ ਦੀ ਜਥੇਬੰਦੀ ਵਿਚ ਇਸਤਰੀ ਜਾਤੀ ਦਾ ਪੂਰਾ ਪੂਰਾ ਸਤਕਾਰ ਕੀਤਾ ਜੋ ਅਜ ਤਕ ਵੀ ਇਕ ਸਮਸਿਆ ਬਣੀ ਹੋਈ ਹੈ । ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਬਖਸ਼ਿਆ । ਖੰਡੇ ਬਾਟੇ ਦੀ ਪਾਹੁਲ ਵਿਚ ਮਿਠਾਸ , ਹਲੀਮੀ , ਨਿਮਰਤਾ , ਤੇ ਪਰਉਪਕਾਰ ਦੇ ਚਿਨ “ਪਤਾਸੇ ” ਪਾਣ ਦਾ ਮਾਣ ਮਾਤਾ ਜੀਤੋ ਨੂੰ ਬਖਸ਼ਿਆ । ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਠੰਡੇ ਬੁਰਜ ਵਿਚ ਜੋਤੀ ਜੋਤ ਸਮਾਣ ਤੇ ਪਹਿਲੀ ਔਰਤ ਨੂੰ ਸ਼ਹੀਦ ਹੋਣ ਦਾ ਮਾਨ ਪ੍ਰਾਪਤ ਹੋਇਆ । ਮਾਈ ਭਾਗੋ ਨੂੰ ਸਿਖਾਂ ਦੀ ਪਹਿਲੀ ਜਥੇਦਾਰੀ ਸੋਪੀ । ਸਦੀਆਂ ਤੋ ਮਰਦ ਪ੍ਰਧਾਨ ਸਮਾਜ ਅੰਦਰ ਦਬੀ ਕੁਚਲੀ ਇਸਤਰੀ ਜੋ ਪੈਰਾਂ ਦੀ ਜੁਤੀ ਸਮਝੀ ਜਾਂਦੀ ਮਾਈ ਭਾਗੋ ਦੀਆਂ ਬੇਦਾਵਾ ਦੇਣ ਵਾਲੇ ਸਿਖਾਂ ਨੂੰ ਲਾਹਨਤਾ ਪਾਣੀਆ ਤੇ ਵੰਗਾਰਨਾ , ਪਛਤਾਵੇ ਤੋ ਬਾਅਦ ਉਹਨਾਂ ਦੀ ਅਗਵਾਈ ਕਰਕੇ ਮੁਕਤਸਰ ਲਿਆਉਣਾ , ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਮਾਈ ਭਾਗੋ ਦਾ ਦਖਣ ਭਾਰਤ ਵਿਚ ਸਿਖੀ ਪ੍ਰਚਾਰ ਕਰਨਾ, ਇਹ ਇਕ ਬਹੁਤ ਵਡਾ ਇਨਕਲਾਬ ਤੇ ਇਸਤਰੀ ਜਾਤੀ ਲਈ ਫਖਰ ਦੀ ਗਲ ਸੀ । ਵਿਭਚਾਰ ਦਾ ਖੰਡਣ ਕਰਦਿਆ ਸਿਖਾਂ ਨੂੰ ਗ੍ਰਿਹਸਤੀ ਜੀਵਨ ਦੀ ਜਾਚ ਦਸੀ , ਸ਼ੁਭ ਅਮਲਾਂ ਦਾ ਰਾਹ ਦਿਖਾਇਆ ।
ਉਹਨਾਂ ਦਾ ਗੁਰੂ ਗਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇਣਾ ਵੀ ਇਕ ਵਡੇਰੀ ਸੋਚ ਸੀ । ਜੇਕਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਨਾ ਥਾਪਿਆ ਹੁੰਦਾ ਤਾਂ ਅਜ ਆਸੀਮ ਗਿਣਤੀ ਵਿਚ ਪੂਜਾ ਕਰਵਾ ਰਹੇ ਦੇਹ ਧਾਰੀ ਗੁਰੂਆਂ ਦੇ ਪਖੰਡਾ ਵਿਚ ਸਿਖ ਜਗਤ ਫਸਿਆ ਹੁੰਦਾ ।
