ਸਾਕਾ ਸਰਹੰਦ ਤੇ ਸਾਕਾ ਚਮਕੌਰ ਸਾਹਿਬ ਭਾਗ-1
ਕਲਗੀਧਰ ਸੱਚੇ ਪਾਤਿਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਟੁੱਕੜੇ ਟੁੱਕੜੇ ਤਨ ਨੂੰ ਕਰਾਉਣ ਵਾਲੇ ਦੋ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਗੁਰੂ ਕੇ ਪਿਆਰੇ ਅਤੇ ਇਹਨਾਂ ਤੋਂ ਇਲਾਵਾ 35 ਦੇ ਕਰੀਬ ਹੋਰ ਗੁਰੂ ਕੇ ਸਿੰਘ ਜਿਨ੍ਹਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਕਲਗੀਧਰ ਸੱਚੇ ਪਾਤਿਸ਼ਾਹ ਮਹਾਰਾਜ ਦੇ ਸਨਮੁਖ ਸ਼ਹਾਦਤ ਦਾ ਜਾਮ ਪੀਤਾ ਹੈ।
1469 ਨੂੰ ਰਾਏ ਭੋਏ ਦੀ ਤਲਵੰਡੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਹੈ। ਭਾਈ ਗੁਰਦਾਸ ਜੀ ਨੇ ਉਥੇ ਜਿਹੜੇ ਸ਼ਬਦ ਵਰਤੇ, ਉਹਨਾਂ ਵਿੱਚ ਤਿੰਨ ਸ਼ਬਦਾਂ ਦੀ ਵਰਤੋਂ ਉਹਨਾਂ ਨੇ ਕੀਤੀ ਹੈ ਕਿ ਸਤਿਗੁਰੂ ਨਾਨਕ ਪ੍ਰਗਟੇ ਹਨ, ਦੂਜਾ ਸ਼ਬਦ ਕਿ ਇੱਕ ਗਿਆਨ ਦਾ ਸੂਰਜ ਨਿਕਲਿਆ ਹੈ ਤੇ ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ ਕਿ ਇੱਕ ਸਿੰਘ ਗਰਜਨਾ ਪੈਦਾ ਹੋਈ ਹੈ। ਉਹਨਾਂ ਨੇ ਪਹਿਲੀ ਪੰਗਤੀ ਕਹੀ –
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਦੂਜਾ ਉਹਨਾਂ ਨੇ ਸ਼ਬਦ ਵਰਤਿਆ ਹੈ –
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
(ਵਾਰ ੧, ਪਉੜੀ ੨੭)
ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ –
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
(ਵਾਰ ੧, ਪਉੜੀ ੨੭)
ਜਦੋਂ ਅਸੀਂ ਇਹ ਤਿੰਨ ਤੁੱਕਾਂ ਭਾਈ ਗੁਰਦਾਸ ਦੀ ਪਉੜੀ ਦੀਆਂ ਪੜ੍ਹਦੇ ਹਾਂ ਤਾਂ ਇਹਨਾਂ ਤਿੰਨਾਂ ਨੂੰ ਸੰਖੇਪ ਵਿੱਚ ਵਿਚਾਰਨਾ ਅਤਿ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟੇ ਹਨ ਤਾਂ ਉਹਨਾਂ ਨੇ ਨਾਲ ਧੁੰਦ ਦੀ ਤੁਲਨਾ ਕੀਤੀ ਹੈ। ਹਨੇਰਾ ਦੋ ਤਰ੍ਹਾਂ ਦਾ ਹੈ। ਇੱਕ ਹੈ ਕਾਲੀ ਰਾਤ ਦਾ ਹਨੇਰਾ ਤੇ ਇਕ ਹੈ ਧੁੰਦ ਦਾ ਚਿੱਟਾ ਹਨੇਰਾ। ਕਾਲੇ ਹਨੇਰੇ ਕਰਕੇ ਦੀਵੇ ਬਾਲਾਂਗੇ, ਬੱਤੀਆਂ ਜਲਾਵਾਂਗੇ, ਲਾਈਟ ਦਾ ਪ੍ਰਬੰਧ ਕਰਾਂਗੇ। ਰਾਤ ਦਾ ਹਨੇਰਾ ਦੀਵੇ ਦਾ ਚਾਨਣ ਤੇ ਸੂਰਜ ਦੀਆਂ ਕਿਰਨਾਂ ਦੂਰ ਕਰ ਦੇਣਗੀਆਂ, ਪਰ ਚੇਤੇ ਰੱਖਿਉ, ਜਦੋਂ ਧੁੰਦ ਚੜ੍ਹ ਕੇ ਆ ਜਾਏ ਤਾਂ ਉਦੋਂ ਸੂਰਜ ਦੀਆਂ ਕਿਰਨਾਂ ਦੀ ਪੇਸ਼ ਵੀ ਨਹੀਂ ਜਾਂਦੀ ਤੇ ਹਕੀਕਤ ਹੈ ਕਿ ਕਾਲੇ ਹਨੇਰੇ ਨਾਲੋਂ ਕਈ ਗੁਣਾ ਵੱਧ ਚਿੱਟਾ ਹਨੇਰਾ ਧੁੰਦ ਦਾ ਖ਼ਤਰਨਾਕ ਹੈ। ਉਹਨਾਂ ਦੇ ਸ਼ਬਦ ਹਨ ਕਿ ਗੁਰੂ ਸਾਹਿਬ ਦੇ ਪ੍ਰਗਟ ਹੋਣ ਦੀ ਦੇਰ ਸੀ ਕਿ ਧੁੰਦ ਮਿੱਟ ਗਈ। ਅਗਲੀ ਤੁੱਕ ਉਹਨਾਂ ਨੇ ਕਾਲੇ ਹਨੇਰੇ ਤੇ ਤਾਰਿਆਂ ਦੀ ਦਿੱਤੀ ਹੈ –
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਜਿਵੇਂ ਸੂਰਜ ਨਿਕਲਦਾ ਹੈ ਤੇ ਤਾਰੇ ਅਲੋਪ ਹੋ ਜਾਂਦੇ ਹਨ, ਸੂਰਜ ਨਿਕਲਦਾ ਹੈ ਤੇ ਅੰਧਕਾਰ ਚਲਾ ਜਾਂਦਾ ਹੈ, ਗੁਰੂ ਕੇ ਸਿੱਖੋ! ਚਿੱਟਾ ਅੰਧੇਰਾ ਸੀ ਧੁੰਦ ਦਾ। ਉਹ ਲੋਕ ਜਿਹੜੇ ਧਰਮ ਦਾ ਭੁਲੇਖਾ ਤਾਂ ਪਾਉਂਦੇ ਸਨ, ਪਰ ਅੰਦਰੋਂ ਅੰਨ੍ਹੇ ਸਨ। ਮੇਰੇ ਗੁਰੂ ਨੇ ਕਿਹਾ ਕਿ ਸੱਚ ਜਾਣੋ, ਇਹ ਅਧਰਮੀਆਂ ਤੇ ਕੁਕਰਮੀਆਂ ਨਾਲੋਂ ਵੱਧ ਖ਼ਤਰਨਾਕ ਹਨ। ਜਿਹੜੇ ਧਰਮ ਬਾਰੇ ਜਾਣ ਕੇ ਵੀ ਧਰਮ ਨੂੰ ਕਮਾਉਂਦੇ ਹਨ, ਇਹ ਧੁੰਦ ਦੀ ਤਰ੍ਹਾਂ ਹਨ ਤੇ ਹਕੀਕਤ ਇਹ ਹੈ ਕਿ ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਉਹ ਕਾਲੇ ਹਨੇਰੇ ਦੀ ਤਰ੍ਹਾਂ ਹਨ। ਹਜ਼ੂਰ ਲਈ ਸ਼ਬਦ ਭਾਈ ਗੁਰਦਾਸ ਜੀ ਨੇ ਸਿੰਘ ਵਰਤਿਆ, ਸ਼ੇਰ ਵਰਤਿਆ। ਮੈਂ ਸੋਚਦਾ ਹਾਂ ਕਿ ਬਾਬਾ, ਜਿਹੜੀ ਤੂੰ ਦਹਾੜ ਸ਼ੇਰ ਦੇ ਰੂਪ ਵਿੱਚ ਦਿੱਤੀ ਸੀ, ਤੇਰੀ ਇਸ ਸਿੰਘ ਗਰਜ ਨੂੰ ਖ਼ਤਮ ਕਰਨ ਦੇ ਲਈ ਕਦੀ ਲਾਹੌਰ ਦੀ ਤਵੀ ਆਈ, ਕਦੀ ਚਾਂਦਨੀ ਚੌਂਕ ਆਇਆ, ਕਦੀ ਸਰਸਾ ਦੇ ਪਰਿਵਾਰ ਵਿਛੋੜੇ ਆਏ ਤੇ ਅੱਜ ਕਿਤੇ ਚਮਕੌਰ ਦੀ ਗੜ੍ਹੀ ਆਈ। ਹਕੀਕਤ ਇਹ ਹੈ ਕਿ ਤੇਰੇ ਸ਼ੇਰ ਦੀ ਗਰਜ ਨੂੰ ਖ਼ਤਮ ਕਰਨ ਲਈ ਸਾਰੇ ਸਾਕੇ ਕੀਤੇ ਗਏ। ਹਜ਼ੂਰ ਲਈ ਉਥੇ ਭਾਈ ਸਾਹਿਬ ਨੇ ਸ਼ਬਦ ਵਰਤੇ
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਗੁਰੂ ਨਾਨਕ ਸਾਹਿਬ ਜਦੋਂ ਸ਼ੇਰ ਦੀ ਤਰ੍ਹਾਂ ਗਰਜੇ ਤਾਂ ਉਹਨਾਂ ਦੇ ਸਾਹਮਣੇ ਕੋਈ ਪਾਖੰਡੀ ਮਿਰਗ ਦੀ ਤਰ੍ਹਾਂ ਖਲੋ ਨਹੀਂ ਸਕਿਆ।
ਪਹਿਲੀ ਟੱਕਰ ਐਮਨਾਬਾਦ ਦੀ ਧਰਤੀ ਉੱਪਰ ਬਾਬੇ ਅਤੇ ਬਾਬਰ ਦੀ ਹੋਈ। ਅੱਜ ਐਮਨਾਬਾਦ ਦਾ ਸਾਕਾ ਵਾਪਰ ਗਿਆ ਹੈ। ਅੱਜ ਫਿਰ ਰਬਾਬ ਗੂੰਜੀ। ਮਰਦਾਨਿਆ, ਰਬਾਬ ਛੇੜ, ਅੱਜ ਫਿਰ ਇਹ ਜਮਦੂਤ ਬਣ ਕੇ ਆਇਆ ਹੈ। ਮਰਦਾਨਿਆ, ਰਬਾਬ ਛੇੜ, ਇਸ ਦੇ ਸਿਪਾਹੀ ਹਲਕੇ ਕੁੱਤੇ ਬਣ ਕੇ ਆਏ ਹਨ। ਜੇ ਸਮੇਂ ਨਾਲ ਅਸੀਂ ਸੱਚ ਨਾ ਦੱਸਿਆ ਤਾਂ ਸੱਚ ਸਦਾ ਲਈ ਅਲੋਪ ਹੋ ਜਾਏਗਾ। ਉਥੇ ਸਿੰਘ ਗਰਜ ਦੇ ਸ਼ਬਦ ਸਨ –
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਉਥੇ ਸ਼ਬਦ ਸਨ ਬਾਬੇ ਦੇ ਹਿਰਦੇ ਦੀ ਵੇਦਨਾ –
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥
(ਅੰਗ ੩੬੦)
┈ ┈┉❀🍃🌺🍃❀┉┈ ┈
ਅਗਲਾ ਭਾਗ……
ਹੋਈ ਭੁੱਲ ਚੁੱਕ ਦੀ ਖਿਮਾ🙏🏼
Dalveer Singh