ਗੁਰੂ ਅਰਜਨ ਦੇਵ ਜੀ ਜੀਵਨ ਤੇ ਸ਼ਹਾਦਤ
ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ, ਬਾਣੀ ਦੇ ਬੋਹਿਥ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਰਚੇਤਾ, ਨਾਮ ਬਾਣੀ ਵਿਚ ਵਿਲੀਨ, ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ-ਸ੍ਰੀ ਗੁਰੂ ਅਰਜਨ ਦੇਵ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ, ਗੋਇੰਦਵਾਲ ਵਿਖੇ ਹੋਇਆ। ਇਨ੍ਹਾਂ ਦੀ ਮਾਤਾ ਬੀਬੀ ਭਾਨੀ ਗੁਰੂ ਅਮਰਦਾਸ ਦੀ ਬੇਟੀ ਸਨ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ।
ਗੁਰੂ ਅਰਜਨ ਦੇਵ ਨੇ ਦੇਵਨਗਰੀ ਪਾਂਧੇ ਪਾਸੋਂ ਸਿੱਖੀ, ਫ਼ਾਰਸੀ ਅੱਖਰ ਪਿੰਡ ਦੇ ਮਕਤਬ ਵਿਚੋਂ ਸਿਖੇ ਤੇ ਸੰਸਕ੍ਰਿਤ ਵਿਦਿਆ, ਪੰਡਤ ਬੈਣੀ ਕੋਲੋਂ ਬੈਠ ਕੇ ਲਈ। ਕਈ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਉਨ੍ਹਾਂ ਭਾਸ਼ਾਵਾਂ ਦੇ ਅੰਤਰੀਵ ਭਾਵ ਨੂੰ ਪੂਰੀ ਤਰ੍ਹਾਂ ਸਮਝਦੇ ਸਨ। ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ, ਦੁਨਿਆਵੀਂ ਤੌਰ ਉਤੇ ਸਿਆਣਾ ਤੇ ਚਤੁਰ ਬੁਧੀ ਵਾਲਾ ਸੀ। ਸਾਰਾ ਕੰਮ ਕਾਰ ਇਹੀ ਸੰਭਾਲਦੇ ਸਨ ਤੇ ਇਨ੍ਹਾਂ ਦੀ ਅੱਖ ਗੁਰੂਗੱਦੀ ਉਤੇ ਸੀ।
ਦੂਜੇ ਭਰਾ ਬਾਬਾ ਮਹਾਂਦੇਵ ਤਿਆਗੀ ਨਿਰਲੇਪ ਤੇ ਉਦਾਸੀ ਅਵਸਥਾ ਵਾਲੇ ਸਨ। ਗੁਰੂ ਅਰਜਨ ਦੇਵ, ਬ੍ਰਹਮ ਗਿਆਨੀ ਅਵਸਥਾ ਵਾਲੇ, ਧੀਰਜਵਾਨ, ਨਿਮਰ, ਆਤਮ ਰਸੀਏ, ਦਿਆਲੂ, ਸਮਦਰਸੀ ਤੇ ”ਬ੍ਰਹਮ ਗਿਆਨੀ ਆਪਿ ਪ੍ਰਮੇਸੁਰ” ਸਰੂਪ ਸਨ। ਗੁਰੂ ਅਰਜਨ ਸਾਹਿਬ ਦੀ ਰੱਬੀ ਸ਼ਖ਼ਸੀਅਤ ਦੇ ਦਰਸ਼ਨਾਂ ਦੀ ਝਲਕ, ਭੱਟਾਂ ਦੇ ਸਵਯਾਂ ਵਿਚੋਂ ਵੇਖਣ ਨੂੰ ਮਿਲਦੀ ਹੈ। ਭੱਟ ਬਾਣੀ ਵਿਚ ਗੁਰੂ ਸਾਹਿਬ ਨੂੰ ”ਪਰਤਖੁ ਹਰਿ” ਕਿਹਾ ਗਿਆ ਹੈ। ਗੁਰੂ ਸਾਹਿਬ ਦੀ ਇਹੋ ਜਹੀ ਸ਼ਖ਼ਸੀਅਤ ਸੀ ਜਿਨ੍ਹਾਂ ਦੀ ਤਕਣੀ ਨਾਲ ਪਾਪਾਂ ਦਾ ਨਾਸ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਸੀ। ਭੱਟ ਮਥਰਾ ਨੇ ਦਸਿਆ ਹੈ ਕਿ ਵਾਹਿਗੁਰੂ ਦੀ ਜੋਤ ਜਦੋਂ ਸੰਸਾਰ ਤੇ ਪ੍ਰਕਾਸ਼ਮਾਨ ਹੋਈ ਤਾਂ ਉਸ ਨੂੰ ਬਾਬਾ ਨਾਨਕ ਜੀ ਦੇ ਨਾਂ ਨਾਲ ਜਾਣਿਆ ਗਿਆ ਤੇ ਸੰਸਾਰ ਵਿਚ ਇਹੀ ਜੋਤ ਫਿਰ ਪੰਜਵੇਂ ਗੁਰੂ ਸਾਹਿਬਾਨ, ਰਾਹੀਂ ਕਿਰਿਆਸ਼ੀਲ ਹੋਈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯਉ।
