ਅਮ੍ਰਿਤ ਵੇਲੇ ਦਾ ਹੁਕਮਨਾਮਾ – 5 ਜੁਲਾਈ 2023

ਅੰਗ : 722

ਤਿਲੰਗ ਮਃ ੧ ॥ ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥ ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥ ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥ ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥ ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥

ਅਰਥ: ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ ? ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ ? ਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ ? (ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ। ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ ॥੧॥ (ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ ? ਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ। (ਅਸਲ ਗੱਲ ਇਹ ਹੈ ਕਿ) ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ। ਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ, ਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ॥੨॥ (ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ, (ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ, ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ-ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿਚ ਮਨ ਜੋੜੋ, ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ, ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ, ਬੱਸ! ਇਹ ਸੁਗੰਧੀ (ਜਿੰਦ ਵਾਸਤੇ) ਵਰਤੋ। ਸੋਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ! ਇਹਨੀਂ ਗੱਲੀਂ ਹੀ ਖਸਮ-ਪ੍ਰਭੂ ਮਿਲਦਾ ਹੈ ॥੩॥ ਖਸਮ-ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ-ਭਾਵ ਦੂਰ ਕਰੀਏ। ਇਸ ਤੋਂ ਬਿਨਾ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ। (ਜ਼ਿੰਦਗੀ ਦਾ) ਉਹ ਦਿਨ ਸਫਲ ਜਾਣੋ ਜਦੋਂ ਪਤੀ-ਪ੍ਰਭੂ ਮੇਹਰ ਦੀ ਨਿਹਾਗ ਨਾਲ ਤੱਕੇ, (ਜਿਸ) ਜੀਵ-ਇਸਤ੍ਰੀ (ਵਲ ਮੇਹਰ ਦੀ) ਨਿਗਾਹ ਕਰਦਾ ਹੈ ਉਹ ਮਾਨੋ ਨੌ ਖ਼ਜ਼ਾਨੇ ਲੱਭ ਲੈਂਦੀ ਹੈ। ਹੇ ਨਾਨਕ ਜੀ! ਜੇਹੜੀ ਜੀਵ-ਇਸਤ੍ਰੀ ਆਪਣੇ ਖਸਮ-ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ (ਜਗਤ-) ਪਰਵਾਰ ਵਿਚ ਆਦਰ-ਮਾਣ ਪ੍ਰਾਪਤ ਕਰਦੀ ਹੈ। ਜੇਹੜੀ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਅਡੋਲਤਾ ਵਿਚ ਮਸਤ ਰਹਿੰਦੀ ਹੈ, ਜੇਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦੀ ਹੈ, ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ॥੪॥੨॥੪॥


Related Posts

One thought on “ਅਮ੍ਰਿਤ ਵੇਲੇ ਦਾ ਹੁਕਮਨਾਮਾ – 19 ਮਾਰਚ 2023

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top