ਇਹ ਦਿਨ ਸ਼ਹੀਦੀਆਂ ਵਾਲੇ, ਪਿਆ ਪਰਿਵਾਰ ਵਿਛੋੜਾ
ਚਮਕੌਰ ਗੜ੍ਹੀ ਵਿੱਚ ਲੜੇ ਜੁਝਾਰੂ ਤੇ ਲਾਲਾਂ ਦਾ ਜੋੜਾ
ਛੋਟੇ ਲਾਲਾਂ ਨੂੰ ਮਾਂ ਗੁਜਰੀ ਦੀ ਉਹ ਆਖਰੀ ਦੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਤੱਤੀ ਤਵੀ ਨੂੰ ਭੁੱਲ ਗਏ, ਭੁੱਲ ਗਏ ਚੱਲਦੇ ਆਰੇ ਨੂੰ
ਸੀਸ ਧੜ ਤੋਂ ਵੱਖ ਕੀਤਾ ਗੁਰੂ ਤੇਗ ਬਹਾਦਰ ਪਿਆਰੇ ਨੂੰ
ਭਾਈ ਮਤੀ ਦਾਸ ਤੇ ਸਤੀ ਦਾਸ ਨੂੰ, ਕੋਈ ਸਕਿਆ ਨਹੀਂ ਖਰੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਹੋਰ ਕਿਸੇ ਕੋਲ ਤੇਜ਼ ਨਹੀਂ ਐਨਾ ਕਿ ਬਖਸ਼ ਜਾਏ ਸਰਦਾਰੀ ਨੂੰ
ਆਪਣੇ ਸਿੱਖਾਂ ਪਿੱਛੇ ਵਾਰ ਜਾਏ ਹਰ ਚੀਜ਼ ਹੀ ਆਪਣੀ ਪਿਆਰੀ ਨੂੰ
ਗੁਰੂ ਨਾਨਕ ਦੇ ਘਰ ਸਾਰੀਆਂ ਦਾਤਾਂ ਨਾ ਲਾਈਏ, ਹੋਰਾਂ ਉੱਤੇ ਉਮੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਖੂਨ ਦਾ ਪਾਣੀ ਪਾ ਕੇ ਫੁੱਲ ਮਹਿਕਣ ਲਾ ਗਏ ਮਾਲੀ
ਉਨ੍ਹਾਂ ਦੀ ਕੁਰਬਾਨੀ ਨੇ ਸਾਡੇ ਮੁੱਖ ਤੇ ਚਾੜੀ ਲਾਲੀ
ਅੱਜ ਮਾਣਦੇ ਹੋਏ ਸਰਦਾਰੀ ਨੂੰ, ਕਿਉਂ ਸੌਂ ਗਏ ਗੂੜੀ ਨੀਂਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