ਅਜ ਦੀ ਰੈਡ –ਕ੍ਰੋਸ ਸੰਕਲਪ ਵੀ ਗੁਰੂ ਗੋਬਿੰਦ ਸਿੰਘ ਦੀਆਂ ਪਈਆਂ ਇਨ੍ਹਾ ਲੀਹਾਂ ਤੋ ਉਤਪਨ ਹੋਇਆ ਹੈ ਜਦੋਂ ਉਨਾ ਨੇ ਭਾਈ ਘਨਇਆ ਨੂੰ ਜਖਮੀਆਂ ਚਾਹੇ ਓਹ ਦੁਸ਼ਮਨ ਵਲੋ ਕਿਓਂ ਨਾ ਹੋਵੇ , ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨ ਦੀ ਹਿਦਾਇਤ ਦਿਤੀ ।
“ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਿ ਆਈ ।।
ਮਾਨਸ ਕੀ ਜਾਤ ਸਬਾਈ ਏਕੈ ਪਹਿਚਾਨਬੋ ।।“
ਉਹਨਾਂ ਦੀ ਲੜਾਈ ਕਦ ਕਿਸੇ ਧਰਮ ,ਜਾਤੀ ਜਾਂ ਨਸਲ ਦੇ ਵਿਰੁਧ ਨਹੀ ਸੀ । ਇਹ ਲੜਾਈ ਤਾ ਜੁਲਮ ਜਬਰ , ਜਾਬਰ , ਜਾਲਮ , ਅਤਿਆਚਾਰੀ , ਦੁਰਾਚਾਰੀ , ਲੁਟੇਰੇ ਤੇ ਜਨਤਾ ਦੇ ਸੁਖ ਚੈਨ ਨੂੰ ਲੁਟਣ ਵਾਲਿਆਂ ਵਿਰੁਧ ਸੀ ।
‘ਐਡਮੰਡ ਚੈਂਡਲਰ’ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ: ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਜਾਗਦਾ ਸਬੂਤ ਹੈ। ਉਸ ਅਮਲੀ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲਾ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਕਰਾਰੀ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’
। ਗੁਰੂ ਸਾਹਿਬ ਜੀ ਨੇ ਬੁਲੇ ਸ਼ਾਹ ਦੇ ਬਚਨਾਂ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ਉਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਈ ਜਿਸਦੇ ਬਦਲੇ ਵਜੋਂ ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ, ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ ਸਨ , ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ। ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ‘ਖਾਲਸਾ ਪੰਥ’ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ ।
