ਸੰਧਿਆ ਵੇਲੇ ਦਾ ਹੁਕਮਨਾਮਾ – 10 ਨਵੰਬਰ 2022
ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ੴ ਸਤਿਗੁਰ ਪ੍ਰਸਾਦਿ ॥ ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥ ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥ ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥
ਅਰਥ : ਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ। ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ।੧। (ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ), ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ)।੧।ਰਹਾਉ। (ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ। ਹੇ ਭੀਖਨ! (ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।੨।੨।