ਅਮ੍ਰਿਤ ਵੇਲੇ ਦਾ ਹੁਕਮਨਾਮਾ – 6 ਸਤੰਬਰ 2023
ਅੰਗ : 575
ਵਡਹੰਸੁ ਮਹਲਾ ੪ ਘੋੜੀਆ ੴ ਸਤਿਗੁਰ ਪ੍ਰਸਾਦਿ ॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥
ਅਰਥ: ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਘੋੜੀਆਂ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ। ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ। ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ। ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥
ਵਾਹਿਗੁਰੂ ਜੀ🙏