ਸਰਹੰਦ ਤੋ ਫਤਹਿਗੜ ਕਿਵੇ ਬਣਿਆ ??
ਸਰਹੰਦ ਤੋ ਫਤਹਿਗੜ ਕਿਵੇ ਬਣਿਆ ??
1710 ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪੜਚਿੜੀ ਦੇ ਮੈਦਾਨ ਚ ਪਾਪੀ ਵਜ਼ੀਰ ਖਾਨ ਨੂੰ ਫੌਜ ਸਮੇਤ ਸੋਧ ਕੇ ਸਰਹਿੰਦ ਨੂੰ ਫਤਹਿ ਕੀਤਾ ਤਾਂ ਬਾਬਾ ਜੀ ਨੇ ਸਿੰਘਾਂ ਦੇ ਸਮੇਤ ਸਭ ਤੋਂ ਪਹਿਲਾਂ ਉਸ ਅਸਥਾਨ ਵੱਲ ਧਿਆਨ ਦਿੱਤਾ , ਜਿੱਥੇ ਗੁਰੂ ਕੇ ਲਾਲਾਂ ਨੂੰ ਨੀਂਹਾਂ ਚ ਚਿਣ ਕੇ ਸ਼ਹੀਦ ਕੀਤਾ ਸੀ। ਉਹ ਥਾਂ ਦੇਖਦਿਆ ਹੀ ਸਭ ਦੇ ਸਿਰ ਸਾਹਿਬਜਾਦਿਆ ਨੂੰ ਯਾਦ ਕਰਦਿਆ ਝੁਕ ਗਏ। ਅੱਖਾਂ ਪਿਆਰ ਨਾਲ ਭਰ ਆਈਆਂ। ਬਾਬਾ ਬੰਦਾ ਸਿੰਘ ਜੀ ਨੇ ਸਿੰਘਾਂ ਨੂੰ ਕਹਿ ਕੇ ਉਥੇ ਗੁਰੂ ਕਾ ਨਿਸ਼ਾਨ ਸਾਹਿਬ ਝੁਲਾਇਆ। ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਉਥੇ ਸੇਵਾ ਦੇ ਲਈ ਸਿੰਘ ਨੀਯਤ ਕੀਤਾ। ਸਰਹੰਦ ਦਾ ਨਾਮ ਬਦਲ ਕੇ ਅਕਾਲੀ ਫੌਜਾਂ ਦੇ ਸਦੀਵੀ ਜਥੇਦਾਰ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਦੇ ਨਾਮ ਤੇ ਫਤਹਿਗੜ ਸਾਹਿਬ ਕਰ ਦਿੱਤਾ।
ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਰਾਜ ਖੁੱਸਿਆ। ਫਿਰ ਸਿੱਖਾਂ ਉਪਰ ਅਤਿਆਚਾਰ ਹੋਇਆ ਤਾਂ ਏ ਸ਼ਹੀਦੀ ਅਸਥਾਨ ਵੀ ਮਿਟਾ ਦਿੱਤਾ। ਸਮਾਂ ਲੰਘਦਾ ਗਿਆ। 1764 ਸੁਲਤਾਨਿ-ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਦਲ ਖ਼ਾਲਸਾ ਨੇ ਸਰਹੰਦ ਦੇ ਹਾਕਮ ਜੈਨ ਖਾਂ ਨੂੰ ਵੱਢਿਆ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਿੱਖ ਸਰਦਾਰਾਂ ਨੇ ਉਨ੍ਹਾਂ ਬਜ਼ੁਰਗਾਂ ਕੋਲੋਂ ਸ਼ਹੀਦੀ ਸਾਕੇ ਨੂੰ ਸੁਣਿਆ , ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਣਾਏ ਅਸਥਾਨ ਨੂੰ ਅੱਖੀਂ ਦੇਖਿਆ ਸੀ। ਅੱਖੀ ਡਿਠਾ ਹਾਲ ਸੁਣਕੇ ਸਭ ਦੇ ਦਿਲ ਪਸੀਜ ਗਏ। ਨੈਣ ਛੱਲਕ ਪਏ। ਸ਼ਹੀਦੀ ਅਸਥਾਨ ਦੀ ਨਿਸ਼ਾਨ-ਦੇਹੀ ਕੀਤੀ। ਸਿੱਖ ਸਰਦਾਰਾਂ ਨੇ ਆਪ ਸੇਵਾ ਕਰਕੇ ਥੜ੍ਹਾ ਉਸਾਰਿਆ। ਨਿਸ਼ਾਨ ਸਾਹਿਬ ਝੁਲਾਇਆ। ਥੜੇ ਤੇ ਸੋਹਣਾ ਕਪੜਾ ਵਿਛਾਕੇ ਸ਼ਸਤਰਾਂ ਨੂੰ ਗੁਰੂ ਰੂਪ ਜਾਣ (ਯਹ ਹਮਾਰੇ ਪੀਰ) ਪੰਜ ਸ਼ਸਤਰ ਸਜਾਏ। ਕੜਾਹ ਪ੍ਰਸ਼ਾਦ ਦੀ ਦੇਗ ਕੀਤੀ। ਧੁਰ ਕੀ ਬਾਣੀ ਦਾ ਕੀਰਤਨ ਹੋਇਆ। ਗੁਰੂ ਚਰਨਾਂ ਚ ਅਰਦਾਸ ਕਰਕੇ ਸਭ ਨੂੰ ਲੰਗਰ ਛਕਾਇਆ। ਉਸ ਵੇਲੇ ਸਿੱਖ ਸਰਦਾਰਾਂ ਨੇ ਸਲਾਹ ਕਰਕੇ ਫੇਰ ਅਸਥਾਨ ਦਾ ਨਾਮ ਸਰਹੰਦ ਤੋ ਬਦਲ ਫ਼ਤਹਿਗਡ਼੍ਹ ਸਾਹਿਬ ਰੱਖਿਆ। ਜਿਵੇਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰੱਖਿਆ ਸੀ। ਸਰਦਾਰ ਭੰਗੂ ਜੀ ਲਿਖਦੇ ਨੇ ,
ਮੁੱਠਾ ਚੌਰ ਤਾਹਿ ਪੈ ਧਾਰਾ
ਨਾਮ ਫਤੇਗਡ਼੍ਹ ਪੰਥ ਉਚਾਰਾ
(ਪੰਥ ਪ੍ਰਕਾਸ਼)
ਇਸ ਵੇਲੇ ਖ਼ਾਲਸਾ ਜੀ ਨੇ ਬਾਕੀ ਅਸਥਾਨ ਜਿਵੇਂ ਜੋਤੀ ਸਰੂਪ ਸਾਹਿਬ ਆਦਿਕ ਸਭ ਦੀ ਨਿਸ਼ਾਨਦੇਹੀ ਕਰਕੇ ਸਥਾਨ ਬਣਾਏ। ਲਗਪਗ ਸਾਰਾ ਸਰਹਿੰਦ ਉਜਾੜ ਦਿੱਤਾ ਸੀ, ਪਰ ਨਿਸ਼ਾਨੀ ਦੇ ਤੌਰ ਤੇ ਠੰਢਾ ਬੁਰਜ ਸੰਭਾਲ ਲਿਆ। ਜਿੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਸੀ। ਏ ਹੁਣ ਤਕ ਸਹੀ ਸਲਾਮਤ ਸੀ। ਪਰ ਸੁਣਿਆ ਕਾਰ ਸੇਵਾ ਦੇ ਨਾਂ ਤੇ ਕੁਝ ਅਰਸਾ ਪਹਿਲਾਂ ਇਹ ਬੁਰਜ ਢਾਹ ਦਿਤਾ। ਨੋਟ ਸ:ਰਤਨ ਸਿੰਘ ਭੰਗੂ ਜ਼ਿਕਰ ਕਰਦੇ ਨੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਬਾਦ ਵਜ਼ੀਰ ਖਾਂ ਪਾਪਾਂ ਦੇ ਭਾਰ ਕਰਕੇ ਬੜਾ ਪਰੇਸ਼ਾਨ ਰਹਿਣ ਲੱਗਾ। ਨੀਂਦ ਵੀ ਹਰਾਮ ਹੋ ਗਈ। ਸੁਪਨੇ ਚ ਵੀ ਡਰ ਜਾਂਦਾ। ਘਬਰਾ ਉਠਦਾ। ਉਸਨੂੰ ਸੁਪਨੇ ਚ ਦੋ ਛੋਟੇ ਬੱਚੇ (ਬਾਬੇ) ਸੋਟੀਆਂ ਦੇ ਨਾਲ ਕੁੱਟਦੇ। ਵਜੀਦੇ ਦਾ ਜੀਣਾ ਔਖਾ ਹੋ ਗਿਆ। ਬਡ਼ੇ ਤੰਤਰ ਮੰਤਰ ਧਾਗੇ ਤਵੀਤ ਕੀਤੇ। ਪਰ ਕੁਝ ਨ ਬਣਿਆ ਫਿਰ ਇੱਕ ਦਿਨ ਕਪੂਰ ਸਿੰਘ ਬਰਾੜ( ਕੋਟ ਕਪੂਰੇ ਵਾਲੇ) ਨੇ ਕਿਹਾ , ਜੇਕਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੇ ਸਾਫ਼ ਸਫ਼ਾਈ ਕੀਤੀ ਜਾਵੇ , ਉਸ ਥਾਂ ਦਾ ਧਿਆਨ ਰੱਖਿਆ ਤੇ ਦੀਵਾ ਬੱਤੀ ਜਗਾਇਆ ਜਾਵੇ ਤਾਂ ਸ਼ਾਇਦ ਕੁਝ ਹੋ ਸਕਦਾ ਹੈ।
ਮਰਦਾ ਬੰਦਾ ਕੀ ਨਹੀ ਕਰਦਾ…. ਵਜ਼ੀਰ ਖਾਨ ਨੇ ਇਸੇ ਤਰ੍ਹਾਂ ਕੀਤਾ ਤਾਂ ਅਰਾਮ ਆਇਆ ਸੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