ਅਮ੍ਰਿਤ ਵੇਲੇ ਦਾ ਹੁਕਮਨਾਮਾ – 12 ਨਵੰਬਰ 2023
ਅੰਗ : 869
ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਰਿ ਨਮਸਕਾਰ ਪੂਰੇ ਗੁਰਦੇਵ ॥ ਸਫਲ ਮੂਰਤਿ ਸਫਲ ਜਾ ਕੀ ਸੇਵ ॥ ਅੰਤਰਜਾਮੀ ਪੁਰਖੁ ਬਿਧਾਤਾ ॥ ਆਠ ਪਹਰ ਨਾਮ ਰੰਗਿ ਰਾਤਾ ॥੧॥ ਗੁਰੁ ਗੋਬਿੰਦ ਗੁਰੂ ਗੋਪਾਲ ॥ ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥ ਪਾਤਿਸਾਹ ਸਾਹ ਉਮਰਾਉ ਪਤੀਆਏ ॥ ਦੁਸਟ ਅਹੰਕਾਰੀ ਮਾਰਿ ਪਚਾਏ ॥ ਨਿੰਦਕ ਕੈ ਮੁਖਿ ਕੀਨੋ ਰੋਗੁ ॥ ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥ ਸੰਤਨ ਕੈ ਮਨਿ ਮਹਾ ਅਨੰਦੁ ॥ ਸੰਤ ਜਪਹਿ ਗੁਰਦੇਉ ਭਗਵੰਤੁ ॥ ਸੰਗਤਿ ਕੇ ਮੁਖ ਊਜਲ ਭਏ ॥ ਸਗਲ ਥਾਨ ਨਿੰਦਕ ਕੇ ਗਏ ॥੩॥ ਸਾਸਿ ਸਾਸਿ ਜਨੁ ਸਦਾ ਸਲਾਹੇ ॥ ਪਾਰਬ੍ਰਹਮ ਗੁਰ ਬੇਪਰਵਾਹੇ ॥ ਸਗਲ ਭੈ ਮਿਟੇ ਜਾ ਕੀ ਸਰਨਿ ॥ ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥ ਜਨ ਕੀ ਨਿੰਦਾ ਕਰੈ ਨ ਕੋਇ ॥ ਜੋ ਕਰੈ ਸੋ ਦੁਖੀਆ ਹੋਇ ॥ ਆਠ ਪਹਰ ਜਨੁ ਏਕੁ ਧਿਆਏ ॥ ਜਮੂਆ ਤਾ ਕੈ ਨਿਕਟਿ ਨ ਜਾਏ ॥੫॥ ਜਨ ਨਿਰਵੈਰ ਨਿੰਦਕ ਅਹੰਕਾਰੀ ॥ ਜਨ ਭਲ ਮਾਨਹਿ ਨਿੰਦਕ ਵੇਕਾਰੀ ॥ ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥ ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥ ਸੁਣਿ ਸਾਜਨ ਮੇਰੇ ਮੀਤ ਪਿਆਰੇ ॥ ਸਤਿ ਬਚਨ ਵਰਤਹਿ ਹਰਿ ਦੁਆਰੇ ॥ ਜੈਸਾ ਕਰੇ ਸੁ ਤੈਸਾ ਪਾਏ ॥ ਅਭਿਮਾਨੀ ਕੀ ਜੜ ਸਰਪਰ ਜਾਏ ॥੭॥ ਨੀਧਰਿਆ ਸਤਿਗੁਰ ਧਰ ਤੇਰੀ ॥ ਕਰਿ ਕਿਰਪਾ ਰਾਖਹੁ ਜਨ ਕੇਰੀ ॥ ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥ ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥
ਅਰਥ: ਹੇ ਭਾਈ! ਗੁਰੂ ਗੋਬਿੰਦ (ਦਾ ਰੂਪ) ਹੈ, ਗੁਰੂ ਗੋਪਾਲ (ਦਾ ਰੂਪ) ਹੈ, ਜੋ ਆਪਣੇ ਸੇਵਕ ਨੂੰ (ਨਿੰਦਾ ਆਦਿਕ ਤੋਂ) ਬਚਾਣ-ਜੋਗਾ ਹੈ।੧।