ਅਮ੍ਰਿਤ ਵੇਲੇ ਦਾ ਹੁਕਮਨਾਮਾ – 10 ਫਰਵਰੀ 2024
ਅੰਗ : 555
ਸਲੋਕ ਮਃ ੩ ॥
ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥ ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥ ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥ ਮਃ ੩ ॥ ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥ ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥ ਪਉੜੀ ॥ ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥ ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥ ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥
ਅਰਥ: ਸਲੋਕ ਮਃ ੩ ॥
ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ; ਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ । ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ; ਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ ।੧। ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ; ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ; ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ; (ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ । ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ।੨। ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ, ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ, ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ, ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ । ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ।੧੯।