ਅਮ੍ਰਿਤ ਵੇਲੇ ਦਾ ਹੁਕਮਨਾਮਾ – 25 ਅਕਤੂਬਰ 2024
ਅੰਗ : 639
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥ ਮੇਰੇ ਮਨ ਜਪੀਐ ਹਰਿ ਭਗਵੰਤਾ ॥ ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥ ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥ ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥ ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥ ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ? ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ॥੧॥ ਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ॥ ਰਹਾਉ॥ ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ। ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ। (ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ।੨।