ਰਹਾਉ। ਹੇ ਭਾਈ! ਪੂਰੇ ਸਤਿਗੁਰੂ ਅੱਗੇ ਸਦਾ ਸਿਰ ਨਿਵਾਇਆ ਕਰ, ਉਸ ਦਾ ਦਰਸ਼ਨ ਜੀਵਨ-ਮਨੋਰਥ ਪੂਰਾ ਕਰਦਾ ਹੈ, ਉਸ ਦੀ ਸਰਨ ਪਿਆਂ ਜੀਵਨ ਸਫਲ ਹੋ ਜਾਂਦਾ ਹੈ। ਹੇ ਭਾਈ! ਗੁਰੂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ਜੇਹੜਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਜੇਹੜਾ ਸਭ ਵਿਚ ਵਿਆਪਕ ਹੈ ਅਤੇ ਜੇਹੜਾ ਸਭ ਦਾ ਪੈਦਾ ਕਰਨ ਵਾਲਾ ਹੈ।੧। ਹੇ ਭਾਈ! ਗੁਰੂ ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੱਕਾ ਕਰ ਦੇਂਦਾ ਹੈ ਉਹ ਆਤਮਕ ਮੰਡਲ ਵਿਚ ਸ਼ਾਹ ਪਾਤਿਸ਼ਾਹ ਤੇ ਅਮੀਰ ਬਣ ਜਾਂਦੇ ਹਨ। ਦੁਸ਼ਟਾਂ ਅਹੰਕਾਰੀਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਦਰ ਦਰ ਭਟਕਣ ਦੇ ਰਾਹੇ ਪਾ ਦੇਂਦਾ ਹੈ। (ਸੇਵਕ ਦੀ) ਨਿੰਦਾ ਕਰਨ ਵਾਲੇ ਮਨੁੱਖ ਦੇ ਮੂੰਹ ਵਿਚ (ਨਿੰਦਾ ਕਰਨ ਦੀ) ਬੀਮਾਰੀ ਹੀ ਬਣ ਜਾਂਦੀ ਹੈ, ਸਾਰਾ ਜਗਤ (ਉਸ ਮਨੁੱਖ ਦੀ) ਸਦਾ ਸੋਭਾ ਕਰਦਾ ਹੈ (ਜੋ ਗੁਰੂ ਦੀ ਸਰਨ ਪਿਆ ਰਹਿੰਦਾ ਹੈ) ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ) ਸੰਤ ਜਨਾਂ ਦੇ ਮਨ ਵਿਚ ਬੜਾ ਆਤਮਕ ਆਨੰਦ ਬਣਿਆ ਰਹਿੰਦਾ ਹੈ, ਸੰਤ ਜਨ ਗੁਰੂ ਨੂੰ ਭਗਵਾਨ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ ਪਰ ਨਿੰਦਾ ਕਰਨ ਵਾਲੇ ਮਨੁੱਖ ਦੇ (ਲੋਕ ਪਰਲੋਕ) ਸਾਰੇ ਹੀ ਥਾਂ ਹੱਥੋਂ ਚਲੇ ਜਾਂਦੇ ਹਨ।੩। (ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ) ਸੇਵਕ ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਅਤੇ ਬੇ-ਮੁਥਾਜ ਗੁਰੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ। ਹੇ ਭਾਈ! ਜਿਸ ਗੁਰੂ ਦੀ ਸਰਨ ਪਿਆਂ ਸਾਰੇ ਡਰ-ਸਹਿਮ ਦੂਰ ਹੋ ਜਾਂਦੇ ਹਨ, ਉਹ ਗੁਰੂ ਸੇਵਕਾਂ ਦੀ ਨਿੰਦਾ ਕਰਨ ਵਾਲੇ ਬੰਦਿਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਨੀਵੇਂ ਆਚਰਨ ਦੇ ਟੋਏ ਵਿਚ ਸੁੱਟ ਦੇਂਦਾ ਹੈ (ਭਾਵ, ਨਿੰਦਕਾਂ ਨੂੰ ਗੁਰੂ ਦਾ ਦਰ ਪਸੰਦ ਨਹੀਂ ਆਉਂਦਾ। ਸਿੱਟਾ ਇਹ ਨਿਕਲਦਾ ਹੈ ਕਿ ਗੁਰੂ-ਦਰ ਤੋਂ ਖੁੰਝ ਕੇ ਨਿੰਦਾ ਵਿਚ ਪੈ ਕੇ ਉਹ ਆਚਰਨ ਵਿਚ ਹੋਰ ਨੀਵੇਂ ਹੋਰ ਨੀਵੇਂ ਹੁੰਦੇ ਜਾਂਦੇ ਹਨ।