ਬਾਬਾ ਨਾਨਕ
ਬਾਬਾ ਨਾਨਕ ਤੈਨੂੰ ਪੂਜਣ ਦਾ,
ਲੋਕਾਂ ਦੇ ਵਿੱਚ ਸਰੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।
ਤੇਰੀ ਸੋਚ ਬੜੀ ਵਿਸ਼ਾਲ ਬਾਬਾ,
ਰਹਿ ਗਈ ਵਿੱਚ ਦੀਵਾਰਾਂ ਬੰਦ ਹੋ ਕੇ।
ਜਦ ਕੁਦਰਤ ਦੇ ਸਭ ਬੰਦੇ ਨੇ,
ਦਿਲ ਰਹਿ ਗਏ ਨੇ ਕਿਉਂ ਤੰਗ ਹੋ ਕੇ।
ਏਥੇ ਨਫ਼ਰਤ ਮਨਾਂ ਚ ਜ਼ਹਿਰ ਭਰੀ,
ਬਾਬਾ ਸਿੱਖ ਸਿੱਖੀ ਤੋਂ ਦੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਖ਼ਰੀਦਾਰ ਕੋਈ ਸੱਚ ਦਾ ਨਈਂ ਦਿਸਦਾ,
ਬੋਲੀ ਝੂਠ ਦੀ ਸਿਖ਼ਰ ਤੇ ਚੜ੍ਹੀ ਹੋਈ ਐ।
ਸੱਚ ਅੰਨਿਆਂ ਦੇ ਸ਼ਹਿਰ ਚ ਵਿਕ ਜਾਵੇ,
ਕਈਆਂ ਜਾਂਨ ਤਲ਼ੀ ਤੇ ਧਰੀ ਹੋਈ ਐ।
ਨਾਂ ਕੋਈ ਪਾਰਖੂ ਨਾਂ ਕੋਈ ਮੁੱਲ ਤਾਰੇ,
ਵਿਕੇ ਝੂਠ ਕੁਫ਼ਰ ਤੇ ਕੂੜ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਬਣੇ ਕਸਬੇ ਸ਼ਹਿਰ ਵਿਰਾਨ ਏਥੇ,
ਤੇਰ ਮੇਰ ਦਿਲਾਂ ਵਿੱਚ ਘਰ ਕਰ ਗਈ।
ਭਾਵੇਂ ਵਸਣ ਕਰੌੜਾਂ ਲੋਕ ਏਥੇ,
ਦੂਰੀ ਦਿਲਾਂ ਚ ਏਨੀਂ ਏ ਸੋਚ ਸੜ ਗਈ।
ਘਿਰਨਾਂ ਊਚ- ਨੀਚ ਵਿੱਚ ਪਏ ਗਰਕੇ,
ਬੰਦਾ ਵਿੱਚ ਹੰਕਾਰ ਦੇ ਚੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਧਰਤੀ ਨਰਕ ਜੋ ਸੁਰਗ ਬਣਾਈ ਤੂੰ,
ਲੋਕਾਂ ਫਿਰ ਨਰਕ ਬਣਾ ਲਈ ਏ।
ਬ੍ਰਹਮਣ ਦਾ ਕੂੜ ਕਵਾੜ ਸਾਰਾ,
ਬਿੱਪਰ ਦੀ ਰੀਤ ਨਿਭਾ ਰਹੀ ਏ।
ਤੇਰੇ ਗਿਆਨ ਦੀ ਕਿਧਰੇ ਬਾਤ ਨਹੀਂ,
ਬ੍ਰਹਮਾਂ, ਕਿਸ਼ਨ, ਵਿਸ਼ਨ ਮਸ਼ਹੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਹੁੰਦਾ ਢੋਂਗ ਏ ਸਿਰਫ਼ ਦਿਖਾਵੇ ਦਾ,
ਬੜੇ ਲਾਊਡ ਸਪੀਕਰ ਵੱਜਦੇ ਨੇ।
ਗੁਰੂ ਘਰ ਤਿੰਨ-ਤਿੰਨ ਸ਼ਮਸ਼ਾਨ ਵੱਖਰੇ,
ਏਥੇ ਹੜ੍ਹ ਨਫ਼ਰਤ ਦੇ ਵਗਦੇ ਨੇ।
ਬੰਦੇ ਜ਼ਾਤ-ਪਾਤ ਵਿੱਚ ਗ਼ਰਕ ਗਏ,
ਜਾਤਾਂ ਦਾ ਦਿਸੇ ਹਜ਼ੂਮ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਏਥੇ ਠੱਗ ਬਦਮਾਸ਼ ਲੁਟੇਰਿਆਂ ਦੀ,
ਬਾਬਾ ਨਿੱਤ ਹੀ ਤੂਤੀ ਬੋਲਦੀ ਏ।
ਦੱਬੇ-ਕੁਚਲੇ ਹੋਏ ਮਜ਼ਲੂਮਾਂ ਦੀ,
ਕੁੱਝ ਕਹਿਣ ਤੋਂ ਵੀ ਰੂਹ ਡੋਲਦੀ ਏ।
ਭਾਈ ਲਾਲੋ ਨੂੰ ਏਥੇ ਕੋਂਣ ਜਾਣੇਂ,
ਮਲਕ ਭਾਗੋ ਦਾ ਦਿਸੇ ਖ਼ਰੂਦ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।….
