ਅਮ੍ਰਿਤ ਵੇਲੇ ਦਾ ਹੁਕਮਨਾਮਾ – 30 ਮਾਰਚ 2023
ਅੰਗ : 800
ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥
ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹਰਿ ਸੰਤ ਭਗਤ ਤਾਰਨੋ ॥ ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ ਗੁਰੁ ਭੇਟਿਆ ਹੈ ਮੁਕਤਿ ਦਾਤਾ ॥ ਹਰਿ ਕੀਈ ਹਮਾਰੀ ਸਫਲ ਜਾਤਾ ॥ ਮਿਲਿ ਸੰਗਤੀ ਗੁਨ ਗਾਵਨੋ ॥੧॥ ਮਨ ਰਾਮ ਨਾਮ ਕਰਿ ਆਸਾ ॥ ਭਾਉ ਦੂਜਾ ਬਿਨਸਿ ਬਿਨਾਸਾ ॥ ਵਿਚਿ ਆਸਾ ਹੋਇ ਨਿਰਾਸੀ ॥ ਸੋ ਜਨੁ ਮਿਲਿਆ ਹਰਿ ਪਾਸੀ ॥ ਕੋਈ ਰਾਮ ਨਾਮ ਗੁਨ ਗਾਵਨੋ ॥ ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥
ਅਰਥ : ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥
ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ, ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ, ਜੋ ਸਾਰੇ ਜਗਤ ਵਿਚ ਹਰ ਥਾਂ ਮੌਜੂਦ ਹੈ। ਹੇ ਭਾਈ! ਉਸ ਹਰੀ ਦੀ ਸਿਫ਼ਤਿ ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ, ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ।੧।ਰਹਾਉ। ਹੇ ਭਾਈ! ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ, ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਹੇ ਭਾਈ! ਵਿਕਰਾਂ ਤੋਂ ਖਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ, ਇਸ ਕਰਕੇ ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ। ਹੁਣ ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦਾ ਹਾਂ।੧। ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ, ਪਰਮਾਤਮਾ ਦੇ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ ਅੰਦਰੋਂ ਮੁਕਾ ਦੇਂਦਾ ਹੈ। ਹੇ ਭਾਈ! ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿਂਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿਂਦਾ ਹੈ। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ।॥੨॥੧॥੭॥੪॥੬॥੭॥੧੭॥
Waheguru Ji🙏