ਸੰਧਿਆ ਵੇਲੇ ਦਾ ਹੁਕਮਨਾਮਾ – 23 ਫਰਵਰੀ 2025
ਅੰਗ : 656
ਸੋਰਠਿ ੴ ਸਤਿਗੁਰ ਪ੍ਰਸਾਦਿ ॥
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
ਮਨ ਮੇਰੇ ਭੂਲੇ ਕਪਟੁ ਨ ਕੀਜੈ ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥
ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
ਕਹਤੁ ਕਬੀਰੁ ਕੋਈ ਨਹੀ ਤੇਰਾ ॥
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
ਅਰਥ: ਸੋਰਠ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਬਹੁਤੀ ਠੱਗੀ ਠੋਰੀ ਕਰ ਕੇ, ਇਨਸਾਨ ਹੋਰਨਾਂ ਦੀ ਦੌਲਤ ਲਿਆਉਂਦਾ ਹੈ।
ਘਰ ਆ ਕੇ ਉਹ ਇਸ ਨੂੰ ਆਪਣੇ ਪੁੱਤਰਾਂ ਤੇ ਵਹੁਟੀ ਕੋਲ ਲੁਟਾ ਦਿੰਦਾ ਹੈ।
ਹੇ ਮੇਰੀ ਜਿੰਦੇ ਭੁੱਲ ਕੇ ਭੀ ਛਲ ਫਰੇਬ ਨਾਂ ਕਮਾ।
ਅਖੀਰ ਨੂੰ ਤੇਰੀ ਆਤਮਾ ਨੂੰ ਹੀ ਹਿਸਾਬ ਕਿਤਾਬ ਦੇਣਾ ਪੈਣਾ ਹੈ। ਠਹਿਰਾਉ।
ਹਰ ਮੁਹਤ ਸਰੀਰ ਖੁਰਦਾ ਜਾ ਰਿਹਾ ਹੈ ਅਤੇ ਬੁਢੇਪਾ ਗਲਬਾ ਪਾਈ ਜਾ ਰਿਹਾ ਹੈ।
ਤਦ ਕਿਸੇ ਨੇ ਤੇਰੀ ਬੁਕ ਵਿੱਚ ਪਾਣੀ ਭੀ ਨਹੀਂ ਪਾਉਣਾ।
ਕਬੀਰ ਜੀ ਆਖਦੇ ਹਨ ਕੋਈ ਭੀ ਤੇਰਾ ਨਹੀਂ।
ਤੂੰ ਕਿਉਂ ਵੇਲੇ ਸਿਰ ਸੁਆਮੀ ਦੇ ਨਾਮ ਦਾ ਆਪਣੇ ਰਿਦੇ ਵਿੱਚ ਉਚਾਰਨ ਨਹੀਂ ਕਰਦਾ?