ਤੇਰੇ ਨਾਂ ਤੇ ਧੰਦੇ ਚਲਦੇ ਨੇ,
ਠੱਗ ਚੋਰਾਂ ਦੀ ਭਰਮਾਰ ਬੜੀ।
ਲੇਬਲ ਅਮਿ੍ਤ ਦਾ ਜ਼ਹਿਰ ਦੀ ਬੋਤਲ,
ਕਰਦੀ ਕਾਰੋਬਾਰ ਪਈ।
ਅੰਧੇਰ ਨਗਰੀ ਚੌਪਟ ਰਾਜਾ,
ਬਾਬਾ ਸੱਚ ਤੇ ਉਤਰੇ ਕੋਂਣ ਖਰਾ।
ਜੋ ਤੂੰ ਦੱਸਿਆ ਉਸ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਬਾਬਾ ਤੈਨੂੰ ਪੂਜਣ ਵਾਲਿਆਂ ਨੇ,
ਤੇਰੀ ਗੱਲ ਕਦੇ ਵੀ ਮੰਨੀ ਨਈਂ।
ਕਹੀ ਵਾਰ-ਵਾਰ ਤੂੰ ਗੱਲ ਜਿਹੜੀ,
ਉਹ ਕਿਸੇ ਵੀ ਪੱਲੇ ਬੰਨ੍ਹੀ ਨਈਂ।
ਤੂੰ ਤੇ ਏਕੇ ਦੀ ਗੱਲ ਕਰਦਾ ਸੈਂ,
ਏਥੇ ਵੰਡੀਆਂ ਦਾ ਦਸਤੂਰ ਬੜਾ।
ਜੋ ਤੂੰ ਦੱਸਿਆ ਉਸ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਤੇਰਾ ਨਾਮ ਜੱਪਣ ਤੇ ਪਾਠ ਪੂਜਾ,
ਇੰਨ੍ਹਾਂ ਭਗਤੀ ਤੇਰੀ ਸਮਝ ਲਈ।
ਤੂੰ ਤੇ ਕਿਹਾ ਸੀ ਸੱਚ ਤੇ ਚੱਲਣ ਲਈ,
ਉੱਚੇ ਸੁੱਚੇ ਸ਼ੁਭ ਕਰਮ ਲਈ।
ਤੇਰੇ ਸੱਚ ਨੂੰ ਕੋਈ ਕਬੂਲਦਾ ਨਈਂ,
ਕਰਮਾਂ-ਕਾਂਡਾਂ ਵਿੱਚ ਮਗ਼ਰੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਬਾਬਾ ਤੂੰ ਤੇ ਨੀਚ ਨਿਮਾਣਿਆਂ ਨੂੰ,
ਲੈਅ ਲਿਆ ਸੀ ਵਿੱਚ ਕੁਲਾਵੇ ਦੇ।
ਖੰਭ ਲਾ ਕੇ ਉੱਡ ਗਈ ਪ੍ਰੀਤ ਏਥੇ,
ਲੋਕਾਂ ਦੇ ਝੂਠੇ ਦਾਅਵੇ ਨੇ।
ਏਥੇ ਸਾਂਝ ਪਿਆਰ ਦੀ ਗੱਲ ਮੁੱਕ ਗਈ,
ਬੰਦਾ-ਬੰਦੇ ਤੋਂ ਦੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਤੈਨੂੰ ਹੀ ਪੂਜਣ ਵਾਲਿਆਂ ਨੇ,
ਬਾਬਾ ਕੀਤੀ ਹੁਕਮ ਅਦੂਲੀ ਏ।
ਫਿਰ ਦੱਸ ਬਾਬਾ ਹਰਦਾਸਪੁਰੀ,
ਏਥੇ ਕਿਹੜੇ ਬਾਗ ਦੀ ਮੂਲੀ ਏ।
ਤੇਰਾ ਰਸਤਾ ਖੰਡੇ ਦੀ ਧਾਰ ਤਿੱਖਾ,
ਕਿਸੇ ਨੂੰ ਚੱਲਣਾਂ ਨਈਂ ਮਨਜ਼ੂਰ ਜ਼ਰਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।….
ਮਲਕੀਤ ਹਰਦਾਸਪੁਰੀ ਗਰੀਸ।
ਫੋਨ-0306947249768


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top