ਅਮ੍ਰਿਤ ਵੇਲੇ ਦਾ ਹੁਕਮਨਾਮਾ – 28 ਨਵੰਬਰ 2023
ਅੰਗ : 658
ਰਾਗੁ ਸੋਰਠਿ ਬਾਨੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥ ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥
ਅਰਥ: ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ। (ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥ (ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ, ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥ (ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ। ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥ ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ। (ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ – ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