22 ਜੂਨ ਦਾ ਇਤਿਹਾਸ – ਪ੍ਰਕਾਸ਼ ਦਿਹਾੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ

ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਨੰਦ ਕਾਰਜ ਨੂੰ ਕਾਫ਼ੀ ਸਮਾਂ ਬਤੀਤ ਗਿਆ ਪਰ ਘਰ ਚ ਕੋਈ ਔਲਾਦ ਨਹੀਂ ਸੀ , ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋ ਨੇ ਇਕ ਦਿਨ ਮਿਹਣਾ ਮਾਰਿਆ ਇਹ ਤੇ ਔਂਤਰੇ ਨੇ ਇਨ੍ਹਾਂ ਦੇ ਕਿਹੜਾ ਕੋਈ ਔਲਾਦ ਹੈ , ਅਖੀਰ ਨੂੰ ਸਭ ਕੁਝ ਸਾਡੇ ਕੋਲ ਹੀ ਆਉਣਾ ਇਸ ਗੱਲ ਦਾ ਜਦੋਂ ਮਾਤਾ ਗੰਗਾ ਜੀ ਨੂੰ ਪਤਾ ਲੱਗਾ ਬੜੇ ਉਦਾਸ ਹੋਏ ਗੁਰੂਦੇਵ-ਪਤੀ ਕੋਲ ਬੇਨਤੀ ਕੀਤੀ ਤੁਸੀਂ ਸਾਰਿਆਂ ਦੀਆਂ ਝੋਲੀਆਂ ਭਰਦੇ ਹੋ ਦਾਸੀ ਤੇ ਵੀ ਕਿਰਪਾ ਕਰੋ ਹੁਣ ਤਾਂ ਸ਼ਰੀਕ ਵੀ ਮਿਹਣੇ ਮਾਰਨ ਲੱਗ ਪਏ ਨੇ ਨਾਲ ਸਾਰੀ ਗੱਲ ਦੱਸੀ।
ਸਤਿਗੁਰਾਂ ਨੇ ਕਿਹਾ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ ਨੇ ਸਿੱਖੀ ਕਮਾਈ ਹੈ ਤੁਸੀਂ ਉਨ੍ਹਾਂ ਦੇ ਕੋਲ ਬੇਨਤੀ ਕਰੋ ਤੁਹਾਡੀ ਜ਼ਰੂਰ ਇੱਛਾ ਪੂਰੀ ਹੋਵੇਗੀ
ਅਗਲੇ ਦਿਨ ਮਾਤਾ ਜੀ ਤਿਆਰੀ ਕਰ ਰੱਥ ਤੇ ਚੜ੍ਹ ਚੱਲ ਪਏ ਬਾਬਾ ਬੁੱਢਾ ਸਾਹਿਬ ਬੀੜ ਦੇ (ਨੇੜੇ ਝਬਾਲ) ਇਲਾਕੇ ਚ ਖੇਤੀਬਾੜੀ ਤੇ ਮਾਲ ਡੰਗਰ ਦੀ ਸੇਵਾ ਕਰਦੇ ਸੀ ਦੂਰੋਂ ਧੂੜ ਉੱਡਦੀ ਦੇਖ ਬਾਬਾ ਬੁੱਢਾ ਜੀ ਨੇ ਕਿਹਾ ਏ ਧੂੜਾਂ ਕਾਹਦੀਆਂ ਉੱਠਦੀਆਂ ਨੇਡ਼ਿਓਂ ਇਕ ਸਿੱਖ ਨੇ ਦਸਿਆ ਬਾਬਾ ਜੀ ਏ ਗੁਰੂ ਕੇ ਮਹਿਲ ਆ ਰਹੇ ਬਾਬਾ ਜੀ ਨੇ ਬਚਨ ਕਹੇ ਗੁਰੂ ਕਿਆਂ ਨੂੰ ਕਿਧਰੋਂ ਭਾਜੜਾਂ ਪੈ ਗਈਆਂ … ਮਾਤਾ ਗੰਗਾ ਜੀ ਜਦੋਂ ਪਹੁੰਚੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬੜੇ ਉਦਾਸ ਹੋ ਗਏ ਫਿਰ ਵੀ ਬੇਨਤੀ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਸਾਰੇ ਖ਼ਜ਼ਾਨਿਆਂ ਦੇ ਮਾਲਕ ਗੁਰੂ ਅਰਜਨ ਦੇਵ ਜੀ ਨੇ ਮੈਂ ਤੇ ਨੌਕਰ ਹਾਂ
ਮਾਤਾ ਜੀ ਨੇ ਦਰਸ਼ਨ ਕੀਤੇ ਤੇ ਉਦਾਸ ਚਲੇ ਮੁੜ ਆਏ ਸਾਰੀ ਗੱਲ ਸਤਿਗੁਰਾਂ ਨੂੰ ਦੱਸੀ ਪਾਤਸ਼ਾਹ ਨੇ ਕਿਹਾ ਤੁਹਾਡੇ ਜਾਣ ਦਾ ਢੰਗ ਸਹੀ ਨਹੀਂ ਸੀ ਜਦੋਂ ਵੱਡਿਆਂ ਦੇ ਕੋਲ ਜਾਈਏ ਤੇ ੲੇਦਾਂ ਨਹੀਂ ਜਾਈਦਾ ਨੀਵੇਂ ਹੋ ਕੇ ਜਾਈਦਾ ਫਿਰ ਆਪ ਸਤਿਗੁਰਾਂ ਨੇ ਤਰੀਕਾ ਦੱਸਿਆ ਕਿ ਕੱਲ੍ਹ ਅੰਮ੍ਰਿਤ ਵੇਲੇ ਉੱਠਣਾ ਕੇਸੀ ਇਸ਼ਨਾਨ ਕਰਕੇ ਆਪ ਦਹੀਂ ਰਿੜਕ ਕੇ ਲੱਸੀ ਤਿਆਰ ਕਰਨੀ ਹਥੀਂ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਨਾਲ ਗੰਢਾ ਲੈ ਪੈਦਲ ਚੱਲ ਕੇ ਜਾਓ ਮਾਤਾ ਜੀ ਨੇ ਇਸੇ ਤਰ੍ਹਾਂ ਸਾਰੀ ਤਿਆਰੀ ਕੀਤੀ ਆਪ ਸਿਰ ਤੇ ਪ੍ਰਸ਼ਾਦਿਆਂ ਦਾ ਟੋਕਰਾ ਚੁੱਕ ਕੇ ਲੱਸੀ ਲੈ ਕੇ ਚੱਲੇ ਨਾਲ ਇੱਕ ਦਾਸੀ ਲੈ ਲਈ ਪਹੁੰਚਦਿਆਂ ਨੂੰ ਦਿਨ ਕਾਫੀ ਚੜ੍ਹ ਗਿਆ ਸੀ ਬਾਬਾ ਬੁੱਢਾ ਜੀ ਨੇ ਮਾਤਾ ਜੀ ਨੂੰ ਦੂਰੋਂ ਆਉਂਦਿਆਂ ਦੇਖ ਕੇ ਅੱਗੇ ਹੋ ਕੇ ਪਰਸ਼ਾਦਿਆਂ ਵਾਲਾ ਟੋਕਰਾ ਉਤਾਰਿਆ ਤੇ ਨਾਲ ਬਚਨ ਕਹੇ ਜਦੋਂ ਪੁੱਤ ਨੂੰ ਭੁੱਖ ਲੱਗਦੀ ਆ ਮਾਂ ਨੂੰ ਹੀ ਪਤਾ ਚਲਦਾ ਹੈ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਇਆ ਬੜੇ ਖ਼ੁਸ਼ ਪਰਸ਼ਾਦਾ ਛਕਦਿਆਂ ਬਾਬਾ ਬੁੱਢਾ ਜੀ ਨੇ ਜਦੋਂ ਗੰਢੇ ਤੇ ਮੁੱਕੀ ਮਾਰੀ ਤਾਂ ਨਾਲ ਬਚਨ ਕੀਤਾ ਤੁਹਾਡੇ ਘਰ ਇਸ ਤਰ੍ਹਾਂ ਦਾ ਸੂਰਬੀਰ ਯੋਧਾ ਪੈਦਾ ਹੋਊ ਜੋ ਗੰਢੇ ਵਾਂਗੂੰ ਵੈਰੀਆਂ ਦੇ ਸਿਰ ਭਨੂੰਗਾ
ਤੁਮਰੇ ਗ੍ਰਹਿ ਪ੍ਰਗਟੇ ਗਾ ਯੋਧਾ ।
ਜਾਕਾ ਬਲ ਗੁਨ ਕਿੰਨਹੁ ਨ ਸੋਧਾ।
