ਅਮ੍ਰਿਤ ਵੇਲੇ ਦਾ ਹੁਕਮਨਾਮਾ – 8 ਜੁਲਾਈ 2023

ਅੰਗ : 832

ਬਿਲਾਵਲੁ ਮਹਲਾ ੧ ॥ ਮਨ ਕਾ ਕਹਿਆ ਮਨਸਾ ਕਰੈ ॥ ਇਹੁ ਮਨੁ ਪੁੰਨੁ ਪਾਪੁ ਉਚਰੈ ॥ ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥ ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥ ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥ ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥ ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥ ਧਨੁ ਲੋਕਾਂ ਤਨੁ ਭਸਮੈ ਢੇਰੀ ॥ ਖਾਕੂ ਖਾਕੁ ਰਲੈ ਸਭੁ ਫੈਲੁ ॥ ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥ ਗੀਤ ਰਾਗ ਘਨ ਤਾਲ ਸਿ ਕੂਰੇ ॥ ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥ ਦੂਜੀ ਦੁਰਮਤਿ ਦਰਦੁ ਨ ਜਾਇ ॥ ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥ ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ ਨਾਮੁ ਵਿਸਾਰਿ ਮਾਇਆ ਮਦੁ ਪੀਆ ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥ ਸੂਕਰ ਸੁਆਨ ਗਰਧਭ ਮੰਜਾਰਾ ॥ ਪਸੂ ਮਲੇਛ ਨੀਚ ਚੰਡਾਲਾ ॥ ਗੁਰ ਤੇ ਮੁਹੁ ਫੇਰੇ ਤਿਨ੍ਹ੍ਹ ਜੋਨਿ ਭਵਾਈਐ ॥ ਬੰਧਨਿ ਬਾਧਿਆ ਆਈਐ ਜਾਈਐ ॥੫॥ ਗੁਰ ਸੇਵਾ ਤੇ ਲਹੈ ਪਦਾਰਥੁ ॥ ਹਿਰਦੈ ਨਾਮੁ ਸਦਾ ਕਿਰਤਾਰਥੁ ॥ ਸਾਚੀ ਦਰਗਹ ਪੂਛ ਨ ਹੋਇ ॥ ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥ ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥ ਰਹੈ ਰਜਾਈ ਹੁਕਮੁ ਪਛਾਣੈ ॥ ਹੁਕਮੁ ਪਛਾਣਿ ਸਚੈ ਦਰਿ ਵਾਸੁ ॥ ਕਾਲ ਬਿਕਾਲ ਸਬਦਿ ਭਏ ਨਾਸੁ ॥੭॥ ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥ ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥ ਨਾ ਓਹੁ ਆਵੈ ਨਾ ਓਹੁ ਜਾਇ ॥ ਨਾਨਕ ਸਾਚੇ ਸਾਚਿ ਸਮਾਇ ॥੮॥੨॥

ਅਰਥ: (ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ, ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ (ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ) ਪੁੰਨ ਕੀਹ ਹੈ ਤੇ ਪਾਪ ਕੀਹ ਹੈ। ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ। ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ ॥੧॥ ਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ)। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ॥ ਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ, (ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਇਹ ਸਾਰਾ ਹੀ ਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ। (ਮਨ ਉਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ, ਉਹ) ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ ॥੨॥ (ਪ੍ਰਭੂ-ਨਾਮ ਤੋਂ ਖੁੰਝ ਕੇ) ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉੱਦਮ ਹਨ (ਕਿਉਂਕਿ ਨਾਮ ਤੋਂ ਬਿਨਾ ਜੀਵ) ਤਿੰਨਾਂ ਗੁਣਾਂ ਦੇ ਅਸਰ ਹੇਠ ਜੰਮਦਾ ਮਰਦਾ ਰਹਿੰਦਾ ਹੈ ਤੇ (ਪ੍ਰਭੂ-ਚਰਨਾਂ ਤੋਂ) ਵਿਛੁੜਿਆ ਰਹਿੰਦਾ ਹੈ। (ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ) ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ। (ਇਸ ਦੂਜੀ ਝਾਕ ਤੋਂ, ਦੁਰਮਤਿ ਤੋਂ, ਆਤਮਕ ਰੋਗ ਤੋਂ ਉਹ ਮਨੁੱਖ) ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਹੀ ਇਹਨਾਂ ਰੋਗਾਂ ਦਾ) ਦਾਰੂ ਹੈ। ਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ ਤੇ (ਵੇਦ ਆਦਿਕਾਂ ਦੇ ਮੰਤ੍ਰ) ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਉਹਨਾਂ ਦਾ ਉੱਦਮ ਇਉਂ ਹੀ ਹੈ ਜਿਵੇਂ ਕਿਸੇ ਨਾਟ-ਘਰ ਵਿਚ (ਨਾਟ-ਵਿੱਦਿਆ ਦੀ ਸਿਖਲਾਈ ਕਰ ਕਰਾ ਰਹੇ ਹਨ) । ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ ਨੂੰ ਸੁਖ ਨਹੀਂ ਹੋ ਸਕਦਾ) । ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ।੪। ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ ਉਹਨਾਂ ਨੂੰ ਸੂਰ ਕੁੱਤੇ ਖੋਤੇ ਬਿੱਲੇ ਪਸ਼ੂ ਮਲੇਛ ਨੀਚ ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।੫। ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ। ਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ (ਕਿਉਂਕਿ ਉਸ ਦੇ ਜ਼ਿੰਮੇ ਕੋਈ ਬਾਕੀ ਨਹੀਂ ਨਿਕਲਦੀ) । ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ।੬। ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।੭। (ਸਿਮਰਨ ਦੀ ਬਰਕਤਿ ਨਾਲ) ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ। ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ।੧।ਹੇ ਨਾਨਕ! ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ, ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।੮।੨।


Related Posts

2 thoughts on “ਅਮ੍ਰਿਤ ਵੇਲੇ ਦਾ ਹੁਕਮਨਾਮਾ – 15 ਜੁਲਾਈ 2024

  1. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਨੂੰ ਵੀ ਆਪਣੇ ਚਰਨਾ ਨਾਲ ਜੋੜ ਲੈ ਸਾਡੇ ਵੀ ਦੁੱਖਾਂ ਦਾ ਨਾਸ਼ ਕਰਦੇ ਜੀ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top