ਤਾਂ ਤੇ ਅੰਗਦੁ ਭਯਉ, ਤਤ ਸਿਉ ਤਤੁ ਮਿਲਾਯਉ।
ਮੂਰਤ ਪੰਚ ਪ੍ਰਮਾਣ, ਪੁਰਖ ਗੁਰੂ ਅਰਜਨ ਪਿਖੇਹੁ ਨਯਣ। (ਪੰਨਾ 1408)
ਜੋਤਿ ਤੋਂ ਜੋਤਿ ਹੀ ਪ੍ਰਕਾਸ਼ਮਾਨ ਹੁੰਦੀ ਚਲਦੀ ਆਈ: ਰਾਮਦਾਸਿ ਗੁਰੂ ਜਗ ਤਾਰਨ ਕਉ। ਗੁਰ ਜੋਤਿ ਅਰਜਨ ਮਾਹਿ ਧਰੀ। (ਪੰਨਾ 1409)
ਅਪਣੇ ਬੱਚਿਆਂ ਨੂੰ ਪਰਖਣ ਲਈ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦੇ ਲੜਕੇ ਦੀ ਸ਼ਾਦੀ ਹੈ ਤੇ ਪ੍ਰਿਥੀ ਚੰਦ ਉਥੇ ਚਲੇ ਜਾਣ। ਉਹ ਕਹਿਣ ਲੱਗੇ ਕਿ ਮੈਂ ਕਿਵੇਂ ਜਾ ਸਕਦਾ ਹਾਂ ਕਿਉਂਕਿ ਇਥੇ ਬਹੁਤ ਜ਼ਿੰਮੇਵਾਰੀਆਂ ਹਨ। ਅਸਲ ਡਰ ਉਸ ਨੂੰ ਇਹ ਸੀ ਕਿ ਅਰਜਨ ਦੇਵ ਜੀ ਨੂੰ ਕਿਤੇ ਉਸ ਦੀ ਗ਼ੈਰ ਹਾਜ਼ਰੀ ਵਿਚ ਗੁਰਗੱਦੀ ਨਾ ਮਿਲ ਜਾਵੇ। ਗੁਰੂ ਅਰਜਨ ਪਾਤਸ਼ਾਹ ਛੋਟੇ ਸਨ। ਉਹ ਗੁਰੂ ਰਾਮਦਾਸ ਜੀ ਨੂੰ ਜਾਣ ਲਈ ਨਾਂਹ ਨਾ ਕਰ ਸਕੇ ਤੇ ਨੇਤਰਾਂ ਵਿਚ ਅੱਥਰੂ ਆ ਗਏ-ਪਰ ਕਹਿਣ ਲੱਗੇ ਕਿ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰਾ ਜਿਊਣਾ ਔਖਾ ਹੈ:
”ਜਿਉ ਮਛੁਲੀ ਬਿਨੁ ਪਾਣੀਐ, ਕਿਉ ਜੀਵਣੁ ਪਾਵੈ।” (ਪੰਨਾ 708)
ਗੁਰੂ ਰਾਮਦਾਸ ਜੀ ਨੇ ਇਨ੍ਹਾਂ ਨੂੰ ਹੋਰ ਆਗਿਆ ਕੀਤੀ ਕਿ ਉਥੇ ਰਹਿ ਕੇ ਸਤਿਸੰਗ ਕਰਨਾ ਹੈ ਤੇ ਤੀਜੀ ਗੱਲ ਹੈ ਕਿ ਜਦ ਤਕ ਅਸੀ ਨਾ ਬੁਲਾਈਏ, ਤਦ ਤਕ ਵਾਪਸ ਨਹੀਂ ਆਉਣਾ। ਸੋ ਇਸੇ ਤਰ੍ਹਾਂ ਹੁਕਮਾਂ ਦੀ ਤਾਮੀਲ ਹੋਈ। ਅਰਜਨ ਦੇਵ ਜੀ ਨੂੰ ਉਡੀਕਦੇ-ਉਡੀਕਦੇ ਇਕ ਸਾਲ ਹੋ ਗਿਆ। ਆਪ ਜੀ ਨੇ ਪਿਤਾ ਗੁਰੂ ਰਾਮਦਾਸ ਜੀ ਨੂੰ ਦੋ ਚਿਠੀਆਂ ਲਿਖ ਕੇ ਭੇਜੀਆਂ, ਜਿਹੜੀਆਂ ਪ੍ਰਿਥੀ ਚੰਦ ਨੇ ਰੱਖ ਲਈਆਂ ਤੇ ਗੁਰੂ ਰਾਮਦਾਸ ਤਕ ਪਹੁੰਚਣ ਹੀ ਨਾ ਦਿਤੀਆਂ। ਤੀਜੀ ਚਿੱਠੀ ਦੇ ਕੇ ਸਿੱਖ ਨੂੰ ਤਾਕੀਦ ਕੀਤੀ ਕਿ ਖ਼ੁਦ ਗੁਰੂ ਰਾਮਦਾਸ ਜੀ ਨੂੰ ਚਿੱਠੀ ਦੇਣੀ ਹੈ। ਬਿਰਹੋ ਦੀ ਹਾਲਤ ਨੂੰ ਚੌਥੇ ਪਾਤਸ਼ਾਹ ਨੇ ਵਾਚਿਆ :
ਇਕ ਘੜੀ ਨਾ ਮਿਲਤੇ ਹਾਂ ਕਲਜੁਗੁ ਹੋਤਾ। ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ। (ਪੰਨਾ 97)
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇਹ ਮਹਿਸੂਸ ਕੀਤਾ ਕਿ ਗੁਰਗੱਦੀ ਦਾ ਭਾਰ ਤਾਂ ਉਹੀ ਸੰਭਾਲ ਸਕਦਾ ਹੈ ਜਿਸ ਵਿਚ ਧੀਰਜ ਤੇ ਨਿਮਰਤਾ ਹੋਵੇ। ਬਾਬਾ ਬੁੱਢਾ ਜੀ, ਪੰਜ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਅਰਜਨ ਦੇਵ ਜੀ ਨੂੰ ਲੈ ਆਏ ਤੇ ਸਿੱਖੀ ਮਰਯਾਦਾ ਅਨਸਾਰ ਉਨ੍ਹਾਂ ਨੂੰ ਤਿਲਕ ਲਗਾਇਆ। ਕੇਵਲ ਦੋ ਦਿਨ ਗੁਰੂ ਰਾਮਦਾਸ ਜੀ, ਅੰਮ੍ਰਿਤਸਰ ਰਹਿ ਕੇ ਤੀਜੇ ਦਿਨ ਗੁਰੂ ਅਰਜਨ ਦੇਵ ਜੀ ਨਾਲ ਗੋਇੰਦਵਾਲ ਸਾਹਿਬ ਆ ਗਏ ਤੇ ਫਿਰ ਉਸੇ ਦਿਨ ੧ ਸਿਤੰਬਰ ੧੫੮੧ ਉਥੇ ਜੋਤੀ ਜੋਤ ਸਮਾ ਗਏ।
ਗੁਰੂ ਅਰਜਨ ਸਾਹਿਬ ਦੇ ਘਰ 19 ਜੂਨ 1595 ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯੋਧਾ ਪੁੱਤਰ ਦਾ ਜਨਮ ਹੋਇਆ ਸੀ।ਉਂਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਜਿੱਥੇ ਰਜਵੀਂ ਵਿਰੋਧਤਾ ਕੀਤੀ ਉੱਥੇ ਆਪ ਸ਼ਾਂਤ ਸੁਭਾਅ ਵਾਲੇ ਪੂਰੀ ਨਿਮਰਤਾ ਵਿਚ ਰਹੇ। ਇੱਥੋਂ ਤੱਕ ਕਿ ਪ੍ਰਿਥੀ ਚੰਦ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਬਾਲ ਹਰਿ ਗੋਬਿੰਦ ਨੂੰ ਤਿੰਨ ਵਾਰ ਵੱਖ ਵੱਖ ਵਿਉਤਾਂ ਰਾਹੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਜੇ ਪ੍ਰਿਥੀ ਚੰਦ ਨੂੰ ਗੁਰਿਆਈ ਨਹੀਂ ਮਿਲੀ ਤਾਂ ਅਗਲਾ ਗੁਰੂ ਉਸ ਦਾ ਪੁੱਤਰ ਮਿਹਰਵਾਨ ਬਣ ਜਾਏ ਜੋ ਕਿ ਰੱਬ ਨੂੰ ਮਨਜ਼ੂਰ ਨਹੀਂ ਸੀ। ਫਿਰ ਵੀ ਗੁਰੂ ਸਾਹਿਬ ਨੇ ਨਿਮਰਤਾ ਵਿੱਚ ਰਹਿੰਦੇ ਹੋਏ ਰੱਬੀ ਭਾਣਾ ਹੀ ਮਨਿਆ। ਜਦ ਪ੍ਰਿਥੀ ਚੰਦ ਦੀ ਹਰ ਕੋਸ਼ਿਸ਼ ਅਸਫਲ ਰਹੀ ਤਾਂ ਉਸਨੇ ਸੁਲਹੀ ਖਾਨ ਨਾਲ ਗੱਲ-ਬਾਤ ਕਰਕੇ ਉਸ ਨੂੰ ਗੁਰੂ ਸਾਹਿਬ ਉੱਪਰ ਹਮਲਾ ਕਰਨ ਲਈ ਮਨਾ ਲਿਆ। ਜਦ ਇਸ ਗੱਲ ਬਾਰੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪਾ ਸੁਲਹੀ ਖਾਨ ਨੂੰ ਇੱਕ ਚਿੱਠੀ ਲਿਖੀਏ ਕੇ ਭਾਈ ਤੇਰਾ ਸਾਡਾ ਕੋਈ ਵੈਰ ਵਿਰੋਧ ਨਹੀਂ ਪਰ ਗੁਰੂ ਸਾਹਿਬ ਨੇ ਮਨ੍ਹਾ ਕਰ ਦਿੱਤਾ। ਫਿਰ ਸਿੱਖ ਦੂਜੀ ਰਾਏ ਦਿੱਤੀ ਕਿ ਕੋਈ ਦੋ ਸਿੱਖ ਸੁਲਹੀ ਖਾਨ ਕੋਲ ਗੱਲ-ਬਾਤ ਕਰਨ ਲਈ ਭੇਜੇ ਜਾਣ। ਗੁਰੂ ਸਾਹਿਬ ਨੇ ਜਦ ਇਹ ਵੀ ਨਾ ਮੰਨੀ ਤਾਂ ਸਿੱਖਾਂ ਨੇ ਤੀਜਾ ਸੁਝਾਓ ਦਿੱਤਾ ਕਿ ਫਿਰ ਆਪਾ ਵੀ ਕਮਰ ਕੱਸੇ ਕਰ ਲਈਏ ਉਸ ਦਾ ਟਾਕਰਾ ਕਰਨ ਲਈ ਪਰ ਗੁਰੂ ਸਾਹਿਬ ਨੇ ਕਿਹਾ ਨਹੀਂ ਸਭ ਕੁਝ ਉਸ ਆਕਾਲ ਪੁਰਖ ਦੇ ਆਸਰੇ ਹੀ ਚੱਲਣ ਦਿਉ। “ਆਸਾ ਮਹਲਾ ੫ ॥ ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥ ਮਹਾ ਅਨੰਦ ਅਚਿੰਤ ਸਹਜਾਇਆ ॥ ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥” (ਪੰਨਾ- ੩੭੧) ਸੋ ਜਦ ਸੁਲਹੀ ਖਾਨ ਚੜਾਈ ਕਰ ਕੇ ਆਇਆ ਤਾਂ ਪ੍ਰਿਥੀ ਚੰਦ ਉਸ ਨੂੰ ਅਪਣਾ ਇੱਟਾਂ ਦਾ ਭੱਠਾ ਦਿਖਾਉਣ ਲਈ ਲੈ ਗਿਆ। ਜਦ ਭੱਠੇ ਦੇ ਨੇੜੇ ਗਏ ਤਾਂ ਸੁਲਹੀ ਖਾਂ ਦਾ ਘੋੜਾ ਭੱਠੇ ਦੀ ਗਰਮੀ ਤੋਂ ਡਰਦਾ ਭੱਜਿਆ ਅਤੇ ਉਹ ਸੁਲਹੀ ਖਾਂ ਸਮੇਤ ਭੱਠੇ ਦੇ ਅੰਦਰ ਹੀ ਜਾ ਵੜਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਗੁਰੂ ਸਾਹਿਬ ਗੁਰਬਾਣੀ ਇਹ ਸ਼ਬਦ ਅੰਕਤ ਕਰ ਦਿੱਤਾ। “ਬਿਲਾਵਲੁ ਮਹਲਾ ੫ ॥ ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥ ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥ {ਪੰਨਾ 825}
ਲਾਹੌਰ ਵਿੱਚ ਭੁੱਖਮਰੀ ਅਤੇ ਕਾਲ ਪੈ ਜਾਣ ਕਾਰਨ ਸੰਨ 1597 ਵਿੱਚ ਗੁਰੂ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚੇ ਰੋਕਦੇ ਹੋਏ ਲਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਨਿਥਾਵਿਆਂ ਨੂੰ ਥਾਂ ਦੇਣ ਲਈ ਇਮਾਰਤ ਅਤੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਜ਼ਾਰ ਵਿੱਚ ਬਾਉਲੀ ਬਣਵਾਈ। ਲੰਗਰ ਲਗਵਾਏ, ਦਵਾ ਦਾਰੂ ਦਾ ਇੰਤਜ਼ਾਮ ਕੀਤਾ।
1598 ਵਿੱਚ ਹੀ ਅਕਬਰ ਬਾਦਸ਼ਾਹ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ।ਉਸ ਨੇ ਗੁਰੂ ਜੀ ਵਲੌਂ ਲਾਹੌਰ ਕਾਲ ਸਮੇਂ ਪੀੜਤ ਲੋਕਾਂ ਦੀ ਸੇਵਾ ਲਈ ਸ਼ੁਕਰਾਨਾ ਕੀਤਾ।ਗੁਰੂ ਜੀ ਦੀ ਅਜ਼ੀਮ ਸ਼ਖਸੀਅਤ ਤੇ ਲੰਗਰ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਲੰਗਰ ਦੇ ਨਾਂ ਜਗੀਰ ਲਾਉਣ ਦੀ ਪੇਸ਼ਕਸ਼ ਕੀਤੀ। ਪਰ ਗੁਰੂ ਜੀ ਨੇ ਜਗੀਰ ਤੋਂ ਇਨਕਾਰ ਕਰ ਦਿੱਤਾ ਲੇਕਿਨ ਬਾਦਸ਼ਾਹ ਨੂੰ ਇਸ ਇਲਾਕੇ ਵਿਚੌਂ ਸ਼ਾਹੀ ਫੌਜਾਂ ਦੇ ਰਹਿਣ ਤੇ ਕੂਚ ਕਰਣ ਕਰਕੇ ਹੋਏ ਨੁਕਸਾਨ ਕਾਰਨ ਲਗਾਨ ਮਾਫ ਕਰਣ ਲਈ ਅਕਬਰ ਬਾਦਸ਼ਾਹ ਨੂੰ ਰਾਜ਼ੀ ਕਰ ਲਿਆ।