ਅਮ੍ਰਿਤ ਵੇਲੇ ਦਾ ਹੁਕਮਨਾਮਾ – 1 ਅਪ੍ਰੈਲ 2024
ਅੰਗ : 633
ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
ਅਰਥ: ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ ॥੧॥ ਰਹਾਉ ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ ॥੧॥ ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ (ਇਸ ਨੇ) ਭੁਲਾਈ ਹੋਈ ਹੈ ॥੨॥ ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ ਜੀ! (ਆਖੋ – ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ ॥੩॥੯॥
🙏🙏🌸🌼🌺ਸਤਿਨਾਮ ਸ੍ਰੀ ਵਾਹਿਗੁਰੂ ਜੀ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਜੀ 🌸🌼🌺🙏🙏
J Ho Ske Ta Hukumnana Sahib And Viyakhya Nu V Sound Form Ch De Dita Jaae, Like If Incouldnot Read, I Could Atleast Listen