ਮਾਛੀਵਾੜਾ ਭਾਗ 11

ਮਾਛੀਵਾੜਾ ਭਾਗ 11
ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ ਜੱਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ ਵੀ ਆ ਗਏ । ਦੋਹਾਂ ਨੇ ਮੱਥਾ ਟੇਕਿਆ । ਪੂਰਨ ਦੀ ਬਾਂਹ ਗਲ ਪਈ ਤੇ ਮੱਥੇ ਉੱਤੇ ਪੱਟੀ ਬੰਨ੍ਹੀ ਸੀ । ਉਸ ਦੀ ਪੱਟੀ ਤੇ ਬਾਂਹ ਗ਼ਲ ਪਈ ਦੇਖ ਕੇ ਸਤਿਗੁਰੂ ਜੀ ਨੇ ਬੜੀ ਹਲੀਮੀ ਨਾਲ ਪੁੱਛਿਆ , “ ਪੂਰਨ ! ਇਹ ਕੀ ਹੋਇਆ ? ਪੱਟੀ ਬੰਨ੍ਹੀ ਹੈ ? ” ਪੂਰਨ ਬੋਲ ਨਾ ਸਕਿਆ । ਉਹ ਸ਼ਰਮਿੰਦਾ ਸੀ । ਉਸ ਨੇ ਸਤਿਗੁਰੂ ਜੀ ਨੂੰ ਘਰ ਨਹੀਂ ਸੀ ਟਿਕਣ ਦਿੱਤਾ । “ ਮਹਾਰਾਜ ! ਆਪ ਜਾਣੀ ਜਾਣ ਹੋ ! ਅਸਾਂ ਭੁੱਲੜਾਂ ਪਾਪੀਆਂ ਨੂੰ ਖ਼ਿਮਾਂ ਬਖ਼ਸ਼ੋ । ” ਦੁਰਗੀ ਹੱਥ ਜੋੜ ਕੇ ਬੋਲੀ , “ ਅਸਾਂ ਦਾ ਕੱਖ ਨਹੀਂ ਰਿਹਾ , ਘਰ ਘਾਟ ਨਹੀਂ ਰਿਹਾ । ” “ ਕੀ ਹੋਇਆ ? ” ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ । ਅਸਲ ਵਿਚ ਉਸ ਨਾਲ ਹੱਡ – ਬੀਤੀ ਨੂੰ ਅੰਤਰਯਾਮੀ ਸਤਿਗੁਰੂ ਜੀ ਜਾਣ ਗਏ ਸਨ । ਫਿਰ ਵੀ ਉਸ ਦੇ ਕੋਲੋਂ ਪੁੱਛਣਾ ਚਾਹੁੰਦੇ ਸਨ । “ ਮੁਗ਼ਲਾਂ ਨੂੰ ਪਤਾ ਲੱਗ ਗਿਆ — ਆਪ ਆਏ ਸੀ । ” “ ਪਤਾ ਲੱਗਣਾ ਹੀ ਸੀ । ” “ ਹਾਂ , ਮਹਾਰਾਜ ! ਪਤਾ ਲੱਗ ਗਿਆ , ਬਸ ਇਸ ਬਹਾਨੇ …..। ” ਦੁਰਗੀ ਦੇ ਅੱਥਰੂ ਵਗ ਤੁਰੇ । ਉਸ ਨੇ ਝੁਕ ਕੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ । ਦੁਰਗੀ ਨੇ ਸਾਰੀ ਬੀਤੀ ਦੁਰਘਟਨਾ ਸੁਣਾ ਕੇ ਅੰਤ ਵਿਚ ਆਖਿਆ , “ ਮਹਾਰਾਜ ! ਨਦੀ ਲੰਘਣ ਲੱਗੇ ਸੀ ਤਾਂ ਘੋੜਾ ਡਿੱਗ ਪਿਆ , ਸੱਟਾਂ ਲੱਗੀਆਂ , ਇਹ ਸਭ ਅਵੱਗਿਆ ਕਰਨ ਦਾ ਫਲ ਹੈ । ਦਾਤਾ ! ਭੁੱਲ ਗਏ ਹਾਂ ! ਬੱਚੇ ਹਾਂ , ਦਇਆ ਕਰੋ । ” ‘ ਬੇਟੀ ! ਕਰਮਾਂ ਦਾ ਫਲ …..। ” ਗੁਰੂ ਜੀ ਸਹਿਜ ਸੁਭਾ ਬੋਲੇ । ਪੂਰਨ ਦਾ ਹੰਕਾਰ ਟੁੱਟ ਚੁੱਕਾ ਸੀ , ਉਸ ਦਾ ਲਾਲਚ ਮਰ ਗਿਆ । ਉਸ ਨੇ ਦੇਖ ਲਿਆ , ‘ ਮੂਸਾ ਨੱਠਾ ਮੌਤ ਤੋਂ , ਅੱਗੇ ਮੌਤ ਖੜੀ ‘ ਸੀ । ਉਹ ਵੀ ਗਿੜਗਿੜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ । ਉਹ ਰੋਣ ਲੱਗਾ । “ ਮਹਾਰਾਜ ! ਮਿਹਰ ਕਰੋ । ਆਪ ਕ੍ਰਿਪਾਲੂ ਹੋ ! ” ਉਸ ਦੇ ਕੰਬਦੇ ਬੁੱਲ੍ਹਾਂ ਦੀ ਆਵਾਜ਼ ਸੀ । ਉਸ ਦੀਆਂ ਅੱਖਾਂ ਵਿਚੋਂ ਨਿਕਲੇ ਪਛਤਾਵੇ ਦੇ ਅੱਥਰੂ ਗੁਰੂ ਮਹਾਰਾਜ ਦੇ ਚਰਨਾਂ ਉਪਰ ਡਿੱਗੇ । “ ਮੈਂ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ । ਸੇਵਕ ਰਹਾਂਗਾ । ਮੇਰੇ ਕੋਲ ਮੋਹਰਾਂ ਹਨ , ਆਪ ਲੈ ਲਉ । ” “ ਇਹ ਮੋਹਰਾਂ ਕਿਥੋਂ ਲਈਆਂ ? ” ‘ ਆਪ ਦੇ ਖ਼ਜ਼ਾਨੇ ਵਿਚੋਂ । “ ਫਿਰ ਰੱਖ ! ਤੁਸਾਂ ਆਖ਼ਰ ਲੋੜ ਵਾਸਤੇ ਹੀ ਤਾਂ ਚੁੱਕੀਆਂ ਹੋਣਗੀਆਂ । ਭਜਨ ਕਰੋ , ਮਾਇਆ ਵਿਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਨਾ ਭੁੱਲਣਾ , ਗੁਰੂ ਘਰ ਦੀ ਵਸਤੂ ਅਜਰ ਹੈ । ਉਸ ਨੂੰ ਪਚਦੀ ਹੈ , ਜਿਹੜਾ ਗੁਰੂ ਘਰ ਦੀ ਸੇਵਾ ਕਰੇ , ਗੁਰੂ ਘਰ ਵੱਲੋਂ ਬੇਮੁਖ ਨਾ ਹੋਵੇ । ਗੁਰੂ ਮਹਾਰਾਜ ਤੋਂ ਬੇਮੁਖ ਹੋਣ ਵਾਲਾ ਸਦਾ ਪਛਤਾਉਂਦਾ ਹੈ । ਸਤਿਗੁਰੂ ਮਹਾਰਾਜ ਦਾ ਹੁਕਮ ਹੈ । ”…