ਏਦਾ ਨਾਲ ਬਾਬਾ ਜੀ ਪ੍ਰਸ਼ਾਦਾ ਛਕੀ ਜਾਂਦੇ ਨੇ ਨਾਲ ਨਾਲ ਅਸੀਸਾਂ ਦੇਈ ਜਾਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੀ…

ਅਸੀਸ ਲੈ ਕੇ ਮਾਤਾ ਗੰਗਾ ਜੀ ਘਰ ਆਏ
ਸਮੇ ਨਾਲ ਹਾੜ੍ਹ ਵਦੀ 1 ਸੰਨ 1595 ਈ: ਨੂੰ ਮਾਤਾ ਗੰਗਾ ਜੀ ਦੀ ਪਾਵਨ ਕੁਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਪਿੰਡ ਵਡਾਲੀ (ਜ਼ਿਲ੍ਹਾ ਅੰਮ੍ਰਿਤਸਰ) ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸਾਹਿਬਜ਼ਾਦੇ ਦੇ ਆਗਮਨ ਦੀ ਖ਼ੁਸ਼ੀ ਵਿੱਚ ਇੱਕ ਛੇ ਹਲਟਾ ਖੂਹ ਲਗਵਾਇਆ ਇਸ ਕਰਕੇ ਅਸਥਾਨ ਨੂੰ ਛੇਹਰਟਾ ਸਾਹਿਬ ਵੀ ਕਹਿੰਦੇ ਆ ਖੂਹ ਹੁਣ ਵੀ ਮੌਜੂਦ ਆ
ਪੰਜਵੇ ਪਾਤਸ਼ਾਹ ਨੇ ਸ਼ੁਕਰਾਨੇ ਦੇ ਸ਼ਬਦ ਉਚਾਰੇ
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥
🌹🌹
ਵਡਾਲੀ ਪਿੰਡ ਛੇਵੇਂ ਪਾਤਸ਼ਾਹ ਨੇ ਬਚਪਨ ਦੇ ਕੁੱਝ ਸਾਲ ਬਤੀਤ ਕੀਤੇ ਰਿਸ਼ਤੇ ਵਿੱਚ ਸਤਿਗੁਰਾਂ ਦਾ ਤਾਇਆ ਲੱਗਦੇ ਪ੍ਰਿਥੀ ਚੰਦ ਨੇ ਗੁਰੂ ਪੱਤਰ ਉਪਰ ਕਈ ਜਾਨ ਲੇਵਾ ਹਮਲੇ ਕੀਤੇ ਦਾਈ ਨੂੰ ਜ਼ਹਿਰ ਦੇ ਕੇ ਮਾਰਨ ਲਈ ਭੇਜਿਆ ਸਪੇਰਾ ਭੇਜਿਆ ਸਾਥੀ ਦੇ ਰਾਹੀਂ ਜ਼ਹਿਰ ਦੇਣ ਦਾ ਯਤਨ ਕੀਤਾ ਇਕ ਬ੍ਰਾਹਮਣ ਰਾਹੀਂ ਵੀ ਦਹੀਂ ਵਿੱਚ ਜ਼ਹਿਰ ਮਿਲਾ ਕੇ ਖਵਾਉਣ ਦਾ ਯਤਨ ਕੀਤਾ ਪਰ ਸਭ ਵਿਅਰਥ ਗਿਆ
ਛੇਵੇਂ ਪਾਤਸ਼ਾਹ ਨੂੰ ਬਚਪਨ ਚ ਸੀਤਲਾ( ਚੇਚਕ )ਦਾ ਰੋਗ ਵੀ ਹੋਇਆ ਦਵਾਈਆ ਅਤੇ ਦੁਆਵਾਂ ਦੇ ਨਾਲ ਰੋਗ ਦੂਰ ਹੋਇਆ ਪੰਜਵੇਂ ਪਾਤਸ਼ਾਹ ਨੇ ਸ਼ੁਕਰਾਨੇ ਦੇ ਸ਼ਬਦ ਉਚਾਰੇ
ਸੀਤਲਾ ਤੇ ਰਖਿਆ ਬਿਹਾਰੀ ॥
ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥
ਫਿਰ ਬਚਪਨ ਚ ਐਸਾ ਤਾਪ ਚੜ੍ਹਿਆ ਜੋ ਬੜਾ ਨੁਕਸਾਨ-ਦਾਇਕ ਹੋ ਸਕਦਾ ਸੀ ਪਰ ਗੁਰੂ ਕ੍ਰਿਪਾ ਨਾਲ ਉਹ ਵੀ ਲੱਥ ਗਿਆ ਪੰਜਵੇਂ ਪਾਤਸ਼ਾਹ ਫਿਰ ਸ਼ੁਕਰਾਨਾ ਕੀਤਾ
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ
ਹਰਿ ਗੋਵਿਦੁ ਨਵਾ ਨਿਰੋਆ॥੧॥ ਰਹਾਉ ॥
🌹🌹
ਛੇਵੇਂ ਪਾਤਸ਼ਾਹ ਨੂੰ ਥੋੜ੍ਹਾ ਵੱਡਾ ਹੋਇਆ ਦੇਖ ਪੜ੍ਹਨ ਦੇ ਲਈ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ ਬਾਬਾ ਜੀ ਕੋਲੋਂ ਅੱਖਰੀ ਵਿੱਦਿਆ ਤੇ ਸ਼ਸਤਰ ਵਿੱਦਿਆ ਲਈ ਯੁੱਧ ਦੇ ਕੁੱਝ ਦਾਅ ਪੇਚ ਤੇ ਘੋੜ ਸਵਾਰੀ ਭਾਈ ਜੇਠਾ ਜੀ ਭਾਈ ਪਿਰਾਗਾ ਜੀ ਤੇ ਭਾਈ ਗੰਗਾ ਸਹਿਗਲ ਜੀ ਕੋਲੋਂ ਵੀ ਸਿੱਖੇ
ਛੇਵੇਂ ਗੁਰਦੇਵ ਦੇ ਤਿੰਨ ਵਿਆਹ ਹੋਏ ਮਾਤਾ ਦਮੋਦਰੀ ਜੀ ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਨਾਲ ਆਪ ਜੀ ਦੇ 6 ਔਲਾਦਾਂ ਸੀ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਸੂਰਜ ਮੱਲ ਬਾਬਾ ਅਣੀਰਾਏ ਬਾਬਾ ਅਟੱਲ ਰਾਇ ਤੇ ਗੁਰੂ ਤੇਗ ਬਹਾਦਰ ਜੀ ਇਕ ਪੁੱਤਰੀ ਬੀਬੀ ਵੀਰੋ ਜੀ ਸਨ
ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤਾਂ ਦੋ ਸ੍ਰੀ ਸਾਹਿਬਾਂ ਮੀਰੀ ਤੇ ਪੀਰੀ ਦੀਆਂ ਧਾਰਨ ਕੀਤੀਆਂ ਸਤਿਗੁਰੂ ਜੀ ਸਰੀਰਕ ਤੌਰ ਤੇ ਇੰਨੇ ਬਲਵਾਨ ਸੀ ਕਿ ਇਕ ਘੋੜਾ ਲੰਬਾ ਸਮਾਂ ਸਵਾਰੀ ਨਹੀਂ ਸੀ ਝੱਲਦਾ ਇਸ ਲਈ ਇੱਕ ਘੋੜਾ ਨਾਲ ਖਾਲੀ ਚੱਲਦਾ ਸੀ ਜੋ ਰਸਤੇ ਵਿੱਚ ਬਦਲਿਆ ਜਾਂਦਾ ਭਾਈ ਗੁਰਦਾਸ ਜੀ ਲਿਖਦੇ ਨੇ
ਦਲਭੰਜਨ ਗੁਰੁ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ ॥
🌹🌹
ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top