ਅਮ੍ਰਿਤ ਵੇਲੇ ਦਾ ਹੁਕਮਨਾਮਾ – 26 ਅਕਤੂਬਰ 2022
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥ ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥ ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥ ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥ ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥ ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥ ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥ ਇਨ੍ਹ੍ਹ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ਹ੍ਹ ਕਾ ਵਾਹਿਆ ਕਛੁ ਨ ਵਸਾਈ ॥ ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥ ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥ ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥ ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ॥ ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੂਝ ਬੁਝਾਈ ॥ ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥੪॥੧॥
ਅਰਥ: ਹੇ ਮੇਰੇ ਮਨ! ਜਗਤ ਦੇ ਮਾਲਕ ਧਰਤੀ ਦੇ ਸਾਈਂ ਦੀ (ਸਹਾਇਤਾ ਦੀ) ਆਸ ਰੱਖਿਆ ਕਰ। ਪਰਮਾਤਮਾ ਤੋਂ ਬਿਨਾ ਜੇਹੜੀ ਭੀ ਕਿਸੇ ਹੋਰ ਦੀ ਆਸ ਕਰੀਦੀ ਹੈ, ਉਹ ਆਸ ਸਫਲ ਨਹੀਂ ਹੁੰਦੀ, ਉਹ ਆਸ ਵਿਅਰਥ ਜਾਂਦੀ ਹੈ।੧।ਰਹਾਉ। ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ, (ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ। ਸੋ, ਹੇ ਮੇਰੇ ਮਨ! ਉਸ ਮਾਲਕ-ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ।੧। ਹੇ ਮੇਰੇ ਮਨ! ਜੋ ਇਹ ਸਾਰਾ ਪਰਵਾਰ ਦਿੱਸ ਰਿਹਾ ਹੈ, ਇਹ ਮਾਇਆ ਦੇ ਮੋਹ (ਦਾ ਮੂਲ) ਹੈ। ਇਸ ਪਰਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾਹ ਗਵਾ ਲਈਂ। ਇਹਨਾਂ ਸੰਬੰਧੀਆਂ ਦੇ ਹੱਥ ਵਿਚ ਕੁਝ ਨਹੀਂ। ਇਹ ਵਿਚਾਰੇ ਕੀਹ ਕਰ ਸਕਦੇ ਹਨ? ਇਹਨਾਂ ਦਾ ਲਾਇਆ ਹੋਇਆ ਜ਼ੋਰ ਸਫਲ ਨਹੀਂ ਹੋ ਸਕਦਾ। ਸੋ, ਹੇ ਮੇਰੇ ਮਨ! ਆਪਣੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹੀ ਤੈਨੂੰ ਪਾਰ ਲੰਘਾ ਸਕਦਾ ਹੈ, ਤੇਰੇ ਪਰਵਾਰ ਨੂੰ ਭੀ (ਹਰੇਕ ਬਿਪਤਾ ਤੋਂ) ਛੁਡਾ ਸਕਦਾ ਹੈ।੨। ਹੇ ਭਾਈ! ਜੇ ਤੂੰ (ਪ੍ਰਭੂ ਨੂੰ ਛੱਡ ਕੇ) ਹੋਰ ਮਾਇਆ ਆਦਿਕ ਦੀ ਆਸ ਬਣਾਏਂਗਾ, ਕਿਤੇ ਇਹ ਨਾਹ ਸਮਝ ਲਈਂ ਕਿ ਮਾਇਆ ਤੇਰੇ ਕਿਸੇ ਕੰਮ ਆਵੇਗੀ। ਮਾਇਆ ਵਾਲੀ ਆਸ (ਪ੍ਰਭੂ ਤੋਂ ਬਿਨਾ) ਦੂਜਾ ਪਿਆਰ ਹੈ, ਇਹ ਸਾਰਾ ਝੂਠਾ ਪਿਆਰ ਹੈ, ਇਹ ਤਾਂ ਇਕ ਖਿਨ ਵਿਚ ਨਾਸ ਹੋ ਜਾਇਗਾ। ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹ ਪ੍ਰਭੂ ਤੇਰੀ ਕੀਤੀ ਹੋਈ ਸਾਰੀ ਮੇਹਨਤ ਸਫਲ ਕਰੇਗਾ।੩। ਪਰ, ਹੇ ਮੇਰੇ ਮਾਲਕ-ਪ੍ਰਭੂ! ਤੇਰੀ ਹੀ ਪ੍ਰੇਰਨਾ ਨਾਲ ਜੀਵ ਆਸਾਂ ਧਾਰਦਾ ਹੈ, ਮਨ ਦੇ ਫੁਰਨੇ ਬਣਾਂਦਾ ਹੈ। ਹਰੇਕ ਜੀਵ ਉਹੋ ਜਿਹੀ ਹੀ ਆਸ ਧਾਰਦਾ ਹੈ ਜਿਹੋ ਜਿਹੀ ਤੂੰ ਪ੍ਰੇਰਨਾ ਕਰਦਾ ਹੈਂ। ਹੇ ਮੇਰੇ ਮਾਲਕ! ਕਿਸੇ ਭੀ ਜੀਵ ਦੇ ਕੁਝ ਵੱਸ ਨਹੀਂ-ਮੈਨੂੰ ਤਾਂ ਮੇਰੇ ਗੁਰੂ ਨੇ ਇਹ ਸੂਝ ਬਖ਼ਸ਼ੀ ਹੈ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਧਾਰੀ ਹੋਈ) ਆਸ ਤੂੰ ਆਪ ਹੀ ਜਾਣਦਾ ਹੈਂ (ਉਹ ਤਾਂਘ ਇਹ ਹੈ ਕਿ) ਪ੍ਰਭੂ ਦਾ ਦਰਸ਼ਨ ਕਰ ਕੇ (ਨਾਨਕ ਦਾ ਮਨ) ਦਰਸ਼ਨ ਦੀ ਬਰਕਤ ਨਾਲ (ਮਾਇਆ ਦੀਆਂ ਆਸਾਂ ਵੱਲੋਂ) ਰੱਜਿਆ ਰਹੇ।੪।੧।
waheguru ji 🙏