ਅਮ੍ਰਿਤ ਵੇਲੇ ਦਾ ਹੁਕਮਨਾਮਾ – 30 ਦਸੰਬਰ 2023
ਅੰਗ : 500
ਗੁਜਰੀ ਮਹਲਾ ੫ ॥ ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥
ਅਰਥ: (ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ। (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੧॥ ਰਹਾਉ॥ ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ। ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ॥੧॥