ਸੰਨ 1599 ਈ. ਵਿੱਚ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢਣ ਲਈ ਧਰਮ ਪ੍ਰਚਾਰ ਹਿਤ ਆਪ ਜੀ, ਡੇਰਾ ਬਾਬਾ ਨਾਨਕ, ਕਰਤਾਰਪੁਰ (ਰਾਵੀ ਵਾਲੇ) ਕਲਾਨੌਰ ਦੇ ਪ੍ਰਚਾਰ ਦੌਰੇ ਤੋਂ ਬਾਰਠ ਵਿਖੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ। ਇੱਕ ਸਾਲ ਦੇ ਪ੍ਰਚਾਰ ਦੌਰੇ ਤੋਂ ਬਾਅਦ ਆਪ ਜੀ ਅੰਮ੍ਰਿਤਸਰ ਪਹੁੰਚੇ।
ਜਦ ਰਾਮਸਰ ਦੇ ਸਥਾਨ ਤੇ ਗੁਰੂ ਸਾਹਿਬ ਪੋਥੀ ਸਾਹਿਬ ਅੰਦਰ ਸਾਰੇ ਗੁਰੂਆਂ, ਭਗਤਾ ਅਤੇ ਭੱਟਾਂ ਦੀ ਬਾਣੀ ਦਰਜ ਕਰ ਰਹੇ ਸਨ ਤਾਂ ਉਸ ਸਮੇਂ ਕੁਝ ਹੋਰ ਸੱਜਣ ਜਿਵੇਂ ਪੀਲੂ, ਕਾਹਨਾ, ਸ਼ਾਹ ਹੁਸੈਨ ਅਤੇ ਛੱਜੂ ਵੀ ਅਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰਵਾਉਣ ਲਈ ਲੈ ਕੇ ਆਏ ਪਰ ਜਦ ਗੁਰੂ ਸਾਹਿਬ ਨੇ ਦੇਖਿਆ ਕਿ ਇਹ ਗੁਰ ਸਿਧਾਂਤ ਨਾਲ ਮੇਲ ਨਹੀ ਖਾਂਦੀ ਤਾਂ ਗੁਰੂ ਸਾਹਿਬ ਨੂੰ ਉਨ੍ਹਾਂ ਨੂੰ ਸਾਫ਼ ਇਨਕਾਰ ਕਰ ਦਿੱਤਾ। ਹਰਿਮੰਦਰ ਸਾਹਿਬ ਵਿਚ 1604 ਈਸਵੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਸਪੰਨ ਹੋ ਗਿਆ ਤੇ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਮਾਨ ਹੋਇਆ। ਗੁਰੂ ਸਾਹਿਬ ਨੇ ਗ੍ਰੰਥੀ ਦੀ ਸੇਵਾ ਸਭ ਪਹਿਲਾ ਬਾਬਾ ਬੁੱਢਾ ਜੀ ਨੂੰ ਬਖ਼ਸ਼ੀ ਸੀ। ਉਸ ਸਮੇਂ “ ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ {ਪੰਨਾ 783} “ ਆਇਆ ਸੀ। ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ, ਹਿੰਦੂ ਭਗਤਾਂ ਤੇ ਮੁਸਲਮਾਨ ਫ਼ਕੀਰਾਂ ਦੀ ਰਚਨਾ ਨੂੰ ਸੰਮਿਲਤ ਕਰਨਾ ਲੋਕਾਂ ਲਈ ਅਜੀਬ ਘਟਨਾ ਸੀ। ਪੰਜਵੇਂ ਗੁਰੂ ਸਾਹਿਬ ਆਪ ਰੱਬੀ ਪਿਆਰ ਵਿਚ ਮਖ਼ਮੂਰ ਰਹਿੰਦੇ ਸਨ, ਜਿਹੜੀ ਗੱਲ ਬਾਣੀ ਵਿਚੋਂ ਭਲੀ ਭਾਂਤ ਪ੍ਰਗਟ ਹੁੰਦੀ ਹੈ।
ਭਾਈ ਗੁਰਦਾਸ ਜੀ ਨੇ ਆਪ ਜੀ ਦੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:
ਰਹਿੰਦੇ ਗੁਰ ਦਰੀਆਉ ਵਿਚ ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤਿ ਸਮਾਣੀ। (ਪੰਨਾ 430)