੪। (ਇਸ ਵਾਸਤੇ, ਹੇ ਭਾਈ!) ਗੁਰੂ ਦੇ ਸੇਵਕ ਦੀ ਨਿੰਦਾ ਕਿਸੇ ਭੀ ਮਨੁੱਖ ਨੂੰ ਕਰਨੀ ਨਹੀਂ ਚਾਹੀਦੀ। ਜੇਹੜਾ ਭੀ ਮਨੁੱਖ (ਭਲਿਆਂ ਦੀ ਨਿੰਦਾ) ਕਰਦਾ ਹੈ ਉਹ ਆਪ ਦੁੱਖੀ ਰਹਿੰਦਾ ਹੈ। ਗੁਰੂ ਦਾ ਸੇਵਕ ਤਾਂ ਹਰ ਵੇਲੇ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ, ਜਮ-ਰਾਜ ਭੀ ਉਸ ਦੇ ਨੇੜੇ ਨਹੀਂ ਢੁਕਦਾ।੫। ਹੇ ਭਾਈ! ਗੁਰੂ ਦੇ ਸੇਵਕ ਕਿਸੇ ਨਾਲ ਵੈਰ ਨਹੀਂ ਰੱਖਦੇ, ਪਰ ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਅਹੰਕਾਰ ਵਿਚ ਡੁੱਬੇ ਰਹਿੰਦੇ ਹਨ। ਸੇਵਕ ਤਾਂ ਸਭ ਦਾ ਭਲਾ ਮੰਗਦੇ ਹਨ, ਨਿੰਦਾ ਕਰਨ ਵਾਲੇ ਮਨੁੱਖ ਉਹਨਾਂ ਦਾ ਮੰਦਾ ਚਿਤਵਨ ਦੇ ਕੁਕਰਮਾਂ ਵਿਚ ਫਸੇ ਰਹਿੰਦੇ ਹਨ। ਹੇ ਭਾਈ! ਗੁਰੂ ਦੇ ਸਿੱਖ ਨੇ ਤਾਂ ਸਦਾ ਆਪਣੇ ਗੁਰੂ (ਦੇ ਚਰਨਾਂ) ਵਿਚ ਸੁਰਤਿ ਜੋੜੀ ਹੁੰਦੀ ਹੈ। (ਇਸ ਵਾਸਤੇ) ਸੇਵਕ ਤਾਂ (ਨਿੰਦਾ ਆਦਿਕ ਦੇ ਨਰਕ ਵਿਚੋਂ) ਬਚ ਨਿਕਲਦੇ ਹਨ, ਪਰ ਨਿੰਦਕ (ਆਪਣੇ ਆਪ ਨੂੰ ਇਸ) ਨਰਕ ਵਿਚ ਪਾਈ ਰੱਖਦੇ ਹਨ।੬। ਹੇ ਮੇਰੇ ਸੱਜਣ! ਹੇ ਪਿਆਰੇ ਮਿੱਤਰ! ਸੁਣ (ਮੈਂ ਤੈਨੂੰ ਉਹ) ਅਟੱਲ ਨਿਯਮ (ਦੱਸਦਾ ਹਾਂ ਜੋ) ਪਰਮਾਤਮਾ ਦੇ ਦਰ ਤੇ (ਸਦਾ) ਵਾਪਰਦੇ ਹਨ। (ਉਹ ਅਟੱਲ ਨਿਯਮ ਇਹ ਹਨ ਕਿ) ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਫਲ ਪਾ ਲੈਂਦਾ ਹੈ। ਅਹੰਕਾਰੀ ਮਨੁੱਖ ਦੀ ਜੜ੍ਹ ਜ਼ਰੂਰ (ਵੱਢੀ) ਜਾਂਦੀ ਹੈ।੭। ਹੇ ਸਤਿਗੁਰੂ! ਨਿਆਸਰੇ ਬੰਦਿਆਂ ਨੂੰ ਤੇਰਾ ਹੀ ਆਸਰਾ ਹੈ। ਤੂੰ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈਂ। ਹੇ ਨਾਨਕ! ਆਖ-ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਓਟ ਚਿਤਾਰਨ ਨੇ ਮੇਰੀ ਇੱਜ਼ਤ ਰੱਖ ਲਈ (ਤੇ, ਮੈਨੂੰ ਨਿੰਦਾ ਆਦਿਕ ਤੋਂ ਬਚਾ ਰੱਖਿਆ) ।੮।੧।੨੯।
🙏🙏🌺🌸🌼ਹੇ ਅਕਾਲ ਪੁਰਖ ਵਾਹਿਗੁਰੂ ਜੀ ਇਹ ਸਭ ਆਪ ਜੀ ਦੀ ਦਿੱਤੀ ਦਾਤ ਹੈਜੀ ਸਬ ਕੁਝ ਤੁਹਾਡੀ ਰਜ਼ਾ ਚ ਹੀ ਹੋ ਰਿਹਾ ਹੈ ਜਿਵੇਂ ਤੁਸੀਂ ਬੁਲਾਉਂਦੇ ਹੋ ਤਿਵੇਂ ਹੀ ਜੀਵ ਬੋਲਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌼🌸🌺🙏🙏