ਰੱਬ ਨੂੰ ਕਿਤੇ ਟਿਕ ਵੀ ਲੈਣ ਦਿਆ ਕਰ

ਹਮੇਸ਼ਾਂ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਜਰਨੈਲ ਸਿੰਘ ( ਸੰਤ ਜੀ ) ਨੂੰ ,ਮਜਾਕੀਆ ਸੁਭ੍ਹਾ , ਦੋ ਥਾਂ ਵੱਡੇ ਭਰਾ ਮਾਸਟਰ ਜੁਗਰਾਜ ਸਿੰਘ ਨੇ ਆਦਤਣ ਟਿੱਚਰ ਕਰਦਿਆਂ ਕਿਹਾ ।
ਰੱਬ ਨੂੰ ਮੈਂ ਨਹੀਂ ਟਿਕਣ ਦਿੰਦਾ , “ ਤੇਰਾ ਢਿੱਡ ਦੁਖਦੈ !”
ਇਹ ਕਹਿਕੇ ਜਰਨੈਲ ਸਿਹੁੰ ( ਸੰਤ ਜੀ ) ਤਾਂ ਵੱਡੇ ਪਿੰਡ ( ਰੋਡਿਆਂ ) ਦੇ ਰਾਹ ਪੈ ਗਿਆ , ਤੇ ਮਾਸਟਰ ਜੀ ਦੀਆਂ ਲੱਗ ਗਈਆਂ ਚੀਕਾਂ ਪੈਣ ।
ਘਰਦੇ ਜੀਅ ਦਵਾਈ ਦੱਪੇ ਦਾ ਓਹੜ ਪੋਹੜ ਕਰਨ , ਤੇ ਮਾਸਟਰ ਜੀ ਚਾਕੂ ਬਣਿਆ ਕਰਾਹੁੰਦਾ ਹੋਇਆ ਰੌਲਾ ਪਾਵੇ ।
ਉਏ ਉਹਨੂੰ ‘ ਪਤੰਦਰ ‘ ਨੂੰ ਰੋਕੋ !
ਉਹੀ ਠੀਕ ਕਰੂ ।ਇਹ ਕਿਸੇ ਹੋਰ ਦਵਾਈ ਦਾਰੂ ਨਾਲ ਨੀ ਹਟਣਾ !
ਇੱਕ ਜਣੇ ਨੂੰ ਸਾਈਕਲ ਤੇ ਵੱਡੇ ਪਿੰਡ ਨੂੰ ਜਰਨੈਲ ਸਿੰਘ ( ਸੰਤ ਜੀ ) ਦੇ ਮਗਰ ਭਜਾਇਆ ਗਿਆ ।ਇਤਫਾਕਵੱਸ ਜਰਨੈਲ ਸਿੰਘ ( ਸੰਤ ਜੀ ) ਨੇ ਵੱਡੇ ਪਿੰਡ ਸੰਤ ਕ੍ਰਿਪਾਲ ਸਿੰਘ ( ਸੰਤ ਜੀ ਦੇ ਪਿਤਾ ਜੀ ਸਤਿਕਾਰਯੋਗ ਬਾਬਾ ਜੁਗਿੰਦਰ ਸਿੰਘ ਜੀ ਦੇ ਗੁਰਮਤਿ ਵਿੱਦਿਆ ਦੇ ਉਸਤਾਦ ) ਜੀ ਦੇ ਨਾਮ ਤੇ ਮਸ਼ਹੂਰ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਆਵਦੇ ਪਿਤਾ ਜੀ ਕੋਲ ਕਿਸੇ ਕੰਮ ਰੁਕ ਕੇ ਹੀ ਅਗਲੇ ਸਫ਼ਰ ਤੇ ਜਾਣਾ ਸੀ ।
ਜਦ ਨੂੰ ਸਾਈਕਲ ਸਵਾਰ ਗੁਰਦੁਆਰਾ ਸਾਹਿਬ ਪਹੁੰਚ ਗਿਆ ਅਤੇ ਬਾਬਾ ਜੀ ਨੂੰ ‘ ਸਾਰੀ ਗੱਲ ‘ ਦੱਸੀ ।
ਬਹੁਤ ਹੀ ਨਰਮ ਅਤੇ ਨਿਮਰ ਸੁਭ੍ਹਾ ਦੇ ਮਾਲਕ ਬਾਬਾ ਜੁਗਿੰਦਰ ਸਿੰਘ ਜੀ ਨੇ ਜਰਨੈਲ ਸਿੰਘ ( ਸੰਤ ਜੀ ) ਨੂੰ ਮਿੱਠੀ ਜਿਹੀ ਨਸੀਹਤ ਕਰਦਿਆਂ ਕਿਹਾ ।
ਜਰਨੈਲ ਸਿੰਘਾ, ਇੰਝ ਬੀਰਰਸ ‘ਚ ਆ ਕੇ ਕਠੋਰ ਬਚਨ ਨਾ ਕਰਿਆ ਕਰ ।
ਬਾਪੂ ਜੀ ਮੇਰੇ ਇੰਝ ਕਹਿਣ ਨਾਲ ਭਲਾ ਕਿਸੇ ਨੂੰ ਕੁਛ ਕਿਵੇਂ ਹੋ ਸਕਦੈ ?