1430 ਅੰਗਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਤੋਂ ਬਿਨਾਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿਚੋਂ 15 ਭਗਤਾਂ ਸੰਤਾਂ, ਸੂਫ਼ੀ ਫ਼ਕੀਰਾਂ ਤੇ 11 ਭੱਟਾਂ ਦੀ ਰਚਨਾ ਵੱਖ-ਵੱਖ ਰਾਗਾਂ ਵਿਚ ਸੰਮਿਲਤ ਕਰ ਕੇ ਸਰਬ ਮਨੁੱਖਤਾ ਦੇ ਸਾਡੇ ਧਾਰਮਕ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ਮਾਨ ਕੀਤਾ ਹੈ। ਮਨੁੱਖੀ ਭਾਈਚਾਰੇ ਦੀ ਬਰਾਬਰੀ, ਸਾਂਝੀਵਾਲਤਾ ਤੇ ਪ੍ਰਸਪਰ ਪਿਆਰ ਦੀ ਵਜ੍ਹਾ ਕਰ ਕੇ ਹਿੰਦੂ ਭਾਈਚਾਰੇ ਵਿਚ ਸਾਂਝ ਲਿਆਂਦੀ ਤੇ ਮੁਸਲਿਮ ਭਾਈਚਾਰੇ ਨਾਲ ਨਫ਼ਰਤ ਘਟੀ। ਸੂਫ਼ੀ ਫ਼ਕੀਰ ਹਜ਼ਰਤ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਇਸ ਸਾਂਝੀਵਾਲਤਾ ਨੂੰ ਹੋਰ ਪਰਪੱਕ ਕੀਤਾ। ਪਰ ਸਾਂਝੀਵਾਲਤਾ ਦੀ ਇਹ ਲਹਿਰ ਵਕਤ ਦੇ ਹਾਕਮਾਂ ਨੂੰ ਰੜਕਣ ਲੱਗ ਪਈ।
ਗੁਰੂ ਸਾਹਿਬ ਦੀ ਸ਼ਹਾਦਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿੱਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਕਿਉਂਕਿ ਜਦ ਚੰਦੂ ਨੇ ਗੁਰੂ ਘਰ ਨੂ ਮੋਰੀ ਅਤੇ ਅਪਣੇ ਆਪ ਨੂੰ ਚੁਬਾਰਾ ਦੱਸਿਆ ਤਾਂ ਗੁਰੂ ਸਾਹਿਬ ਨੇ ਸਿੱਖਾਂ ਦੇ ਕਹਿਣ ਤੇ ਚੰਦੂ ਦੀ ਬੇਟੀ ਦਾ ਰਿਸ਼ਤਾ ਠੁਕਰਾ ਦਿੱਤਾ ਸੀ। ਜਿਸ ਵਿੱਚ ਉਸ ਨੇ ਅਪਣੀ ਹੇਠੀ ਸਮਝੀ। ਉਧਰ ਪੀਲੂ, ਕਾਹਨਾ, ਸ਼ਾਹ ਹੁਸੈਨ ਅਤੇ ਛੱਜੂ ਵਰਗਿਆਂ ਨੇ ਵੀ ਅਪਣਾ ਪੂਰਾ ਜ਼ੋਰ ਲਾਇਆ ਕਿ ਗੁਰੂ ਸਾਹਿਬ ਨੂੰ ਸਜ਼ਾ ਮਿਲੇ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਸੋ ਉਸ ਨੇ ਗੁਰੂ ਸਾਹਿਬ ਤੇ ਇਲਜ਼ਾਮ ਲਾਇਆ ਕਿ ਗੁਰੂ ਸਾਹਿਬ ਨੇ ਉਸ ਦੇ ਬਗਾਵਤੀ ਪੁੱਤਰ ਖੁਸਰੋ ਨੂੰ ਪਨਾਹ ਦਿੱਤੀ ਹੈ। ਜੋ ਕਿ ਇੱਕ ਖੜੀ ਗਈ ਸਾਜਿਸ਼ ਅਤਿ ਸਿਵਾ ਕੁਝ ਵੀ ਨਹੀਂ ਸੀ। ਦੂਜੇ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੇ ਜਹਾਂਗੀਰ ਤੋਂ ਸਪੁਰਦ ਦਾਰੀ ਲੈ ਲਈ ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਅਗਰ ਜੇ ਵੀ ਜੇ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਮੰਨ ਲਉ ਤਾਂ ਮੈਂ ਬਾਦਸ਼ਾਹ ਨੂੰ ਕਹਿ ਕੇ ਬਚਾ ਸਕਦਾ ਹਾਂ। ਗੁਰੂ ਜੀ ਅੱਗੇ ਦੋ ਸ਼ਰਤਾਂ ਰੱਖੀਆਂ ਗਈਆਂ ਸਨ, ਮੁਸਲਮਾਨ ਬਣ ਜਾਓ ਜਾਂ ਮਰਨ ਲਈ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਮਰਨਾ ਕਬੂਲਿਆ ਸੀ। ਸੋ ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ। ਇਸ ਤਰ੍ਹਾਂ ਗੁਰੂ ਜੀ ਨੂ ਲਗਾਤਾਰ ਛੇ ਦਿਨ ਤਸੀਹੇ ਦਿੱਤੇ ਗਏ।ਪਰ ਗੁਰੂ ਸਾਹਿਬ ਨੇ ‘ਤੇਰਾ ਕੀਆ ਮੀਠਾ ਲਾਗੇ ‘ ਦੀ ਧੁਨੀ ਜਾਰੀ ਰੱਖੀ ਅੰਤ 16 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿੱਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿੱਚ ਹੈ-
ਉਮਦਤ ਤਵਾਰੀਕ ਦਾ ਲਿਖਾਰੀ ਲਿਖਦਾ ਹੈ ਕਿ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ।
ਤੋਜ਼ਕੇ-ਜਹਾਂਗੀਰੀ ਦੇ ਪੰਨਾ 35 ਉਤੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਨੂੰ ਬਸਿਯਾਸਤ-ਵ-ਬ-ਯਾਸਾ ਰਸਨੰਦ ਅਨੁਸਾਰ ਸ਼ਹੀਦ ਕਰ ਦਿਤਾ ਜਾਵੇ। ਯਾਸਾ ਤਾਂ ਉਸ ਪੁਰਸ਼ ਨੂੰ ਦਿਤੀ ਜਾਂਦੀ ਹੈ ਜੋ ਆਤਮਕ ਤੌਰ ਤੇ ਬਲਵਾਨ ਹੋਵੇ ਤੇ ਰਾਜਦੰਡ ਦਾ ਅਧਿਕਾਰੀ ਹੋਵੇ। ਇਹ ਤਰ੍ਹਾਂ ਦੀ ਸਜ਼ਾ ਦਾ ਮਤਲਬ ਇਹ ਹੈ ਕਿ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੰਦੇ ਉਸ ਦਾ ਖ਼ੂਨ ਜ਼ਮੀਨ ਤੇ ਨਾ ਡੁੱਲ੍ਹੇ।
ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਉਬਲਦੇ ਪਾਣੀ ਦੀ ਦੇਗ ਵਿਚ ਉਬਾਲ ਕੇ ਬਾਅਦ ਵਿਚ ਰਾਵੀ ਦਰਿਆ ਵਿਚ ਰੋੜ੍ਹ ਦਿਤਾ ਗਿਆ। ਇਹ ਸੱਭ ਤਸੀਹੇ ਵੀ ਗੁਰੂ ਸਾਹਿਬ ਨੂੰ ਅਪਣੇ ਆਦਰਸ਼ ਤੋਂ ਪਾਸੇ ਨਾ ਹਟਾ ਸਕੇ ਤੇ ਆਪ ਸ਼ਹਾਦਤ ਪਾ ਗਏ ਤੇ ਬਾਬਾ ਨਾਨਕ ਸਾਹਿਬ ਦੀ ਦਰਸਾਈ ਵਿਚਾਰ ਪ੍ਰੰਪਰਾ ਹੋਰ ਗੌਰਵਮਈ ਤੇ ਸ਼ਕਤੀਸ਼ਾਲੀ ਬਣ ਗਈ। ਪੰਚਮ ਪਾਤਸ਼ਾਹ ਨੂੰ ਇਹ ਸਾਰੀਆਂ ਸਜ਼ਾਵਾਂ ਭੁਲੜ ਤੇ ਈਰਖਾਵਾਦੀ ਚੰਦੂ ਦੀ ਦੇਖ ਰੇਖ ਵਿਚ ਦਿਤੀਆਂ ਗਈਆਂ। ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ :
ਕਰਿ ਚਾਕਰ ਸੋ ਦੇਗ ਉਬਾਰੀ। ਪਕਰੋ ਦੇਹੁ, ਤਿਸੀਂ ਮਹਿ ਭਾਰੀ।
