ਇਤਿਹਾਸ – ਭਾਈ ਨਗਾਹੀਆ ਸਿੰਘ ਵਲੋਂ ਗੁਰੂ ਸਾਹਿਬ ਨੂੰ ਘੋੜਾ ਭੇਂਟ ਕਰਨਾ
ਭਾਈ ਨਗਾਹੀਆ ਸਿੰਘ ਵਲੋਂ ਗੁਰੂ ਸਾਹਿਬ ਨੂੰ ਘੋੜਾ ਭੇਂਟ ਕਰਨਾ
ਉੱਚ ਦੇ ਪੀਰ ਆਲਮਗੀਰ ਦੇ ਨੇੜੇ ਪਹੁੰਚ ਗਏ ਸਨ। ਉਥੇ ਆਪ ਨੂੰ ਘੋੜਿਆਂ ਦਾ ਇਕ ਸੌਦਾਗਰ ਮਿਲਿਆ। ਸੌਦਾਗਰ ਇਕ ਦਮ ਪਛਾਣ ਗਿਆ, ਕਿ ਕੌਣ ਹਨ। ਆਪਣੀ ਕੌਮ ਦੇ ਰੱਬੀ ਸਰਦਾਰ ਨੂੰ ਇਸ ਹਾਲਤ ਵਿਚ ਵੇਖਕੇ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਛਲਕ ਉੱਠੀਆਂ। ਨਾਂਹ ਬਾਜ ,ਨਾਂਹ ਕਲਗੀ ਤੇ ਨਾਂਹ ਨੀਲਾ ਘੋੜਾ ! ਉਂਝ ਮਾਹੀ ਇਸ ਵੇਸ ਵਿਚ ਵੀ ਪਿਆਰਾ ਸੀ। ਨਗਾਹੀਆ ਸਿੰਘ ਨੂੰ ਖ਼ਾਲਸੇ ਤੋਂ ਆਨੰਦਪੁਰ ਛੱਡਣ ਦੇ ਹਾਲ ਮਾਲੂਮ ਹੋਏ, ਵੱਡੇ ਸਾਹਿਬਜ਼ਾਦਿਆਂ ਦੀ ਸਹੀਦੀ ਬਾਰੇ ਸੁਣਿਆ, ਅਤੇ ਮੁਸਲਮਾਨ ਵੀਰਾਂ ਦਾ ਚੁੱਪ ਵਿਚ ਹੀ ਸੁਕਰ ਅਦਾ ਕੀਤਾ।ਫੇਰ ਉਸਨੇ ਆਪਣੇ ਘੋੜਿਆਂ ਵਿਚੋਂ ਸਭ ਤੋ ਸੋਹਣਾ ਘੋੜਾ ਸੱਚੇ ਪਾਤਸ਼ਾਹ ਦੀ ਨਜ਼ਰ ਕੀਤਾ। ਉਸ ਸਮੇਂ ਗੁਰੂ ਜੀ ਨੇ ਨਬੀ ਖਾਂ ਅਤੇ ਗ਼ਨੀ ਖਾਂ ਵੱਲ ਵੇਖਿਆ, ਜਿਵੇਂ ਕੋਈ ਬਖਸ਼ਿਸ਼ ਕਰ ਰਹੇ ਹੋਣ। ਕੁੱਝ ਚਿਰ ਚੁੱਪ ਵਰਤੀ ਰਹੀ। ਜਦ ਗੁਰੂ ਜੀ ਨੇ ਮੁਸਲਮਾਨ ਭਰਾਵਾਂ ਨੂੰ ਵਾਪਸ ਮੁੜਣ ਲਈ ਕਿਹਾ, ਤਾ ਉਹਨਾਂ ਦੇ ਹਿਰਦੇ ਵਿਚ ਵਿਛੋੜੇ ਦੀ ਇਕ ਅਜੀਬ ਚੀਸ ਉੱਠੀ। ਜਦ ਮਹਾਂ ਭਇਆਨ ਪੈਂਡਿਆਂ ਦੀ ਇਕੱਲ ਉਹਨਾਂ ਦੇ ਦਿਲਾਂ ਉੱਤੇ ਛਾਈ,ਤਾ ਗੁਰੂ ਜੀ ਦੀ ਮਿਹਰ ਦਾ ਕੋਈ ਸ਼ੁਮਾਰ ਨਾਂਹ ਰਿਹਾ। ਇਤਿਹਾਸ ਨੂੰ ਸਮਝਣ ਦਾ ਕੋਈ ਨਿਯਮ ,ਮਨੋਵਿਗਿਆਨ ਦੀ ਕੋਈ ਵਿਆਖਿਆ ਅਤੇ ਫ਼ਿਲਾਸਫ਼ੀ ਦੀ ਕੋਈ ਜੁਗਤ ਉਹਨਾਂ ਦੋਵਾਂ ਭਰਾਵਾਂ ਦੀ ਖੁਸ਼ਕਿਸਮਤੀ ਦੀ ਗਤਿ ਮਿਤਿ ਲੈਣ ਦੇ ਕਾਬਿਲ ਨਹੀਂ, ਕੇਵਲ ਪਰਾ-ਬਿਬੇਕੀ ਰਸਿਕ ਦ੍ਰਿਸ਼ਟੀ ਹੀ ਕੋਈ ਅਨੁਮਾਨ ਲਗਾ ਸਕਦੀ ਹੈ।
ਗੁਰੂ ਜੀ ਨੇ ਗ਼ਨੀ ਖ਼ਾਂ ਅਤੇ ਨਬੀ ਖ਼ਾਂ ਨੂੰ ਮਾਛੀਵਾੜੇ ਲਈ ਵਿਦਾ ਕੀਤਾ। ਨਗਾਹੀਆ ਸਿੰਘ ਨੂੰ ਹੌਸਲਾ ਦਿੱਤਾ, ਉਸ ਦੇ ਸਭ ਫ਼ਿਕਰ ਦੂਰ ਕੀਤੇ ਅਤੇ ਪਿਆਰ ਨਾਲ ਰੁਖ਼ਸਤ ਕੀਤਾ। ਗੁਰੂ ਸਾਹਿਬ ਆਲਮਗੀਰ ਤੋਂ ਘੋੜੇ ਉੱਤੇ ਅਸਵਾਰ ਹੋਏ,ਹੌਲੀ ਹੌਲੀ ਸਫਰ ਕਰਦੇ ਰਹੇ ਅਤੇ ਤਿੰਨੇ ਸਿੰਘ ਨਾਲੋਂ ਨਾਲ ਚਲਦੇ ਰਹੇ।