ਅੰਤਮ ਸਮੇੰ ਕਿਸੇ ਦੀ ਜ਼ੁਬਾਨ ਉੱਤੇ “ਵਾਹਿਗੁਰੂ”,”ਵਾਹਿਗੁਰੂ” ਆਵੇ,ਤਾਂ ਸਮਝੋ ਜੀਵਨ ਸਫਲ ਹੋ ਗਿਆ।ਜੀਵਨ ਸਫਲ ਹੋਣ ਦੀ ਇਹ ਪਹਿਚਾਨ ਹੈ,ਜ਼ੁਬਾਨ ਵਾਹਿਗੁਰੂ ਵਾਹਿਗੁਰੂ ਕਰੇ,ਸੁਰਤ ਰੱਬੀ ਯਾਦ ਵਿਚ ਰੰਗੀ ਹੋਵੇ।
ਮੈਂ ਇਸ ਤਰ੍ਹਾਂ ਦਾ ਇਕ ਪੁਰਸ਼ ਕਾਨਪੁਰ ਵਿਚ ਦੇਖਿਆ,ਉਹ ਭਗਤ ਸਿੰਘ ਕਰਕੇ ਮਸ਼ਹੂਰ ਸੀ,ਕਾਨਪੁਰ ਦੇ ਸਿੱਖ ਉਸਨੂੰ ਭਗਤ ਜੀ ਕਰਕੇ ਬੁਲਾਉਂਦੇ ਸਨ।ਮੈਂ ਉਨ੍ਹਾਂ ਦਿਨਾ ਵਿਚ ਉਸ ਸ਼ਹਿਰ ਵਿਚ ਕਥਾ ਕਰ ਰਿਹਾ ਸੀ।ਮੈਨੂੰ ਪਤਾ ਚੱਲਿਆ ਕਿ ਉਨ੍ਹਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ।ਸ਼ਰਧਾਵਾਨ ਪੁਰਸ਼ ਤੇ ਰਿਸ਼ਤੇਦਾਰ ਘਰ ਵਿਚ ਇਕੱਠੇ ਹੋ ਗਏ।ਉਨ੍ਹਾਂ ਦਾ ਲੜਕਾ ਮੇਰੇ ਕੋਲ ਆਇਆ,ਉਹ ਉੱਥੇ ਵਕੀਲ ਹੈ।
ਕਹਿਣ ਲੱਗਾ,”ਗਿਆਨੀ ਜੀ!ਤੁਹਾਨੂੰ ਪਿਤਾ ਜੀ ਨੇ ਯਾਦ ਕੀਤਾ ਹੈ।”
ਮੈਂ ਕਿਹਾ,”ਕੋਈ ਗੱਲ ਨਹੀਂ,ਮੈਂ ਆ ਰਿਹਾ ਹਾਂ।”
ਉਂਝ ਉਹ ਪੁਰਸ਼ ਆਪਣਾ ਸਮਾਂ ਦਿਨ ਭਰ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਕੇ ਪਾਸ ਕਰਦੇ ਸਨ।ਸਵੇਰੇ ਸ਼ਾਮ ਆਪ ਬੰਦਗੀ ਵਿਚ ਰਹਿੰਦੇ ਸਨ।ਮੈਂ ਜਦ ਉਨ੍ਹਾਂ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਨ੍ਹਾਂ ਦੀ ਜ਼ੁਬਾਨ ‘ਚੋਂ ਬੋਲ ਨਹੀਂ ਨਿਕਲਦੇ ਸਨ,ਸਰੀਰ ਅੰਦਰੋਂ ਦਮ ਕਾਫ਼ੀ ਨਿਕਲ ਚੁੱਕੇ ਸਨ,ਸਰੀਰ ਸੁੰਨ ਹੋ ਚੁੱਕਿਆ ਸੀ।ਮੈਨੂੰ ਵੀ ਅਫ਼ਸੋਸ ਹੋਇਆ,ਮੈਂ ਕਿਹਾ ਕਿ ਕੁਝ ਕਹਿਣਾ ਚਾਹੁੰਦੇ ਹੋਣਗੇ,ਮੈਨੂੰ ਬੁਲਾਇਆ ਸੀ,ਪਰ ਹਾਲਤ ਅੈਸੀ ਹੋ ਗਈ ਹੈ।ਖ਼ੈਰ! ਮੈਂ ਉਨ੍ਹਾਂ ਦੇ ਕੋਲ ਜਾ ਕੇ ਬੈਠ ਗਿਆ।