ਬਦ ਅਸੀਸ ਦਾ ਅਸਰ – ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਸੰਬਧਿਤ ਸਾਖੀ
ਗਰਮੀਆਂ ਦੇ ਦਿਨਾਂ ਵਿੱਚ ਅਕਸਰ ਹੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਆਪਣੀ ਝੋਂਪੜੀ ਵਿਚੋਂ ਬਾਹਰ ਅੰਬ ਦੀ ਛਾਂ ਹੇਠ ਬੈਠ ਕੇ ਨਾਮ ਜਪਿਆ ਕਰਦੇ। ਆਉਂਦੇ ਜਾਂਦੇ ਪ੍ਰੇਮੀ ਬਾਬਾ ਜੀ ਨੂੰ ਵੇਖ ਕੇ ਮਿਲਣ ਲਈ ਬੈਠ ਜਾਂਦੇ। ਜਦੋਂ ਬਾਬਾ ਜੀ ਨੂੰ ਮਹਿਸੂਸ ਹੁੰਦਾ ਕਿ ਹੁਣ ਪ੍ਰੇਮੀ ਏਧਰ ਓਧਰ ਦੀਆਂ ਗੱਲਾਂ ਕਰਨ ਲੱਗ ਪਏ ਹਨ ਤਾਂ ਬਾਬਾ ਜੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦੇ। ਪਾਠ ਉਪਰੰਤ ਕੁਝ ਪ੍ਰੇਮੀ ਤੁਰੰਤ ਹੀ ਫਤਹਿ ਬੁਲਾ ਕੇ ਚਲੇ ਜਾਂਦੇ ਅਤੇ ਕਈ ਵੀਰ ਕੁਝ ਸਮਾਂ ਬੈਠੇ ਰਹਿੰਦੇ ਅਤੇ ਫਿਰ ਚਲੇ ਜਾਂਦੇ। ਇੱਕ ਦਿਨ ਬਾਬਾ ਜੀ ਨੇ ਅਜੇ ਪਾਠ ਦੀ ਸਮਾਪਤੀ ਕੀਤੀ ਹੀ ਸੀ ਕਿ ਪਿੰਡ ਮਾਛੀਆਂ ਤੋਂ ਇੱਕ ਪ੍ਰੇਮੀ ਹਰਬਖਸ਼ ਸਿੰਘ ਬਾਬਾ ਜੀ ਕੋਲ ਆਇਆ। ਫਤਹਿ ਬੁਲਾਉਣ ਉਪਰੰਤ ਕਹਿਣ ਲੱਗਾ ਕਿ ਬਾਬਾ ਜੀ ਪਾਣੀ ਦੀ ਸਮੱਸਿਆ ਤੋਂ ਅੱਕ ਕੇ ਪੈਲੀ ਵਿੱਚ ਟਿਊਬਵੈੱਲ ਲਗਵਾਏ ਸਨ। ਬਹੁਤ ਜਿਆਦਾ ਖਰਚਾ ਹੋ ਗਿਆ ਅਤੇ ਬੋਰ ਵੀ ਬਹੁਤ ਸੋਹਣਾ ਹੋਇਆ। ਪਰ ਮੁਸ਼ਕਿਲ ਉਦੋਂ ਆਈ ਜਦੋਂ ਬੋਰ ਵਿਚੋਂ ਪਾਣੀ ਨਾ ਆਇਆ। ਬੜੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਪਰ ਪਾਣੀ ਨਹੀਂ ਆ ਰਿਹਾ। ਉਸ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕੋਈ ਮੇਹਰ ਕਰੋ ਕਿ ਪਾਣੀ ਆ ਜਾਵੇ ਤੇ ਮੇਰਾ ਪੈਸਾ ਬਰਬਾਦ ਨਾ ਹੋਵੇ।
ਬਾਬਾ ਜੀ ਨੇ ਕਿਹਾ ਭਾਈ ਦੂਰੋਂ ਆਏ ਹੋ ਪਹਿਲਾਂ ਚਾਹ ਪਾਣੀ ਛਕ ਆਵੋ ਫਿਰ ਗੱਲ ਕਰਦੇ ਹਾਂ। ਭਾਈ ਸਾਬ ਚਾਹ ਪਾਣੀ ਛਕ ਕੇ ਆਏ ਅਤੇ ਬਾਬਾ ਜੀ ਕੋਲ ਬੈਠ ਗਏ। ਬਾਬਾ ਜੀ ਨੇ ਕਿਹਾ ਕਿ ਭਾਈ ਤੂੰ ਕਿਸੇ ਗਰੀਬ ਦੇ ਪੈਸੇ ਦੇਣੇ ਹਨ ਪਰ ਦਿੱਤੇ ਨਹੀਂ। ਤੁਸੀ ਓਹ ਪੈਸੇ ਦੇਣ ਦੇ ਸਮਰੱਥ ਹੋ ਪਰ ਦੇ ਨਹੀਂ ਰਹੇ। ਉਸ ਗਰੀਬ ਦੀ ਬਦ ਅਸੀਸ ਹੀ ਤੁਹਾਡੇ ਲਈ ਰੁਕਾਵਟ ਬਣੀ ਹੋਈ ਹੈ। ਪਹਿਲਾਂ ਤਾਂ ਦੁਨਿਆਵੀ ਚਤੁਰਾਈ ਕਰਨ ਭਾਈ ਸਾਬ ਨਹੀਂ ਮੰਨੇ ਕਿ ਓਹਨਾ ਨੇ ਕਿਸੇ ਦੇ ਪੈਸੇ ਦੇਣੇ ਹਨ ਪਰ ਬਾਅਦ ਵਿੱਚ ਕਹਿਣ ਲੱਗੇ ਕਿ ਬਾਬਾ ਜੀ ਇੱਕ ਗਰੀਬ ਦੇ ਮੈਂ 280 ਰੁਪਏ ਦੇਣੇ ਸਨ ਪਰ ਨਹੀਂ ਦਿੱਤੇ। ਉਸ ਨੇ ਕਈ ਵਾਰ ਮੇਰੇ ਕੋਲੋਂ ਮੰਗੇ ਸਨ ਪਰ ਮੈਂ ਟਾਲ ਦਿੰਦਾ ਸੀ। ਬਾਬਾ ਜੀ ਕਹਿਣ ਲੱਗੇ ਕਿ ਭਾਈ ਜਿੰਨਾ ਚਿਰ ਤੁਸੀਂ ਉਸ ਗਰੀਬ ਦੇ ਪੈਸੇ ਨਹੀਂ ਦਿੰਦੇ ਭਾਵੇਂ 10-12 ਬੋਰ ਕਰਵਾ ਲਵੋ ਪਾਣੀ ਨਹੀਂ ਆਵੇਗਾ। ਇਸ ਲਈ ਭਾਈ ਪਹਿਲਾਂ ਉਸ ਗਰੀਬ ਦੇ ਪੈਸੇ ਵਿਆਜ ਸਮੇਤ ਦੇ ਕੇ ਆਓ ਅਤੇ ਫਿਰ ਗੁਰੂ ਘਰ ਪ੍ਰਸ਼ਾਦ ਬਣਵਾ ਕੇ ਅਰਦਾਸ ਕਰਕੇ ਗੁਰੂ ਸਾਹਿਬ ਪਾਸੋਂ ਮਾਫੀ ਮੰਗੋ।
ਭਾਈ ਹਰਬਖਸ਼ ਸਿੰਘ ਨੇ ਉਸ ਗਰੀਬ ਦੇ ਵਿਆਜ ਸਮੇਤ 330 ਰੁਪਏ ਮੋੜ ਦਿੱਤੇ। ਇਸ ਨਾਲ ਓਹ ਗਰੀਬ ਬੜਾ ਖੁਸ਼ ਹੋਇਆ ਅਤੇ ਭਾਈ ਸਾਬ ਦਾ ਧੰਨਵਾਦ ਕਰਨ ਲੱਗਾ। ਭਾਈ ਸਾਬ ਨੇ ਅਗਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਪ੍ਰਸ਼ਾਦ ਬਣਵਾ ਕੇ ਅਰਦਾਸ ਕੀਤੀ ਅਤੇ ਗੁਰੂ ਸਾਹਿਬ ਤੋਂ ਮਾਫੀ ਮੰਗੀ। ਇਸ ਉਪਰੰਤ ਭਾਈ ਸਾਬ ਪ੍ਰਸ਼ਾਦ ਲੈ ਕੇ ਬੋਰ ਵਾਲੇ ਖੇਤ ਵਿੱਚ ਪੁੱਜੇ। ਕਾਰੀਗਰਾਂ ਨੇ ਦੋ ਚਾਰ ਬੋਕੀਆਂ ਮਾਰ ਕੇ ਚੜੀ ਹੋਈ ਰੇਤ ਕੱਢੀ। ਇਸ ਤੋਂ ਬਾਅਦ ਜਦੋਂ ਟਿਊਬਵੈੱਲ ਚਲਾਇਆ ਗਿਆ ਤਾਂ ਸਭ ਹੈਰਾਨ ਹੋ ਗਏ। ਬੇਅੰਤ ਪਾਣੀ ਬੋਰ ਵਿਚੋਂ ਆਇਆ। ਸਭ ਹੈਰਾਨ ਸਨ ਪਰ ਵਿਚਲੀ ਗੱਲ ਦਾ ਕਿਸੇ ਨੂੰ ਨਹੀਂ ਪਤਾ ਸੀ।
ਸੋ ਬਾਬਾ ਜੀ ਨੇ ਦੱਸਿਆ ਕਿ ਜਦੋਂ ਅਸੀਂ ਕਿਸੇ ਵੀ ਕਾਰਨ ਕਰਕੇ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਹਾਂ ਤਾਂ ਉਹ ਜਿੱਥੇ ਸਾਡੇ ਆਤਮਿਕ ਪੰਧ ਵਿੱਚ ਨੁਕਸਾਨ ਕਰਦੀ ਹੈ ਉਥੇ ਦੁਨਿਆਵੀ ਕੰਮਾਂ ਵਿੱਚ ਵੀ ਰੁਕਾਵਟ ਬਣਦੀ ਹੈ। ਸੋ ਜੇ ਆਪਾਂ ਕਿਸੇ ਦੇ ਸੁੱਖਾਂ ਦਾ ਕਾਰਨ ਨਹੀਂ ਬਣ ਸਕਦੇ ਤਾਂ ਘੱਟੋ ਘੱਟ ਕਿਸੇ ਦੇ ਦੁੱਖਾਂ ਦਾ ਕਾਰਨ ਨਾ ਬਣੀਏਂ।
(ਰਣਜੀਤ ਸਿੰਘ ਮੋਹਲੇਕੇ)
ਵਾਹਿਗੁਰੂ ਜੀ 🙏