ਸਤਿਗੁਰੂ ਜੀ ਧੀਰਜਵਾਨ ਸਮਝਾਈ ਗਏ । ਪੂਰਨ ਨੂੰ ਖ਼ਿਮਾਂ ਦੇ ਦਿੱਤੀ । ਜਿਉਂ ਹੀ ਸਤਿਗੁਰੂ ਜੀ ਨੇ ਖ਼ਿਮਾਂ ਬਖ਼ਸ਼ੀ , ਤਿਉਂ ਹੀ ਪੂਰਨ ਦੀ ਬਾਂਹ ਨੂੰ ਫ਼ਰਕ ਪੈ ਗਿਆ , ਪੀੜ ਘਟ ਗਈ । “ ਜਾਉ ! ਆਪਣੇ ਨਗਰ ਨੂੰ , ਵੀਹ ਦਿਨਾਂ ਨੂੰ ਜਾਣਾ , ਘਰ ਵਾਪਸ ਮਿਲ ਜਾਏਗਾ । ” ਗੁਰੂ ਜੀ ਨੇ ਬਚਨ ਕਰ ਦਿੱਤਾ । ਉਹ ਅਜੇ ਬਾਹਰ ਗਏ ਹੀ ਸਨ ਕਿ ਗੁਲਾਬਾ ਘਾਬਰਿਆ ਹੋਇਆ ਆਇਆ । ਉਸ ਨੇ ਬੜੀ ਕਾਹਲੀ ਨਾਲ ਨਮਸਕਾਰ ਕੀਤੀ ਅਤੇ ਬੋਲਿਆ , “ ਮਹਾਰਾਜ , ਹਨੇਰ ਹੋ ਗਿਆ । “ ਕੀ ਹੋਇਆ ? ” ਸਤਿਗੁਰੂ ਜੀ ਨੇ ਪੁੱਛਿਆ । “ ਨਵਾਬ ਸਰਹਿੰਦ ਦਾ ਲਸ਼ਕਰ ਆ ਗਿਆ । ਮਾਛੀਵਾੜੇ ਨੂੰ ਘੇਰ ਲਿਆ ” ਗੱਲ ਕੀ “ ਪਤਾ ਲੱਗ ਗਿਆ ਕਿ ਆਪ ਏਥੇ ਹੋ । ‘ ‘ ਉਹ ਕਿਵੇਂ “ ਮਹਾਰਾਜ ਬੰਦਾ ਆਇਆ । ਉਸ ਨੇ ਦੱਸਿਆ ਹੈ ਕਿ ਚਮਕੌਰ ਵਿਚੋਂ ਜਦ ਭਾਈ ਸੰਗਤ ਸਿੰਘ ਦੇ ਸਿਰ ਨੂੰ ਸੂਬਾ ਸਰਹਿੰਦ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਗੁਰੂ ਨਹੀਂ ਹੈ । ਉਸ ਨੇ ਆਪ ਦੀ ਭਾਲ ਕਰਨ ਲਈ ਫ਼ੌਜਾਂ ਭੇਜੀਆਂ ਹਨ ਤੇ ਉਹਨਾਂ ਨੇ ਇਸ ਬਾਹਰ ਦੇ ਸਾਰੇ ਕਸਬੇ ਘੇਰ ਲਏ ਹਨ । ਮੈਂ ਖੱਤਰੀ ਹਾਂ , ਮਾਰਿਆ ਜਾਵਾਂਗਾ । ਮੇਰਾ ਘਰ – ਘਾਟ ਨਹੀਂ ਰਹੇਗਾ । ” “ ਕੀ ਚਾਹੁੰਦਾ ਹੈ ? ” ਗੁਰੂ ਜੀ ਉਸ ਦੇ ਮਨ ਦੀ ਅਵਸਥਾ ਨੂੰ ਜਾਣ ਗਏ । ਮੈਂ ਚਾਹੁੰਦਾ ਹਾਂ , ਆਪ …..। ” ਉਹ ਪੂਰੀ ਗੱਲ ਕਰਨੋਂ ਝਿਜਕਿਆ । ਉਸ ਨੂੰ ਇਹ ਵੀ ਡਰ ਲੱਗਾ ਕਿ ਜੇ ਜ਼ਬਾਨੋਂ ਕਿਹਾ ਚਲੇ ਜਾਓ ਤਾਂ ….. ਕੀ ਪਤਾ ਮਹਾਰਾਜ ਕੀ ਬਚਨ ਕਰ ਦੇਣ । ਉਸ ਦੀ ਜ਼ਬਾਨ ਨਾ ਖੁੱਲ੍ਹੀ । ਉਹਦਾ ਦਿਲ ਉਸ ਨੂੰ ਲਾਹਨਤ ਪਾ ਰਿਹਾ ਸੀ , ਗੁਲਾਬੇ ! ਘਰ ਆਏ ਭਗਵਾਨ ਨੂੰ ਘਰੋਂ ਚਲੇ ਜਾਣ ਲਈ ਨਾ ਕਹੋ । “ ਠੀਕ ਹੈ , ਤੂੰ ਚਾਹੁੰਦਾ ਹੈ , ਅਸੀਂ ਚਲੇ ਜਾਈਏ । ” ਗੁਰੂ ਜੀ ਸਹਿਜ – ਸੁਭਾ ਬੋਲੇ “ ਖ਼ਿਆਲ ਤਾਂ ਇਹ ਨਹੀਂ , ਆਪ ਦੇ ਚਰਨਾਂ ਤੋਂ ਸਿਰ ਚੁੱਕਣ ਨੂੰ ਚਿੱਤ ਤਾਂ ਨਹੀਂ ਕਰਦਾ , ਪਰ …..। ” ਪਰ ਡਰ ਹੈ । ” “ ਕੈਸਾ ਡਰ ਹੈ ? ਮੁਸਲਮਾਨ ਹਾਕਮਾਂ ਦਾ ਪਿੰਡ , ਮੈਂ ਖੱਤਰੀ ਹਾਂ । ਚਾਰ ਪੈਸੇ ਵੀ ਆਪ ਦੀ ਕ੍ਰਿਪਾ ਨਾਲ ਜਮ੍ਹਾਂ ਕੀਤੇ , ਇਹ ਲੋਕ ਉਜਾੜ ਦੇਣਗੇ । ਮਹਾਰਾਜ ਆਪ ਤਾਂ ਕਿਸੇ ਹੋਰ ਥਾਂ ਵੀ ….। ‘ ‘ “ ਹਾਂ , ਅਸੀਂ ਕਿਸੇ ਹੋਰ ਥਾਂ ਵੀ ਜਾ ਸਕਦੇ ਹਾਂ , ਰਹਿ ਸਕਦੇ ਹਾਂ , ਏਹੋ ਨਾ ? ‘ ‘ “ ਤੁਸੀਂ ਨਹੀਂ । ” ਮਸੰਦ ਸਤਿਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਿਆ । ਉਹ ਬਚਨਾਂ ਤੋਂ ਵੀ ਡਰਦਾ ਸੀ ਤੇ ਹਾਕਮਾਂ ਕੋਲੋਂ ਵੀ । ਉਸ ਦੀ ਐਸੀ ਦਸ਼ਾ ਦੇਖ ਕੇ ਮਹਾਰਾਜ ਮੁਸਕਰਾਏ ਤੇ ਦਇਆ ਦੇ ਘਰ ਆਏ । “ ਜਾਹ ਨਬੀ ਖ਼ਾਂ ਨੂੰ ਸੱਦ ਕੇ ਲੈ ਆ । ਡਰ ਨਾ , ਕੋਈ ਐਸਾ ਬਚਨ ਨਹੀਂ ਆਖਾਂਗੇ । ਅਸਾਂ ਨੂੰ ਆਸਰਾ ਦਿੱਤਾ , ਜਾਹ ਤੇਰਾ ਨਾਮ ਅਮਰ ਹੋ ਜਾਏਗਾ । ਅਸਥਾਨ ਦਾ ਸਤਿਕਾਰ ਹੋਏਗਾ । ਨਬੀ ਖ਼ਾਂ ਨੂੰ ਲਿਆ ਸੱਦ ਕੇ । ” ਗੁਲਾਬੇ ਨੇ ਗੁਰੂ ਮਹਾਰਾਜ ਦੇ ਚਰਨਾਂ ਉਪਰ ਮੱਥਾ ਟੇਕਿਆ । ਹੌਂਸਲਾ ਹੋਇਆ ਤੇ ਉਹ ਦਬਾ – ਦਬ ਘਰੋਂ ਬਾਹਰ ਹੋ ਗਿਆ ।
( ਚਲਦਾ )


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top