ਖਾਧੇ ਪੀਤੇ ਦੀ ਵਜ੍ਹਾ ਕਰਕੇ ਹੁੰਦਾ ਹੋਊ ਦਰਦ , ਡਾਕਟਰ ਤੋ ਦਵਾਈ ਲੈਣੀ ਚਾਹੀਦੀ ਐ ।
ਨਹੀਂ ਚੱਲ ਜੇ ਮਾਸਟਰ ਜੀ ਦੀ ਇੱਛਾ ਹੈ ਤਾਂ ,
ਤੂੰ ਹੀ ਕੋਈ ਹੱਲ ਦੱਸ ਦੇ ।
ਗੁਰਮਤਿ ਗੁਰਬਾਣੀ ਦੇ ਅਨਿੰਨ ਸ਼ਰਧਾਲੂ ਅਤੇ ਗਿਆਤਾ ਬਾਬਾ ਜੀ ਨੇ ਜਰਨੈਲ ਸਿੰਘ ਨੂੰ ਪ੍ਰੇਰਣਾ ਕੀਤੀ ।
ਬਾਪੂ ਜੀ ਤੁਸੀਂ ‘ ਹੁਕਮ ‘ ਕਰਦੇ ਹੋ ਤਾਂ ,
“ ਚੰਗਾ ਪਾਣੀ ‘ਚ ਲੌਂਗ ਉਬਾਲ ਕੇ ਦੇ ਦਿਉ “।
ਸਾਈਕਲ ਤੇ ਜਾਣ ਵਾਲਾ ਮੁੜਦਾ ਹੋਇਆ ਡਾਕਟਰ ਤੋਂ ਦਵਾਈ ਵੀ ਲੈਂਦਾ ਆਇਆ ।
ਜਦ ਸਾਈਕਲ ਵਾਲਾ ਭਾਈ ਆ ਡਾਕਟਰ ਤੋਂ ਲਿਆਂਦੀ ਦਵਾਈ ਦੇਣ ਲੱਗਾ ਤਾਂ ,
ਮਾਸਟਰ ਜੀ ਖਿਝਕੇ ਬੋਲੇ ।
ਦਵਾਈ ਨੂੰ ਪਰ੍ਹਾਂ ਸੁੱਟ , ‘ਉਹਨੇ’ ਕੀ ਕਿਹੈ ?
ਅਖੇ ਉਹਨੇ ( ਸੰਤ ਜੀ ) ਨੇ ਤਾਂ ਕਿਹੈ, “ਲੌਂਗ ਪਾਣੀ ‘ਚ ਉਬਾਲ ਕੇ ਦੇ ਦਿਉ।”
ਬੱਸ ਉਵੇਂ ਕਰੋ । ਮਾਸਟਰ ਜੀ ਨੇ ਤਰਲਾ ਕੀਤਾ ।
ਤੇ ਸੱਚੀਂ ਜਰਨੈਲ ਸਿੰਘ ( ਸੰਤ ਜੀ) ਦੇ ਬਚਨਾਂ ਤੇ ਅਮਲ ਕਰਨ ਨਾਲ ਮਾਸਟਰ ਜੀ ਦਾ ਦਰਦ ਪਲਾਂ ਵਿੱਚ ਹੀ ਹਟ ਗਿਆ ।
* ਤੇ ਜਰਨੈਲ ਸਿੰਘ ( ਸੰਤ ਜੀ ) ਦੇ ਜਥਾ ਟਕਸਾਲ ਦਾ ਮੁਖੀ ਸੇਵਾਦਾਰ ਬਣਨ ਤੱਕ ,
‘ ਪੰਗੇ ਲੈਣੋਂ ‘ ਮਾਸਟਰ ਜੀ ਵੀ ਨ੍ਹੀਂ ਹਟਦੇ ਸੀ 😊😁!!!
ਜਸਵੰਤ ਸਿੰਘ ‘ਭਾਈ ਜਾਨ’


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top