ਤਬਿ ਸਤਿਗੁਰੁ ਉਠਿ ਆਪੇ ਗਏ। ਤਪਤਿ ਨੀਰ ਮਹਿ ਬੈਠਤਿ ਭਏ। (ਪੰਨਾ 2364)
ਇਸ ਤਰ੍ਹਾਂ ਸੁਖਮਨੀ ਸਾਹਿਬ ਦੇ ਕਰਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਰਨ ਵਾਲੇ, ਸਿੱਖ ਸੰਗਤ ਨੂੰ ਧੀਰਜ ਤੇ ਸਬਰ ਦਾ ਉਪਦੇਸ਼ ਦੇਣ ਵਾਲੇ, ਇਸ ਪੰਜ ਭੂਤਕ ਸ੍ਰੀਰ ਨੂੰ ਤਿਆਗ ਗਏ। ਪੰਚਮ ਪਾਤਸ਼ਾਹ ਨੇ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ, ਗੁਰਤਾਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੌਂਪ ਕੇ, ਤਾਕੀਦ ਕੀਤੀ ਸੀ:- ”ਬਿਖੜੇ ਸਮੇਂ ਆ ਰਹੇ ਹਨ। ਬਦੀ ਦੀਆਂ ਤਾਕਤਾਂ ਮਨੁੱਖਤਾਂ ਨੂੰ ਹੜਪਣ ਲਈ ਤਿਆਰ ਹਨ… ਜੇ ਜਰਵਾਣੇ ਸ਼ਾਂਤਮਈ ਢੰਗ ਨਾਲ ਨਾ ਸਮਝਣ ਤਾਂ ਜਿਹੜੀ ਬੋਲੀ (ਸ਼ਸਤਰ ਦੀ) ਉਹ ਸਮਝਦੇ ਹਨ, ਉਸ ਨਾਲ ਉਨ੍ਹਾਂ ਨੂੰ ਸਿੱਧੇ ਰਸਤੇ ਪਾਉਣ।” ਗੁਰੂ ਹਰਗੋਬਿੰਦ ਜੀ ਨੇ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ ਤੇ ਜ਼ੁਲਮ ਦਾ ਟਾਕਰਾ ਸ਼ਸਤਰਾਂ ਨਾਲ ਕਰਨ ਦੀ ਨਵੀਂ ਪ੍ਰੰਪਰਾ ਚਲਾਈ, ਜਿਹੜੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵੇਲੇ ਹੋਰ ਵੀ ਪ੍ਰਚੰਡ ਰੂਪ ਧਾਰ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖ਼ੁਦ ਸ਼ਹੀਦੀ ਦੇ ਕੇ ਉਹ ਸਿੱਖ ਕੌਮ ਵਿਚ ਪਹਿਲੇ ਸ਼ਹੀਦਾਂ ਦਾ ਸਿਰਤਾਜ ਬਣੇ ਤੇ ਇਸ ਤੋਂ ਮਗਰੋਂ ਹੋਰ ਸ਼ਹੀਦੀਆਂ ਦੀ ਪ੍ਰੰਪਰਾ ਚਲਦੀ ਰਹੀ।
ਪੰਜਾਬੀ ਸਾਹਿਤ ਨੂੰ ਦੇਣ
ਗੁਰੂ ਅਰਜਨ ਦੇਵ ਜੀ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਦੇਣ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ, ਜਿਸ ਵਿੱਚ 6 ਗੁਰੂ ਸਾਹਿਬਾਨ ਤੋਂ ਬਿਨਾਂ ਉਨ੍ਹਾਂ ਭਗਤਾਂ, ਸੂਫੀ ਫਕੀਰਾਂ, ਭੱਟਾਂ ਆਦਿ ਦੀ ਰਚਨਾ ਦਰਜ ਹੈ, ਜਿਹੜੀ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸਦੇ ਕੁੱਲ 2312 ਸ਼ਬਦ ਬਣਦੇ ਹਨ। ਆਪ ਜੀ ਦੀਆਂ ਮੁੱਖ ਰਚਨਾਵਾਂ ਹਨ (1) ਸੁਖਮਨੀ (2) ਬਾਰਹਮਾਂਹ (3) ਬਾਵਨ ਅੱਖਰੀ (4) ਫੁਨਹੇ (5) ਮਾਰੂ ਡਖਣੇ (6) ਵਾਰਾਂ, ਜਿੰਨ੍ਹਾਂ ਦੀ ਗਿਣਤੀ ਛੇ ਹੈ।[3]
Very nice