ਕੁਦਰਤ ਦੇ ਸ਼ੌਕੀਨ
ਗੁਰੂ ਸਾਹਿਬ ਸਾਰੀ ਉਮਰ ਵਗਦੇ ਦਰਿਆ ਦੀਆਂ ਝਨਝਨਾ ਤੋਂ ਨਿਕਲੇ ਮਿਠੇ ਸੰਗੀਤ ਦਾ ਰਸ ਮਾਣਦੇ ਰਹੇ ,ਪਟਨਾ ਵਿਚ ਗੰਗਾ ਨਦੀ ਵਿਚ ਆਨੰਦਪੁਰ ਵਿਚ ਸਤਲੁਜ ਦਾ, ਪੋੰਟਾ ਸਾਹਿਬ, ਜਮੁਨਾ ਦਾ ਇਥੋਂ ਤਕ ਕੀ ਜੋਤੀ ਜੋਤ ਸਮਾਣ ਲਈ ਵੀ ਗੋਦਾਵਰੀ ਦੇ ਕੰਢੇ ਇਕਾਂਤ ਵਿਚ ਨਦੇੜ ਦਾ ਇਲਾਕਾ ਜਾ ਚੁਣਿਆ । ਪੋੰਟਾ ਸਾਹਿਬ ਵੀ ਬਾਹਰ ਨਦੀ ਦੇ ਵਿਚਕਾਰ ਇਕ ਛੋਟੇ ਜਿਹੇ ਟਾਪੂ ਵਿਚ ਓਹ ਘੰਟਿਆਂ ਬਧੀ ਬੈਠ ਕੇ ਬਾਣੀ ਦਾ ਉਚਾਰਨ ਕਰਦੇ ਰਹਿੰਦੇ ।
ਕੁਦਰਤ ਦੇ ਬਹੁਤ ਸ਼ੌਕੀਨ ਸੀ । ਬਚਪਨ ਉਹਨਾਂ ਦਾ ਪਟਨੇ ਵਿਚ ਬੀਤਿਆ । ਆਪਣੇ ਬਚਪਨ ਦਾ ਬਹੁਤਾ ਸਮਾ ਗੰਗਾ ਨਦੀ ਦੇ ਆਸ ਪਾਸ ਹੀ ਗੁਜਾਰਿਆ । ਉਥੇ ਹੀ ਆਪਣੇ ਦੋਸਤਾਂ ਨਾਲ ਖੇਡਣਾ ,ਬੇੜੀ ਵਿਚ ਬੈਠਕੇ ਆਪਣੇ ਦੋਸਤਾਂ ਨਾਲ ਸੈਰ ਕਰਨੀ ,ਜਦੋਂ ਪੰਡਿਤ ਸ਼ਿਵ ਦਾਸ ਗੰਗਾ ਵਿਚੋਂ ਇਸ਼ਨਾਨ ਕਰਕੇ ਕੰਡੇ ਪਾਸ ਬੈਠਦੇ ਤਾਂ ਗੁਰੂ ਸਾਹਿਬ ਮਲਕੜੇ ਜਿਹੇ ਜਾਕੇ ਉਹਨਾਂ ਦੇ ਕੰਨਾ ਵਿਚ ,’ ਪੰਡਿਤ ਜੀ ਝਾਤ ਕਹਕੇ ਉਹਨਾਂ ਦੀ ਸਮਾਧੀ ਨੂੰ ਖੋਲ ਦਿੰਦੇ । ਪੰਡਿਤ ਜੀ ਗੁਸੇ ਹੋਣ ਦੀ ਬਜਾਏ ਬੜੇ ਖੁਸ਼ ਹੁੰਦੇ । ਓਹ ਇਹਨਾਂ ਨੂੰ ਕ੍ਰਿਸ਼ਨ ਦਾ ਰੂਪ ਸਮਝਦੇ ਸੀ । ਇਕ ਵਪਾਰੀ ਨੇ ਉਹਨਾਂ ਨੂੰ ਇਕ ਛੋਟੀ ਜਿਹੀਂ ਬੇੜੀ ਭੇਂਟ ਕੀਤੀ ਜਿਸਨੂੰ ਓਹ ਆਪਣੇ ਦੋਸਤਾਂ ਨਾਲ ਦਰਿਆ ਵਿਚ ਠੇਲ ਕੇ ,ਚ੍ਪੂਆਂ ਨਾਲ ਬੜੀ ਹੁਸ਼ਿਆਰੀ ਨਾਲ ਚਲਾਂਦੇ ਤੇ ਆਪਣੇ ਦੋਸਤਾਂ ਨਾਲ ਦਰਿਆ ਦੀ ਸੈਰ ਕਰਦੇ ਰਹਿੰਦੇ ।
ਇਕ ਵਾਰੀ ਆਪਣਾ ਕੰਗਨ ਗੰਗਾ ਵਿਚ ਸੁਟ ਆਏ । ਮਾਤਾ ਜੀ ਨੇ ਜਦ ਪੁਛਿਆ ਕੀ ਕੰਗਣ ਕਿਧੇ ਸੁਟਿਆ ਹੈ ? ਤਾਂ ਦੂਸਰਾ ਵੀ ਗੰਗਾ ਵਿਚ ਸੁਟ ਕੇ ਕਹਿਣ ਲਗੇ ਕੀ ਇਥੇ ਸੁਟਿਆ ਹੈ।
