ਸਾਕਾ ਸਰਹੰਦ ਤੇ ਸਾਕਾ ਚਮਕੌਰ ਸਾਹਿਬ ਭਾਗ-2
ਇਹ ਟੱਕਰ ਪੁਸ਼ਤ ਦਰ ਪੁਸ਼ਤ ਚੱਲੀ। ਬਾਬੇ ਨਾਲ ਬਾਬਰ ਟੱਕਰਿਆ ਤੇ ਬਾਬਰ ਦੇ ਪੁੱਤਰਾਂ ਨਾਲ ਬਾਬੇ ਦੀ ਜੋਤ ਟੱਕਰੀ। ਦੂਜੇ ਪਾਤਿਸ਼ਾਹ ਗੁਰੂ ਅੰਗਦ ਸਾਹਿਬ ਅੱਜ ਖਡੂਰ ਸਾਹਿਬ ਦੀ ਧਰਤੀ ਉੱਪਰ ਬਿਰਾਜਮਾਨ ਹਨ। ਹਿਮਾਯੂੰ ਕਨੌਜ ਦੇ ਮੈਦਾਨ ਵਿੱਚੋਂ ਹਾਰ ਕੇ ਗੁਰੂ ਜੀ ਦੇ ਦਰਬਾਰ ਵਿੱਚ ਆਇਆ। ਗੁਰੂ ਸਾਹਿਬ ਦੀ ਜੋਤ ਨੇ ਕੋਈ ਪ੍ਰਵਾਹ ਨਹੀਂ ਕੀਤੀ ਬਾਬਰ ਕਿਆਂ ਦੀ। ਹੁਣ ਬਾਬਰ ਕੇ ਤੇ ਬਾਬੇ ਕੇ ਦਿਆਂ ਦੀ ਟੱਕਰ ਹੈ। ਹਿਮਾਯੂੰ ਨੇ ਆਪਣੀ ਬੇਇੱਜ਼ਤੀ ਸਮਝ ਕੇ ਤਲਵਾਰ ਦੇ ਮੁੱਠੇ ਉੱਪਰ ਹੱਥ ਰੱਖਿਆ ਹੈ ਤੇ ਜਿਸ ਬਾਬੇ ਨੇ ਬੋਲ ਕੇ ਕਿਹਾ ਸੀ-
ਜਮੁ ਕਰਿ ਮੁਗਲੁ ਚੜਾਇਆ ॥
ਉਸ ਬਾਬੇ ਦਾ ਗੱਦੀ ਨਸ਼ੀਨ ਬੋਲ ਕੇ ਕਹਿੰਦਾ ਹੈ ਕਿ ਹਿਮਾਯੂੰ! ਜਿਹੜੀ ਤਲਵਾਰ ਅੱਜ ਫ਼ਕੀਰ ਉੱਪਰ ਚੁੱਕਣ ਲੱਗਾ ਹੈਂ, ਇਹ ਤਲਵਾਰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਖੁੰਡੀ ਕਿਉਂ ਹੋ ਗਈ ਸੀ ?
ਮੇਰੇ ਧੰਨ ਗੁਰੂ ਅਰਜਨ ਦੇਵ ਕ੍ਰਿਪਾਲੂ ਜੀ ਆ ਗਏ ਹਨ। ਦੂਜੇ ਪਾਸੇ ਜਹਾਂਗੀਰ ਦਿੱਲੀ ਦੇ ਤਖ਼ਤ ਉੱਪਰ ਬੈਠਾ ਹੈ। ਪਹਿਲੀ ਟੱਕਰ ਐਮਨਾਬਾਦ ਹੋਈ। ਦੂਜੀ ਟੱਕਰ ਖਡੂਰ ਦੀ ਧਰਤੀ ਉੱਪਰ ਹੋਈ। ਅੱਜ ਤੀਜੀ ਟੱਕਰ ਬਾਬੇ ਕੇ ਦਿਆਂ ਦੀ ਤੇ ਬਾਬਰ ਕੇ ਦਿਆਂ ਦੀ ਲਾਹੌਰ ਦੀ ਧਰਤੀ ਉੱਪਰ ਹੋਣ ਲੱਗੀ ਹੈ।
ਧੰਨ ਗੁਰੂ ਅਰਜਨ ਦੇਵ ਕ੍ਰਿਪਾਲੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਿਹੜਾ ਦਿੱਤਾ ਗਿਆ, ਉਸ ਅਨੁਸਾਰ ਇਹਨਾਂ ਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ ਕਿ ਇਹਨਾਂ ਦੇ ਖੂਨ ਦਾ ਇਕ ਵੀ ਤੁਪਕਾ ਧਰਤੀ ਉੱਪਰ ਨਾ ਡਿੱਗੇ। ਧੰਨ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਹਨ। ਉਹਨਾਂ ਨੂੰ ਤਿੰਨ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ। ਪਹਿਲਾ ਇਹਨਾਂ ਨੇ ਗਰਮ ਲੋਅ ਕੀਤੀ, ਦੂਜੀ ਇਹਨਾਂ ਨੇ ਦੇਗ ਪਾਣੀ ਦੀ ਭਰ ਕੇ ਉਬਾਲੀ ਤੇ ਤੀਜਾ ਮੇਰੇ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਗਰਮ ਰੇਤਾ ਪਾਇਆ ਗਿਆ। ਇੱਥੇ ਇੱਕ ਗੱਲ ਕਦੀ ਨਾ ਭੁੱਲਿਉ ਕਿ ਤੱਤੀ ਤਵੀ ਉੱਪਰ ਬੈਠਣ ਵਾਲਾ ਗੁਰੂ ਅੱਜ ਸੀਸ ਉੱਪਰ ਰੇਤਾ ਪੁਆ ਕੇ ਸ਼ਬਦ ਵਰਤਦਾ ਹੈ –
ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
(ਅੰਗ ੩੯੪)
ਲੋਕ ਤਾਂ ਜਹਾਂਗੀਰ ਨੇ ਪਤਾ ਨਹੀਂ ਕਿੰਨੇ ਕੁ ਖ਼ਤਮ ਕੀਤੇ ਹੋਣਗੇ, ਪਰ ਸੁਰਤ ਤੇ ਸ਼ਬਦ ਦਾ ਅਭਿਆਸੀ ਗੁਰੂ ਅਰਜਨ ਦੇਵ ਜੀ ਵਰਗਾ ਕੋਈ ਨਹੀਂ ਜਿਹੜਾ ਤੱਤੀ ਤਵੀ ਉੱਪਰ ਬੈਠ ਕੇ ਵੀ ਆਪਣੇ ਅੰਦਰ ਨੂੰ ਡੋਲਣ ਨਹੀਂ ਦਿੰਦਾ। ਇਹੀ ਜੋਤ ਹੈ ਜਿਹੜੀ ਪੁੱਤਰਾਂ ਦੇ ਟੁੱਕੜੇ ਟੁੱਕੜੇ ਹੁੰਦਿਆਂ ਹੋਇਆਂ ਵੀ ਰੱਬ ਦਾ ਸ਼ੁਕਰ ਕਰੇਗੀ। ਹਜ਼ੂਰ ਤੱਤੀ ਤਵੀ ਉੱਪਰ ਬੈਠੇ ਹਨ। ਇਥੇ ਇਕ ਵਿਦਵਾਨ ਨੇ ਸ਼ਬਦ ਬੜੇ ਸੋਹਣੇ ਕਹੇ ਹਨ ਕਿ ਸਾਈਂ ਮੀਆਂ ਮੀਰ ਜੀ ਆਏ ਹਨ। ਕ੍ਰਿਪਾਲੂ ਦਾਤਾ ਜੀ ਦੇ ਤਨ ਉੱਪਰ ਰੇਤ ਦੀ ਬੁਛਾਰ ਪਈ ਹੁੰਦੀ ਹੈ। ਸਾਰਾ ਤਨ ਛਾਲੇ- ਛਾਲੇ ਹੋਇਆ ਹੈ। ਉਸ ਸਮੇਂ ਸਾਈਂ ਮੀਆਂ ਮੀਰ ਜੀ ਦੇ ਸ਼ਬਦ ਸਨ – ਦਾਤਾ ਜੀ! ਇਹ ਕੀ ਖੇਡ ਵਰਤਾਉਣ ਲੱਗੇ ਹੋ? ਕਹਿਣ ਲੱਗੇ, ਸਾਈਂ ਜੀ! ਜਿਨ੍ਹਾਂ ਬੀਜ ਨਰੋਆ ਪਾਵਾਂਗੇ, ਉੱਨੀ ਫ਼ਸਲ ਬੜੀ ਚੰਗੀ ਪੈਦਾ ਹੋਵੇਗੀ। ਮੀਆਂ ਮੀਰ ਕਹਿਣ ਲੱਗੇ ਕਿ ਮੈਂ ਸਮਝਿਆ ਨਹੀਂ ਕਿ ਬੀਜ ਨਰੋਏ ਪਾਉਣ ਦਾ ਮਤਲਬ ਕੀ ਹੈ? ਗੁਰੂ ਜੀ ਕਹਿਣ ਲੱਗੇ, ਇਕ ਪਾਸੇ ਮੈਂ ਸੰਸਾਰ ਨੂੰ ਗੁਰਬਾਣੀ ਦਾ ਬੋਹਿਥ ਗੁਰੂ ਗ੍ਰੰਥ ਸਾਹਿਬ ਦੇ ਕੇ ਚੱਲਿਆ ਹਾਂ ਤੇ ਦੂਜੇ ਪਾਸੇ ਇਸ ਸੰਸਾਰ ਨੂੰ ਮੈਂ ਕੁਰਬਾਨੀ ਦੀ ਜਾਚ ਸਿਖਾ ਕੇ ਚੱਲਿਆ ਹਾਂ। ਉਥੇ ਬਚਨ ਕਹੇ ਕਿ ਜਿੰਨਾ ਬੀਜ ਨਰੋਆ ਹੋਵੇ, ਉੱਨੀ ਚੰਗੀ ਫ਼ਸਲ ਨਿਕਲਦੀ ਹੈ। ਮਹਾਰਾਜ! ਇਹ ਬੀਜ ਕਿਹੜਾ ਹੈ? ਸ਼ਬਦ ਸਨ – ਸਾਈਂ ਜੀ! ਅੱਜ ਪੰਜਵੇਂ ਜਾਮੇ ਵਿੱਚ ਮੈਂ ਸ਼ਹਾਦਤ ਦਾ ਬੀਜ ਪਾਉਣ ਲੱਗਾ ਹਾਂ, ਤੁਸੀਂ ਦੇਖਿਉ, ਇਸ ਬੀਜ ਨੇ ਰੁੱਖ ਬਣਨਾ ਹੈ। ਇਸ ਦੇ ਇਕ ਫੁੱਲ ਨੇ ਚਾਂਦਨੀ ਚੌਕ ਜਾ ਕੇ ਕੁਰਬਾਨੀ ਦੇਣੀ ਹੈ। ਇਸ ਦੇ ਦੋ ਫੁੱਲ ਚਮਕੌਰ ਦੀਆਂ ਜੂਹਾਂ ਵਿੱਚ ਆਪਣੇ ਤਨ ਦਾ ਬੇਰਾ ਬੇਰਾ ਕਟਾ ਕੇ ਸ਼ਹੀਦ ਹੋਣਗੇ ਤੇ ਦੋ ਅੱਧ ਖਿੜੇ ਫੁੱਲ ਮੇਰੇ ਰੁੱਖ ਨੂੰ ਅਜਿਹੇ ਲੱਗਣਗੇ ਜਿਸਨੂੰ ਵਕਤ ਦੀ ਹਕੂਮਤ ਤੋੜ ਕੇ ਨੀਂਹਾਂ ਵਿੱਚ ਚਿੱਣ ਦੇਵੇਗੀ। ਚੇਤੇ ਰੱਖਣਾ, ਮੈਂ ਆਪਣੇ ਘਰ ਦੇ ਆਪਣੇ ਤੋਂ ਬਿਨਾਂ ਪੰਜ ਜੀਆਂ ਦਾ ਖ਼ੂਨ ਦੇ ਕੇ ਇਸ ਰੁੱਖ ਨੂੰ ਇੰਨਾ ਕੁ ਪ੍ਰਫੁੱਲਿਤ ਕਰ ਦੇਵਾਂਗਾ ਕਿ ਰਹਿੰਦੀ ਦੁਨੀਆਂ ਤੱਕ ਇਹ ਸ਼ਹੀਦਾਂ ਦਾ ਖ਼ੂਨ ਨਹੀਂ ਮੁੱਕਣਾ ਤੇ ਮੇਰੇ ਕੁਰਬਾਨੀ ਦੇ ਰੁੱਖ ਨੇ ਕਦੀ ਨਹੀਂ ਸੁੱਕਣਾ।
ਮੇਰੇ ਕ੍ਰਿਪਾਲੂ ਗੁਰੂ ਅਰਜਨ ਦੇਵ ਜੀ ਨੇ ਆਰੰਭਤਾ ਕੀਤੀ। ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ। ਜਹਾਂਗੀਰ ਉਸ ਸਮੇਂ ਤਖ਼ਤ ਉੱਪਰ ਬੈਠਾ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਹੁਣ ਬਾਬੇ ਕੇ ਦਿਆਂ ਦੇ ਘਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਆਏ ਹਨ ਤੇ ਉੱਧਰ ਜਹਾਂਗੀਰ ਦਾ ਪੁੱਤਰ ਸ਼ਾਹ ਜਹਾਨ ਆ ਗਿਆ। ਅੱਜ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਨੇ ਚਾਰ ਜੰਗ ਲੜੇ ਤੇ ਆਪਣੇ ਪਿਤਾ ਜੀ ਦੇ ਸ਼ਬਦ ਉਹਨਾਂ ਸੱਚ ਕਰਕੇ ਦਿਖਾਏ। ਸ਼ਬਦ ਕਹੇ ਸਨ –
ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫ਼ਤਾਰ ਕੌਨ ਰੋਕੇਗਾ?
ਮੇਰੇ ਖ਼ਿਆਲੋਂ ਕੀ ਪ੍ਰਵਾਜ਼ ਰੋਕਨੇ ਵਾਲੋ, ਮੇਰੇ ਹਰਿਗੋਬਿੰਦ ਕੀ ਤਲਵਾਰ ਕੌਨ ਰੋਕੇਗਾ?
┈ ┈┉❀🍃🌺🍃❀┉┈ ┈
ਅਗਲਾ ਭਾਗ……..
ਹੋਈ ਭੁੱਲ ਚੁੱਕ ਦੀ ਖਿਮਾ🙏🏼