ਵੇਖਿਆ ਉਨ੍ਹਾਂ ਦੀ ਜ਼ੁਬਾਨ ਕੁਝ ਹਿੱਲ ਰਹੀ ਸੀ ਤਾਂ ਮੈਂ ਆਪਣੇ ਕੰਨ ਉਨ੍ਹਾਂ ਦੇ ਮੂੰਹ ਦੇ ਨੇੜੇ ਲੈ ਗਿਆ।ਕੁਝ ਬੋਲ ਮੈਂ ਸੁਣੇ,ਔਰ ਉੱਥੇ ਬੈਠੀਆਂ ਸੰਗਤਾਂ ਨੂੰ ਸੁਣਾਏ।ਸੰਗਤ ਨੂੰ ਦੇਖ ਕੇ ਉਨ੍ਹਾਂ ਦੀ ਜ਼ੁਬਾਨ ‘ਚੋਂ ਆਖਰੀ ਬੋਲ ਨਿਕਲੇ :-
‘ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥’
{ਸੋਹਿਲਾ,ਗਉੜੀ ਮ: ੧,ਅੰਗ ੧੨}
ਅੰਤਿਮ ਸਮੇਂ ਇਹ ਬੋਲ ਨਿਕਲੇ।ਇਹ ਬੋਲ ਕਹਿ ਕੇ ਉਹ ਦਮ ਤੋੜ ਗਏ।ਇਹ ਗੱਲ ਫਿਰ ਸਾਰੇ ਕਾਨਪੁਰ ਵਿਚ ਚੱਲੀ।ਅੰਤਿਮ ਸਮੇਂ ਪ੍ਰਭੂ ਦੀ ਯਾਦ, ਗੁਰੂ ਦੀ ਯਾਦ,ਗੁਰੂ ਦਾ ਚਿੰਤਨ,ਗੁਰੂ ਦੀ ਬਾਣੀ,ਸਤਿਗੁਰੂ ਦੇ ਬੋਲ :-
‘ਅੰਤਿ ਕਾਲਿ ਨਾਰਾਇਣੁ ਸਿਮਰੈ ਅੈਸੀ ਚਿੰਤਾ ਮਹਿ ਜੋ ਮਰੈ॥
ਬਦਤਿ ਤਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥’
{ਗੂਜਰੀ ਤ੍ਰਿਲੋਚਨ ਜੀ,ਅੰਗ ੫੨੬}
ਇਹ ਮੁਕਤ ਹੋ ਗਿਆ,ਇਹਦਾ ਫਿਰ ਕੋਈ ਵੀ ਜਨਮ ਨਹੀਂ ਹੋਵੇਗਾ।ਅੈਸੇ ਪੁਰਸ਼ ਨੂੰ ਸਰੀਰ ਦਾ ਬੰਧਨ ਨਹੀਂ ਮਿਲੇਗਾ।ਦੁਖ ਸੁਖ ਦਾ ਬੰਧਨ ਫਿਰ ਨਹੀਂ ਮਿਲੇਗਾ।ਜਪ ਕਰਦਿਆਂ ਕਰਦਿਆਂ ਪ੍ਰਾਣ ਪੂਰੇ ਹੋਣ ਤਾਂ ਜੀਵ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਔਰ ਪ੍ਰਵਾਣ ਹੁੰਦਾ ਹੈ,ਸੱਚੀ ਦਰਗਾਹ ਅੰਦਰ ਸੁਰਖ਼ਰੂ ਹੁੰਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ।


Related Posts

2 thoughts on “maaf kri sikha

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top