ਪਾਉਂਟਾ ਸਾਹਿਬ ਵੀ ਜਦ ਮੇਦਨੀ ਪ੍ਰਕਾਸ਼ ਨੇ ਜਗਹ ਪਸੰਦ ਕਰਣ ਨੂੰ ਕਿਹਾ ਤਾਂ ਇਕ ਰਮਣੀਕ ਜਗਾ ਸਤਲੁਜ ਦਰਿਆ ਦੇ ਕੰਡੇ ਤੇ ਚੁਣੀ ਤੇ ਉਥੇ ਹੀ ਆਪਣਾ ਕਿਲਾ ਬਣਾਇਆ । 52 ਕਵੀਆਂ ਦੀ ਮਿਹਫਲ ਵੀ ਸਤਲੁਜ ਦੇ ਕੰਡੇ ਤੇ ਲਗਦੀ । ਪਾਉਂਟਾ ਸਾਹਿਬ ਗੁਰੂ ਸਾਹਿਬ ਤਿੰਨ ਸਾਲ ਰਹੇ । ਇਥੇ ਹੀ ਇਨ੍ਹਾਂ ਨੇ ਜਾਪੁ ਸਾਹਿਬ , ਸਵਇਏ ਅਤੇ ਅਕਾਲ ਉਸਤਤਿ ਬਾਣੀਆਂ ਉਚਾਰਨ ਕੀਤੀਆਂ । ਆਨੰਦਪੁਰ ਛਡਣ ਤੋ ਬਾਅਦ ਵੀ ਜਿਥੇ ਉਹ ਸੁੰਦਰ ਕੁਦਰਤੀ ਨਜ਼ਾਰੇ ਦੇਖਦੇ ਡੇਰਾ ਲਾ ਲੇਂਦੇ ।
ਲਖੀ ਜੰਗਲ ਵਿਚ ਜਦ ਸੁੰਦਰ ਨਜ਼ਾਰੇ ਦੇਖੇ ਤੇ ਕੁਝ ਦੇਰ ਉਥੇ ਹੀ ਠਹਿਰਨ ਦਾ ਫੈਸਲਾ ਕਰ ਲਿਆ । ਇਥੇ ਹੀ ਚਿਰਾਂ ਤੋ ਵਿਛੜੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ,ਕਵੀ, ਢਾਡੀ,ਤੇ ਜੋ ਸਿਖ ਆਨੰਦਪੁਰ ਛਡਣ ਤੋਂ ਬਾਅਦ ਵਿਛੜ ਗਏ ਸੀ ਮੁੜ ਆ ਜੁੜੇ । ਕਥਾ ,ਕੀਰਤਨ ਵਖਿਆਨ ਤੇ ਕਵੀ ਦਰਬਾਰ , ਮੁੜਕੇ ਓਹੀ ਰੌਣਕਾਂ ਲਗ ਗਈਆਂ ਪਰ ਹਾਲਤ ਓਹ ਨਹੀਂ ਸਨ ।
ਜਦੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਉਸ ਵਿਚ ਵੀ ਉਹਨਾਂ ਦਾ ਕੁਦਰਤ ਨਾਲ ਪਿਆਰ ਪ੍ਰਤਖ ਨਜਰ ਆਓਂਦਾ ਹੈ । ਜ਼ਫਰਨਾਮੇ ਵਿਚ ਲਿਖਦੇ ਹਨ ‘ ਜਦੋਂ ਸੂਰਜ ਨੇ ਮੂੰਹ ਛੁਪਾਇਆ ਰਾਤ ਦਾ ਰਾਜਾ ਚੰਦ ਨਿਕਲਿਆ ਇਧਰ ਜੁਝਾਰ ਦੀ ਸ਼ਹੀਦੀ ਹੋਈ । ਸਾਹਿਬਜਾਦਿਆ ਦੇ ਸ਼ਹੀਦ ਹੋਣ ਦੇ ਵੇਲੇ ਵੀ ਕੁਦਰਤ ਤੋ ਬਲਿਹਾਰ ਜਾਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੇ । ਉਹਨਾਂ ਦੀ ਬਾਣੀ ਵਿਚ ਵੀ ਵਹਿਗੁਰੂ ,ਕੁਦਰਤ ਤੇ ਮਨੁਖਤਾ ਦਾ ਪਿਆਰ ਪ੍ਰਤਖ ਝਲਕਦਾ ਨਜ਼ਰ ਆਓਂਦਾ ਹੈ ।ਜਦੋਂ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਤਾਂ ਵੀ ਗੁਰੂ ਸਾਹਿਬ ਨੰਦੇੜ ਗੋਦਾਵਰੀ ਦੇ ਕੰਢੇ ਤੇ ਹੀ ਬੈਠੇ ਸੀ ।
( ਚਲਦਾ )